“ਜਿਹੜਾ ਓਪਰਾ ਜਿਹਾ ਡਰ ਤਹਿਸੀਲਾਂ ਅਤੇ ਹੋਰ ਦਫਤਰਾਂ ਵਿੱਚ ਵੇਖਿਆ ਗਿਆ ਹੈ, ਇਸ ਤਰ੍ਹਾਂ ਦਾ ਡਰ ...”
(4 ਅਪਰੈਲ 2022)
ਮਹਿਮਾਨ: 337.
ਇੱਕ ਪੁਰਾਣੀ ਯਾਦ ਦੱਸਣ ਲੱਗਾ ਹਾਂ, ਜਿਸਦਾ ਸੰਬੰਧ ਇਸ ਚਰਚਾ ਦੇ ਨਾਲ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਬਣਨ ਨਾਲ ਸਰਕਾਰੀ ਮਹਿਕਮਿਆਂ ਦੇ ਹਾਲਾਤ ਬਦਲ ਗਏ ਹਨ। ਹਾਲਾਤ ਕਿੰਨੇ ਕੁ ਬਦਲੇ ਤੇ ਬਦਲੇ ਵੀ ਹਨ ਕਿ ਬਦਲੇ ਤੋਂ ਬਿਨਾਂ ਹੀ ਕੁਝ ਲੋਕ ਬਦਲ ਗਏ ਕਹੀ ਜਾਂਦੇ ਹਨ ਅਤੇ ਜੇ ਬਦਲ ਗਏ ਤਾਂ ਕਿਉਂ ਬਦਲੇ, ਉਸ ਪੁਰਾਣੀ ਯਾਦ ਤੋਂ ਗੱਲ ਸਮਝਣੀ ਕੁਝ ਸੌਖੀ ਹੋ ਸਕਦੀ ਹੈ ਅਤੇ ਇਹ ਵੀ ਪਤਾ ਲੱਗ ਸਕਦਾ ਹੈ ਕਿ ਕਸੂਰ ਕਿਸ ਦਾ ਹੈ।
ਮੰਤਰੀ ਮਾਝੇ ਦਾ ਸੀ ਅਤੇ ਬੋਲੀ ਬਹੁਤ ਭੈੜੀ ਬੋਲਦਾ ਹੁੰਦਾ ਸੀ। ਇੱਦਾਂ ਦੀ ਇੱਕ ਹਰਕਤ ਕਾਰਨ ਸਾਨੂੰ ਇੱਕ ਲੇਖ ਵਿੱਚ ਉਸ ਦੀ ਨਿੰਦਾ ਕਰਨੀ ਪਈ। ਜਦੋਂ ਅਗਲੇ ਦਿਨੀਂ ਕਿਸੇ ਸਮਾਜੀ ਸਮਾਗਮ ਵਿੱਚ ਅਚਾਨਕ ਮਿਲੇ ਤਾਂ ਉਸ ਨੇ ਝੱਟ ਕਿਹਾ: “ਤੂੰ ਮੇਰੇ ਬਾਰੇ ਉਹ ਕਿਉਂ ਲਿਖਿਆ ਸੀ? ਤੈਨੂੰ ਇਹ ਨਹੀਂ ਪਤਾ ਕਿ ਮੈਂ ਕੀ ਹਾਂ?” ਮੈਂ ਹੱਸਦੇ ਹੋਏ ਆਖਿਆ, “ਤੁਸੀਂ ਕੌਣ ਹੈਂ, ਮੈਂ ਜਾਣਦਾ ਹਾਂ ਤੇ ਮੈਂ ਕੌਣ ਹਾਂ, ਇਹ ਤੁਸੀਂ ਜਾਣਦੇ ਨਹੀਂ।” ਉਹ ਕਹਿਣ ਲੱਗਾ, “ਕੀ ਹੈਂ ਤੂੰ, ਅਖਬਾਰ ਦਾ ਪੱਤਰਕਾਰ ਬਣ ਗਿਆ ਤਾਂ ਖੁਦਾ ਨਹੀਂ ਬਣ ਗਿਆ, ਮੈਂ ਮੰਤਰੀ ਹਾਂ।” ਮੈਂ ਫਿਰ ਹਾਸੇ ਵਿੱਚ ਕਿਹਾ, “ਨਹੀਂ, ਤੁਸੀਂ ਕੱਚੇ ਥੜ੍ਹੇ ਉੱਤੇ ਖੜ੍ਹੇ ਹੋ, ਮੈਂ ਪੱਕੀ ਬੁਰਜੀ ਉੱਤੇ ਖੜ੍ਹਾ ਹਾਂ। ਅਗਲੀ ਚੋਣ ਵਿੱਚ ਹਾਰ ਗਏ ਤਾਂ ਤੁਹਾਡਾ ਥੜ੍ਹਾ ਢਹਿ ਜਾਵੇਗਾ ਤੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਮੈਂ ਉਦੋਂ ਵੀ ਪੱਤਰਕਾਰ ਹੋਵਾਂਗਾ, ਇਸ ਤੋਂ ਅੱਗੇ ਜਾਣ ਦੀ ਮੇਰੀ ਕੋਈ ਇੱਛਾ ਨਹੀਂ ਅਤੇ ਇੰਨੀ ਕੁ ਥਾਂ ਮੇਰੇ ਜੋਗੀ ਮੀਡੀਏ ਦੀ ਕਿਸੇ ਨਾ ਕਿਸੇ ਨੁੱਕਰ ਵਿੱਚ ਬਣੀ ਰਹੇਗੀ।”
ਅਗਲੀ ਚੋਣ ਵਿੱਚ ਉਹ ਮੰਤਰੀ ਹਾਰ ਗਿਆ ਤੇ ਫਿਰ ਇੱਕ ਦਿਨ ਸਾਡੇ ਦਫਤਰ ਆ ਗਿਆ। ਮੈਂ ਉੱਠ ਕੇ ਹੱਥ ਮਿਲਾਇਆ ਤੇ ਨਾਲ ਉਚੇਚਾ ਕਿਹਾ, “ਸਾਬਕਾ ਮੰਤਰੀ ਜੀ, ਤੁਹਾਨੂੰ ਜੀ ਆਇਆਂ।” ਉਹ ‘ਸਾਬਕਾ’ ਦੀ ਛੇੜ ਸੁਣ ਕੇ ਚੁੱਪ ਰਿਹਾ ਅਤੇ ਇਹ ਦੱਸਣ ਲੱਗ ਪਿਆ ਕਿ ਨਵੀਂ ਸਰਕਾਰ ਨੇ ਉਸ ਉੱਤੇ ਕੇਸ ਬਣਾ ਦਿੱਤਾ ਹੈ, ਉਹ ਆਪਣਾ ਪੱਖ ਰੱਖਣਾ ਚਾਹੁੰਦਾ ਹੈ। ਮੈਂ ਕਿਹਾ ਕਿ ਇਹ ਕੰਮ ਤਾਂ ਕਿਸੇ ਪੱਤਰਕਾਰ ਨੂੰ ਪ੍ਰੈੱਸ ਨੋਟ ਦੇ ਕੇ ਕਰਵਾ ਲੈਣਾ ਸੀ। ਉਸ ਨੇ ਹੌਲੀ ਜਿਹੀ ਆਖਿਆ,“ਮੈਂ ਤਾਂ ਇੱਕ ਪ੍ਰੈੱਸ ਕਾਨਫਰੰਸ ਕਰ ਲਈ, ਮੇਰੀ ਕਿਸੇ ਨੇ ਖਬਰ ਨਹੀਂ ਲਾਈ।” ਮੈਂ ਹੱਸ ਕੇ ਕਿਹਾ, “ਉਨ੍ਹਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਤੁਸੀਂ ਅੱਜਕੱਲ੍ਹ ਸਾਬਕਾ ਹੋ ਗਏ ਹੋ, ਪਰ ਤੁਹਾਡੀ ਥਾਂ ਨਵੇਂ ਮੰਤਰੀਆਂ ਨੂੰ ਇਹ ਕੌਣ ਦੱਸੇਗਾ ਕਿ ਭਲਕ ਨੂੰ ਉਨ੍ਹਾਂ ਨਾਲ ਵੀ ਇਹੋ ਹੋਣਾ ਹੈ?”
ਜਿਹੜੀ ਗੱਲ ਅਸੀਂ ਇੱਥੇ ਲਿਖੀ ਹੈ, ਇਸਦਾ ਆਧਾਰ ਇਹ ਖਬਰ ਹੈ ਕਿ ਭਾਰਤ ਦੇ ਚੀਫ ਜਸਟਿਸ ਨੇ ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਅਫਸਰਾਂ ਨੂੰ ਚੋਭ ਲਾਈ ਹੈ। ਜਸਟਿਸ ਰਾਮੰਨਾ ਨੇ ਕਿਹਾ ਹੈ ਕਿ ਸਰਕਾਰਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹੋਣ ਕਾਰਨ ਵਕਤੀ ਹੁੰਦੀਆਂ ਹਨ, ਤੁਸੀਂ ਸਥਾਈ ਨੌਕਰੀ ਵਾਲੇ ਹੋ, ਸਰਕਾਰ ਬਦਲਣ ਨਾਲ ਬਦਲ ਨਾ ਜਾਇਆ ਕਰੋ। ਨਿਯਮ-ਕਾਨੂੰਨ ਮੁਤਾਬਕ ਚੱਲਿਆ ਕਰੋ। ਇਹ ਗੱਲ ਵੱਡਾ ਸੱਚ ਹੈ ਕਿ ਸਰਕਾਰ ਬਦਲਣ ਨਾਲ ਭਾਰਤ ਦੀਆਂ ਕੇਂਦਰੀ ਏਜੰਸੀਆਂ ਵਾਲੇ ਵੀ ਅਤੇ ਰਾਜ ਦੀਆਂ ਏਜੰਸੀਆਂ ਦੇ ਅਫਸਰ ਵੀ ਨਵੇਂ ਹਾਕਮ ਦੇ ਮੂੰਹ ਵੱਲ ਝਾਕਣ ਲੱਗਦੇ ਹਨ ਤੇ ਨਿਯਮਾਂ ਨੂੰ ਨਵੇਂ ਹਾਕਮਾਂ ਖਾਤਰ ਉਲੰਘਣ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਨੂੰ ਸਮਝ ਹੁੰਦੀ ਹੈ ਕਿ ਨੌਕਰੀ ਜਾਂ ਅਫਸਰੀ ਦੇਸ਼ ਦੇ ਸੰਵਿਧਾਨ ਮੁਤਾਬਕ ਕਰਨੀ ਚਾਹੀਦੀ ਹੈ, ਪਰ ਸਿਆਸੀ ਆਗੂਆਂ ਨੇ ਇੱਦਾਂ ਦੀ ਦਹਿਸ਼ਤ ਪਾ ਰੱਖੀ ਹੈ ਕਿ ਜਿਸ ਕਿਸੇ ਨੇ ਮੌਕੇ ਦੇ ਮਾਲਕ ਸਿਆਸੀ ਆਗੂ ਦੀ ਅੱਖ ਦੇ ਇਸ਼ਾਰੇ ਮੁਤਾਬਕ ਕੰਮ ਨਾ ਕੀਤਾ, ਅਗਲੇ ਦਿਨ ਉਸ ਨੂੰ ਬਿਸਤਰਾ ਚੁੱਕਾ ਕੇ ਦੂਸਰੀ ਥਾਂ ਤੋਰਿਆ ਜਾ ਸਕਦਾ ਹੈ। ਉਨ੍ਹਾਂ ਦੇ ਵੀ ਪਰਿਵਾਰ ਹਨ। ਅੱਜ ਪਠਾਨਕੋਟ ਲੱਗੇ ਜਿਸ ਅਫਸਰ ਨੂੰ ਬੱਚਿਆਂ ਦੇ ਇਮਤਿਹਾਨ ਨੇੜੇ ਅੱਧੀ ਰਾਤ ਉਠਾ ਕੇ ਸਵੇਰੇ ਰਾਜ ਦੇ ਦੂਸਰੇ ਪਾਸੇ ਮਾਨਸਾ ਨੂੰ ਜਾਣ ਦਾ ਹੁਕਮ ਦੇ ਦਿੱਤਾ ਜਾਵੇ, ਪਰਿਵਾਰ ਛੱਡ ਕੇ ਖੜ੍ਹੇ ਪੈਰ ਜਾਣਾ ਔਖਾ ਹੋਵੇ, ਅਗਲੇ ਦਿਨ ਉਹ ਕਿਸੇ ਮੰਤਰੀ ਨੂੰ ਮਿਲਣ ਅਤੇ ਪਹੁੰਚ ਬਣਾਉਣ ਰੁੱਝ ਜਾਂਦਾ ਹੈ। ਹਰਿਆਣੇ ਵਿੱਚ ਅਸ਼ੋਕ ਖੇਮਕਾ ਨਾਂਅ ਦੇ ਅਫਸਰ ਦੀ ਜਿੰਨੇ ਸਾਲ ਸਰਵਿਸ ਹੈ, ਉਸ ਦੇ ਨੌਕਰੀ ਦੇ ਸਾਲਾਂ ਨਾਲੋਂ ਵੱਧ ਥਾਂਈਂ ਉਸ ਦੀ ਬਦਲੀ ਕੀਤੀ ਜਾ ਚੁੱਕੀ ਹੈ ਤੇ ਬਿਸਤਰਾ ਉਹ ਰੋਜ਼ ਰਾਤ ਬੰਨ੍ਹ ਕੇ ਸੌਂਦਾ ਹੈ ਕਿ ਭਲਕੇ ਨਵੀਂ ਥਾਂ ਜਾਣਾ ਪੈ ਸਕਦਾ ਹੈ, ਪਰ ਸਾਰੇ ਅਫਸਰ ਇੱਦਾਂ ਦੇ ਨਹੀਂ ਹੋ ਸਕਦੇ।
ਕਿਉਂਕਿ ਸਾਰੇ ਅਫਸਰ ਇੱਦਾਂ ਦੇ ਨਹੀਂ ਹੁੰਦੇ, ਇਸ ਲਈ ਜਦੋਂ ਕਦੇ ਸਰਕਾਰ ਬਦਲਦੀ ਹੈ, ਅਫਸਰਾਂ ਦੀ ਪਹਿਲੀ ਕੋਸ਼ਿਸ਼ ਇਹ ਸ਼ੁਰੂ ਹੋ ਜਾਂਦੀ ਹੈ ਕਿ ਕਿਸੇ ਮੰਤਰੀ ਤਕ ਪਹੁੰਚ ਕਰ ਕੇ ਪੱਕੀ ਧਿਰ ਲੱਭੀ ਜਾਵੇ ਤਾਂ ਕਿ ਇਸ ਸਰਕਾਰ ਦੇ ਰਾਜ ਦੌਰਾਨ ਉਸ ਦੀ ਓਟ ਨਾਲ ਦਿਨ ਕੱਟੇ ਜਾ ਸਕਣ। ਇਹੋ ਦੌੜ ਹਰ ਵਾਰ ਸਰਕਾਰਾਂ ਲਈ ਮਨ-ਆਈਆਂ ਕਰਨ ਦਾ ਸਬੱਬ ਪੈਦਾ ਕਰਦੀ ਹੈ ਅਤੇ ਇਹੀ ਦੌੜ ਇਸ ਵਕਤ ਪੰਜਾਬ ਦੀ ਨਵੀਂ ਸਰਕਾਰ ਦੇ ਮੰਤਰੀਆਂ ਦੇ ਦੁਆਲੇ ਲੱਗੀ ਦਿਸਣ ਲੱਗ ਪਈ ਹੈ। ਕੱਲ੍ਹ ਦੇ ਸਿਰੇ ਦੇ ਭ੍ਰਿਸ਼ਟ ਅਫਸਰ ਜਾ ਕੇ ਉਨ੍ਹਾਂ ਦੇ ਗੋਡੇ ਘੁੱਟ ਕੇ ਕਹੀ ਜਾਂਦੇ ਹਨ ਕਿ ਪਿਛਲੀ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਅਸੀਂ ਬੜੇ ਅੱਕੇ ਪਏ ਸਾਂ ਅਤੇ ਨਵੀਂ ਸਰਕਾਰ ਉਡੀਕਦੇ ਸਾਂ, ਸ਼ੁਕਰ ਹੈ ਤੁਹਾਡੀ ਸਰਕਾਰ ਬਣੀ ਹੈ, ਜਿੱਥੇ ਮਰਜ਼ੀ ਲੁਆ ਦਿਓ, ਮੈਂ ਅਗਲੇ ਪੰਜੇ ਸਾਲ ਤੁਹਾਡੇ ਤੋਂ ਬਿਨਾਂ ਕਿਸੇ ਕੋਲ ਨਹੀਂ ਜਾਣਾ। ਇਹੀ ਗੱਲ ਉਹ ਕਈ ਹੋਰ ਅੱਡਿਆਂ ਉੱਤੇ ਜਾ ਕੇ ਵੀ ਨਵੇਂ ਮੰਤਰੀਆਂ ਨੂੰ ਕਹਿ ਕੇ ਆਏ ਹੋ ਸਕਦੇ ਹਨ, ਪਰ ਹਰ ਨਵੇਂ ਆਗੂ ਕੋਲ ਜਾ ਕੇ ਇੱਦਾਂ ਦਾ ਰਟਨ ਮੰਤਰੀ ਪੜ੍ਹੀ ਜਾਂਦੇ ਤੇ ਨਾਲ ’ਖਿਆਲ ਰੱਖਣ ਬਦਲੇ ਖਿਆਲ ਰੱਖਣ’ ਦਾ ਸੰਕੇਤ ਕਰੀ ਜਾ ਰਹੇ ਹਨ। ਨਵੀਂ ਆਈ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਲਈ ਇੱਕ ਨੰਬਰ ਜਾਰੀ ਕਰ ਕੇ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਇਸ ਨੰਬਰ ਉੱਤੇ ਕਰਿਆ ਕਰਨ, ਲੋਕ ਕਰਨ ਵੀ ਲੱਗ ਪਏ ਤੇ ਉਨ੍ਹਾਂ ਬਾਰੇ ਕਾਰਵਾਈ ਦੇ ਚਰਚੇ ਵੀ ਹੋਣ ਲੱਗ ਪਏ ਹਨ, ਪਰ ਜਿਹੜੇ ਸੰਕੇਤ ਭ੍ਰਿਸ਼ਟਾਚਾਰੀ ਅਫਸਰਾਂ ਵੱਲੋਂ ਨਵੇਂ ਮੰਤਰੀਆਂ ਦੇ ਘਰ ਜਾ ਕੇ ਕੀਤੇ ਜਾਣ ਲੱਗ ਪਏ ਹਨ, ਬੁੱਕਲ ਵਿੱਚ ਰੋੜੀ ਭੰਨਣ ਵਰਗੇ ਉਨ੍ਹਾਂ ਸੰਕੇਤਾਂ ਬਾਰੇ ਮੁੱਖ ਮੰਤਰੀ ਨੂੰ ਕੌਣ ਦੱਸੇਗਾ! ਇਹ ਗੱਲ ਕਿਸੇ ਇੱਕ ਜਾਂ ਦੋ ਆਗੂਆਂ ਬਾਰੇ ਨਹੀਂ, ਕਈ ਨਵੇਂ ਮੰਤਰੀਆਂ ਬਾਰੇ ਸੁਣੀ ਜਾ ਰਹੀ ਹੈ, ਸੱਚ-ਝੂਠ ਦਾ ਪਤਾ ਨਹੀਂ।
ਅਜੇ ਇਸ ਸਰਕਾਰ ਬਣੀ ਨੂੰ ਮਹੀਨਾ ਨਹੀਂ ਹੋਇਆ, ਕੁਝ ਕਦਮ ਮੁੱਖ ਮੰਤਰੀ ਪੱਧਰ ਉੱਤੇ ਚੁੱਕਣ ਨਾਲ ਪੰਜਾਬ ਦੇ ਲੋਕਾਂ ਵਿੱਚ ਭੱਲ ਬਣੀ ਹੋ ਸਕਦੀ ਹੈ, ਪਰ ਜਿੰਨੇ ਦਾਅਵੇ ਕੀਤੇ ਜਾ ਰਹੇ ਸਨ, ਉਨ੍ਹਾਂ ਬਾਰੇ ਤਾਂ ਲੋਕਾਂ ਨੂੰ ਬਹੁਤਾ ਅਮਲ ਹੁੰਦਾ ਦਿਸਦਾ ਨਹੀਂ। ਜਿਹੜਾ ਓਪਰਾ ਜਿਹਾ ਡਰ ਤਹਿਸੀਲਾਂ ਅਤੇ ਹੋਰ ਦਫਤਰਾਂ ਵਿੱਚ ਵੇਖਿਆ ਗਿਆ ਹੈ, ਇਸ ਤਰ੍ਹਾਂ ਦਾ ਡਰ ਤਾਂ ਵੀਹ ਸਾਲ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਸੀ, ਉਸ ਦੀ ਆਮਦ ਨਾਲ ਵੀ ਪਿਆ ਸੀ ਤੇ ਛੇ ਕੁ ਮਹੀਨੇ ਬਣਿਆ ਰਹਿਣ ਮਗਰੋਂ ਖਤਮ ਹੋ ਗਿਆ ਸੀ। ਉਲਟਾ ਸਾਰੇ ਦਫਤਰਾਂ ਦੇ ਮੁਲਾਜ਼ਮਾਂ ਨੇ ਰੇਟ ਵਧਾ ਲਏ ਸਨ ਤੇ ਕਾਰਨ ਇਹ ਦੱਸਦੇ ਸਨ ਕਿ ਇਸ ਨਾਲ ’ਰਿਸਕ ਫੈਕਟਰ’ ਜੁੜ ਗਿਆ ਹੋਣ ਕਰ ਕੇ ਪਹਿਲੇ ਰੇਟਾਂ ਨਾਲ ਸਰਦਾ ਨਹੀਂ। ਕਾਰਵਾਈ ਅਜੇ ਤਕ ਕਿੰਨੀ ਕੀਤੀ ਗਈ ਹੈ, ਕੋਈ ਥਾਣੇਦਾਰ ਫੜ ਲਿਆ ਤੇ ਤਹਿਸੀਲ ਵਿੱਚ ਕੋਈ ਕਲਰਕ ਬੀਬੀ ਗ੍ਰਿਫਤਾਰ ਕਰ ਲਈ, ਕਿਸੇ ਵੱਡੇ ਅਫਸਰ ਨੂੰ ਜਾਂ ਉਸ ਦੇ ਕਿਸੇ ਦਲਾਲ ਨੂੰ ਹੱਥ ਪਾਉਣ ਦੀ ਕੋਈ ਖਬਰ ਪੜ੍ਹਨ ਨੂੰ ਨਹੀਂ ਮਿਲੀ। ਛੋਟੇ-ਮੋਟੇ ਕਰਮਚਾਰੀ ਜਦੋਂ ਇੱਦਾਂ ਦਾ ਭ੍ਰਿਸ਼ਟਾਚਾਰ ਕਰਦੇ ਹਨ ਤਾਂ ਆਪਣੇ ਵਾਸਤੇ ਨਹੀਂ, ਬਹੁਤੀ ਵਾਰੀ ਆਪਣੇ ਤੋਂ ਉੱਪਰ ਵਾਲੇ ਵੱਡੇ ਅਫਸਰ ਵੱਲੋਂ ਕਰਨ ਲਈ ਲਾਏ ਹੁੰਦੇ ਹਨ ਤਾਂ ਕਿ ਉਹ ਖੁਦ ਸੱਚਾ ਹੋਣ ਦਾ ਭਰਮ ਪਾ ਕੇ ਅਫਸਰੀ ਵੀ ਕਰਦਾ ਰਹੇ ਅਤੇ ਕਮਾਈ ਵੀ ਚੱਲਦੀ ਰਹੇ। ਨਵੀਂ ਸਰਕਾਰ ਵਿੱਚ ਆਏ ਬਹੁਤੇ ਵਜ਼ੀਰ ਆਮ ਲੋਕਾਂ ਵਿੱਚੋਂ ਆਏ ਹਨ, ਇਸ ਲਈ ਉਹ ਖੁਦ ਇੱਦਾਂ ਦੇ ਵਿਹਾਰ ਬਾਰੇ ਜਾਣਦੇ ਹੋਣਗੇ, ਫਿਰ ਵੀ ਜਦੋਂ ਪਹਿਲਾਂ ਵਾਂਗ ਛੋਟੇ ਪੂੰਗ ਫੜੇ ਜਾ ਰਹੇ ਹਨ ਤੇ ਵੱਡੇ ਕਿਸੇ ਮਗਰਮੱਛ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਤਾਂ ਭ੍ਰਿਸ਼ਟਾਚਾਰ ਰੋਕਣ ਦਾ ਭਰਮ ਵੀ ਕਿੰਨਾ ਕੁ ਚਿਰ ਰੱਖਿਆ ਜਾ ਸਕੇਗਾ! ਅਮਲਾਂ ਦੀ ਉਡੀਕ ਆਮ ਲੋਕ ਬਹੁਤਾ ਚਿਰ ਨਹੀਂ ਕਰਿਆ ਕਰਦੇ।
ਨਵਾਂ ਮੁੱਖ ਮੰਤਰੀ ਜੇ ਸੱਚਮੁੱਚ ਲੋਕਾਂ ਵਿੱਚ ਆਪਣੀ ਸਰਕਾਰ ਦਾ ਭ੍ਰਿਸ਼ਟਾਚਾਰ ਰੋਕਣ ਦਾ ਅਕਸ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਮੰਤਰੀਆਂ ਨੂੰ ਕਹਿਣਾ ਪਵੇਗਾ ਕਿ ਆਪਣੇ ਇਸ ਅਹੁਦੇ ਨੂੰ ਸਥਾਈ ਨਾ ਸਮਝੋ। ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਅੱਜ ਕੁਰਸੀ ਤੁਹਾਡੇ ਹੇਠ ਹੈ, ਭਲਕ ਨੂੰ ਲੋਕ ਇਸ ਕੁਰਸੀ ਤੋਂ ਉਠਾ ਸਕਦੇ ਹਨ, ਆਪਣੇ ਅਕਸ ਬਾਰੇ ਸੁਚੇਤ ਰਹੋ ਤੇ ਅਫਸਰਾਂ ਨਾਲ ਅੰਦਰ ਵੜ-ਵੜ ਕੇ ਕੰਨਾਂ ਵਿੱਚ ਇੱਕ ਦੂਸਰੇ ਦਾ ’ਖਿਆਲ ਰੱਖਣ’ ਦੀਆਂ ਜਿਹੜੀਆਂ ਗੱਲਾਂ ਉਹ ਸੁਣਦੇ ਤੇ ਅੱਗੋਂ ਹੁੰਗਾਰਾ ਭਰਦੇ ਸੁਣੇ ਜਾਣ ਲੱਗ ਪਏ ਹਨ, ਉਹ ਲੋਕਾਂ ਤੋਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ। ਇਹ ਚਰਚਾ ਅੱਗੇ ਵਧੀ ਤਾਂ ਸੱਥਾਂ ਵਿੱਚ ਜਾਵੇਗੀ ਅਤੇ ਫਿਰ ਲੋਕ ਇਹ ਕਹਿਣ ਲੱਗ ਪੈਣਗੇ, ਆਮ ਆਦਮੀ ਪਾਰਟੀ ਦੇ ਫਲਾਣੇ ਮੰਤਰੀ ਨਾਲ ਕੰਮ ਹੈ ਤਾਂ ਫਲਾਣੇ ਅਫਸਰ ਦੀ ਜੇਬ ਗਰਮ ਕਰ ਆਇਓ, ਬਾਕੀ ਕੰਮ ਉਹ ਆਪੇ ਕਰਵਾ ਲਿਆਵੇਗਾ। ਅਜੇ ਗੱਲਾਂ ਦਾ ਮੁੱਢ ਬੱਝਾ ਹੈ, ਨਵੀਂ ਸਰਕਾਰ ਦੇ ਮੰਤਰੀਆਂ ਨੂੰ ਇਸ ਕੁਰਸੀ ਦੇ ਵਕਤੀ ਹੋਣ ਦਾ ਚੇਤਾ ਨਾ ਰਿਹਾ ਅਤੇ ਕੰਨਾਂ ਵਿੱਚ ਪੈਂਦੀ ਸਿੱਕਿਆਂ ਦੀ ਛਣਕਾਰ ਨਾਲ ਇੱਦਾਂ ਬੀਨ ਉੱਤੇ ਨੱਚਦੇ ਸੱਪ ਵਾਂਗ ਝੂਮਣ ਲੱਗ ਪਏ ਤਾਂ ਕੁਰਸੀ ਪੰਜ ਸਾਲ ਨਿਭੇਗੀ, ਇਸਦੀ ਗਾਰੰਟੀ ਨਹੀਂ ਹੁੰਦੀ। ਭ੍ਰਿਸ਼ਟਾਚਾਰ ਦੇ ਵਿਰੋਧ ਦੀਆਂ ਗੱਲਾਂ ਕਰਨ ਪਿੱਛੋਂ ਭ੍ਰਿਸ਼ਟਾਚਾਰ ਕਰਦੇ ਹੋਏ ਆਗੂਆਂ ਨੂੰ ਮੰਤਰੀ ਹੁੰਦਿਆਂ ਵੀ ਫੜੇ ਜਾਂਦੇ ਅਸੀਂ ਕਈ ਵਾਰੀ ਵੇਖਿਆ ਹੈ ਅਤੇ ਮਹਾਰਾਸ਼ਟਰ ਦੀ ਅਜੋਕੀ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਫੜੇ ਜਾਣ ਦਾ ਕਿੱਸਾ ਵੀ ਤਾਜ਼ਾ ਹੈ। ਉਸ ਦੀ ਹਾਲੇ ਜ਼ਮਾਨਤ ਨਹੀਂ ਹੋ ਰਹੀ ਅਤੇ ਉਸ ਰਾਜ ਦੀ ਸਰਕਾਰ ਵੱਲੋਂ ਉਸ ਦੇ ਪੱਖ ਵਿੱਚ ਦਿੱਤੀ ਗਈ ਦੁਹਾਈ ਲੋਕ ਮੰਨਣ ਲਈ ਤਿਆਰ ਨਹੀਂ। ਯੇ ਜੋ ਪਬਲਿਕ ਹੈ, ਸਬ ਜਾਨਤੀ ਹੈ ਅਤੇ ਇਹ ਤਖਤੇ ਪਲਟਣ ਦੀ ਤਾਕਤ ਰੱਖਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3479)
(ਸਰੋਕਾਰ ਨਾਲ ਸੰਪਰਕ ਲਈ: