“ਪੰਜਾਬ ਦੇ ਲੋਕਾਂ ਨੇ ਗੱਪਾਂ ਬਹੁਤ ਸੁਣੀਆਂ ਹੋਣ ਕਰ ਕੇ ਜਦੋਂ ਉਨ੍ਹਾਂ ਦਾ ਚੁਣਿਆ ਨਵਾਂ ਮੁੱਖ ਮੰਤਰੀ ਇਹ ਕਹਿੰਦਾ ਹੈ ਕਿ ...”
(26 ਜੂਨ 2022)
ਮਹਿਮਾਨ: 579.
ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦਾ ਮੁੱਦਾ ਇਸ ਵਕਤ ਪੰਜਾਬ ਵਿੱਚ ਭਖਿਆ ਪਿਆ ਹੈ। ਇਸ ਕਾਰਨ ਸਾਰੇ ਭਾਰਤ ਦੇ ਲੋਕ ਵਾਲ-ਵਾਲ ਦੁਖੀ ਹਨ ਅਤੇ ਇਸ ਆਸ ਨਾਲ ਹਰ ਨਵੀਂ ਸਰਕਾਰ ਵੱਲ ਵੇਖਦੇ ਹਨ ਕਿ ਸ਼ਾਇਦ ਇਹ ਹੀ ਇਸ ਤੋਂ ਖਹਿੜਾ ਛੁਡਾ ਦੇਵੇਗੀ। ਅੱਜਕੱਲ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੀ ਸਰਕਾਰ ਹੈ ਅਤੇ ਉਹ ਦਾਅਵਾ ਕਰਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਤਕ ਜਾਵੇਗਾ। ਉਸ ਦੀ ਇੱਕ ਪੁਰਾਣੀ ਕੈਸੇਟ ਕੁਝ ਲੋਕਾਂ ਕੋਲ ਪਈ ਹੈ, ਜਿਨ੍ਹਾਂ ਵਿੱਚੋਂ ਇੱਕ ਅਸੀਂ ਵੀ ਹਾਂ। ਸੀ ਡੀਜ਼ ਦਾ ਜ਼ਮਾਨਾ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਉਸ ਕੈਸੇਟ ਵਿੱਚ ਭਗਵੰਤ ਮਾਨ ਖੁਦ ਕਹਿੰਦਾ ਹੈ ਕਿ ਧਰਮਰਾਜ ਨੇ ਕਿਹਾ ਸੀ ਕਿ ਬਾਕੀ ਸਭ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਐਨੇ-ਐਨੇ ਸਾਲ ਲੱਗਣਗੇ, ਪਰ ਭਾਰਤ ਦਾ ਭ੍ਰਿਸ਼ਟਾਚਾਰ ਮੇਰੇ ਜਿਉਂਦੇ ਜੀਅ ਵੀ ਨਹੀਂ ਹਟਣਾ। ਜਿਸ ਭਾਰਤ ਬਾਰੇ ਭਗਵੰਤ ਮਾਨ ਨੇ ਇਹ ਗੱਲ ਕਈ ਸਾਲ ਪਹਿਲਾਂ ਕਹੀ, ਉਸੇ ਭਾਰਤ ਦੇ ਇੱਕ ਰਾਜ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਉਹ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕਰੀ ਜਾਂਦਾ ਹੈ, ਜਿਸਦੀ ਸਫਲਤਾ ਦੀ ਕਾਮਨਾ ਹੀ ਕੀਤੀ ਜਾ ਸਕਦੀ ਹੈ। ਪੰਜਾਬ ਦਾ ਕੌਣ ਵਿਅਕਤੀ ਹੋਵੇਗਾ, ਜਿਹੜਾ ਭ੍ਰਿਸ਼ਟਾਚਾਰ ਤੋਂ ਖਹਿੜਾ ਛੁੱਟਿਆ ਨਹੀਂ ਚਾਹੁੰਦਾ, ਪਰ ਹਕੀਕਤਾਂ ਕਹਿ ਰਹੀਆਂ ਹਨ ਕਿ ਢਾਂਚਾ ਇੰਨਾ ਵਿਗੜ ਚੁੱਕਾ ਹੈ ਕਿ ਇਸ ਨੂੰ ਜੇ ਕੋਈ ਸਿੱਧੀ ਲੀਹ ਉੱਤੇ ਪਾਉਣਾ ਚਾਹੇ ਤਾਂ ਉਸ ਆਗੂ ਨੂੰ ਇਹ ਢਾਂਚਾ ਆਪਣੀ ਲੀਹੇ ਪਾਉਣ ਦੀਆਂ ਤਿਕੜਮਾਂ ਲੜਾਉਣ ਲੱਗ ਜਾਂਦਾ ਹੈ ਤੇ ਬਹੁਤੀ ਵਾਰੀ ਕਾਮਯਾਬ ਹੋ ਜਾਂਦਾ ਹੈ।
ਪੰਜਾਬ ਦੇ ਲੋਕਾਂ ਨੇ ਗੱਪਾਂ ਬਹੁਤ ਸੁਣੀਆਂ ਹੋਣ ਕਰ ਕੇ ਜਦੋਂ ਉਨ੍ਹਾਂ ਦਾ ਚੁਣਿਆ ਨਵਾਂ ਮੁੱਖ ਮੰਤਰੀ ਇਹ ਕਹਿੰਦਾ ਹੈ ਕਿ ਭ੍ਰਿਸ਼ਟਾਚਾਰ ਹਟਾ ਦੇਵਾਂਗਾ ਤਾਂ ਉਹ ਹੱਸ ਪੈਂਦੇ ਹਨ ਕਿ ਇਹੀ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਪੰਝੀ ਸਾਲ ਪਹਿਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀਹ ਸਾਲ ਪਹਿਲਾਂ ਕਹੀ ਸੀ ਅਤੇ ਅਸੀਂ ਯਕੀਨ ਕਰ ਬੈਠੇ ਸਾਂ। ਲੋਕਾਂ ਦਾ ਉਸ ਵੇਲੇ ਕੀਤਾ ਗਿਆ ਯਕੀਨ ਜਿਸ ਤਰ੍ਹਾਂ ਬਾਅਦ ਵਿੱਚ ਟੁੱਟਦਾ ਵੇਖਿਆ ਗਿਆ, ਉਸ ਤੋਂ ਬਾਅਦ ਉਹ ਆਸ ਨਾਲ ਵੋਟਾਂ ਪਾ ਚੁੱਕੇ ਹਨ, ਪਰ ਅਜੇ ਵੀ ਉਨ੍ਹਾਂ ਦਾ ਯਕੀਨ ਨਹੀਂ ਬੱਝਦਾ ਕਿ ਇੱਦਾਂ ਹੋ ਸਕਦਾ ਹੈ। ਹਿੰਦੀ ਦੇ ਵਿਅੰਗਕਾਰ ਸੁਰਿੰਦਰ ਸ਼ਰਮਾ ਨੇ ਇੱਕ ਵਾਰ ਲਿਖਿਆ ਸੀ ਕਿ ਕੁਰੱਪਸ਼ਨ ਵੀ ਕੁਰੱਪਟ ਹੋ ਗਈ ਹੈ ਤਾਂ ਕਿਸੇ ਨੇ ਜਦੋਂ ਇਸਦੀ ਵਿਆਖਿਆ ਮੰਗੀ ਤਾਂ ਉਸ ਨੇ ਕਿਹਾ ਸੀ ਕਿ ਕੀੜੇ ਮਾਰਨ ਦੀ ਦਵਾਈ ਲਿਆਂਦੀ ਸੀ, ਉਸ ਵਿੱਚ ਵੀ ਕੀੜੇ ਪੈ ਗਏ ਹਨ। ਪੰਜਾਬ ਵਿੱਚ ਕੀੜੇ ਮਾਰਨ ਦੀ ਦਵਾਈ ਵਰਗੇ ਜਿਹੜੇ ਵਿਭਾਗ ਭ੍ਰਿਸ਼ਟਾਚਾਰ ਰੋਕਣ ਲਈ ਬਣਾਏ ਤੇ ਜਿਨ੍ਹਾਂ ਤੋਂ ਇਹ ਕੰਮ ਕਰਨ ਦੀ ਆਸ ਕੀਤੀ ਜਾ ਰਹੀ ਸੀ, ਉਨ੍ਹਾਂ ਦੇ ਅਫਸਰਾਂ ਉੱਤੇ ਵੀ ਇਹੋ ਜਿਹੇ ਦੋਸ਼ ਲੱਗੀ ਜਾਂਦੇ ਹਨ। ਉਹ ਦੋਸ਼ ਸੱਚੇ ਹਨ ਜਾਂ ਝੂਠੇ, ਪੰਜਾਬ ਦੇ ਲੋਕ ਨਹੀਂ ਜਾਣਦੇ, ਪਰ ਇਹ ਜਾਣਦੇ ਹਨ ਕਿ ਅੱਜ ਤਕ ਕਿਸੇ ਵੱਡੇ ਬੰਦੇ ਨੂੰ ਇਸ ਰਾਜ ਵਿੱਚ ਇੱਦਾਂ ਦੇ ਜੁਰਮ ਦੀ ਕਦੀ ਸਜ਼ਾ ਨਹੀਂ ਹੋਈ। ਜਥੇਦਾਰ ਤੋਤਾ ਸਿੰਘ ਵੱਡੇ ਦੋਸ਼ਾਂ ਤੋਂ ਛੁੱਟ ਗਿਆ ਤੇ ਸਰਕਾਰੀ ਕਾਰ ਦੀ ਦੁਰਵਰਤੋਂ ਦੇ ਮਾਮੂਲੀ ਜਿਹੇ ਦੋਸ਼ ਵਿੱਚ ਉਸ ਨੂੰ ਸਜ਼ਾ ਹੋ ਗਈ ਸੀ, ਭਾਵੇਂ ਬਾਅਦ ਵਿੱਚ ਉਹ ਉਸ ਸਜ਼ਾ ਤੋਂ ਵੀ ਬਰੀ ਹੋ ਗਿਆ ਸੀ।
ਅੱਜ ਤਕ ਦਾ ਰਿਕਾਰਡ ਹੈ ਕਿ ਪੰਜਾਬ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਉੱਤੇ ਭ੍ਰਿਸ਼ਟਾਚਾਰ ਕਰਨ ਦੇ ਕੇਸ ਬਣੇ ਸਨ ਅਤੇ ਉਹ ਤਿੰਨੇ ਹੀ ਕਾਨੂੰਨ ਨੂੰ ਝਕਾਨੀ ਦੇ ਗਏ ਸਨ। ਇਸ ਵੇਲੇ ਜਿਨ੍ਹਾਂ ਉੱਤੇ ਕਾਰਵਾਈ ਕਰਨ ਦੀ ਗੱਲ ਸੁਣਨ ਨੂੰ ਮਿਲਦੀ ਹੈ, ਉਹ ਵੀ ਸਮਾਂ ਪਾ ਕੇ ਨਿਕਲ ਸਕਦੇ ਹਨ। ਜਿਹੜੇ ਵੀ ਸਾਬਕਾ ਮੰਤਰੀ ਜਾਂ ਮੁੱਖ ਮੰਤਰੀ ਉੱਤੇ ਇੱਦਾਂ ਦਾ ਕੇਸ ਬਣਨ ਲੱਗਦਾ ਹੈ, ਉਸ ਦੀ ਸਭ ਤੋਂ ਮਜ਼ਬੂਤ ਦਲੀਲ ਇਹ ਹੁੰਦੀ ਹੈ ਕਿ ਨੜ੍ਹਿਨਵੇਂ ਫੀਸਦੀ ਕੰਮ ਅਫਸਰਾਂ ਨੇ ਕਰ ਲਿਆ ਤੇ ਉਸ ਦੀ ਆਖਰੀ ਮਨਜ਼ੂਰੀ ਮੰਤਰੀ ਹੁੰਦਿਆਂ ਉਸ ਨੇ ਓਦੋਂ ਦਿੱਤੀ, ਜਦੋਂ ਕੋਈ ਸ਼ੱਕ ਨਹੀਂ ਸੀ ਰਿਹਾ, ਇਸਦੇ ਬਾਅਦ ਵੀ ਜੇ ਕੋਈ ਭ੍ਰਿਸ਼ਟਾਚਾਰ ਹੋਇਆ ਹੈ ਤਾਂ ਫਾਈਲ ਤੋਰਨ ਵਾਲੇ ਅਫਸਰਾਂ ਨੇ ਕੀਤਾ ਹੋਵੇਗਾ। ਲੋਕ ਇਹ ਕਹਿੰਦੇ ਹਨ ਕਿ ਪੰਜਾਬ ਵਿੱਚ ਕਿਸੇ ਲੀਡਰ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਜ਼ਾ ਨਹੀਂ ਹੁੰਦੀ, ਪਰ ਨਾਲ ਦੇ ਹਰਿਆਣੇ ਵਿੱਚ ਚਾਰ ਵਾਰੀ ਮੁੱਖ ਮੰਤਰੀ ਦਾ ਅਹੁਦਾ ਮਾਣਨ ਪਿੱਛੋਂ ਓਮ ਪ੍ਰਕਾਸ਼ ਚੌਟਾਲਾ ਨੂੰ ਸਜ਼ਾ ਹੋ ਗਈ ਸੀ। ਬਿਹਾਰ ਦੇ ਦੋ ਮੁੱਖ ਮੰਤਰੀਆਂ ਲਾਲੂ ਪ੍ਰਸਾਦ ਯਾਦਵ ਅਤੇ ਜਗਨ ਨਾਥ ਮਿਸ਼ਰਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸਜ਼ਾ ਹੋ ਗਈ ਸੀ ਤੇ ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਵੀ ਸਜ਼ਾ ਹੋ ਗਈ ਸੀ। ਉਹ ਲੋਕ ਚੇਤੇ ਨਹੀਂ ਰੱਖਦੇ ਕਿ ਕਰਨਾਟਕ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਯੇਦੀਯੁਰੱਪਾ ਵਰਗੇ ਕਈ ਹੋਰ ਵੀ ਇਨ੍ਹਾਂ ਦੋਸ਼ਾਂ ਦੀ ਸਜ਼ਾ ਤੋਂ ਬਚ ਨਿਕਲੇ ਸਨ। ਲੋਕ ਜਾਣਨਾ ਚਾਹੁੰਦੇ ਹਨ ਕਿ ਜਦੋਂ ਹੋਰ ਰਾਜਾਂ ਵਿੱਚ ਲੀਡਰਾਂ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਪੰਜਾਬ ਵਾਲਿਆਂ ਦਾ ਬਚਾ ਕਿਸ ਤਰ੍ਹਾਂ ਹੋ ਜਾਂਦਾ ਹੈ?
ਇਸਦੀ ਕੋਈ ਖਾਸ ਗੁੰਝਲ ਨਹੀਂ। ਸਾਬਕਾ ਮੁੱਖ ਮੰਤਰੀਆਂ ਨੂੰ ਸਜ਼ਾਵਾਂ ਓਥੇ ਹੋ ਗਈਆਂ ਹਨ, ਜਿੱਥੇ ਨਵੇਂ ਆਏ ਮੁੱਖ ਮੰਤਰੀਆਂ ਦਾ ਪੁਰਾਣੇ ਮੁੱਖ ਮੰਤਰੀਆਂ ਨਾਲ ਅੰਦਰਖਾਤੇ ਸਮਝੌਤਾ ਨਹੀਂ ਸੀ ਹੋਇਆ ਤੇ ਅਫਸਰਸ਼ਾਹੀ ਵੀ ਕਾਨੂੰਨਾਂ ਦੀ ਵਲਗਣ ਤੋੜ ਕੇ ਮਨ-ਆਈ ਕਰਨ ਦੀ ਜੁਰਅਤ ਕਰਨ ਵਾਲੀ ਨਹੀਂ ਸੀ। ਪੰਜਾਬ ਉਨ੍ਹਾਂ ਵਰਗਾ ਨਹੀਂ। ਇੱਥੇ ਸਾਬਕਾ ਅਤੇ ਮੌਜੂਦਾ ਹਾਕਮਾਂ ਦਾ ਮਿਲ ਜਾਣਾ ਰਾਜਨੀਤੀ ਦਾ ਮਾਮੂਲੀ ਨੁਸਖਾ ਹੈ, ਜਿਹੜਾ ਦੋਵਾਂ ਧਿਰਾਂ ਨੂੰ ਫਿੱਟ ਬੈਠਦਾ ਹੈ। ਇਸਦੇ ਨਾਲ ਪੰਜਾਬ ਵਿੱਚ ਅਫਸਰਸ਼ਾਹੀ ਬਹੁਤਾ ਕਰ ਕੇ ਹਰ ਕਿਸੇ ਨਾਲ ਮਿਲ ਕੇ ਚੱਲਣ ਵਾਲੀ ਹੈ, ਛਕਣ-ਛਕਾਉਣ ਵਿੱਚ ਕਿਸੇ ਅੱਗੇ ਅੜਿੱਕਾ ਨਹੀਂ ਬਣਦੀ, ਹਰ ਕਿਸੇ ਨਾਲ ਘਰ ਦੇ ਜੀਆਂ ਵਾਂਗ ਸਾਂਝ ਨਿਭਾ ਕੇ ਚੱਲਣ ਦੀ ਆਦੀ ਹੋ ਚੁੱਕੀ ਹੈ ਅਤੇ ਜਦੋਂ ਕਿਸੇ ਉੱਤੇ ਕੋਈ ਕੇਸ ਬਣ ਜਾਵੇ, ਓਦੋਂ ਵੀ ਪੂਰਾ ਸਾਥ ਨਿਭਾਉਂਦੀ ਹੈ। ਇੱਕ ਪਾਸੇ ਉਹ ਕੇਸ ਦਾਇਰ ਕਰਨ ਵਾਲੀ ਧਿਰ ਨੂੰ ਖੁਦ ਪਹੁੰਚ ਕਰ ਕੇ ਪੇਸ਼ਕਸ਼ ਕਰਦੀ ਹੈ ਕਿ ਇਹ ਕੇਸ ਕਿਸੇ ਹੋਰ ਤੋਂ ਸਿਰੇ ਨਹੀਂ ਲੱਗਣਾ, ਸਿਰਫ ਦਾਸ ਹੀ ਸਿਰੇ ਲਾ ਸਕਦਾ ਹੈ, ਇਸ ਲਈ ਇਹ ਸੇਵਾ ਦਾਸ ਨੂੰ ਦੇ ਦਿਉ ਤੇ ਦੂਸਰੇ ਪਾਸੇ ਜਾਂਚ-ਪੜਤਾਲ ਦੀ ਹਰ ਗੁੰਝਲ ਨਾਲ ਦੀ ਨਾਲ ਦੂਸਰੀ ਧਿਰ ਨੂੰ ਦੱਸਣ ਦਾ ਕੰਮ ਕਰਦੀ ਜਾਂਦੀ ਹੈ। ਅੱਵਲ ਤਾਂ ਕੇਸ ਅਦਾਲਤ ਤਕ ਨਹੀਂ ਪਹੁੰਚਦੇ ਤੇ ਜੇ ਪਹੁੰਚ ਵੀ ਜਾਣ ਤਾਂ ਓਥੇ ਜਾ ਕੇ ਸੀਨੀਅਰ ਅਫਸਰ ਆਪਣੇ ਦਸਖਤਾਂ ਅਤੇ ਪਹਿਲਾਂ ਖੁਦ ਲਿਖਾਏ ਬਿਆਨਾਂ ਤੋਂ ਮੁੱਕਰ ਜਾਂਦੇ ਹਨ ਅਤੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੰਦੇ ਹੁੰਦੇ। ਨਤੀਜੇ ਵਜੋਂ ਕਾਨੂੰਨ ਵਿਚਾਰਾ ਠਿੱਠ ਜਿਹਾ ਹੋ ਕੇ ਰਹਿ ਜਾਂਦਾ ਹੈ।
