JatinderPannu7ਅੱਜ ਤੱਕ ਹਰ ਸਾਲ ਰਾਸ਼ਟਰਪਤੀ ਦੇ ਸੱਦਾ-ਪੱਤਰਾਂ ਉੱਤੇ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਦੇ ਸਨਅਚਾਨਕ ...
(11 ਸਤੰਬਰ 2023)


ਨਿੱਤ ਨਵੇਂ ਰੇੜਕਿਆਂ ਨੂੰ ਰਿੜਕਣ ਗਿੱਝੀ ਹੋਈ ਭਾਰਤ ਦੀ ਰਾਜਨੀਤੀ ਇਸ ਸਤੰਬਰ ਦੇ ਪਹਿਲੇ ਹਫਤੇ ਇਸ ਦੇਸ਼ ਦਾ ਨਾਂਅ ‘ਇੰਡੀਆ’ ਹੋਣ ਜਾਂ ਨਾ ਹੋਣ ਦਾ ਮੁੱਦਾ ਰਿੜਕਣ ਤੁਰ ਪਈ ਹੈ। ਅਗਸਤ ਦੇ ਅਖੀਰ ਤੱਕ ਇਹ ਕੋਈ ਮੁੱਦਾ ਹੀ ਨਹੀਂ ਸੀ
, ਪਰ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਲਈ ਮਿਲ ਕੇ ਚੱਲਣ ਦਾ ਫੈਸਲਾ ਲਿਆ ਤੇ ਆਪਣੇ ਗੱਠਜੋੜ ਲਈ ਇਹੋ ਜਿਹਾ ਨਾਂਅ ਰੱਖਿਆ, ਜਿਸ ਦੇ ਪਹਿਲੇ ਅੱਖਰਾਂ ਦਾ ਮੇਲ ‘ਇੰਡੀਆ’ ਬਣਦਾ ਹੈ ਤਾਂ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੇ ‘ਇੰਡੀਆ’ ਸ਼ਬਦ ਦਾ ਵਿਰੋਧ ਕਰਨ ਦਾ ਪੈਂਤੜਾ ਮੱਲ ਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਦਾ ਨਾਂਅ ਸੁਣਦਿਆਂ ਹੀ ਇਹ ਕਹਿ ਕੇ ਵਿਵਾਦ ਦੀ ਸ਼ੁਰੂਆਤ ਕਰ ਦਿੱਤੀ ਕਿ ਕੋਈ ਫਰਕ ਨਹੀਂ ਪੈਂਦਾ, ਈਸਟ ਇੰਡੀਆ ਕੰਪਨੀ ਵੀ ਇੱਥੇ ਆਈ ਸੀ। ਇਸ਼ਾਰਾ ਮਿਲਦੇ ਸਾਰ ਭਾਜਪਾ ਦੇ ਸਿਖਰ ਤੋਂ ਹੇਠਲੀ ਸ਼ਾਖਾ ਤੱਕ ਦੇ ਲੀਡਰਾਂ ਨੇ ‘ਇੰਡੀਆ’ ਸ਼ਬਦ ਦੇ ਵਿਰੋਧ ਲਈ ਆਪੋ-ਆਪਣੇ ਸਿਰਾਂ ਨਾਲ ਕਈ ਤਰ੍ਹਾਂ ਦੇ ਸ਼ੋਸ਼ੇ ਘੜਨੇ ਤੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਸਨ। ਇਸ ਪਿੱਛੋਂ ਇਹ ਗੱਲ ਸੁਣੀ ਗਈ ਕਿ ਭਾਰਤ ਸਰਕਾਰ ਚਲਾ ਰਹੀ ਭਾਜਪਾ ਦੀ ਲੀਡਰਸ਼ਿੱਪ ‘ਇੰਡੀਆ’ ਸ਼ਬਦ ਤੋਂ ਏਨੀ ਤ੍ਰਹਿਕੀ ਹੋਈ ਹੈ ਕਿ ਆਪਣੇ ਦੇਸ਼ ਦੇ ਨਾਂਅ ਵਜੋਂ ਸੰਵਿਧਾਨ ਵਿੱਚ ਲਿਖਿਆ ‘ਇੰਡੀਆ’ ਸ਼ਬਦ ਵੀ ਕੱਟ ਦੇਣ ਬਾਰੇ ਸੋਚ ਰਹੀ ਹੈ। ਭਾਰਤੀ ਸੰਵਿਧਾਨ ਦੇ ਅੰਗਰੇਜ਼ੀ ਰੂਪ ਦੇ ਮੁੱਢ ਵਿੱਚ ਲਿਖਿਆ ਹੈ: “We the people of India” ਅਤੇ ਇਸ ਦੇ ਹਿੰਦੀ ਰੂਪ ਵਿੱਚ ਇਸ ਦੀ ਥਾਂ “ਹਮ ਭਾਰਤ ਕੇ ਲੋਗ” ਲਿਖਿਆ ਗਿਆ ਹੋਣ ਦਾ ਮਤਲਬ ਹੈ ਕਿ ਸੰਵਿਧਾਨ ਵਿੱਚ ਦੋਵੇਂ ਨਾਂਅ ਇੱਕੋ ਜਿਹੇ ਅਰਥਾਂ ਦੇ ਪ੍ਰਤੀਕ ਹਨ। ਕਿਸੇ ਗੱਠਜੋੜ ਦਾ ਕੀ ਨਾਂਅ ਰੱਖਿਆ ਹੈ, ਇਸ ਨਾਲ ਇਸ ਦੇਸ਼ ਦੇ ਨਾਂਅ ਉੱਤੇ ਕਿੰਤੂ ਨਹੀਂ ਸੀ ਹੋਣਾ ਚਾਹੀਦਾ।

ਸਰਕਾਰੀ ਪੱਖ ਇਹ ਕਹੀ ਜਾਂਦਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ, ਪਰ ਇਸ ਨਾਲ ਕੋਈ ਫਰਕ ਵੀ ਨਹੀਂ ਪੈਂਦਾ, ਕਿਉਂਕਿ ਇਸ ਦੇਸ਼ ਦਾ ਨਾਂਅ ਅਸਲ ਵਿੱਚ ‘ਭਾਰਤ’ ਹੀ ਹੈ, ‘ਇੰਡੀਆ’ ਨਾਂਅ ਵਿਦੇਸ਼ੀਆਂ ਨੇ ਆ ਕੇ ਰੱਖ ਲਿਆ ਸੀ, ਉਸ ਨੂੰ ਛੱਡ ਦੇਣਾ ਚਾਹੀਦਾ ਹੈ। ਪਹਿਲੀ ਗੱਲ ਇਹ ਕਿ ਜੇ ਇਹੋ ਜਿਹੀ ਕੋਈ ਗੱਲ ਕੇਂਦਰ ਸਰਕਾਰ ਚਲਾਉਣ ਵਾਲੀ ਧਿਰ ਦੇ ਆਗੂਆਂ ਦੇ ਮਨਾਂ ਵਿੱਚ ਨਹੀਂ ਸੀ ਤਾਂ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤੇ ਜਾਣ ਵਾਲੇ ਰਾਤ ਦੇ ਖਾਣੇ, ਡਿਨਰ, ਦੇ ਸੱਦਾ-ਪੱਤਰ ਵਿੱਚ ਅੱਜ ਤੱਕ ਜਿੱਦਾਂ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਿਆ ਜਾਂਦਾ ਸੀ, ਉਸ ਨੂੰ ਬਦਲ ਕੇ ‘ਪ੍ਰੈਜ਼ੀਡੈਂਟ ਆਫ ਭਾਰਤ’ ਲਿਖਣ ਦੀ ਲੋੜ ਕੀ ਪੈ ਗਈ ਸੀ? ਇਸ ਦੇ ਨਾਲ ਹੀ ਭਾਜਪਾ ਦੇ ਪਿੱਛੇ ਖੜ੍ਹੇ ਆਰ ਐੱਸ ਐੱਸ (ਰਾਸ਼ਟਰੀ ਸੋਇਮਸੇਵਕ ਸੰਘ) ਦੇ ਮੁਖੀ ਮੋਹਨ ਭਾਗਵਤ ਨੂੰ ਇੱਕ ਸਮਾਗਮ ਵਿੱਚ ਇਹ ਕਹਿਣ ਦੀ ਲੋੜ ਕਿਉਂ ਪਈ ਕਿ ‘ਸਾਨੂੰ ਇੰਡੀਆ ਕਹਿਣਾ ਬੰਦ ਕਰਨਾ ਚਾਹੀਦਾ ਹੈ, ਸਿਰਫ ਭਾਰਤ ਕਹਿਣਾ ਚਾਹੀਦਾ ਹੈ’! ਸਾਫ ਗੱਲ ਹੈ ਕਿ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਇਹ ਸਾਂਝੀ ਸੁਰ ਕੱਢੀ ਗਈ ਹੈ ਅਤੇ ਇਸ ਦੇ ਵਿਰੋਧ ਲਈ ‘ਵਿਦੇਸ਼ੀਆਂ ਦਾ ਰੱਖਿਆ ਨਾਂਅ’ ਵਾਲੀ ਮੁਹਾਰਨੀ ਸੋਚ ਕੇ ਪੜ੍ਹੀ ਜਾ ਰਹੀ ਹੈ। ਪਹਿਲਾਂ ਤਾਂ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਹੀ ਗਈ।

ਮੈਂ ਖੁਦ ਕਦੀ ‘ਇੰਡੀਆ’ ਸ਼ਬਦ ਦੀ ਵਰਤੋਂ ਲੋੜ ਤੋਂ ਬਗੈਰ ਨਹੀਂ ਕੀਤੀ, ਆਮ ਕਰ ਕੇ ਵਿਦੇਸ਼ ਵਿੱਚ ਜਾਂ ਫਿਰ ਕਿਸੇ ਵਿਸ਼ੇਸ਼ ਸਮਾਗਮ ਵਿੱਚ ਲੋੜ ਪੈਣ ਉੱਤੇ ਕਰਦਾ ਹਾਂ, ਅੱਗੋਂ-ਪਿੱਛੋਂ ਭਾਰਤ ਜਾਂ ਹਿੰਦੁਸਤਾਨ ਸ਼ਬਦਾਂ ਦੀ ਵਰਤੋਂ ਨਾਲ ਡੰਗ ਸਾਰਦਾ ਹਾਂ। ਮੈਨੂੰ ਕਈ ਵਾਰੀ ਇਸ ਗੱਲੋਂ ਨੁਕਤਾਚੀਨੀ ਸਹਿਣੀ ਪਈ ਹੈ ਕਿ ‘ਹਿੰਦੁਸਤਾਨ’ ਸ਼ਬਦ ਵਰਤਣ ਦੇ ਨਾਲ ਮੈਂ ਹਿੰਦੂਤੱਵ ਵਾਲਿਆਂ ਦੇ ਗੁਬਾਰੇ ਵਿੱਚ ਹਵਾ ਭਰਨ ਦਾ ਕੰਮ ਕਰਦਾ ਹਾਂ, ਪਰ ਮੈਂ ਇਹ ਗੱਲ ਕਦੀ ਨਹੀਂ ਮੰਨੀ ਅਤੇ ਮੰਨਾਂਗਾ ਵੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਿੰਦੁਸਤਾਨ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਗੁਰਬਾਣੀ ਦੇ ਵਿੱਚ ਵਰਤਿਆ ਅਤੇ ‘ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨੁ ਸਮਾਲਸੀ ਬੋਲਾ’ ਦਰਜ ਕੀਤਾ ਹੋਇਆ ਹੈ। ਹਿੰਦੂਤੱਵ ਦੇ ਕਿਸੇ ਉਭਾਰ ਜਾਂ ਰਾਜਨੀਤੀ ਤੋਂ ਡਰ ਕੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਹੇ ਨੂੰ ਨਹੀਂ ਭੁਲਾ ਸਕਦਾ। ਇਸ ਦੇ ਇਲਾਵਾ ਸਾਡੇ ਦੇਸ਼ਭਗਤਾਂ ਨੇ ਵੀ ਇਸ ਦੇਸ਼ ਲਈ ਇਸ ਨਾਂਅ ਦੀ ਵਰਤੋਂ ਕਈ ਥਾਂ ਕੀਤੀ ਹੋਈ ਹੈ। ਗਦਰ ਦੀ ਗੂੰਜ ਵਿੱਚ ਜਦੋਂ ਇਹ ਲਿਖਿਆ ਮਿਲਦਾ ਹੈ ਕਿ ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ’ ਤਾਂ ਇਸ ਦੇ ਸੁਨੇਹੇ ਤੋਂ ਮਿਲਦੀ ਹਿੰਦੁਸਤਾਨ ਦੀ ਸਾਂਝੀ ਵਿਰਾਸਤ ਦੀ ਸੋਚ ਮੈਂ ਹਿੰਦੂਤੱਵ ਦੇ ਉਭਾਰ ਕਰਨ ਨਹੀਂ ਭੁਲਾ ਸਕਦਾ। ਜਿਹੜੀ ਧਿਰ ਨੂੰ ਅੱਜ ‘ਇੰਡੀਆ’ ਸ਼ਬਦ ਬੁਰਾ ਲੱਗਣ ਲੱਗ ਪਿਆ ਹੈ, ਉਨ੍ਹਾਂ ਨੂੰ ਇਹ ਗੱਲ ਪਤਾ ਨਹੀਂ ਹੋਣੀ ਕਿ ‘ਹਿੰਦੁਸਤਾਨ’ ਸ਼ਬਦ ਵੀ ਜਦੋਂ ਸਿੰਧ ਦੇ ਪਾਰ ਤੋਂ ਕਾਫਲੇ ਆਏ ਸਨ, ਭਾਰਤ ਲਈ ਪਹਿਲੀ ਵਾਰੀ ਉਨ੍ਹਾਂ ਨੇ ਵਰਤਿਆ ਸੀ। ਇਹ ਸ਼ਬਦ ਭਾਰਤ ਦੇ ਲੋਕਾਂ ਦਾ ਘੜਿਆ ਹੋਇਆ ਨਹੀਂ, ਭਾਰਤੀ ਪੁਰਾਤਨਤਾ ਵਿੱਚ ਇਸ ਦੇ ਨਾਵਾਂ ਵਿੱਚ ਭਾਰਤ, ਆਰੀਆਵ੍ਰਤ ਤੇ ਇਸ ਤੋਂ ਇਲਾਵਾ ਜੰਬੂਦੀਪ ਵੀ ਚੱਲਦਾ ਰਿਹਾ ਹੈ। ਇਸ ਦੇਸ਼ ਲਈ ਕਈ ਹੋਰ ਨਾਂਅ ਵੀ ਚੱਲਦੇ ਰਹੇ ਹੋ ਸਕਦੇ ਹਨ।

ਜਿੱਥੋਂ ਤੱਕ ਰਾਜਸੀ ਕਾਰਨਾਂ ਕਰਕੇ ‘ਇੰਡੀਆ’ ਸ਼ਬਦ ਦੇ ਵਿਰੋਧ ਵਾਲਾ ਮੁੱਦਾ ਹੈ, ਵਿਰੋਧ ਕਰਨ ਵਾਲੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਕਿ ਇਹ ਨਾਂਅ ਕਦੋਂ ਅਤੇ ਕਿਸ ਨੇ ਸ਼ੁਰੂ ਕੀਤਾ ਸੀ! ਉਹ ਬਹੁਤਾ ਕਰਕੇ ਇਸ ਨੂੰ ਈਸਟ ਇੰਡੀਆ ਕੰਪਨੀ ਵਾਲਿਆਂ ਨਾਲ ਜੋੜ ਕੇ ਖੱਪ ਪਾਈ ਜਾਂਦੇ ਹਨ, ਜਦ ਕਿ ਉਹ ਕੰਪਨੀ ਬਹੁਤ ਪਿੱਛੋਂ ਆਈ ਸੀ, ਇਹ ਨਾਂਅ ਪਹਿਲਾਂ ਪ੍ਰਚੱਲਤ ਹੋ ਗਿਆ ਸੀ। ਸਾਡੇ ਪੰਜਾਬ ਨੂੰ ਪਹਿਲਾਂ ‘ਪੰਚ-ਨਦ’ ਕਿਹਾ ਜਾਂਦਾ ਸੀ, ਜਦੋਂ ਦਰਿਆ ਸਿੰਧ ਦੇ ਪਾਰਲੇ ਇਲਾਕੇ ਤੋਂ ਪਾਣੀ ਨੂੰ ਆਬ ਕਹਿਣ ਵਾਲੇ ਲੋਕ ਏਧਰ ਆਏ ਤਾਂ ਉਨ੍ਹਾਂ ਨੇ ‘ਪੰਜ-ਨਦ’ ਦੀ ਥਾਂ ‘ਪੰਜ-ਆਬ’ ਦਾ ਨਵਾਂ ਨਾਂਅ ਚਲਾ ਦਿੱਤਾ ਸੀ। ਕੀ ਅਸੀਂ ਅੱਜ ਪੰਜ-ਆਬ ਵਾਲੇ ਪੰਜਾਬ ਦੀ ਥਾਂ ਫਿਰ ‘ਪੰਚ-ਨਦ’ ਕਹੇ ਜਾਣ ਦਾ ਹੋਕਾ ਦੇ ਸਕਦੇ ਹਾਂ? ਇਹੋ ਜਿਹਾ ਕੋਈ ਹੋਕਾ ਦੇ ਵੀ ਦਿੱਤਾ ਤਾਂ ਲੋਕਾਂ ਨੇ ਚੁੱਕਣਾ ਨਹੀਂ। ਦੂਸਰੀ ਗੱਲ ਇਹ ਕਿ ਸਿੰਧ ਦਰਿਆ ਨੂੰ ਜਿਵੇਂ ਅਸੀਂ ਬੋਲਦੇ ਹਾਂ, ਬਲੋਚਿਸਤਾਨ ਤੋਂ ਪਾਰਲੇ ਇਲਾਕਿਆਂ ਦੇ ਲੋਕ ਇਸ ਦੇ ‘ਸੱਸਾ’ ਸ਼ਬਦ ਨੂੰ ‘ਹਾਹਾ’ ਵਾਲੀ ਸੁਰ ਵਿੱਚ ਬੋਲਦੇ ਅਤੇ ‘ਹਿੰਦ’ ਕਹਿੰਦੇ ਸਨ ਤੇ ਓਦੋਂ ਵੀ ਪਾਰਲੇ ਮੱਧ ਏਸ਼ੀਆ ਅਤੇ ਯੂਰਪ ਵਾਲੇ ਲੋਕ ਆਪਣੀ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਪਿੱਛੋਂ ਬੋਲਣ ਵੇਲੇ ‘Hind’ ਕਹਿਣ ਦੀ ਥਾਂ ਇਸ ਦੇ ਮੁੱਢ ਵਾਲਾ ‘ਐੱਚ’ ਛੱਡ ਕੇ ‘ਇੰਡ’ ਬੋਲਦੇ ਸਨ। ਈਸਟ ਇੰਡੀਆ ਕੰਪਨੀ ਦਸੰਬਰ 1600 ਵਿੱਚ ਬਣਾਈ ਗਈ ਸੀ, ਜਦ ਕਿ ਭਾਰਤ ਦੇ ਦੱਖਣ ਵੱਲ ਦੁਨੀਆ ਦੇ ਪੰਜਵੇ ਵੱਡੇ ਸਮੁੰਦਰ ਹਿੰਦ ਮਹਾਸਾਗਰ ਦਾ ਨਾਂਅ ਸਾਲ 1515 ਵਿੱਚ ਸੰਸਾਰ ਭਰ ਵਿੱਚ ‘ਇੰਡੀਅਨ ਓਸ਼ਨ’ ਪ੍ਰਵਾਨ ਹੋ ਗਿਆ ਸੀ। ਅਜੋਕੇ ਕੈਲੰਡਰ ਈਸਾ ਤੋਂ ਸ਼ੁਰੂ ਹੁੰਦੇ ਹਨ ਤੇ ਇਸ ਹਿਸਾਬ ਨਾਲ ਅੱਜ ਦੋ ਹਜ਼ਾਰ ਤੇਈ ਦਾ ਸਾਲ ਚੱਲਦਾ ਹੈ, ਪਰ ਉਸ ਕੈਲੰਡਰ ਦੇ ਸ਼ੁਰੂ ਹੋਣ ਤੋਂ ਵੀ ਲਗਭਗ ਛੇ ਸੌ ਸਾਲ ਪਹਿਲਾਂ ਸਿੰਧ ਨਦੀ ਨੂੰ ‘ਇੰਡਸ ਰਿਵਰ’ ਦਾ ਨਾਂਅ ਸੰਸਾਰ ਭਰ ਦੇ ਲੇਖਕਾਂ ਨੇ ਦੇ ਦਿੱਤਾ ਸੀ। ਕੀ ਭਾਰਤ ਦੀ ਪਾਰਲੀਮੈਂਟ ਕਿਸੇ ਤਰ੍ਹਾਂ ‘ਇੰਡੀਆ’ ਦਾ ਸ਼ਬਦ ਭਾਰਤ ਤੋਂ ਕੱਟ ਦੇਵੇਗੀ ਤਾਂ ਸੰਸਾਰ ਭਰ ਦੇ ਲੋਕ ਸਾਡੇ ਕਹਿਣ ਉੱਤੇ ‘ਇੰਡੀਅਨ ਓਸ਼ਨ’ ਨਾਂਅ ਦੇ ਮਹਾਂ-ਸਮੁੰਦਰ ਨੂੰ ਇਨ੍ਹਾਂ ਭਾਰਤੀ ਆਗੂਆਂ ਦੀ ਮਰਜ਼ੀ ਦੇ ਨਾਂਅ ਨਾਲ ‘ਭਾਰਤ’ ਕਹਿਣਾ ਸ਼ੁਰੂ ਕਰ ਦੇਣਗੇ ਤੇ ਸਿੰਧ ਦਰਿਆ ਦਾ ਅੰਗਰੇਜ਼ੀ ਨਾਂਅ ‘ਇੰਡਸ ਰਿਵਰ’ ਇਨ੍ਹਾਂ ਦੇ ਕਹਿਣ ਉੱਤੇ ਕੁਝ ਹੋਰ ਲਿਖ ਲੈਣ ਦਾ ਫੈਸਲਾ ਕਰਨਗੇ? ਏਦਾਂ ਹੋਣ ਦੀ ਆਸ ਸੌਖੀ ਨਹੀਂ ਕੀਤੀ ਜਾ ਸਕਦੀ। ਅੱਜ ਇੰਟਰਨੈੱਟ ਦਾ ਯੁੱਗ ਹੈ, ਉਸ ਦੇ ਲਈ ਹਰ ਇੱਕ ਦੇਸ਼ ਲਈ ਇੱਕ ਇੰਟਰਨੈੱਟ ਟਾਪ ਲੈਵਲ ਡੋਮੇਨ ਪ੍ਰਵਾਨ ਹੋਇਆ ਹੁੰਦਾ ਹੈ। ਭਾਰਤ ਲਈ ਇਹ ਡੋਮੇਨ ‘In’ ਦਰਜ ਹੈ, ਕੀ ਭਾਰਤ ਦੇ ਕਹਿਣ ਉੱਤੇ ਇਸ ਦੀ ਤਬਦੀਲੀ ਏਨੀ ਸੌਖੀ ਹੋ ਸਕਦੀ ਹੈ? ਇਹ ਗੱਲਾਂ ਸੋਚਣ ਦੀ ਲੋੜ ਵੀ ਕੋਈ ਨਹੀਂ ਸਮਝਦਾ ਅਤੇ ‘ਇੰਡੀਆ’ ਦੇ ਵਿਰੋਧ ਵਾਲੀ ਸੁਰ ਉੱਤੇ ਨੱਚੀ ਜਾਂਦੇ ਹਨ।

ਅਗਲਾ ਸਵਾਲ ਇਹ ਹੈ ਕਿ ਜੇ ਅੱਜ ਵਿਰੋਧੀ ਪਾਰਟੀਆਂ ਦੇ ਗੱਠਜੋੜ ਦਾ ਨਾਂਅ ‘ਇੰਡੀਆ’ ਲਿਖਿਆ ਜਾਣ ਮਗਰੋਂ ‘ਇੰਡੀਆ’ ਸ਼ਬਦ ਦਾ ਵਿਰੋਧ ਰਾਜਸੀ ਲੋੜਾਂ ਕਾਰਨ ਨਹੀਂ ਹੋ ਰਿਹਾ ਤਾਂ ਕੋਈ ਪੁੱਛ ਸਕਦਾ ਹੈ ਕਿ ਅੱਜ ਤੱਕ ਹਰ ਸਾਲ ਰਾਸ਼ਟਰਪਤੀ ਦੇ ਸੱਦਾ-ਪੱਤਰਾਂ ਉੱਤੇ ‘ਪ੍ਰੈਜ਼ੀਡੈਂਟ ਆਫ ਇੰਡੀਆ’ ਲਿਖਦੇ ਸਨ, ਅਚਾਨਕ ‘ਪ੍ਰੈਜ਼ੀਡੈਂਟ ਆਫ ਭਾਰਤ’ ਦੀ ਵਰਤੋਂ ਕਿਉਂ ਕਰਨੀ ਪਈ ਹੈ? ‘ਜੀਤੇਗਾ ਇੰਡੀਆ’ ਦੇ ਨਾਅਰੇ ਚਿਰਾਂ ਤੋਂ ਲੱਗਦੇ ਆਏ ਸਨ ਤੇ ‘ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ’ ਦੀ ਪ੍ਰਧਾਨਗੀ ਭਾਜਪਾ ਲੀਡਰ ਕਰਦੇ ਰਹੇ ਸਨ ਤਾਂ ਕਿਉਂ ਕਰਦੇ ਸਨ? ਕੀ ਉਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਰਾਜਸੀ ਲੋੜਾਂ ਲਈ ‘ਇੰਡੀਆ’ ਸ਼ਬਦ ਨੂੰ ਕੱਟੇ ਜਾਣ ਨਾਲ ਇਹ ਗੱਲ ਮੁੱਕ ਨਹੀਂ ਜਾਣੀ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਸਟੀਲ ਅਥਾਰਟੀ ਆਫ ਇੰਡੀਆ, ਗੈਸ ਅਥਾਰਟੀ ਆਫ ਇੰਡੀਆ, ਇੰਡੀਅਨ ਏਅਰ ਫੋਰਸ, ਸੁਪਰੀਮ ਕੋਰਟ ਆਫ ਇੰਡੀਆ ਅਤੇ ਮੰਗਲ, ਚੰਦ ਤੇ ਸੂਰਜ ਵੱਲ ਉੱਪ ਗ੍ਰਹਿ ਭੇਜ ਕੇ ਸੰਸਾਰ ਵਿੱਚ ਨਾਮਣਾ ਖੱਟਣ ਵਾਲੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਸਾਰਿਆਂ ਦੇ ਨਾਂਅ ਵਾਲਾ ‘ਇੰਡੀਆ’ ਵੀ ਨਾਲ ਹੀ ਕੱਟਣਾ ਪੈਣਾ ਹੈ? ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਾਲ ਲੱਗੇ ਜਿਹੜੇ ਅਫਸਰ ਉਨ੍ਹਾਂ ਦੀ ਕੋਰ ਟੀਮ ਗਿਣੇ ਜਾਂਦੇ ਹਨ, ਉਹ ਆਈ ਏ ਐੱਸ, ਆਈ ਪੀ ਐੱਸ, ਆਈ ਐੱਫ ਐੱਸ ਅਤੇ ਪਤਾ ਨਹੀਂ ਕਿੰਨੇ ਹੋਰ ‘ਆਈ’ ਸਰਵਿਸ ਵਾਲੇ ਹੋਣਗੇ ਤੇ ਇਨ੍ਹਾਂ ਸਾਰਿਆਂ ਦੇ ਨਾਂਅ ਨਾਲ ਮੁੱਢ ਵਿੱਚ ਲੱਗਣ ਵਾਲੇ ‘ਆਈ’ ਦਾ ਅਰਥ ‘ਇੰਡੀਅਨ’ ਹੁੰਦਾ ਹੈ, ਉਨ੍ਹਾਂ ਸਾਰਿਆਂ ਦੇ ਇਸ ਸਰਵਿਸ ਦੇ ਪ੍ਰਤੀਕ ਇਹ ਸ਼ਬਦ ਵੀ ਕੱਟਣੇ-ਸੋਧਣੇ ਪੈ ਜਾਣੇ ਹਨ। ਆਖਰ ਇਹ ਸੋਧਾ-ਸੋਧੀ ਵਾਲਾ ਕੰਮ ਕਿੱਥੋਂ ਤੱਕ ਜਾਵੇਗਾ ਅਤੇ ਕਿੰਨਾ ਕੁ ਸਮਾਂ ਚੱਲਦਾ ਰਹੇਗਾ, ਇਹ ਵੀ ਸੋਚ ਲੈਣਾ ਚਾਹੀਦਾ ਹੈ।

ਇੱਕ ਹੋਰ ਵੱਡੀ ਗੱਲ ਇਹ ਹੈ ਕਿ ਕੁਝ ਕੁ ਸਾਲ ਪਹਿਲਾਂ ਭਾਰਤ ਸਰਕਾਰ ਨੇ ਏਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਕਰੰਸੀ ਨੋਟਾਂ ਵਿੱਚ ਤਬਦੀਲੀ ਕੀਤੀ ਤਾਂ ਸਾਰੀ ਦਿੱਖ ਬਦਲ ਦਿੱਤੀ ਸੀ। ਸਾਢੇ ਚੌਦਾਂ ਲੱਖ ਕਰੋੜ ਰੁਪਏ ਦੀ ਕੀਮਤ ਦੇ ਪੁਰਾਣੇ ਨੋਟ ਬਦਲੇ ਗਏ ਸਨ ਤੇ ਉਨ੍ਹਾਂ ਦੀ ਥਾਂ ਪਤਾ ਨਹੀਂ ਕਿ ਕਿੰਨੇ ਲੱਖ ਕਰੋੜ ਰੁਪਏ ਦੀ ਕੀਮਤ ਦੇ ਨਵੇਂ ਨੋਟ ਛਾਪੇ ਸਨ। ਜੇ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਤੋਂ ਪਹਿਲਾਂ ਭਾਜਪਾ ਅਤੇ ਆਰ ਐੱਸ ਐੱਸ ਦੀ ਸੋਚ ਇਹ ਸੀ ਕਿ ‘ਇੰਡੀਆ’ ਅਸੀਂ ਰੱਖਣਾ ਨਹੀਂ ਅਤੇ ਭਾਰਤ ਵਾਲੀ ਲੀਹ ਉੱਤੇ ਚੱਲਣਾ ਹੈ ਤਾਂ ਓਦੋਂ ਲੱਖਾਂ ਕਰੋੜ ਕੀਮਤ ਦੇ ਕਰੰਸੀ ਨੋਟਾਂ ਉੱਤੇ ‘ਰਿਜ਼ਰਵ ਬੈਂਕ ਆਫ ਇੰਡੀਆ’ ਛਾਪ ਕੇ ਕਰੋੜਾਂ ਰੁਪਏ ਕਿਉਂ ਫੂਕ ਦਿੱਤੇ ਸਨ? ਇਹ ਗੱਲਾਂ ਪਹਿਲਾਂ ਕਦੀ ਕਹੀਆਂ ਹੁੰਦੀਆਂ ਤਾਂ ਮੰਨਣ ਵਿੱਚ ਆ ਵੀ ਸਕਦੀਆਂ ਸਨ, ਅੱਜ ਕਹਿਣ ਨਾਲ ਕੇਂਦਰ ਸਰਕਾਰ ਚਲਾ ਰਹੀ ਧਿਰ ਲਈ ਇਸ ਦਾ ਉਲਟਾ ਪ੍ਰਭਾਵ ਪੈਂਦਾ ਹੈ। ਆਮ ਲੋਕਾਂ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਵਿਰੋਧੀ ਧਿਰਾਂ ਦੇ ਗੱਠਜੋੜ ਦੇ ਮੁੱਢਲੇ ਕਦਮ ਨਾਲ ਭਾਜਪਾ ਲੀਡਰਸ਼ਿੱਪ ਤ੍ਰਹਿਕ ਗਈ ਹੈ ਤਾਂ ਅਗਲੇ ਦਿਨੀਂ ਜਦੋਂ ਲੋਕਾਂ ਤੱਕ ਪਿਛਲੇ ਸਮੇਂ ਦੀਆਂ ਉਹ ਵੀਡੀਓ ਜਾਣਗੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ‘ਮੇਕ ਇਨ ਇੰਡੀਆ’ ਦਾ ਨਾਅਰਾ ਪੇਸ਼ ਕਰਦੇ ਪਏ ਹਨ ਅਤੇ ਵੱਖ-ਵੱਖ ਥਾਂਈਂ ਵੋਟਾਂ ਲੈਣ ਲਈ ਇਹ ਨਾਅਰਾ ਵੀ ਖੁਦ ਲਵਾਉਂਦੇ ਪਏ ਸਨ ਕਿ ‘ਬੇਰੁਜ਼ਗਾਰੀ ਕੇ ਖਾਤਮੇ ਕੀ ਲੀਏ: ਵੋਟ ਫਾਰ ਇੰਡੀਆ, ਮਹਿੰਗਾਈ ਕੇ ਖਾਤਮੇ ਕੇ ਲੀਏ: ਵੋਟ ਫਾਰ ਇੰਡੀਆ’ ਤਾਂ ਭਾਰਤ ਦੇ ਲੋਕ ਆਪਣੇ ਪ੍ਰਧਾਨ ਮੰਤਰੀ ਬਾਰੇ ਕੀ ਕੁਝ ਨਹੀਂ ਕਹਿਣਗੇ? ਸਿਆਸੀ ਲੜਾਈਆਂ ਦਾ ਮਾਹਰ ਗਿਣੇ ਜਾਂਦੇ ਨਰਿੰਦਰ ਮੋਦੀ ਇਸ ਮਾਮਲੇ ਵਿੱਚ ਲੋਕ ਸਭਾ ਚੋਣਾਂ ਦਾ ਭੇੜ ਸ਼ੁਰੂ ਹੋਣ ਤੋਂ ਪਹਿਲਾਂ ਹੀ ਗਲਤੀ ਕਰ ਬੈਠੇ ਜਾਪਦੇ ਹਨ, ਜਿਸ ਨੂੰ ਸੋਧਣ ਲਈ ਲੋੜੀਂਦਾ ਸਮਾਂ ਵੀ ਨਹੀਂ ਮਿਲ ਸਕਣਾ। ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਧਾਰਨਾ ਚੁੱਕ ਕੇ ਸਾਰੀ ਭਾਜਪਾ ਨੱਚਦੀ ਜਾਪਦੀ ਹੈ, ਉਸ ਧਾਰਨਾ ਦੇ ਪੱਖ ਵਿੱਚ ਇਸ ਦੇ ਗੱਠਜੋੜ ਦੀ ਇੱਕ ਵੀ ਪਾਰਟੀ ਦੇ ਆਗੂ ਨਹੀਂ ਬੋਲ ਸਕੇ, ਪਤਾ ਨਹੀਂ ਕਿਉਂ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4213)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author