JatinderPannu7ਭਾਜਪਾ ਕੋਲ ਇਸ ਵੇਲੇ ਇੰਨੀ ਤਾਕਤ ਹੈ ਕਿ ਜੋ ਮਰਜ਼ੀ ਭੰਨਤੋੜ ਕਰੀ ਜਾਵੇ, ਕੋਈ ਰੋਕ ਸਕਣ ਵਾਲੀ ਤਾਕਤ ...
(8 ਅਗਸਤ 2021)

 

ਰਾਸ਼ਟਰੀ ਸੋਇਮਸੇਵਕ ਸੰਘ ਵੱਲੋਂ ਪਿੱਛੇ ਬੈਠ ਕੇ ਭਾਜਪਾ ਆਗੂ ਨਰਿੰਦਰ ਮੋਦੀ ਰਾਹੀਂ ਚਲਾਈ ਜਾਂਦੀ ਭਾਰਤ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਐਵਾਰਡ ਦਾ ਨਾਂਅ ਬਦਲ ਕੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੀ ਥਾਂ ‘ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ’ ਕਰ ਦਿੱਤਾ ਹੈ ਇਸਦੀ ਹਿਮਾਇਤ ਅਤੇ ਵਿਰੋਧ ਦੀਆਂ ਦਲੀਲਾਂ ਦੇਣ ਵਾਲਿਆਂ ਦੀ ਲੜੀ ਬਹੁਤ ਲੰਮੀ ਜਾਪਦੀ ਹੈਬਹੁਤਾ ਕਰ ਕੇ ਦੋਵੇਂ ਧਿਰਾਂ ਦੇ ਲੋਕ ਇੱਕ ਜਾਂ ਦੂਸਰੀ ਰਾਜਨੀਤੀ ਨਾਲ ਜੋੜ ਕੇ ਇਸ ਖੇਡ ਐਵਾਰਡ ਦਾ ਮੁੱਦਾ ਚੁੱਕ ਰਹੇ ਹਨ ਸਚਾਈ ਇਹ ਹੈ ਕਿ ਜਦੋਂ ਕਾਂਗਰਸ ਦੀ ਚੜ੍ਹਤ ਸੀ, ਉਨ੍ਹਾਂ ਨੇ ਨਹਿਰੂ-ਗਾਂਧੀ ਪਰਿਵਾਰ ਦੀ ਚਾਪਲੂਸੀ ਵਿੱਚ ਸਿਖਰ ਛੋਹ ਰੱਖਿਆ ਸੀ ਤੇ ਲਗਭਗ ਹਰ ਨਵੀਂ ਗੱਲ ਨਾਲ ਉਸੇ ਟੱਬਰ ਦਾ ਨਾਂਅ ਜੋੜਨਾ ਜ਼ਰੂਰੀ ਹੋ ਗਿਆ ਸੀ ਉਦੋਂ ਦੀਆਂ ਉਸ ਇੱਕੋ ਪਰਿਵਾਰ ਨਾਲ ਜੋੜੀਆਂ ਥਾਂਵਾਂ ਵਿੱਚੋਂ ਕਿਸੇ ਇੱਕ ਦਾ ਨਾਂਅ ਬਦਲ ਕੇ ਨਰਿੰਦਰ ਮੋਦੀ ਨੇ ਝਟਕਾ ਦਿੱਤਾ ਹੈ ਤਾਂ ਕਈ ਲੋਕ ਖੁਸ਼ ਹਨਉਂਜ ਹਾਕੀ ਖਿਡਾਰੀ ਧਿਆਨ ਚੰਦ ਦਾ ਸਤਿਕਾਰ ਕਰਨਾ ਸੀ ਤੇ ਕਰਨਾ ਵੀ ਬਣਦਾ ਸੀ ਤਾਂ ਇਸ ਤੋਂ ਵੱਡਾ ਨਵਾਂ ਐਵਾਰਡ ਉਸ ਦੇ ਨਾਂਅ ਨਾਲ ਚਾਲੂ ਕਰ ਕੇ ਕੀਤਾ ਜਾ ਸਕਦਾ ਸੀ, ਰਾਜੀਵ ਦਾ ਨਾਂਅ ਕੱਟ ਕੇ ਉਸ ਦਾ ਨਾਂਅ ਲਿਖਣਾ ਸਾਫ ਦੱਸਦਾ ਹੈ ਕਿ ਇਰਾਦਾ ਧਿਆਨ ਚੰਦ ਦਾ ਸਨਮਾਨ ਕਰਨ ਦਾ ਘੱਟ ਤੇ ਨਹਿਰੂ-ਗਾਂਧੀ ਪਰਿਵਾਰ ਦਾ ਅਪਮਾਨ ਕਰਨ ਦਾ ਵੱਧ ਸੀ ਤੇ ਕਰ ਦਿੱਤਾ ਹੈਕੁਝ ਲੋਕ ਇਹ ਕਹਿ ਰਹੇ ਹਨ ਕਿ ਜੇ ਰਾਜੀਵ ਗਾਂਧੀ ਦਾ ਨਾਂਅ ਖੇਡ ਐਵਾਰਡ ਨਾਲ ਲਾਉਣਾ ਗਲਤ ਸੀ ਤਾਂ ਜਿਉਂਦੇ-ਜਾਗਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਸੰਸਾਰ ਭਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਾਲੋਂ ਅਤੇ ਮਰਹੂਮ ਭਾਜਪਾ ਨੇਤਾ ਅਰੁਣ ਜੇਤਲੀ ਦਾ ਨਾਂਅ ਦਿੱਲੀ ਵਿਚਲੇ ਕ੍ਰਿਕਟ ਸਟੇਡੀਅਮ ਨਾਲੋਂ ਵੀ ਕੱਟ ਦੇਣਾ ਚਾਹੀਦਾ ਹੈਭਾਜਪਾ ਲੀਡਰ ਇਸਦੇ ਲਈ ਕਦੀ ਨਹੀਂ ਮੰਨ ਸਕਦੇ

ਨਰਿੰਦਰ ਮੋਦੀ ਤੇ ਉਸ ਦੇ ਪਿੱਛੇ ਖੜ੍ਹੀ ਢਾਣੀ ਇਹ ਮੰਨ ਕੇ ਚੱਲਦੀ ਹੈ ਕਿ ਜਦੋਂ ਤੱਕ ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਦਾ ਨਾਂਅ ਲੋਕਾਂ ਦੇ ਮਨਾਂ ਤੋਂ ਕੱਢਿਆ ਨਹੀਂ ਜਾਂਦਾ, ਰਾਜਨੀਤਕ ਪੱਖੋਂ ‘ਕਾਂਗਰਸ ਮੁਕਤ ਭਾਰਤ’ ਬਣਾਉਣ ਦੀ ਸੋਚ ਸਿਰੇ ਨਹੀਂ ਚੜ੍ਹ ਸਕਦੀਇਸ ਧਾਰਨਾ ਨੂੰ ਸਿਰੇ ਚੜ੍ਹਾਉਣ ਲਈ ਉਹ ਹੌਲੀ-ਹੌਲੀ ਕਾਂਗਰਸੀ ਨੁਸਖਾ ਅਪਣਾਉਣ ਤੇ ਕਾਂਗਰਸੀ ਆਗੂਆਂ ਦੀ ਥਾਂ ਉਸੇ ਤਰ੍ਹਾਂ ਹਰ ਪਾਸੇ ਆਪਣੇ ਮੌਜੂਦਾ ਅਤੇ ਮਰਹੂਮ ਨੇਤਾਵਾਂ ਦੇ ਨਾਂਅ ਲਿਖਣ ਦੇ ਰਾਹ ਪੈ ਚੁੱਕੇ ਹਨਇਹ ਕੰਮ ਮੱਠੀ ਚਾਲੇ ਹੋ ਰਿਹਾ ਹੈ ਅਤੇ ਹੁੰਦਾ ਰਹਿਣਾ ਹੈਦੇਸ਼ ਦੇ ਲੋਕਾਂ ਨੂੰ ਨਾ ਹਰ ਪਾਸੇ ਕਾਂਗਰਸੀਆਂ ਦੇ ਮੋਹਰੀ ਪਰਿਵਾਰ ਦੇ ਨਾਂਅ ਲਿਖੇ ਚੁਭਦੇ ਸਨ ਤੇ ਨਾ ਭਾਜਪਾ ਵਾਲਿਆਂ ਦੇ ਨਾਂਅ ਕੋਈ ਗਹੁ ਨਾਲ ਪੜ੍ਹਦਾ ਹੈ, ਆਮ ਲੋਕਾਂ ਕੋਲ ਇੱਦਾਂ ਦੀਆਂ ਗੱਲਾਂ ਬਾਰੇ ਸੋਚਣ ਦਾ ਵਕਤ ਹੀ ਨਹੀਂ ਹੁੰਦਾ, ਕਿਉਂਕਿ ਦੋ ਡੰਗ ਦੀ ਰੋਟੀ ਦੀ ਚਿੰਤਾ ਕਾਂਗਰਸੀ ਰਾਜ ਦੇ ਵਕਤ ਵੀ ਖਹਿੜਾ ਨਹੀਂ ਸੀ ਛੱਡਦੀ ਤੇ ਭਾਜਪਾ ਰਾਜ ਵਿੱਚ ਵੀ ਨਹੀਂ ਛੱਡਦੀ‘ਪੇਟ ਨਾ ਪਈਆਂ ਰੋਟੀਆਂ, ਸੱਭੋ ਗੱਲਾਂ ਖੋਟੀਆਂ’ ਦੇ ਮੁਹਾਵਰੇ ਵਾਂਗ ਆਮ ਆਦਮੀ ਲਈ ਰਾਜਨੀਤੀ ਦੀਆਂ ਇਨ੍ਹਾਂ ਤਿਕੜਮਾਂ ਬਾਰੇ ਸੋਚਣ ਦਾ ਕੀ, ਬੀਤੇ ਤਜਰਬੇ ਵਿੱਚ ਝਾਕਣ ਦਾ ਵੀ ਵਕਤ ਨਹੀਂ ਹੁੰਦਾ, ਵਰਨਾ ਮੌਕੇ ਦੀਆਂ ਸਰਕਾਰਾਂ ਦੇ ਕਿਰਦਾਰ ਬਾਰੇ ਵੀ ਸੌਖਾ ਸਮਝ ਸਕਦੇ

ਅੱਜ ਜਿਸ ਪੜਾਅ ਵਿੱਚੋਂ ਭਾਰਤ ਲੰਘ ਰਿਹਾ ਹੈ, ਉੱਥੇ ਦੇਸ਼-ਭਗਤੀ ਦਾ ਸਭ ਤੋਂ ਵੱਡਾ ਸਰਟੀਫਿਕੇਟ ਭਾਜਪਾ ਜਾਂ ਆਰ ਐੱਸ ਐੱਸ ਨਾਲ ਜੁੜਿਆ ਹੋਣਾ ਮੰਨਿਆ ਜਾਂਦਾ ਹੈਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਬਾਰੇ ਵੀ ਉਦੋਂ ਦੇ ਸ਼ਹੀਦਾਂ ਤੇ ਸੰਗਰਾਮੀਆਂ ਨੂੰ ਆਪਣੀ ਸੋਚ ਦੇ ਚੌਖਟੇ ਵਿੱਚ ਫਿੱਟ ਕਰਨ ਦਾ ਯਤਨ ਕਰਦੇ ਹਨ ਤੇ ਜਿਹੜੇ ਫਿੱਟ ਨਾ ਆਉਂਦੇ ਹੋਣ, ਉਨ੍ਹਾਂ ਦੇ ਖਿਲਾਫ ਭੰਡੀ-ਪ੍ਰਚਾਰ ਸ਼ੁਰੂ ਕਰ ਸਕਦੇ ਹਨਸਰਕਾਰੀ ਸਰਪ੍ਰਸਤੀ ਹੋਣ ਕਾਰਨ ਭਾਜਪਾ ਦੀ ਹਰ ਗੱਲ ਜਾਇਜ਼ ਠਹਿਰਾਉਣ ਵਾਲਿਆਂ ਨੂੰ ਕੋਈ ਇਹ ਵੀ ਯਾਦ ਨਹੀਂ ਕਰਾਉਂਦਾ ਕਿ ਦੇਸ਼ ਨੂੰ ਆਜ਼ਾਦੀ ਮਿਲਣ ਵੇਲੇ ਆਰ ਐੱਸ ਐੱਸ ਨੇ ਉਸ ਤਿਰੰਗੇ ਝੰਡੇ ਨੂੰ ਸਨਮਾਨ ਨਾ ਦੇਣ ਦਾ ਸੱਦਾ ਦਿੱਤਾ ਸੀ, ਜਿਸ ਤਿਰੰਗੇ ਨੂੰ ਅੱਜ ਉਹੋ ਲੋਕ ਸਭ ਤੋਂ ਵੱਧ ਉੱਚਾ ਚੁੱਕਣ ਦੀਆਂ ਗੱਲਾਂ ਕਰਦੇ ਹਨਸੰਘ ਪਰਿਵਾਰ ਦਾ ਬੁਲਾਰਾ ਅੰਗਰੇਜ਼ੀ ਮੈਗਜ਼ੀਨ ‘ਆਰਗੇਨਾਈਜ਼ਰ’ ਆਜ਼ਾਦੀ ਮਿਲਣ ਦੇ ਸਾਲ 1947 ਵਿੱਚ ਸ਼ੁਰੂ ਹੋਇਆ ਸੀ ਅਤੇ ਇਸਦੇ 17 ਜੁਲਾਈ 1947 ਨੂੰ ਛਪੇ ਤੀਸਰੇ ਅੰਕ ਵਿੱਚ ਸੰਪਾਦਕੀ ਲੇਖ ਵਿੱਚ ਹੀ ਤਿਰੰਗੇ ਝੰਡੇ ਨੂੰ ਮਾਨਤਾ ਦੇਣ ਦਾ ਤਿੱਖਾ ਵਿਰੋਧ ਕਰਦੇ ਹੋਏ ਲਿਖ ਦਿੱਤਾ ਗਿਆ ਸੀ ਕਿ ਸਮਾਂ ਆਵੇਗਾ, ਜਦੋਂ ਇਸ ਦੇਸ਼ ਵਿੱਚ ਤਿਰੰਗਾ ਨਹੀਂ, ਸਿਰਫ ਭਗਵਾ ਝੰਡਾ ਲਹਿਰਾਇਆ ਕਰੇਗਾਉਸ ਤੋਂ ਬਾਅਦ ਕਈ ਸਾਲਾਂ ਤੱਕ ਇਸ ਸੰਗਠਨ ਨੇ ਆਪਣੇ ਨਾਗਪੁਰ ਵਾਲੇ ਮੁੱਖ ਦਫਤਰ ਉੱਤੇ ਤਿਰੰਗਾ ਝੰਡਾ ਨਹੀਂ ਸੀ ਲਾਇਆ, ਪਰ ਭਾਰਤ ਉੱਤੇ ਰਾਜ ਕਰਨ ਦਾ ਸੁਪਨਾ ਸਿਰੇ ਚੜ੍ਹਾਉਣ ਲਈ ਇੱਕ ਮਜਬੂਰੀ ਵਿੱਚ ਲਾਇਆ ਜਾਣ ਲੱਗਾ ਹੈਆਜ਼ਾਦੀ ਮਿਲਣ ਵੇਲੇ ਆਰ ਐੱਸ ਐੱਸ ਦੇ ਉਦੋਂ ਦੇ ਮੁਖੀ ਗੋਲਵਾਲਕਰ ਨੇ ਆਖਿਆ ਸੀ ਕਿ ਕੁਦਰਤ ਦੀ ਕਿੱਕ ਨਾਲ ਸੱਤਾ ਵਿੱਚ ਆਏ ਆਗੂ ਸਾਡੇ ਹੱਥ ਤਿਰੰਗਾ ਫੜਾ ਸਕਦੇ ਹਨ, ਪਰ ਇਹ ਝੰਡਾ ਕਦੇ ਵੀ ਹਿੰਦੂਆਂ ਵੱਲੋਂ ਨਾ ਸਤਿਕਾਰਿਆ ਜਾਵੇਗਾ ਅਤੇ ਨਾ ਅਪਣਾਇਆ ਜਾਵੇਗਾਇਸ ਤੋਂ ਅੱਗੇ ਵਧ ਕੇ ਇਹ ਵੀ ਲਿਖਿਆ ਗਿਆ ਕਿ ਤਿੰਨ ਦਾ ਨੰਬਰ ਹੀ ਆਪਣੇ ਆਪ ਵਿੱਚ ਬੁਰਾਈ ਹੈ ਅਤੇ ਇਹ ਤਿੰਨ ਰੰਗਾਂ ਵਾਲਾ ਝੰਡਾ ਦੇਸ਼ ਦੀ ਮਾਨਸਕਿਤਾ ਉੱਤੇ ਬੁਰਾ ਅਸਰ ਪਾਵੇਗਾ ਅਤੇ ਉਸ ਨੂੰ ਜ਼ਖਮੀ ਕਰੇਗਾ

ਸਾਨੂੰ ਇਹ ਗੱਲ ਪਤਾ ਹੈ ਕਿ ਰਾਜ-ਸੁਖ ਦੀ ਭੁੱਖ ਦੀਆਂ ਸਤਾਈਆਂ ਕੁਝ ਧਿਰਾਂ ਦੀ ਮਦਦ ਨਾਲ ਗੱਠਜੋੜ ਬਣਾ ਕੇ ਦੇਸ਼ ਦੀ ਵਾਗ ਇੱਕ ਵਾਰ ਸਾਂਭ ਚੁੱਕੀ ਭਾਜਪਾ ਕੋਲ ਇਸ ਵੇਲੇ ਇੰਨੀ ਤਾਕਤ ਹੈ ਕਿ ਜੋ ਮਰਜ਼ੀ ਭੰਨਤੋੜ ਕਰੀ ਜਾਵੇ, ਕੋਈ ਰੋਕ ਸਕਣ ਵਾਲੀ ਤਾਕਤ ਸਾਹਮਣੇ ਨਹੀਂ ਦਿਸਦੀ, ਪਰ ਹਾਲਾਤ ਸਦਾ ਇੱਕੋ ਰਹਿਣ ਦੀ ਗਾਰੰਟੀ ਨਹੀਂ ਹੁੰਦੀਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜੀ ਮੁਹਿੰਮ ਇਸ ਵਕਤ ਚੱਲ ਰਹੀ ਹੈ, ਉਹ ਆਪਣੇ ਵਿਰੋਧ ਦੀਆਂ ਧਿਰਾਂ ਖੁਦ ਪੈਦਾ ਕਰਨ ਤੱਕ ਜਾ ਸਕਦੀ ਹੈਘੱਟ-ਗਿਣਤੀਆਂ ਨੂੰ ਸਤਾਉਣ ਅਤੇ ਪੁਰਾਣੇ ਪ੍ਰਤੀਕਾਂ ਨੂੰ ਢਾਹੁਣ ਨਾਲ ਜਿੱਦਾਂ ਦੇ ਹਾਲਾਤ ਬਣ ਸਕਦੇ ਹਨ, ਭਾਜਪਾ ਲੀਡਰਸ਼ਿੱਪ ਉਨ੍ਹਾਂ ਬਾਰੇ ਨਹੀਂ ਸੋਚ ਰਹੀਸ਼ਾਇਦ ਉਹ ਸੋਚਣਾ ਵੀ ਨਹੀਂ ਚਾਹੁੰਦੀਉਹ ਲੋਕ ਥੋੜ੍ਹੇ ਨਹੀਂ, ਜਿਹੜੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਵਿਰੋਧ ਕਰਨ ਦੀ ਹਿੰਮਤ ਕਰ ਸਕਦੇ ਹਨ ਤੇ ਜਦੋਂ ਇੱਦਾਂ ਦੀ ਹਿੰਮਤ ਦਾ ਕੋਈ ਠੋਸ ਮੁੱਢ ਇੱਕ ਵਾਰੀ ਬੱਝ ਗਿਆ, ਫਿਰ ਰੇਤ ਦੀ ਬੋਰੀ ਵਾਂਗ ਹੀ ਕੇਰਾ ਲੱਗਦਾ ਹੁੰਦਾ ਹੈ ਤੇ ਰੁਕਦਾ ਨਹੀਂ ਹੁੰਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2940)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author