JatinderPannu7ਅੱਜ ਦਾ ਭਾਰਤ ਪਹਿਲਾਂ ਵਾਲੀ ਪਟੜੀ ਤੋਂ ਲੱਥ ਚੁੱਕਾ ਹੈ ਅਤੇ ਉਸ ਲੀਹ ਉੱਤੇ ...
(23 ਨਵੰਬਰ 2020)

 

ਭਾਰਤ ਦੀ ਰਾਜਨੀਤੀ ਉਸ ਲੀਹ ਤੋਂ ਲੱਥ ਚੁੱਕੀ ਹੈ, ਜਿਹੜੀ ਇਸ ਨੇ ਆਜ਼ਾਦੀ ਸੰਘਰਸ਼ ਦੌਰਾਨ ਕਈ ਨੁਕਸਾਂ ਦੇ ਬਾਵਜੂਦ ਲੰਮਾ ਸਮਾਂ ਫੜੀ ਰੱਖੀ ਸੀਇਹ ਲੀਹ ਧਰਮ-ਨਿਰਪੱਖਤਾ ਦੀ ਸੀਅੰਗਰੇਜ਼ੀ ਰਾਜ ਅੱਗੇ ਬੁਰੀ ਤਰ੍ਹਾਂ ਝੁਕੇ ਹੋਏ ਇਸ ਦੇਸ਼ ਅੰਦਰ ਆਜ਼ਾਦੀ ਲਹਿਰ ਦੌਰਾਨ ਜਿਸ ਧਰਮ-ਨਿਰਪੱਖਤਾ ਅਤੇ ਕੌਮੀ ਭਾਵਨਾ ਦੀ ਲੋੜ ਸੀ, ਉਸ ਦਾ ਪ੍ਰਗਟਾਵਾ ਸ਼ਾਇਰ ਇਕਬਾਲ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਵਿੱਚ ਇਨ੍ਹਾਂ ਸ਼ਬਦਾਂ ਨਾਲ ਕੀਤਾ ਸੀ: ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ’ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹ ਵੀ ਫਿਰਕੇਦਾਰੀ ਦੀ ਪਾਣ ਚੜ੍ਹਨ ਪਿੱਛੋਂ ਵੱਖਰੇ ਇਸਲਾਮੀ ਦੇਸ਼ ਦੀ ਮੰਗ ਕਰਨ ਲੱਗ ਪਿਆ ਤੇ ਉਸ ਵਕਤ ਉਸ ਨੇ ‘ਚੀਨ-ਓ-ਅਰਬ ਹਮਾਰਾ, ਹਿੰਦੁਸਤਾਂ ਹਮਾਰਾ, ਮੁਸਲਿਮ ਹੈਂ ਹਮ ਵਤਨ ਹੈ ਸਾਰਾ ਜਹਾਂ ਹਮਾਰਾ’ ਲਿਖ ਦਿੱਤਾ ਸੀ, ਪਰ ਭਾਰਤ ਦੀ ਆਜ਼ਾਦੀ ਲਹਿਰ ਦੀ ਕੇਂਦਰੀ ਲੀਹ ਧਰਮ-ਨਿਰਪੱਖਤਾ ਰਹੀ ਸੀਦੇਸ਼ ਆਜ਼ਾਦ ਹੋਣ ਪਿੱਛੋਂ ਵੀ ਇਸਦੀ ਵਾਗ ਉਨ੍ਹਾਂ ਲੋਕਾਂ ਹੱਥ ਆਈ ਸੀ, ਜਿਹੜੇ ਧਰਮ-ਨਿਰਪੱਖ ਸਨਜਵਾਹਰ ਲਾਲ ਨਹਿਰੂ ਦੇ ਨਾਲ ਬੇਸ਼ਕ ‘ਪੰਡਿਤ’ ਲਿਖਿਆ-ਬੋਲਿਆ ਜਾਂਦਾ ਸੀ, ਪਰ ਉਹ ਗਿਆਨ ਦਾ ਪੰਡਿਤ ਸੀ, ਧਰਮ ਦੇ ਪੱਖੋਂ ਓਹੋ ਜਿਹਾ ਪੰਡਿਤ ਕਦੇ ਨਹੀਂ ਬਣਿਆ, ਜਿਹੜਾ ਸਿਰਫ ਆਪਣੇ ਧਰਮ ਨੂੰ ਉੱਚਾ ਅਤੇ ਹੋਰਨਾਂ ਨੂੰ ਨੀਂਵਾਂ ਮੰਨਦਾ ਹੋਵੇਉਸ ਨਾਲ ਜੁੜੇ ਹੋਰ ਵੱਡੇ ਆਗੂਆਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਸ਼ਾਮਲ ਸੀ, ਜਿਸਦੇ ਨਾਂਅ ਨਾਲ ‘ਮੌਲਾਨਾ’ ਜੁੜਿਆ ਹੋਣ ਦੇ ਬਾਵਜੂਦ ਆਪਣੇ ਧਰਮ ਦੇ ਹੋਰ ਮੌਲਾਣਿਆਂ ਵਾਂਗ ਧਰਮ ਦੇ ਨਾਂਅ ਉੱਤੇ ਵੱਖਰੇ ਦੇਸ਼ ਦੀ ਧਾਰਨਾ ਨਾਲ ਜੁੜਨ ਦੀ ਥਾਂ ਇਸ ਸੋਚ ਦੇ ਵਿਰੋਧ ਵਿੱਚ ਆਖਰ ਤਕ ਡਟਿਆ ਰਿਹਾ ਸੀਉਸ ਨੇ ਕਿਹਾ ਸੀ ਕਿ ਇਸ ਦੇਸ਼ ਦੇ ਸੱਭਿਆਚਾਰ ਦੀ ਗੰਗਾ-ਜਮਨੀ ਤਹਿਜ਼ੀਬ ਇੱਥੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝ ਦੇ ਕਾਰਨ ਹੈ, ਅਸੀਂ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇਇਹ ਆਜ਼ਾਦੀ ਲਹਿਰ ਦੀ ਵਿਰਾਸਤ ਦਾ ਨਤੀਜਾ ਸੀ ਕਿ ਆਜ਼ਾਦ ਦੇਸ਼ ਦੇ ਮੁੱਢਲੇ ਆਗੂ ਧਰਮ-ਨਿਰਪੱਖ ਹੋਣ ਦੀ ਇਸ ਉੱਚ ਪੱਧਰੀ ਸੋਚ ਤਕ ਪਹੁੰਚੇ ਹੋਏ ਸਨ ਅਤੇ ਜ਼ਰਾ ਜਿੰਨੀ ਡਾਵਾਂਡੋਲਤਾ ਨਹੀਂ ਸੀ ਵਿਖਾਉਂਦੇਅਫਸੋਸ ਕਿ ਜਿਸ ਪਾਰਟੀ ਦੇ ਮੁੱਢਲੇ ਆਗੂ ਇੰਨੀ ਉੱਚੀ ਸੋਚ ਵਾਲੇ ਸਨ, ਉਸ ਦੀ ਅਗਲੀ ਪੀੜ੍ਹੀ ਨੇ ਭਾਰਤ ਨੂੰ ਕੁਰਾਹੇ ਪਾ ਛੱਡਿਆ

ਅੱਜ ਦੇ ਭਾਰਤ ਦੀ ਲੀਡਰਸ਼ਿੱਪ ਇਹ ਸੋਚਣ ਉੱਤੇ ਮਗਜ਼-ਪਚੀ ਕਰਨਾ ਫਜ਼ੂਲ ਸਮਝਣ ਲੱਗੀ ਹੈ ਕਿ ਇਸ ਦੇਸ਼ ਵਿੱਚ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਹਨਇੱਕ ਧਰਮ ਦੇ ਬੋਲ-ਬਾਲੇ ਵਾਲਾ ਰਾਜ ਕਿਹੋ ਜਿਹਾ ਹੋ ਸਕਦਾ ਹੈ, ਇੱਦਾਂ ਦੇ ਸਵਾਲ ਪੁੱਛਣਾ ਅੱਜ ਬੇਲੋੜਾ ਹੁੰਦਾ ਜਾਂਦਾ ਹੈਰਾਜ-ਦਰਬਾਰ ਅਤੇ ਪ੍ਰਸ਼ਾਸਨ ਹੀ ਨਹੀਂ, ਅਦਾਲਤੀ ਫੈਸਲਿਆਂ ਤਕ ਇਹੀ ਝਲਕ ਦਿਖਾਈ ਦਿੰਦੀ ਹੈਅਸੀਂ ਅਮਰੀਕਾ ਵਰਗੇ ਦੇਸ਼ਾਂ ਬਾਰੇ ਇਹ ਪੜ੍ਹ ਕੇ ਹੈਰਾਨ ਹੁੰਦੇ ਰਹੇ ਸਾਂ ਕਿ ਉੱਥੇ ਇੱਕੋ ਕਸੂਰ ਬਦਲੇ ਗੋਰੇ ਨੂੰ ਘੱਟ ਸਜ਼ਾ ਅਤੇ ਗੈਰ-ਗੋਰੇ ਨੂੰ ਵੱਧ ਸਜ਼ਾ ਦਿੱਤੀ ਜਾਣ ਦੀਆਂ ਰਿਪੋਰਟ ਹਨ ਤੇ ਪੁਲਿਸ ਪੜਤਾਲ ਵਿੱਚ ਵੀ ਇਹੋ ਕੁਝ ਹੋਈ ਜਾਂਦਾ ਹੈਅੱਜ ਭਾਰਤ ਵਿੱਚ ਵੀ ਇਹੋ ਕੁਝ ਹੁੰਦਾ ਦਿਸ ਰਿਹਾ ਹੈ ਪੁਲਿਸ ਜਾਂਚ ਤੋਂ ਅਦਾਲਤੀ ਫੈਸਲਿਆਂ ਤਕ ਕੇਂਦਰ ਦੇ ਹਾਕਮਾਂ ਦੀ ਧਰਮ-ਧਾਰਨਾ ਵਾਲੇ ਲੋਕਾਂ ਅਤੇ ਇਸ ਧਾਰਨਾ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ ਵਖਰੇਵਾਂ ਸਾਫ ਨਜ਼ਰ ਆਉਣ ਲੱਗ ਪਿਆ ਹੈਰਾਜਨੀਤੀ ਦਾ ਇਹ ਰੰਗ ਭਾਰਤੀ ਸਮਾਜ ਉੱਤੇ ਜਿਸ ਹੱਦ ਤਕ ਚੜ੍ਹ ਚੁੱਕਾ ਹੈ ਅਤੇ ਦਿਨੋ-ਦਿਨ ਹੋਰ ਗਹਿਰਾ ਹੁੰਦਾ ਜਾਂਦਾ ਹੈ, ਇਸਦੇ ਲਈ ਪਹਿਲਾ ਦੋਸ਼ ਉਨ੍ਹਾਂ ਲੋਕਾਂ ਸਿਰ ਹੀ ਜਾਂਦਾ ਹੈ, ਜਿਹੜੇ ਕਿਸੇ ਵੇਲੇ ਇਸ ਦੇਸ਼ ਦੀ ਧਰਮ-ਨਿਰਪੱਖਤਾ ਦੀ ਮਿਸਾਲ ਬਣਨ ਵਾਲੇ ਪ੍ਰਮੁੱਖ ਆਗੂਆਂ ਦੇ ਸਿਆਸੀ ਵਾਰਸ ਹਨ

ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜਵਾਹਰ ਲਾਲ ਨਹਿਰੂ ਦੇ ਨਾਂਅ ਨਾਲ ‘ਪੰਡਿਤ’ ਲੱਗਣ ਦੇ ਬਾਵਜੂਦ ਉਹ ਸਦਾ ਧਰਮ-ਨਿਰਪੱਖ ਰਿਹਾ ਤੇ ਧਰਮ ਨੂੰ ਰਾਜਨੀਤੀ ਤੋਂ ਇੰਨਾ ਦੂਰ ਰੱਖਦਾ ਸੀ ਕਿ ਕਦੇ ਕਿਸੇ ਧਰਮ ਅਸਥਾਨ ’ਤੇ ਨਹੀਂ ਜਾਂਦਾ ਸੀਕਹਿੰਦੇ ਹਨ ਕਿ ਪੁਰਖਿਆਂ ਦੀ ਸੋਚ ਦੀ ਜੜ੍ਹ ਕਈ ਪੀੜ੍ਹੀਆਂ ਤਕ ਜਾਂਦੀ ਹੈ, ਪਰ ਜਵਾਹਰ ਲਾਲ ਨਹਿਰੂ ਦੇ ਜੀਨ ਦੀ ਜੜ੍ਹ ਪਹਿਲੀ ਪੀੜ੍ਹੀ ਇੰਦਰਾ ਗਾਂਧੀ ਨਾਲ ਵੀ ਨਹੀਂ ਨਿਭੀਆਪਣੇ ਬਾਪ ਤੋਂ ਉਲਟ ਉਹ ਸਿਰਫ ਕੁਰਸੀ ਕਾਇਮ ਰੱਖਣ ਵਾਸਤੇ ਕਿਸੇ ਵੀ ਧਰਮ ਅਸਥਾਨ ਵਿੱਚ ਮੱਥਾ ਟੇਕਣ ਤੁਰੀ ਰਹਿੰਦੀ ਸੀ ਅਤੇ ਨਾਲ ਦੀ ਨਾਲ ਧਰਮਾਂ ਦੇ ਭੇੜ ਕਰਾਉਣ ਦੇ ਗਲਤ ਰਾਹੇ ਪੈ ਗਈ ਸੀਪੰਜਾਬ ਦੀ ਜਿਹੜੀ ਸਮੱਸਿਆ ਪੰਝੀ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣੀ, ਉਹ ਵੀ ਇੰਦਰਾ ਗਾਂਧੀ ਅਤੇ ਉਸ ਦੇ ਦੁਆਲੇ ਜੁੜੀ ਜੁੰਡੀ ਦੀਆਂ ਰਾਜਨੀਤਕ ਤਿਕੜਮਾਂ ਦਾ ਨਤੀਜਾ ਸੀ ਤੇ ਫਿਰ ਜਦੋਂ ਉਹ ਖੁਦ ਜ਼ਿੰਦਾ ਨਾ ਰਹੀ ਤਾਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਕੱਟੜਪੁਣੇ ਦੀ ਚੋਭ ਲਾਉਣ ਦਾ ਕੰਮ ਉਸ ਦੇ ਪੁੱਤਰ ਰਾਜੀਵ ਗਾਂਧੀ ਨੇ ਵੀ ਇਸ ਇਰਾਦੇ ਨਾਲ ਕੀਤਾ ਸੀ ਕਿ ਇਸ ਤਰ੍ਹਾਂ ਰਾਜ-ਗੱਦੀ ਦੀ ਹੰਢਣਸਾਰਤਾ ਵਧ ਜਾਵੇਗੀਨਤੀਜਾ ਇਸਦਾ ਇਹ ਹੋਇਆ ਕਿ ਉਸ ਧਰਮ ਵਿੱਚ ਉਨ੍ਹਾਂ ਤੋਂ ਵੱਧ ਤਿੱਖੀਆਂ ਸੁਰਾਂ ਕੱਢਣ ਵਾਲਿਆਂ ਨੂੰ ਮੌਕਾ ਨਸੀਬ ਹੋ ਗਿਆ ਤੇ ਭਾਰਤ ਵਿੱਚ ਧਰਮ-ਨਿਰਪੱਖਤਾ ਦੇ ਜੜ੍ਹੀਂ ਤੇਲ ਦਿੱਤਾ ਹੋਣ ਕਰਕੇ ਉਹ ਧਿਰ ਲੰਮੀਆਂ ਰਾਜਸੀ ਪੁਲਾਂਘਾਂ ਪੁੱਟਣ ਲੱਗ ਪਈ, ਜਿਸ ਨੂੰ ਦੇਸ਼ ਦੇ ਲੋਕ ਕਈ ਵਾਰ ਰੱਦ ਕਰ ਚੁੱਕੇ ਸਨਉਸ ਧਿਰ ਦੀ ਉਠਾਣ ਦਾ ਪੜੁੱਲ ਇਨ੍ਹਾਂ ਚੁਸਤੀਆਂ ਨੇ ਹੀ ਬੰਨ੍ਹਿਆ ਸੀ

ਅੱਜ ਤੋਂ ਪੰਝੀ-ਸਾਲ ਪਹਿਲਾਂ ਜਦੋਂ ਇਹ ਕਿਹਾ ਜਾਂਦਾ ਸੀ ਕਿ ਗਲਤ ਧਾਰਨਾਵਾਂ ਵਿੱਚੋਂ ਰਾਜਸੀ ਲਾਭ ਲੈਣ ਦੇ ਰਾਹ ਪਈ ਕਾਂਗਰਸ ਲੀਡਰਸ਼ਿੱਪ ਆਪਣਾ ਵੀ ਨੁਕਸਾਨ ਕਰੇਗੀ ਅਤੇ ਦੇਸ਼ ਦਾ ਵੀ ਕਰਾਵੇਗੀ ਤਾਂ ਕਈ ਲੋਕਾਂ ਨੂੰ ਇਹ ਕਹਿਣਾ ਚੰਗਾ ਨਹੀਂ ਸੀ ਲੱਗਦਾਉਨ੍ਹਾਂ ਨੂੰ ਇਹ ਗੱਲ ਸੁਣਨੀ ਮਨਜ਼ੂਰ ਨਹੀਂ ਸੀ ਕਿ ਜਿਹੜੇ ਕਾਂਗਰਸੀ ਅੱਜ ਇਸ ਪਾਰਟੀ ਵਿੱਚ ਰਹਿ ਕੇ ਇਹ ਖੇਡਾਂ ਖੇਡ ਰਹੇ ਹਨ, ਉਹ ਕੱਲ੍ਹ-ਕਲੋਤਰ ਨੂੰ ਬਹੁ-ਗਿਣਤੀ ਭਾਈਚਾਰੇ ਦੇ ਨਾਂਅ ਉੱਤੇ ਰਾਜਨੀਤੀ ਕਰਨ ਦੇ ਝੰਡਾ-ਬਰਦਾਰਾਂ ਨਾਲ ਜਾ ਮਿਲਣਗੇਅੱਜ ਇਹ ਸਭ ਕੁਝ ਸਾਡੇ ਸਾਹਮਣੇ ਹੈਕਿਸੇ ਵੀ ਰਾਜ ਵਿੱਚ ਵੇਖ ਲਵੋ ਤਾਂ ਭਾਜਪਾ ਵਿੱਚ ਕਾਂਗਰਸੀਆਂ ਦੀ ਉਹ ਧਾੜ ਆਰਾਮ ਨਾਲ ਲੱਭ ਜਾਵੇਗੀ, ਜਿਹੜੀ ਕਾਂਗਰਸੀ ਰਾਜ ਵਿੱਚ ਅੰਗੂਰੀ ਚਰਦੀ ਤੇ ਧਰਮ-ਨਿਰਪੱਖਤਾ ਦੇ ਓਹਲੇ ਹੇਠ ਇੱਕ ਖਾਸ ਸੋਚ ਵਾਲੇ ਲੋਕਾਂ ਨਾਲ ਸਾਂਝਾਂ ਰੱਖੀ ਜਾਂਦੀ ਸੀਗੋਆ ਵਰਗੇ ਧਰਮ-ਨਿਰਪੱਖ ਦਿੱਖ ਵਾਲੇ ਰਾਜ ਵਿੱਚ ਪਿਛਲੀ ਵਾਰੀ ਕਾਂਗਰਸ ਦੇ ਸਤਾਰਾਂ ਵਿਧਾਇਕ ਜਿੱਤੇ ਸਨ, ਚੌਦਾਂ ਜਣੇ ਭਾਜਪਾ ਦੇ ਨਾਲ ਚਲੇ ਗਏ ਅਤੇ ਤਿੰਨ ਮਸਾਂ ਇਸ ਪਾਰਟੀ ਵਿੱਚ ਟਿਕੇ ਰਹੇ ਹਨਮੱਧ ਪ੍ਰਦੇਸ਼ ਵਿੱਚੋਂ ਬਾਈ ਵਿਧਾਇਕ ਇੱਕੋ ਛੜੱਪੇ ਵਿੱਚ ਆਪਣੀ ਧਰਮ-ਨਿਰਪੱਖਤਾ ਨੂੰ ਕੂੜੇਦਾਨ ਵਿੱਚ ਸੁੱਟ ਕੇ ਭਾਜਪਾ ਵਿੱਚ ਚਲੇ ਗਏ ਸਨਇਹ ਸਭ ਸਹਿਜ-ਸੁਭਾਅ ਨਹੀਂ ਹੋ ਗਿਆ

ਅਸੀਂ ਫਿਰ ਉਸੇ ਗੱਲ ਉੱਤੇ ਆਈਏ, ਜਿੱਥੋਂ ਕਹਾਣੀ ਸ਼ੁਰੂ ਕੀਤੀ ਸੀਅੱਜ ਦਾ ਭਾਰਤ ਪਹਿਲਾਂ ਵਾਲੀ ਪਟੜੀ ਤੋਂ ਲੱਥ ਚੁੱਕਾ ਹੈ ਅਤੇ ਉਸ ਲੀਹ ਉੱਤੇ ਪੈ ਚੁੱਕਾ ਹੈ, ਜਿੱਥੇ ਧਰਮ-ਨਿਰਪੱਖਤਾ ਨੂੰ ਚਿੜਾਇਆ ਜਾਂਦਾ ਹੈਭਾਰਤੀ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕ ਉਲਟਾ ਦੂਸਰਿਆਂ ਨੂੰ ‘ਟੁਕੜੇ-ਟੁਕੜੇ ਗੈਂਗ’ ਆਖ ਕੇ ਭਾਰਤੀ ਲੋਕਾਂ ਸਾਹਮਣੇ ਬਦਨਾਮ ਅਤੇ ਗਏ-ਗੁਜ਼ਰੇ ਬਣਾ ਕੇ ਪੇਸ਼ ਕਰ ਰਹੇ ਹਨਜਿਹੜਾ ਕੋਈ ਇਨ੍ਹਾਂ ਦੇ ਨਾਲ ਖੜੋ ਕੇ ਇੱਕ ਖਾਸ ਧਰਮ ਦੀ ਰਾਜਨੀਤੀ ਵਾਲੀ ਮੁਹਾਰਨੀ ਪੜ੍ਹਨ ਲੱਗ ਜਾਵੇ, ਉਹ ਠੀਕ ਹੈ ਤੇ ਬਾਕੀ ਸਾਰੇ ਲੋਕ ਇਨ੍ਹਾਂ ਦੀ ਨਜ਼ਰ ਵਿੱਚ ‘ਟੁਕੜੇ-ਟੁਕੜੇ’ ਗੈਂਗ ਬਣ ਜਾਂਦੇ ਹਨਜੰਮੂ-ਕਸ਼ਮੀਰ ਦੇ ਫਾਰੂਕ ਅਬਦੁੱਲਾ ਤੇ ਉਸ ਦਾ ਪੁੱਤਰ ਕਿਸੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੰਤਰੀ ਬਣਾਏ ਗਏ ਸਨ, ਉਦੋਂ ਉਹ ਠੀਕ ਸਨ ਤੇ ਮਹਿਬੂਬਾ ਮੁਫਤੀ ਇਸੇ ਭਾਜਪਾ ਨਾਲ ਸਾਂਝੀ ਸਰਕਾਰ ਚਲਾਉਣ ਦੇ ਲਈ ਮੁੱਖ ਮੰਤਰੀ ਬਣੀ ਰਹੀ ਸੀ, ਉਦੋਂ ਉਹ ਵੀ ਠੀਕ ਸੀ, ਅੱਜ ਦੋਵੇਂ ‘ਟੁਕੜੇ-ਟੁਕੜੇ ਗੈਂਗ’ ਦਾ ਆਗੂ ਬਣਾ ਕੇ ਭਾਰਤ ਦੀ ਜਨਤਾ ਮੂਹਰੇ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਇਨ੍ਹਾਂ ਦੀ ਹੋਂਦ ਉਨ੍ਹਾਂ ਦੇ ਰਾਹ ਦਾ ਰੋੜਾ ਬਣਦੀ ਹੋਵੇਧਰਮ ਨਿਰਪੱਖ ਧਿਰਾਂ ਇਸਦਾ ਰਾਹ ਰੋਕਣ ਜੋਗੀਆਂ ਨਹੀਂ ਰਹਿ ਗਈਆਂਇਸ ਹਾਲਤ ਵਿੱਚ ਸਾਹਿਰ ਲੁਧਿਆਣਵੀ ਦਾ ਗੀਤ ਯਾਦ ਆਉਂਦਾ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਟੁੰਬ ਕੇ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਭਾਰਤ ਦੀ ਪ੍ਰਾਚੀਨਤਾ ਵਿੱਚੋਂ ਨਿਕਲੀ ਅਤੇ ਅੱਜ ਤਕ ਰਾਹ ਵਿਖਾਉਂਦੀ ਆਈ ਵਿਰਾਸਤ ਦੇ ਹਾਮੀ ਹਨਸਾਹਿਰ ਨੇ ਲਿਖਿਆ ਸੀ:

ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ,
ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਉਨ ਕੋ ਲਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ, ਕਹਾਂ ਹੈਂ

ਸੱਚੀ ਗੱਲ ਹੈ ਕਿ ਅੱਜ ਜਣਾ-ਖਣਾ ਆਗੂ ਬਣਿਆ ਪਿਆ ਹੈ, ਪਰ ਦੇਸ਼ ਦੀ ਵਿਰਾਸਤ ਦੀ ਸੰਭਾਲ ਲਈ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕ, ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ’, ਇਹੀ ਪਤਾ ਨਹੀਂ ਲੱਗ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2428)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author