ਪੰਜਾਬ ਦੀ ਨਵੀਂ ਸਰਕਾਰ ਬਣਨ ਦੇ ਬਾਅਦ ਬਹੁਤ ਸਾਰੇ ਕੇਸ ਅੱਗੜ-ਪਿੱਛੜ ਬਾਹਰ ਨਿਕਲੇ ਹਨ ਤੇ ਹਰ ਕੇਸ ਪਹਿਲੇ ਕੇਸਾਂ ਦਾ ਬਾਪ ਜਾਪਦਾ ਹੈ। ਮੰਤਰੀ ਫੜੇ ਜਾ ਰਹੇ ਹਨ, ਸਾਬਕਾ ਮੁੱਖ ਮੰਤਰੀਆਂ ਦੀਆਂ ਫਾਈਲਾਂ ਬਣਦੀਆਂ ਸੁਣਨ ਨੂੰ ਮਿਲਦੀਆਂ ਹਨ। ਇੱਦਾਂ ਜਾਪਦਾ ਹੈ ਕਿ ਅਗਲੇ ਦਿਨਾਂ ਵਿੱਚ ਇਹ ਸਾਰੇ ਲੋਕ ਜੇਲ੍ਹ ਵਿੱਚ ਹੋਣਗੇ, ਪਰ ਉਹ ਹਿੱਕ ਉੱਤੇ ਹੱਥ ਮਾਰ ਕੇ ਕਹੀ ਜਾ ਰਹੇ ਹਨ ਕਿ ਫਾਈਲਾਂ ਸਾਰੀਆਂ ਅਫਸਰਾਂ ਨੇ ਬਣਾਈਆਂ ਸੀ, ਅਸੀਂ ਤਾਂ ਓਦੋਂ ਦਸਖਤ ਕੀਤੇ ਸਨ, ਜਦੋਂ ਪੂਰੀ ਫਾਈਲ ਤਿਆਰ ਹੋ ਚੁੱਕੀ ਸੀ। ਸਰਕਾਰੀ ਕਾਰ-ਵਿਹਾਰ ਵਿੱਚ ਸਾਰਾ ਕੰਮ ਜਦੋਂ ਅਫਸਰਾਂ ਨੇ ਕਰਨਾ ਤੇ ਅੰਤ ਵਿੱਚ ਮੰਤਰੀ ਨੇ ਸਿਰਫ ਮਨਜ਼ੂਰੀ ਦੇਣੀ ਜਾਂ ਨਾਂਹ ਕਰਨੀ ਹੁੰਦੀ ਹੈ ਤਾਂ ਉਹ ਦਲੀਲ ਹੀ ਇਹੋ ਵਰਤਦੇ ਹਨ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਅਫਸਰਾਂ ਦੇ ਗਲ਼ ਰੱਸੀ ਪਾ ਲਵੋ, ਅਸੀਂ ਤਾਂ ਉਨ੍ਹਾਂ ਦੇ ਪਾਸ ਕੀਤੇ ਹੋਏ ਕੰਮਾਂ ਦਾ ਭਰੋਸਾ ਕਰਨ ਦੇ ਬਾਅਦ ਸਿਰਫ ਪ੍ਰਵਾਨਗੀ ਦੇਣ ਦਾ ਸੰਵਿਧਾਨਕ ਫਰਜ਼ ਨਿਭਾਇਆ ਹੈ। ਅਫਸਰਸ਼ਾਹੀ ਕਿਸੇ ਨੂੰ ਵੀ ਘੇਰਨ ਜਾਂ ਛੱਡਣ ਦਾ ਕੰਮ ਕਰ ਸਕਦੀ ਹੈ, ਪਰ ਆਪਣੇ ਕਿਸੇ ਅਫਸਰ ਭਾਈਬੰਦ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਵੇਖੇ ਤਾਂ ਇਹ ਸੋਚ ਉੱਥੇ ਭਾਰੂ ਹੋ ਜਾਂਦੀ ਹੈ ਕਿ ਇਸ ਨਾਲ ਸਮੁੱਚੀ ਸਰਵਿਸ ਦੀ ਬਦਨਾਮੀ ਹੋਵੇਗੀ ਤੇ ਜੇ ਅੱਜ ਇਹ ਫਸਿਆ ਹੈ ਤਾਂ ਕੱਲ੍ਹ ਨੂੰ ਇਸ ਕੇਸ ਦੀ ਮਨਜ਼ੂਰੀ ਦੇਣ ਵਾਲਾ ਵੀ ਫਸਾਇਆ ਜਾ ਸਕਦਾ ਹੈ, ਇਸ ਲਈ ਇਹ ਗੱਲ ਅੱਗੇ ਨਾ ਵਧਣ ਦਿਓ।
ਨਤੀਜਾ ਫਿਰ ਇਹੀ ਨਿਕਲਦਾ ਹੈ ਕਿ ਜੈਕ ਉੱਤੇ ਖੜ੍ਹੀ ਗੱਡੀ ਦੇ ਗੇਅਰ ਜਿੰਨੇ ਮਰਜ਼ੀ ਬਦਲਦੇ ਜਾਓ ਅਤੇ ਰੇਸ ਜਿੰਨੀ ਮਰਜ਼ੀ ਦੇਈ ਜਾਓ, ਮੀਟਰ ਉੱਤੇ ਸਪੀਡ ਜ਼ੀਰੋ ਤੋਂ ਦੋ ਸੌ ਕਿਲੋਮੀਟਰ ਪ੍ਰਤੀ ਘੰਟਾ ਦਿਖਾਈ ਦੇ ਸਕਦੀ ਹੈ, ਪਰ ਅਮਲ ਵਿੱਚ ਗੱਡੀ ਪਹਿਲਾਂ ਵਾਲੀ ਥਾਂ ਖੜ੍ਹੀ ਰਹਿੰਦੀ ਹੈ। ਪੰਜਾਬ ਦੀ ਨਵੀਂ ਸਰਕਾਰ ਨੂੰ ਵੀ ਇਸੇ ਤਰ੍ਹਾਂ ਕਿਸੇ ਜੈਕ ਉੱਤੇ ਖੜ੍ਹੀ ਗੱਡੀ ਵਾਂਗ ਸਪੀਡ ਉੱਤੇ ਭੱਜਦਾ ਵਿਖਾਉਣ ਦੇ ਯਤਨ ਸ਼ੁਰੂ ਹੋ ਗਏ ਹਨ। ਪੰਜਾਬੀ ਦਾ ਮੁਹਾਵਰਾ ਹੈ ਕਿ ਪਿੰਡ ਅਜੇ ਬੱਝਾ ਨਹੀਂ ਤੇ ਉਚੱਕੇ ਪਹਿਲਾਂ ਆਣ ਪਹੁੰਚੇ ਹਨ। ਭ੍ਰਿਸ਼ਟਾਚਾਰ ਕਰਨ ਵਾਲੀਆਂ ਧਾੜਾਂ ਨਵੀਂ ਪੰਜਾਬ ਸਰਕਾਰ ਅੰਦਰ ਵੀ ਬੜੀ ਤੇਜ਼ੀ ਨਾਲ ਵੜ ਜਾਣ ਦੇ ਜੁਗਾੜ ਵਿੱਚ ਹਨ। ਲੋਕ ਅਜੇ ਤਕ ਆਸ ਕਰਦੇ ਹਨ ਕਿ ਇਹ ਸਰਕਾਰ ਭ੍ਰਿਸ਼ਟਾਚਾਰ ਦੇ ਗੰਦੇ ਵਹਿਣ ਤੋਂ ਉਨ੍ਹਾਂ ਦਾ ਖਹਿੜਾ ਛੁਡਾਏਗੀ, ਪਰ ਛੁਡਾ ਵੀ ਸਕੇਗੀ ਜਾਂ ਭਗਵੰਤ ਮਾਨ ਦੀ ਕੈਸੇਟ ਯਾਦ ਕਰਵਾਏਗੀ ਕਿ ਜਦੋਂ ਤਕ ਧਰਮਰਾਜ ਜਿੰਦਾ ਹੈ, ਭ੍ਰਿਸ਼ਟਾਚਾਰ ਨਹੀਂ ਹਟ ਸਕਣਾ, ਇਹ ਗੱਲ ਅਗਲਾ ਸਮਾਂ ਦੱਸੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3650)
(ਸਰੋਕਾਰ ਨਾਲ ਸੰਪਰਕ ਲਈ: