JatinderPannu7ਕੁਝ ਦੇਸ਼ਾਂ ਨੇ ਉਦੋਂ ਵੱਡੇ ਝਟਕੇ ਝੱਲੇ ਸਨ, ਜਦੋਂ ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਅਜੇ ...
(26 ਅਪਰੈਲ 2021)

 

ਮਹਾਂਮਾਰੀਆਂ ਨਾਲ ਮਨੁੱਖ ਦਾ ਮੱਥਾ ਬਹੁਤ ਵਾਰੀ ਲੱਗਦਾ ਹੈ ਉਦੋਂ ਵੀ ਲੱਗਦਾ ਰਿਹਾ, ਜਦੋਂ ਹਾਲੇ ਅੱਜ ਵਾਲਾ ਕੈਲੰਡਰ ਸ਼ੁਰੂ ਨਹੀਂ ਸੀ ਹੋਇਆਕੁਦਰਤ ਦੀਆਂ ਸ਼ਕਤੀਆਂ ਨਾਲ ਲੋਹਾ ਲੈਂਦਾ ਰਿਹਾ ਤੇ ਨੁਕਸਾਨ ਭਾਵੇਂ ਕਿੰਨਾ ਵੀ ਹੋ ਜਾਂਦਾ ਸੀ, ਅੰਤ ਨੂੰ ਮਨੁੱਖ ਜਿੱਤਦਾ ਅਤੇ ਅੱਗੇ ਵਧਦਾ ਰਿਹਾਕਈ ਵਾਰੀ ਇਸ ਭੇੜ ਲਈ ਸਾਂਝੇ ਯਤਨ ਹੁੰਦੇ ਸਨ ਤੇ ਕਈ ਵਾਰ ਖਿੱਲਰੇ-ਪੁੱਲਰੇ ਵੀ ਕਰਨੇ ਪੈਂਦੇ ਸਨ, ਪਰ ਘੱਟ ਜਾਂ ਵੱਧ ਨੁਕਸਾਨ ਉਠਾਉਣ ਮਗਰੋਂ ਧਰਤੀ ਉੱਤੇ ਮਨੁੱਖੀ ਜੀਵਨ ਦੀ ਹੋਂਦ ਕਾਇਮ ਰਹਿੰਦੀ ਰਹੀ ਸੀ ਕਰੋਨਾ ਵਾਇਰਸ ਦੇ ਕਾਰਨ ਸਿਰ ਪਿਆ ਅਜੋਕਾ ਸੰਕਟ ਵੀ ਮਨੁੱਖਤਾ ਦਾ ਨਾਸ ਕਰਨ ਵਾਲਾ ਸਾਬਤ ਨਹੀਂ ਹੋਣਾ, ਮਨੁੱਖੀ ਹੋਂਦ ਕਾਇਮ ਰਹੇਗੀ ਤੇ ਉਸ ਦੇ ਬਾਅਦ ਸ਼ਾਇਦ ਅਗਲੇ ਸੰਕਟਾਂ ਬਾਰੇ ਇਨਸਾਨ ਅਗੇਤਾ ਸੋਚਣਾ ਸ਼ੁਰੂ ਕਰੇਗਾ, ਪਰ ਇਹ ਗੱਲ ਯਾਦ ਰੱਖੇਗਾ ਕਿ ਸੰਸਾਰ ਪੱਧਰ ਦਾ ਇਸ ਤਰ੍ਹਾਂ ਦਾ ਸੰਕਟ ਵੀ ਆ ਸਕਦਾ ਹੈ, ਜਿਹੜਾ ਜ਼ਿੰਦਗੀ ਨੂੰ ਬਰੇਕਾਂ ਲਾ ਦੇਵੇਅਸਮਾਨਾਂ ਵਿੱਚ ਉੱਡਦਾ ਤੇ ਖੰਭਾਂ ਦੇ ਬਿਨਾਂ ਪੁਲਾੜ ਵਿੱਚ ਤਰਨ ਵਾਂਗ ਉਡਾਰੀਆਂ ਲਾਉਂਦਾ ਮਨੁੱਖ ਅਜੋਕੇ ਸੰਕਟ ਨੇ ਇੰਨਾ ਬੇਵੱਸ ਕਰ ਛੱਡਿਆ ਕਿ ਉਸ ਨੂੰ ਇੱਕੋ ਵਕਤ ਸਾਰੇ ਸੰਸਾਰ ਵਿੱਚ ਰੇਲਾਂ ਅਤੇ ਬੱਸਾਂ ਕੀ, ਉੱਡਦੇ ਜਹਾਜ਼ ਵੀ ਰੋਕਣੇ ਪੈ ਗਏ ਸਨਸਮੁੰਦਰਾਂ ਵਿੱਚ ਚੱਲਦੇ ਜਹਾਜ਼ਾਂ ਨੂੰ ਕੰਢਿਆਂ ਉੱਤੇ ਲੱਗਣ ਤੋਂ ਰੋਕਣਾ ਪੈ ਗਿਆ ਤੇ ਹਰ ਚੀਜ਼ ਬੇਜਾਨ ਜਾਪਣ ਲੱਗ ਪਈ ਸੀਮਨੁੱਖ ਨੇ ਜੇ ਅਕਲ ਸਿੱਖਣੀ ਹੋਈ ਤਾਂ ਇਸ ਤਰ੍ਹਾਂ ਦੇ ਸੰਕਟ ਤੋਂ ਨਿਕਲੇ ਸਬਕ ਉਸ ਦੇ ਭਵਿੱਖ ਲਈ ਮਾਰਗ-ਦਰਸ਼ਕ ਬਣ ਸਕਦੇ ਹਨ

ਕੱਲ੍ਹ ਦੀ ਕੱਲ੍ਹ ਆਏ ਤੋਂ ਵੇਖੀ ਜਾਊ, ਅੱਜ ਜਿਸ ਜਿੱਲ੍ਹਣ ਵਿੱਚ ਮਨੁੱਖਤਾ ਫਸ ਗਈ ਹੈ, ਉਸ ਦੀ ਕਹਾਣੀ ਸਾਰਾ ਸੰਸਾਰ ਜਾਣਦਾ ਹੈ, ਪਰ ਇਹ ਗੱਲ ਲੁਕ ਜਾਂਦੀ ਹੈ ਕਿ ਹਰ ਦੇਸ਼ ਦਾ ਇੱਕੋ ਜਿਹਾ ਹਾਲ ਨਹੀਂ ਇਸਦਾ ਕਾਰਨ ਇਹ ਹੈ ਕਿ ਹਰ ਦੇਸ਼ ਦੀ ਵਾਗ ਸੰਭਾਲਣ ਵਾਲੇ ਆਗੂ ਇੱਕੋ ਜਿਹੇ ਨਹੀਂਕੁਝ ਦੇਸ਼ਾਂ ਨੇ ਉਦੋਂ ਵੱਡੇ ਝਟਕੇ ਝੱਲੇ ਸਨ, ਜਦੋਂ ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਅਜੇ ਸਿੱਝਣ ਦੀ ਸੂਝ ਨਹੀਂ ਸੀ, ਅਤੇ ਜਦੋਂ ਸੂਝ ਆਈ ਤਾਂ ਉਨ੍ਹਾਂ ਦੇਸ਼ਾਂ ਨੇ ਉਸ ਦੇ ਨਾਲ ਲੜਨ ਦਾ ਯੋਗ ਪ੍ਰਬੰਧ ਕਰ ਲਿਆ ਸੀਭਾਰਤ ਦੇਸ਼ ਉਨ੍ਹਾਂ ਵਿੱਚੋਂ ਨਹੀਂ ਨਿਕਲਿਆ ਇਸਦੀ ਕਮਾਂਡ ਜਿਨ੍ਹਾਂ ਹੱਥਾਂ ਵਿੱਚ ਫੜੀ ਸੀ, ਅਤੇ ਅਜੇ ਵੀ ਹੈ, ਉਹ ਚੰਦਰ ਗੁਪਤ ਮੌਰੀਆ ਵਰਗੇ ਵੱਡੇ ਹਿੰਦੁਸਤਾਨ ਉੱਤੇ ਰਾਜ ਕਰਨ ਦਾ ਇੱਦਾਂ ਦਾ ਸੁਪਨਾ ਅੱਖਾਂ ਵਿੱਚ ਵਸਾਈ ਫਿਰਦੇ ਹਨ ਕਿ ਹੋਰ ਕੁਝ ਸੁੱਝਦਾ ਹੀ ਨਹੀਂਅੱਜ ਜਿਹੜੇ ਹਾਲਾਤ ਵਿੱਚ ਭਾਰਤ ਦੇਸ਼ ਫਸ ਗਿਆ ਹੈ, ਲੋਕ ਮਰਦੇ ਹਨ ਤੇ ਕੋਈ ਸੁਣਨ ਵਾਲਾ ਨਹੀਂ ਲੱਭਦਾ, ਉਸ ਦਾ ਅਸਲ ਕਾਰਨ ਇਹੋ ਹੈ

ਜਦੋਂ ਕਰੋਨਾ ਦੀ ਬਿਮਾਰੀ ਸਿਰ ਚੁੱਕਦੀ ਪਈ ਸੀ ਤੇ ਅਮਰੀਕਾ ਅਤੇ ਭਾਰਤ ਦੋਵਾਂ ਵਿੱਚ ਪਹੁੰਚ ਚੁੱਕੀ ਸੀ, ਉਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਸੰਸਾਰ ਮਹਾ-ਸ਼ਕਤੀ ਦੇ ਭਰਮ ਵਾਲੇ ਦੇਸ਼ ਦੇ ਮੁਖੀ ਡੋਨਾਲਡ ਟਰੰਪ ਨੂੰ ਲਿਆ ਕੇ ਇੱਕ ਲੱਖ ਤੋਂ ਵੱਧ ਲੋਕਾਂ ਦੀ ਭੀੜ ਜੋੜਨ ਦਾ ਤਮਾਸ਼ਾ ਰਚ ਲਿਆ ਸੀਟਰੰਪ ਦੇ ਮੁੜਨ ਤਕ ਅਮਰੀਕਾ ਵੱਲ ਵੀ ਮੌਤਾਂ ਦੀ ਲੜੀ ਸ਼ੁਰੂ ਹੋ ਗਈ ਤੇ ਇੱਧਰ ਭਾਰਤ ਵਿੱਚ ਵੀ ਕੇਸ ਗਿਣੇ ਜਾਣ ਲੱਗ ਪਏ ਸਨ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਮਰਜ਼ ਨਾਲ ਮੱਥਾ ਲਾਉਣ ਦੀ ਥਾਂ ਪਾਰਲੀਮੈਂਟ ਸੈਸ਼ਨ ਜਾਣ-ਬੁੱਝ ਕੇ ਇਸ ਲਈ ਚੱਲਦਾ ਰੱਖਿਆ ਕਿ ਮੱਧ ਪ੍ਰਦੇਸ਼ ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਤੋੜ ਕੇ ਆਪਣੀ ਬਣਾਉਣੀ ਵੱਧ ਜ਼ਰੂਰੀ ਲਗਦੀ ਸੀ ਉੱਧਰ ਦਾ ਕੰਮ ਮੁੱਕਦੇ ਸਾਰ ਇਸ ਦੇਸ਼ ਵਿੱਚ ਲਾਕਡਾਊਨ ਕਰਨ ਦਾ ਉਹ ਕੰਮ ਕਰ ਦਿੱਤਾ, ਜਿਸ ਦੀ ਤਿਆਰੀ ਨਹੀਂ ਸੀ ਤੇ ਨਤੀਜੇ ਵਜੋਂ ਨਾ ਬਿਮਾਰੀ ਨੂੰ ਰੋਕ ਪਾਈ ਜਾ ਸਕੀ, ਨਾ ਘਰਾਂ ਵਿੱਚ ਤੜੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਈ ਗਈ ਕਰੋਨਾ ਦੇ ਮੁੱਢਲੇ ਹੱਲੇ ਮਗਰੋਂ ਜਦੋਂ ਨਵੰਬਰ ਵਿੱਚ ਕੁਝ ਮੋੜ ਪੈਣ ਲੱਗਾ, ਉਸ ਸਮੇਂ ਨੂੰ ਅਗਲੇ ਹੱਲੇ ਦੇ ਟਾਕਰੇ ਲਈ ਵਰਤਿਆ ਜਾ ਸਕਦਾ ਸੀ, ਪਰ ਇਸਦੀ ਥਾਂ ਪ੍ਰਧਾਨ ਮੰਤਰੀ ਨੇ ਪੰਜ ਹੋਰ ਰਾਜਾਂ ਵਿੱਚ ਆਪਣੀ ਧਾਂਕ ਜਮਾਉਣ ਦਾ ਰਸਤਾ ਫੜ ਲਿਆ ਤੇ ਉਹਦੀ ਇਹ ਚਾਲ ਵੀ ਭਾਰਤ ਦੇ ਲੋਕਾਂ ਨੂੰ ਭੁਗਤਣੀ ਪਈਇਨ੍ਹਾਂ ਪੰਜਾਂ ਰਾਜਾਂ ਵਿੱਚ ਚੋਣ ਰੈਲੀਆਂ ਹੋਣ ਦੌਰਾਨ ਹੀ ਕਰੋਨਾ ਦੀ ਪਹਿਲਾਂ ਤੋਂ ਵੱਡੀ ਛੱਲ ਉੱਠ ਪਈ, ਪਰ ਵਿਗੜਦੇ ਹਾਲਾਤ ਵਿੱਚ ਰੈਲੀਆਂ ਰੋਕਣ ਦੀ ਥਾਂ ਬੰਗਾਲ ਦਾ ਕੰਡਾ ਕੱਢਣ ਲਈ ਸਾਰਾ ਜ਼ੋਰ ਲਾਈ ਰੱਖਿਆਇਸ ਵੱਲੋਂ ਉਹ ਉਦੋਂ ਹੀ ਰੁਕਿਆ, ਜਦੋਂ ਕਰੋਨਾ ਵਾਲੇ ਕੇਸਾਂ ਦੀ ਗਿਣਤੀ ਪਹਿਲੀ ਵਾਰ ਰੋਜ਼ਾਨਾ ਇੱਕ ਲੱਖ ਟੱਪਣ ਪਿੱਛੋਂ ਰੋਜ਼ਾਨਾ ਦੋ ਲੱਖ ਤੋਂ ਟੱਪ ਕੇ ਰੋਜ਼ਾਨਾ ਤਿੰਨ ਲੱਖ ਨੂੰ ਜਾ ਪੁੱਜੀ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਨਾ ਬੈੱਡ ਲੱਭਦੇ ਸਨ ਤੇ ਨਾ ਮਰਨਾਊ ਪਏ ਮਰੀਜ਼ਾਂ ਨੂੰ ਬਚਾਉਣ ਦੇ ਲਈ ਆਕਸੀਜ਼ਨ ਮਿਲਦੀ ਸੀਸਿਵਿਆਂ ਵਿੱਚ ਲਾਸ਼ਾਂ ਫੂਕਣ ਲਈ ਦੋ-ਦੋ ਦਿਨ ਉਡੀਕ ਕਰਨੀ ਪੈਂਦੀ ਸੀ ਅਤੇ ਕਬਰਾਂ ਵਿੱਚ ਥਾਂ ਨਾ ਹੋਣ ਕਾਰਨ ਸੜਕਾਂ ਕਿਨਾਰੇ ਮੁਰਦੇ ਦੱਬੇ ਜਾਣ ਲੱਗ ਪਏ ਸਨਫਿਰ ਉਸ ਨੇ ਦਿੱਲੀ ਆ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲਿਆ, ਪਰ ਇਸਦਾ ਫਾਇਦਾ ਕੀ? ਉਰਦੂ ਦਾ ਸ਼ੇਅਰ ਹੈ, ‘ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋਂ ਕਿਆ ਆਏ!’

ਭਾਰਤ ਦਾ ਪ੍ਰਧਾਨ ਮੰਤਰੀ ਇਸ ਮਰਜ਼ ਦੇ ਟਾਕਰੇ ਲਈ ਮੁੱਢਲੇ ਭਾਸ਼ਣਾਂ ਵਿੱਚ ਪਿਛਲੇ ਸਾਲ ਇਹ ਕਹਿੰਦਾ ਸੀ ਕਿ ਮਹਾਭਾਰਤ ਦੀ ਜੰਗ ਅਠਾਰਾਂ ਦਿਨਾਂ ਵਿੱਚ ਜਿੱਤ ਲਈ ਸੀ, ਕਰੋਨਾ ਵਿਰੁੱਧ ਤਿੰਨਾਂ ਹਫਤਿਆਂ ਵਿੱਚ ਜਿੱਤਾਂਗੇਤਿੰਨ ਹਫਤੇ ਤਾਂ ਕੀ, ਉਸ ਮਗਰੋਂ ਸਤਵੰਜਾ ਹਫਤੇ ਲੰਘ ਗਏ, ਤਿੰਨਾਂ ਨਾਲੋਂ ਉੱਨੀ ਗੁਣਾਂ ਬਣਦੇ ਹਨ, ਪਰ ਜੰਗ ਜਿੱਤ ਲੈਣੀ ਕਹਿਣ ’ਤੇ ਲੋਕਾਂ ਨੂੰ ਫੋਕੇ ਦਿਲਾਸੇ ਦੇਣ ਵਾਲਾ ਪ੍ਰਧਾਨ ਮੰਤਰੀ ਅੱਜ ਉਨ੍ਹਾਂ ਭਾਸ਼ਣਾਂ ਦਾ ਚੇਤਾ ਵੀ ਨਹੀਂ ਕਰਦਾਉਸ ਦੇ ਚਹੇਤਿਆਂ ਨਾਲ ਭਰੇ ਹੋਏ ਨੀਤੀ ਆਯੋਗ ਦਾ ਜਿਹੜਾ ਮੈਂਬਰ ਕਰੋਨਾ ਟਾਸਕ ਫੋਰਸ ਦਾ ਮੁਖੀ ਬਣਾਇਆ ਸੀ, ਪਿਛਲੇ ਸਾਲ ਬਾਈ ਅਪਰੈਲ ਨੂੰ ਉਹਨੇ ਕਿਹਾ ਸੀ ਕਿ ਸੋਲਾਂ ਮਈ ਤੋਂ ਬਾਅਦ ਭਾਰਤ ਵਿੱਚ ਕਰੋਨਾ ਦਾ ਇੱਕ ਵੀ ਕੇਸ ਨਹੀਂ ਉੱਠੇਗਾ, ਪਰ ਅੱਜ ਜਦੋਂ ਰੋਜ਼ ਸਾਢੇ ਤਿੰਨ ਲੱਖ ਕੇਸ ਮਿਲ ਰਹੇ ਹਨ ਤਾਂ ਉਹ ਵੀ ਆਪਣੇ ਲਫਜ਼ ਯਾਦ ਨਹੀਂ ਕਰਦਾਜਿੱਦਾਂ ਦਾ ਆਗੂ ਹੈ, ਉੱਦਾਂ ਦੇ ਚੇਲੇ-ਬਾਲਕੇ ਜੋੜ ਕੇ ਇੱਕ ਇੱਦਾਂ ਦੀ ਟੀਮ ਬਣਾਈ ਹੈ, ਜਿਹੜੀ ਠੀਕ ਹੋਵੇ ਜਾਂ ਗਲਤ, ਆਗੂ ਦੀ ਜੈ-ਜੈਕਾਰ ਕਰਨ ਲੱਗੀ ਰਹਿੰਦੀ ਹੈ, ਆਪਣੇ ਫਰਜ਼ ਦਾ ਚੇਤਾ ਨਹੀਂ ਕਰਦੀਬਾਬੇ ਕਹਿੰਦੇ ਹੁੰਦੇ ਸਨ, ‘ਅੱਗ ਲੱਗੀ ਤੋਂ ਖੂਹ ਨਹੀਂ ਪੁੱਟੇ ਜਾਂਦੇ’, ਪਰ ਸਾਡਾ ਪ੍ਰਧਾਨ ਮੰਤਰੀ ਉਦੋਂ ਆਕਸੀਜ਼ਨ ਬਣਾਉਣ ਦੇ ਕਾਰਖਾਨੇ ਲਾਉਣ ਦੀਆਂ ਗੱਲ ਕਹਿ ਰਿਹਾ ਹੈ, ਜਦੋਂ ਲਗਭਗ ਹਰ ਰਾਜ ਦੇ ਹਸਪਤਾਲਾਂ ਵਿੱਚੋਂ ਆਕਸੀਜ਼ਨ ਸਪਲਾਈ ਨਾ ਹੋਣ ਕਾਰਨ ਮਰੀਜ਼ਾਂ ਦੇ ਮਰਨ ਦੀਆਂ ਖਬਰਾਂ ਆਈ ਜਾਂਦੀਆਂ ਹਨਇਨ੍ਹਾਂ ਖਬਰਾਂ ਵਿੱਚ ਪ੍ਰਧਾਨ ਮੰਤਰੀ ਦੀ ਉਠਾਣ ਦਾ ਪੜੁੱਲ ਬਣੇ ਗੁਜਰਾਤ ਦੀਆਂ ਵੀ ਖਬਰਾਂ ਹਨ ਕਿ ਉੱਥੇ ਹਾਹਾਕਾਰ ਮੱਚੀ ਪਈ ਹੈ ਤੇ ਲੋਕ ਆਕਸੀਜ਼ਨ ਦੇ ਸਿਲੰਡਰਾਂ ਵਾਸਤੇ ਹੱਥੋ-ਪਾਈ ਹੁੰਦੇ ਸੁਣੇ ਜਾਣ ਲੱਗੇ ਹਨਲੜਨਾ ਕਰੋਨਾ ਦੇ ਖਿਲਾਫ ਸੀ ਤੇ ਲੜਾਈ ਲੋਕਾਂ ਦੀ ਆਪੋ ਵਿੱਚ ਕਰਾਈ ਜਾ ਰਹੀ ਹੈਜ਼ਿੰਦਗੀ ਦਾ ਮੋਹ ਹਰ ਮਨੁੱਖ ਨੂੰ ਹੁੰਦਾ ਹੈ, ਪਰ ਸਾਰਿਆਂ ਕੋਲ ਮੇਦਾਂਤਾ, ਮੈਕਸ ਤੇ ਹੋਰ ਮਹਿੰਗੇ ਇਲਾਜ ਵਾਲੇ ਫਾਈਵ ਸਟਾਰ ਹਸਪਤਾਲਾਂ ਵਿੱਚ ਜਾਣ ਦੀ ਹਿੰਮਤ ਨਹੀਂ ਹੁੰਦੀਵੋਟ ਭਾਵੇਂ ਝੁੱਗੀ ਵਾਲੇ ਦੀ ਵੀ ਮਹਿਲ ਵਾਲੇ ਜਿੰਨੀ ਕੀਮਤੀ ਸਮਝੀ ਜਾਂਦੀ ਹੈ, ਪਰ ਜਾਨ ਝੁੱਗੀ ਵਾਲੇ ਦੀ ਸਸਤੀ ਸਮਝੀ ਜਾਂਦੀ ਹੈ ਤੇ ਮਹਿਲ ਵਾਲੇ ਦੀ ਮਹਿੰਗੀਹਸਪਤਾਲਾਂ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜ਼ਨ ਮਿਲੇ ਨਾ ਮਿਲੇ, ਸਟੀਲ ਮਿੱਲਾਂ ਇਸੇ ਗੈਸ ਨਾਲ ਚੱਲੀ ਜਾਂਦੀਆਂ ਹਨ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਇਹ ਹਦਾਇਤ ਕਰਨ ਲਈ ਮਜਬੂਰ ਹੈ ਕਿ ਮਿੱਲਾਂ ਦੀ ਗੈਸ ਸਪਲਾਈ ਰੋਕ ਕੇ ਹਸਪਤਾਲਾਂ ਲਈ ਪਹਿਲਾਂ ਜਾਰੀ ਕਰੋਸਰਕਾਰਾਂ ਦੇ ਕੰਮ ਅਦਾਲਤਾਂ ਦੇ ਕੀਤਿਆਂ ਤਾਂ ਇਹ ਜੰਗ ਨਹੀਂ ਜਿੱਤੀ ਜਾ ਸਕਣੀ

ਇਹ ਸਭ ਹੁੰਦਾ ਕਿਉਂ ਪਿਆ ਹੈ? ਸਮਝਣ ਲਈ ਉਹ ਕਿੱਸਾ ਚੇਤੇ ਕਰੀਏ ਕਿ ਜਦੋਂ ਰੋਮ ਸੜ ਰਿਹਾ ਸੀ, ਉਸ ਦਾ ਰਾਜਾ ਬੰਸਰੀ ਦੀਆਂ ਸੁਰਾਂ ਕੱਢ ਰਿਹਾ ਸੀਭਾਰਤ ਇਸ ਹਾਲ ਨੂੰ ਇਸ ਲਈ ਪਹੁੰਚ ਗਿਆ ਕਿ ਕਰੋਨਾ ਦਾ ਟਾਕਰਾ ਕਰਨ ਲਈ ਰਾਜਧਾਨੀ ਵਿੱਚ ਬੈਠ ਕੇ ਪ੍ਰਬੰਧਾਂ ਦੀ ਅਗਵਾਈ ਕਰਨ ਦੀ ਥਾਂ ਲੋਕਾਂ ਵੱਲੋਂ ਚੁਣਿਆ ਰਾਜਾ ਪੰਜ ਰਾਜਾਂ ਵਿੱਚ ਲੋਕਾਂ ਨੂੰ ਚੋਣ-ਜੁਮਲੇ ਸੁਣਾਉਣ ਤੇ ਵੋਟਾਂ ਵਾਸਤੇ ਭਰਮਾਉਣ ਲੱਗਾ ਪਿਆ ਸੀਸਾਨੂੰ ਅਜੇ ਵੀ ਯਕੀਨ ਹੈ ਕਿ ਮਨੁੱਖਤਾ ਇਸ ਮਰਜ਼ ਦੇ ਮਾਰਿਆਂ ਮਰਨ ਨਹੀਂ ਲੱਗੀ, ਦੁਨੀਆ ਵਸਦੀ ਹੀ ਰਹਿਣੀ ਹੈ, ਪਰ ਇੱਕ ਫਰਕ ਇਸ ਵਿੱਚ ਪੈ ਸਕਦਾ ਹੈਉਹ ਇਹ ਕਿ ਜਿਹੜੇ ਤੁਰ ਗਏ, ਉਹ ਫਿਰ ਕਦੇ ਮੁੜ ਕੇ ਨਹੀਂ ਆਉਣੇਰਾਜ ਵਿੱਚ ਕਿਸੇ ਇੱਕ ਨਾਗਰਿਕ ਦੀ ਅਣਿਆਈ ਮੌਤ ਵੀ ਹਾਕਮਾਂ ਦੀ ਨੀਂਦ ਉਡਾਉਣ ਲਈ ਕਾਫੀ ਹੋ ਸਕਦੀ ਹੈ ਅਤੇ ਲੋਕਤੰਤਰ ਵਿੱਚ ਹੋਣੀ ਵੀ ਚਾਹੀਦੀ ਹੈ, ਪਰ ਭਾਰਤ ਵਿੱਚ ਦੋ ਲੱਖ ਲੋਕ ਮਰਨ ਪਿੱਛੋਂ ਵੀ ਅਗਲਾ ਸਿਰਾ ਨਹੀਂ ਦਿਸ ਰਿਹਾਅਫਸੋਸ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2733)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author