JatinderPannu7ਜਿਹੜੀਆਂ ਗੱਲਾਂ ਸਾਨੂੰ ਪੱਤਰਕਾਰਾਂ ਨੂੰ ਸੁਣਨ ਨੂੰ ਮਿਲਦੀਆਂ ਹਨਸਾਰੀਆਂ ਸੱਚ ਹੋਣ ਦਾ ਯਕੀਨ ...
(12 ਜੂਨ 2022)
ਮਹਿਮਾਨ: 322.

 

ਪੰਜਾਬ ਦੀ ਨਵੀਂ ਸਰਕਾਰ ਇਸ ਹਫਤੇ ਤਿੰਨ ਮਹੀਨਿਆਂ ਦੀ ਹੋ ਗਈ ਅਤੇ ਕਹਿਣ ਤੋਂ ਭਾਵ ਕਿ ਵੀਹ ਤਿਮਾਹੀਆਂ ਦੀ ਲੋਕਤੰਤਰੀ ਮਿਆਦ ਵਿੱਚੋਂ ਇੱਕ ਤਿਮਾਹੀ ਲੰਘਾ ਕੇ ਉੱਨੀ ਤਿਮਾਹੀਆਂ ਦੇ ਰਾਜ ਜੋਗੀ ਰਹਿ ਗਈ ਹੈਸਮਾਂ ਜਿੱਦਾਂ ਦੀ ਤੇਜ਼ ਚਾਲ ਚੱਲਦਾ ਹੈ, ਉਸ ਦਾ ਪਤਾ ਓਦੋਂ ਨਹੀਂ ਲੱਗ ਸਕਦਾ, ਜਦੋਂ ਜਿੱਤ ਦੇ ਖੁਮਾਰ ਵਿੱਚ ਕੋਈ ਸਰਕਾਰ ਮੌਜਾਂ ਮਾਣਨ ਰੁੱਝੀ ਹੋਵੇ, ਪਤਾ ਓਦੋਂ ਲੱਗਦਾ ਹੁੰਦਾ ਹੈ, ਜਦੋਂ ਕਿੰਤੂਆਂ ਦੀ ਵਾਛੜ ਹੋਣ ਲਗਦੀ ਹੈਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਇਸ ਤਿਮਾਹੀ ਦੌਰਾਨ ਲੋਕਾਂ ਨੇ ਬਹੁਤਾ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ, ਸਗੋਂ ਵਿਰੋਧੀ ਧਿਰਾਂ ਦੇ ਆਗੂ ਕੋਈ ਨੁਕਤਾਚੀਨੀ ਕਰਦੇ ਸਨ ਤਾਂ ਟਾਲਣ ਲਈ ਆਮ ਲੋਕ ਕਹਿ ਦਿੰਦੇ ਸਨ ਕਿ ਸਰਕਾਰ ਨੂੰ ਚੱਲਣ ਤੇ ਦਿਉ, ਭੰਡੀ ਕਰਨ ਪਹਿਲਾਂ ਹੀ ਰੁੱਝ ਗਏ ਹੋਇੱਕ ਤਿਮਾਹੀ ਲੰਘਣ ਪਿੱਛੋਂ ਹੌਲੀ-ਹੌਲੀ ਆਮ ਲੋਕਾਂ ਦਾ ਵੀ ਬਹੁਤ ਸਾਰੇ ਮਾਮਲਿਆਂ ਵਿੱਚ ਸਵਾਲ ਕਰਨ ਲੱਗ ਜਾਣਾ ਹੈ ਅਤੇ ਸਰਕਾਰ ਤੋਂ ਉਨ੍ਹਾਂ ਦੇ ਜਵਾਬਾਂ ਦੀ ਆਸ ਰੱਖਣੀ ਹੈਜਵਾਬ ਦੇਣ ਵਾਸਤੇ ਸਰਕਾਰ ਦੇ ਮੰਤਰੀਆਂ ਅਤੇ ਮੀਡੀਆ ਬੁਲਾਰਿਆਂ ਦਾ ਜਵਾਬੀ ਗੋਲੇ ਦਾਗਣਾ ਆਮ ਲੋਕਾਂ ਦੀ ਤਸੱਲੀ ਨਹੀਂ ਕਰਵਾ ਸਕਦਾ, ਲੋਕਾਂ ਨੂੰ ਆਪਣੇ ਮਸਲਿਆਂ ਅਤੇ ਪਿਛਲੀਆਂ ਸਰਕਾਰਾਂ ਵੇਲੇ ਤੋਂ ਲਟਕਦੇ ਮੁੱਦਿਆਂ ਦੇ ਹੱਲ ਦੀ ਉਡੀਕ ਹੈ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਸਰਕਾਰਾਂ ਦੇ ਵਕਤ ਵਿਗਾੜ ਇੰਨੇ ਵੱਡੇ ਪਾਏ ਗਏ ਹਨ ਕਿ ਸਮੁੱਚੀ ਵਿਗੜੀ ਤਾਣੀ ਨੂੰ ਸੁਲਝਾਉਣ ਵਾਸਤੇ ਸਮਾਂ ਚੋਖਾ ਚਾਹੀਦਾ ਹੈਬੀਤੇ ਹਫਤੇ ਦੀ ਗੱਲ ਹੈ ਕਿ ਕੋਆਪਰੇਟਿਵ ਵਿਭਾਗ ਤੋਂ ਇੱਕ ਮੈਨੇਜਰ ਘਰ ਭੇਜਣਾ ਪਿਆ ਹੈਉਸ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਸੀ, ਉਸ ਦੀ ਨੀਂਹ ਹੀ ਭ੍ਰਿਸ਼ਟਾਚਾਰ ਦੇ ਗਮਲੇ ਵਿੱਚ ਲੱਗੀ ਨਿਕਲੀ ਸੀਇੱਕੀ ਸਾਲ ਪਹਿਲਾਂ ਜਦੋਂ ਅਕਾਲੀ-ਭਾਜਪਾ ਗੱਠਜੋੜ ਦੀ ਪਹਿਲੀ ਸਰਕਾਰ ਬਣੀ ਸੀ ਤਾਂ ਉਸ ਨੂੰ ਉਹ ਨੌਕਰੀ ਦਿੱਤੀ ਗਈ ਸੀ, ਜਿਸਦੀ ਯੋਗਤਾ ਅਖਬਾਰ ਵਿੱਚ ਦਿੱਤੇ ਇਸ਼ਤਿਹਾਰ ਵਿੱਚ ਹੋਰ ਸੀ ਤੇ ਉਸ ਬੰਦੇ ਕੋਲ ਉਹ ਨੌਕਰੀ ਲੈਣ ਜੋਗੀ ਯੋਗਤਾ ਹੀ ਨਹੀਂ ਸੀਕਿਸੇ ਨੇ ਸ਼ਿਕਾਇਤ ਕਰ ਦਿੱਤੀਜਾਂਚ ਸ਼ੁਰੂ ਹੋ ਗਈ ਤੇ ਜਾਂਚ ਇੰਨੀ ਤੇਜ਼ੀ ਨਾਲ ਚੱਲੀ ਕਿ ਪੰਜ ਸਰਕਾਰਾਂ ਬਦਲ ਗਈਆਂ, ਵਾਰ-ਵਾਰ ਇਹੋ ਸਿੱਟਾ ਨਿਕਲਿਆ ਕਿ ਨੌਕਰੀ ਦੇਣ ਵੇਲੇ ਨਿਯਮਾਂ ਦੀ ਉਲੰਘਣਾ ਹੋਈ ਹੈ ਪਰ ਉਸ ਨੂੰ ਅਫਸਰੀ ਕੁਰਸੀ ਤੋਂ ਉਠਾਇਆ ਨਹੀਂ ਸੀ ਗਿਆ, ਕਿਉਂਕਿ ਹਰ ਵਾਰੀ ਕੋਈ ਵੱਡਾ ਬੰਦਾ ਉਸ ਦੀ ਢਾਲ ਬਣ ਜਾਂਦਾ ਰਿਹਾ ਸੀਨਵੀਂ ਸਰਕਾਰ ਨੇ ਉਠਾ ਦਿੱਤਾ ਹੈਇਸ ਵੇਲੇ ਪੰਜਾਬ ਯੂਨੀਵਰਸਿਟੀ ਕੇਂਦਰ ਸਰਕਾਰ ਨੂੰ ਸੌਂਪੇ ਜਾਣ ਦਾ ਮੁੱਦਾ ਭੜਕ ਰਿਹਾ ਹੈਨਵੀਂ ਸਰਕਾਰ ਉੱਤੇ ਦੋਸ਼ ਲੱਗਦਾ ਹੈ ਕਿ ਉਸ ਨੇ ਇਸਦੇ ਵਿਰੁੱਧ ਡਟ ਕੇ ਸਟੈਂਡ ਨਹੀਂ ਲਿਆ, ਇਹ ਦੋਸ਼ ਸਿਰਫ ਤਿੰਨ ਮਹੀਨੇ ਪਹਿਲਾਂ ਬਣੀ ਸਰਕਾਰ ਉੱਤੇ ਲੱਗਾ ਹੈ, ਜਦ ਕਿ ਕੇਂਦਰ ਨੂੰ ਇਹ ਯੂਨੀਵਰਸਿਟੀ ਸੌਂਪਣ ਦੀ ਖੇਡ ਪਿਛਲੇ ਤੇਰਾਂ ਸਾਲਾਂ ਤੋਂ ਚੱਲ ਰਹੀ ਹੈਡਾਕਟਰ ਮਨਮੋਹਨ ਸਿੰਘ ਦੇ ਵਕਤ ਇਸ ਨੂੰ ਕੇਂਦਰ ਦੇ ਹਵਾਲੇ ਕਰਨ ਦੀ ਹਾਮੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਨੇ 26 ਅਗਸਤ 2008 ਨੂੰ ਕੇਂਦਰ ਸਰਕਾਰ ਨੂੰ ਚਿੱਠੀ ਭੇਜੀ ਸੀ ਕਿ ਪੰਜਾਬ ਸਰਕਾਰ ਨੂੰ ਇਸ ਉੱਤੇ ਇਤਰਾਜ਼ ਨਹੀਂਜਦੋਂ ਉਸ ਚਿੱਠੀ ਉੱਤੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਤਾਂ ਪੰਜਾਬ ਦੇ ਓਦੋਂ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਆਪਣੀ ਸਿਫਾਰਸ਼ ਵਾਪਸ ਲੈ ਲਵਾਂਗੇਪਰ ਉਨ੍ਹਾਂ ਨੇ ਇਹ ਗੱਲ ਜ਼ਬਾਨੀ ਕਹੀ ਸੀ, ਅਸਲ ਵਿੱਚ ਉਹ ਚਿੱਠੀ ਵਾਪਸ ਲੈਣ ਦਾ ਕੋਈ ਰਿਕਾਰਡ ਨਹੀਂ ਮਿਲਦਾ

ਇੱਕ ਅਖਬਾਰ ਨੇ ਖਬਰ ਛਾਪੀ ਹੈ ਕਿ ਇੱਕ ਮੁੱਖ ਮੰਤਰੀ ਦੇ ਕਤਲ ਪਿੱਛੋਂ ਪੰਜਾਬ ਦੇ ਸਿਵਲ ਸੈਕਟਰੀਏਟ ਦੀ ਸਾਰੀ ਸੁਰੱਖਿਆ ਇੱਕ ਕੇਂਦਰੀ ਪੈਰਾ-ਮਿਲਟਰੀ ਫੋਰਸ ਨੂੰ ਸੌਂਪੀ ਗਈ ਸੀਉਸ ਸੁਰੱਖਿਆ ਦਾ ਸਾਰਾ ਖਰਚਾ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਆਪੋ-ਆਪਣੇ ਹਿੱਸੇ ਦਾ ਦੇਣਾ ਸੀ, ਹਰਿਆਣਾ ਸਰਕਾਰ ਹਰ ਸਾਲ ਦਿੰਦੀ ਰਹੀ ਤੇ ਪੰਜਾਬ ਵਾਲੇ ਜਦੋਂ ਚੋਖੀ ਮੋਟੀ ਰਕਮ ਬਣ ਜਾਂਦੀ ਸੀ ਤਾਂ ਫਿਰ ਕੁਝ ਭੁਗਤਾਨ ਕਰ ਛੱਡਦੇ ਸਨਪਿਛਲੀ ਕਾਂਗਰਸ ਦੀ ਸਰਕਾਰ ਵੀ ਚੋਖਾ ਬਕਾਇਆ ਛੱਡ ਕੇ ਤੁਰ ਗਈ ਹੈ ਅਤੇ ਅੱਗੋਂ ਇਹ ਚੱਟੀ ਭਰਨ ਦੀ ਜ਼ਿਮੇਵਾਰੀ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਸਿਰ ਪੈ ਗਈ ਹੈਪੰਜਾਬ ਦੀ ਇੱਕ ਸਰਕਾਰ ਨੇ ਕਰੋੜਾਂ ਰੁਪਏ ਦੇ ਬਜਟ ਨਾਲ ਵਿਸ਼ੇਸ਼ ਵਿਅਕਤੀਆਂ ਲਈ ਕੇਂਦਰ ਸਰਕਾਰ ਦੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ ਪੀ ਜੀ) ਵਰਗੀ ਫੋਰਸ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ (ਐੱਸ ਪੀ ਯੂ) ਬਣਾ ਲਈ, ਜਿਸ ਵਿੱਚ ਪੰਜਾਬੀ ਨੌਜਵਾਨ ਘੱਟ ਅਤੇ ਉਨ੍ਹਾਂ ਨਾਲੋਂ ਦੁੱਗਣੇ ਤੋਂ ਵੱਧ ਦੂਸਰੇ ਰਾਜਾਂ ਵਾਲੇ ਭਰਤੀ ਕਰ ਲਏਪਰ ਕਿਸੇ ਕਾਂਗਰਸੀ ਜਾਂ ਅਕਾਲੀ-ਭਾਜਪਾ ਸਰਕਾਰ ਇਹ ਨਾ ਸੋਚਿਆ ਕਿ ਆਪਣੇ ਸਿਵਲ ਸੈਕਟਰੀਏਟ ਵਾਸਤੇ ਪੈਰਾ ਮਿਲਟਰੀ ਦੇ ਪੱਧਰ ਵਾਲੀ ਇੱਦਾਂ ਦੀ ਫੋਰਸ ਬਣਾਈ ਜਾਵੇ, ਜਿਹੜੀ ਘੱਟ ਖਰਚ ਵਿੱਚ ਇਸ ਨੂੰ ਕੇਂਦਰੀ ਅਦਾਰਿਆਂ ਵਾਂਗ ਸੁਰੱਖਿਆ ਦੇ ਸਕੇ ਅਤੇ ਪੰਜਾਬ ਦੇ ਬਜਟ ਦਾ ਬੋਝ ਘਟਾਇਆ ਜਾਵੇਰਾਜ ਸਰਕਾਰ ਦੇ ਬਹੁਤ ਸਾਰੇ ਕਮਿਸ਼ਨ, ਅਥਾਰਟੀਆਂ ਤੇ ਬੋਰਡ ਹਨ, ਇਨ੍ਹਾਂ ਵਿੱਚ ਦੋਵਾਂ ਧਿਰਾਂ ਦੀਆਂ ਸਰਕਾਰਾਂ ਦੇ ਵਕਤ ਚੋਣ ਵਿੱਚ ਹਾਰੇ ਹੋਏ ਆਪਣੇ ਬੰਦਿਆਂ ਨੂੰ ਬਿਨਾਂ ਯੋਗਤਾ ਤੋਂ ਭਰਤੀ ਕਰਨ ਦਾ ਕੰਮ ਹੋਈ ਗਿਆ ਅਤੇ ਚੱਟੀ ਲੋਕਾਂ ਦੇ ਸਿਰ ਪਾਈ ਜਾਂਦੀ ਰਹੀ ਸੀ

ਨਵੀਂ ਸਰਕਾਰ, ਪਤਾ ਨਹੀਂ ਕਿੰਨੀ ਦੇਰ ਇਸ ਨੂੰ ‘ਨਵੀਂ ਸਰਕਾਰ’ ਕਹਿਣ ਪਵੇਗਾ, ਦੇ ਸਿਰ ਪਿਛਲੀਆਂ ਸਰਕਾਰਾਂ ਜਿਹੜਾ ਬੋਝ ਪਾ ਗਈਆਂ ਹਨ, ਉਹ ਸਿਰਫ ਨਿਯੁਕਤੀਆਂ ਜਾਂ ਬੱਜਟ ਦੇ ਪੱਖ ਤੋਂ ਨਹੀਂ, ਸਗੋਂ ਪ੍ਰਬੰਧਕੀ ਮਸ਼ੀਨਰੀ ਵਿੱਚ ਵੀ ਹਰ ਵਿਭਾਗ ਵਿੱਚ ‘ਆਪਣਾ ਬੰਦਾ’ ਫਿੱਟ ਕਰਨ ਤਕ ਹੋਇਆ ਹੈਜਿਹੜੇ ਅਫਸਰ ਪਿਛਲੀਆਂ ਦੋਵਾਂ ਰੰਗਾਂ ਵਾਲੀਆਂ ਸਰਕਾਰਾਂ ਦੇ ਮੰਤਰੀਆਂ ਨਾਲ ਆਮ ਤੌਰ ਉੱਤੇ ਮਿਲ ਕੇ ਚੱਲਦੇ ਰਹੇ ਅਤੇ ਜਦੋਂ ਕਿਸੇ ਮੰਤਰੀ ਤੇ ਅਫਸਰ ਵਿਚਾਲੇ ਪੇਚਾ ਪੈ ਜਾਂਦਾ ਸੀ ਤਾਂ ਮੁੱਖ ਮੰਤਰੀ ਉਸ ਸੰਬੰਧਤ ਅਫਸਰ ਨੂੰ ਉਸ ਨਾਲੋਂ ਵਧੇਰੇ ਅਹਿਮ ਕੁਰਸੀ ਅਲਾਟ ਕਰ ਕੇ ਡੰਗ ਸਾਰ ਦਿੰਦੇ ਸਨ ਉਹ ਅਫਸਰ ਨਵੀਂ ਸਰਕਾਰ ਨਾਲ ਸੁਖਾਵੇਂ ਨਹੀਂਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਜਦੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਿਫਤਾਰ ਕਰਵਾਇਆ ਤਾਂ ਪੰਜਾਬ ਦੇ ਲੋਕਾਂ ਵਿੱਚ ਇਸ ਨਾਲ ਚੰਗਾ ਸੰਕੇਤ ਗਿਆ ਸੀ, ਪਰ ਅਫਸਰਾਂ ਵਿੱਚ ਓਨਾ ਹੀ ਇਸ ਤੋਂ ਉਲਟ ਇਹ ਸੰਕੇਤ ਗਿਆ ਸੀ ਕਿ ਇਸ ਸਰਕਾਰ ਤੋਂ ਬਚ ਕੇ ਚੱਲਣਾ ਹੈ ਤਾਂ ਇੱਕ ਦੂਸਰੇ ਦੇ ਪਰਦੇ ਕੱਜਣ ਲਈ ਆਪਸ ਵਿੱਚ ਮਿਲ ਕੇ ਚੱਲੀਏਇਸ ਪਿੱਛੋਂ ਪੰਜਾਬ ਸਰਕਾਰ ਦੇ ਮੁੱਖ ਕੇਂਦਰ ਸਿਵਲ ਸੈਕਟਰੀਏਟ ਵਿਚਲੇ ਅਫਸਰਾਂ ਦੀ ਕਾਂਗਰਸ-ਪੱਖੀ ਲਾਬੀ ਆਪਸ ਵਿੱਚ ਤੇ ਅਕਾਲੀ-ਪੱਖੀਆਂ ਦੀ ਲਾਬੀ ਆਪਸ ਵਿੱਚ ਇਸ ਤਰ੍ਹਾਂ ਮਿਲ ਕੇ ਚੱਲਣ ਦੀਆਂ ਗੋਂਦਾਂ ਗੁੰਦ ਰਹੀ ਹੈ ਕਿ ਉਹ ਸਰਕਾਰ ਦੇ ਕੰਮ ਵਿੱਚ ਮਦਦ ਦੀ ਥਾਂ ਪਿਛਲੀਆਂ ਸਰਕਾਰਾਂ ਵਾਲੇ ਆਪਣੇ ਆਕਾਵਾਂ ਦੀ ਵਫਾਦਾਰੀ ਵੱਧ ਨਿਭਾਉਂਦੇ ਦਿਖਾਈ ਦੇ ਰਹੇ ਹਨ

ਜਿਹੜੀਆਂ ਗੱਲਾਂ ਸਾਨੂੰ ਪੱਤਰਕਾਰਾਂ ਨੂੰ ਸੁਣਨ ਨੂੰ ਮਿਲਦੀਆਂ ਹਨ, ਸਾਰੀਆਂ ਸੱਚ ਹੋਣ ਦਾ ਯਕੀਨ ਸਾਨੂੰ ਵੀ ਕਦੇ ਨਹੀਂ ਹੋ ਸਕਦਾ, ਪਰ ਸਾਰੀਆਂ ਅਫਵਾਹ ਨਹੀਂ ਹੁੰਦੀਆਂ ਅਤੇ ਆਮ ਲੋਕਾਂ ਤਕ ਇਹ ਗੱਲਾਂ ਕਦੇ ਪਹੁੰਚਣ ਵਾਲੀਆਂ ਵੀ ਨਹੀਂ ਹੁੰਦੀਆਂਵਿਰੋਧ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਧਿਰ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬੀਤੇ ਹਫਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣੇ ਇੱਕ ਪੁਰਾਣੇ ਵਜ਼ੀਰ ਸਾਥੀ ਦੇ ਸਮੱਰਥਨ ਲਈ ਧਰਨਾ ਲਾਉਣ ਵੇਲੇ ‘ਸਾਡੇ ਹੱਕ, ਇੱਥੇ ਰੱਖ’ ਦਾ ਨਾਅਰਾ ਲਾ ਕੇ ਇਹ ਪ੍ਰਭਾਵ ਦੇ ਦਿੱਤਾ ਹੈ ਕਿ ਉਹ ਆਪਣੇ ਰਾਜ ਦੀਆਂ ਬੁਰਾਈਆਂ ਨੂੰ ਵੀ ਬੁਰਾਈਆਂ ਨਾ ਮੰਨ ਕੇ ਉਨ੍ਹਾਂ ਦਾਗੀਆਂ ਦੀ ਢਾਲ ਬਣਨ ਲਈ ਹਰ ਹੱਦ ਟੱਪ ਜਾਣ ਨੂੰ ਤਿਆਰ ਹਨ ਇਸਦਾ ਮਤਲਬ ਇਹ ਬਣਦਾ ਹੈ ਕਿ ਅਗਲੇ ਦਿਨਾਂ ਵਿੱਚ ਕਾਂਗਰਸੀ ਹੋਣ ਜਾਂ ਅਕਾਲੀ, ਉਹ ਇਸ ਸਰਕਾਰ ਨੂੰ ਘੇਰਨ ਲਈ ਇਹੋ ਜਿਹੇ ਮੁੱਦੇ ਚੁੱਕਣ ਲੱਗ ਜਾਣਗੇ, ਜਿਹੜੇ ਉਨ੍ਹਾਂ ਦੇ ਆਪਣੇ ਵਕਤ ਉਨ੍ਹਾਂ ਨੇ ਨਹੀਂ ਸੁਲਝਾਏ ਸਨਆਮ ਆਦਮੀ ਪਾਰਟੀ ਇਹ ਨਾ ਸਮਝਦੀ ਰਹੇ ਕਿ ਇਸ ਨਾਲ ਵਿਰੋਧੀ ਧਿਰ ਵਾਲੇ ਖੁਦ ਫਸ ਜਾਣਗੇ, ਸਗੋਂ ਇਹ ਚੇਤੇ ਰੱਖੇ ਕਿ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਮੁੱਖ ਮੰਤਰੀ ਹੋਣ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰਾਇਆ ਸੀ ਕਿ ਤੁਹਾਡੇ ਵੇਲੇ ਕੀ ਹਾਲ ਸੀ ਤਾਂ ਬਾਦਲ ਸਾਹਿਬ ਨੇ ਇੰਨੇ ਨਾਲ ਸਾਰ ਦਿੱਤਾ ਸੀ, ਅਸੀਂ ਤਾਂ ਗਲਤ ਸਾਂ, ਤੁਸੀਂ ਉਹ ਗਲਤੀਆਂ ਨਾ ਕਰੋਉਸ ਤੋਂ ਅਗਲੇ ਦਿਨ ਅਖਬਾਰਾਂ ਵਿੱਚ ਬਾਦਲ ਦੀਆਂ ਸਿਫਤਾਂ ਕਰ ਕੇ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਸੀ ਕਿ ਬਾਦਲ ਦੀ ਨਸੀਹਤ ਮੰਨ ਕੇ ਉਸ ਨੂੰ ਲੋਕਾਂ ਦੇ ਕੰਮ ਕਰਨੇ ਚਾਹੀਦੇ ਹਨਪਿਛਲੇ ਹਾਕਮਾਂ ਵੱਲ ਨਾ ਕੋਈ ਵੇਖਦਾ ਹੁੰਦਾ ਹੈ ਤੇ ਨਾ ਕੋਈ ਉਨ੍ਹਾਂ ਦਾ ਸਮਾਂ ਚੇਤੇ ਕਰਦਾ ਹੈ, ਲੋਕਾਂ ਨੂੰ ਮੌਕੇ ਦੀ ਸਰਕਾਰ ਨਾਲ ਮਤਲਬ ਹੁੰਦਾ ਹੈ ਕਿ ਇਹ ਲੋਕਾਂ ਦੀ ਕਚਹਿਰੀ ਵਿੱਚ ਕੀਤੇ ਵਾਅਦਿਆਂ ਉੱਤੇ ਅਮਲ ਕਰ ਕੇ ਵਿਖਾਵੇਜਿਹੜੀ ਨਵੀਂ ਪਾਰਟੀ ਲੋਕਾਂ ਨੂੰ ਇਹ ਕਹਿ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਜੋਗੀ ਹੋਈ ਹੈ ਕਿ ‘ਅਸੀਂ ਜਾਂਦੇ ਸਾਰ ਆਹ ਕੁਝ ਕਰ ਦਿਆਂਗੇ’, ਉਸ ਤੋਂ ਆਮ ਲੋਕਾਂ ਦਾ ਇਹ ਆਸ ਰੱਖਣਾ ਫਜ਼ੂਲ ਨਹੀਂ ਕਿ ‘ਜਾਂਦੇ ਸਾਰ’ ਨਾ ਸਹੀ, ਤਿਮਾਹੀ ਲੰਘਣ ਪਿੱਛੋਂ ਤਾਂ ਕੁਝ ਕਰ ਕੇ ਵਿਖਾਵੇਇਸ ਕਰ ਕੇ ਤਿੰਨ ਮਹੀਨੇ ਗੁਜ਼ਰਨ ਪਿੱਛੋਂ ਇਹ ਸਰਕਾਰ ਨਵੀਂ ਨਹੀਂ ਕਹੀ ਜਾਣੀ, ਇਸ ਨੂੰ ਲੋਕਾਂ ਦੇ ਮੁੱਦਿਆਂ ਦਾ ਹੱਲ ਕੱਢਣ ਵਾਸਤੇ ਤੇਜ਼ੀ ਨਾਲ ਕੰਮ ਕਰਨਾ ਪੈਣਾ ਹੈਅਜੇ ਲੋਕਾਂ ਨੂੰ ਸਰਕਾਰ ਤੋਂ ਆਸਾਂ ਹਨ, ਤਦੇ ਉਹ ਅੱਖਾਂ ਚੁੱਕ ਕੇ ਅਮਲ ਦੀ ਉਡੀਕ ਕਰਦੇ ਹਨ ਆਸ ਦਾ ਇਹ ਦੀਵਾ ਬੁਝਣਾ ਨਹੀਂ ਚਾਹੀਦਾ, ਇਹ ਗੱਲ ਸਰਕਾਰ ਨੂੰ ਯਾਦ ਰੱਖਣ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3624)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author