JatinderPannu7ਸੰਸਾਰ ਰਣਨੀਤੀ ਵਿੱਚ ਸਾਰਾ ਕੁਝ ਕਿਹਾ ਨਹੀਂ ਜਾਂਦਾ, ਕਈ ਗੱਲਾਂ ਦੇ ਇਸ਼ਾਰੇ ...
(19 ਸਤੰਬਰ 2021)

 

ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜ ਨਿਕਲੀ ਨੂੰ ਅਤੇ ਤਾਲਿਬਾਨ ਦੀ ਧਾੜ ਉੱਥੇ ਕਾਬਜ਼ ਹੋਈ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈਸਾਰੇ ਸੰਸਾਰ ਵਿੱਚ ਇਸ ਤਬਦੀਲੀ ਦੀ ਧੁੰਮ ਪੈਣ ਦੇ ਨਾਲ ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਇਸ ਦੂਸ਼ਣਬਾਜ਼ੀ ਦੀ ਖੇਡ ਸ਼ੁਰੂ ਹੋ ਗਈ ਹੈ ਕਿ ਆਪਣੇ ਦੇਸ਼ ਦੀ ਵੱਧ ਬੇਇੱਜ਼ਤੀ ਕਰਾਉਣ ਦਾ ਕੌਣ ਜ਼ਿੰਮੇਵਾਰ ਹੈ ਅਤੇ ਇਹ ਖੇਡ ਵੀਹ ਸਾਲ ਪਹਿਲਾਂ ਵਰਲਡ ਟਰੇਡ ਸੈਂਟਰ ਦੀ ਘਟਨਾ ਦੇ ਦਸਤਾਵੇਜ਼ ਜਾਰੀ ਕਰਨ ਤਕ ਵੀ ਚਲੀ ਗਈ ਹੈਸਾਊਦੀ ਅਰਬ ਬਾਰੇ ਅਮਰੀਕੀ ਹਕੂਮਤ ਨੂੰ ਉਸ ਘਟਨਾ ਦੇ ਬਾਅਦ ਲਗਾਤਾਰ ਇਹ ਸ਼ੱਕ ਸੀ ਕਿ ਉਸ ਵਿੱਚ ਸ਼ਾਮਲ ਹੋਏ ਅੱਤਵਾਦੀਆਂ ਵਿੱਚੋਂ ਜਿਹੜੇ ਪਿੱਛੋਂ ਸਾਊਦੀ ਅਰਬ ਦੇ ਸਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਦੇਸ਼ ਤੋਂ ਮਦਦ ਮਿਲਦੀ ਸੀ, ਪਰ ਇਸਦੇ ਬਾਵਜੂਦ ਅਮਰੀਕਾ ਨੇ ਰਿਸ਼ਤਿਆਂ ਵਿੱਚ ਇੱਦਾਂ ਦੀ ਕੋਈ ਕੁੜੱਤਣ ਨਹੀਂ ਸੀ ਆਉਣ ਦਿੱਤੀਅਫਗਾਨਿਸਤਾਨ ਦੇ ਪੰਦਰਾਂ ਅਗਸਤ ਤੋਂ ਬਾਅਦ ਦੇ ਹਾਲਾਤ ਨੇ ਇਸ ਰਿਸ਼ਤੇਦਾਰੀ ਵਿੱਚ ਇੱਕ ਖਾਸ ਤਰ੍ਹਾਂ ਦੀ ਕੌੜ ਸ਼ੁਰੂ ਕਰ ਦਿੱਤੀ ਹੈ, ਜਿਸਦੀ ਜੜ੍ਹ ਵਰਲਡ ਟਰੇਡ ਸੈਂਟਰ ਦੀ ਘਟਨਾ ਦੇ ਦਸਤਾਵੇਜ਼ ਜਾਰੀ ਕਰਨ ਵਿੱਚੋਂ ਨਿਕਲਦੀ ਹੈ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੋਸ਼ੀਆਂ ਦੀ ਮਦਦ ਇਸ ਦੇਸ਼ ਦੇ ਕੁਝ ਡਿਪਲੋਮੇਟਾਂ ਨੇ ਕੀਤੀ ਸੀਸਿੱਧਾ ਦੋਸ਼ ਸਾਊਦੀ ਅਰਬ ਉੱਤੇ ਲਾਇਆ ਨਹੀਂ ਗਿਆ, ਪਰ ਜਿੰਨੀ ਵੀ ਗੱਲ ਵਲਾਵਾਂ ਪਾ ਕੇ ਕਹੀ ਗਈ ਹੈ, ਉਸ ਦੇ ਕਾਰਨ ਪਹਿਲਾਂ ਵਰਗੇ ਸੰਬੰਧ ਕਾਇਮ ਰਹਿਣ ਦੀ ਗੁੰਜਾਇਸ਼ ਬਹੁਤ ਘਟ ਗਈ ਹੈ

ਦੂਸਰਾ ਅਸਰ ਅਫਗਾਨਿਸਤਾਨ ਦੇ ਹਾਲਾਤ ਦਾ ਉਸ ਪਾਕਿਸਤਾਨ ਵੱਲ ਪਿਆ ਹੈ, ਜਿਹੜਾ ਪਿਛਲੇ ਵੀਹ ਸਾਲਾਂ ਤੋਂ ਇੱਕੋ ਵਕਤ ਆਪਸ ਵਿੱਚ ਲੜਦੀਆਂ ਦੋ ਧਿਰਾਂ ਅਮਰੀਕਾ ਅਤੇ ਤਾਲਿਬਾਨ ਨਾਲ ਦੋਵਾਂ ਤੋਂ ਓਹਲਾ ਰੱਖ ਕੇ ਬਹੁਤ ਚੁਸਤੀ ਵਾਲੀ ਸਾਂਝ ਨਿਭਾਉਂਦਾ ਰਿਹਾ ਸੀਉਹ ਸਮਝਦਾ ਸੀ ਕਿ ਅਮਰੀਕਾ ਵਾਲੇ ਉਸ ਨੂੰ ਤਾਲਿਬਾਨ ਦੇ ਖਿਲਾਫ ਆਪਣਾ ਸਾਥੀ ਮੰਨਦੇ ਹੋਣਗੇ ਅਤੇ ਤਾਲਿਬਾਨ ਉਸ ਨੂੰ ਅਮਰੀਕਾ ਦੀ ਬੁੱਕਲ ਦਾ ਸੱਪ ਮੰਨ ਕੇ ਆਪਣਾ ਸਾਥੀ ਸਮਝਦੇ ਹੋਣਗੇ, ਪਰ ਇਸ ਤੋਂ ਉਲਟ ਦੋਵਾਂ ਧਿਰਾਂ ਨੂੰ ਇਸ ਵਿੱਚੋਂ ਪਾਕਿਸਤਾਨ ਦੀ ਨੀਤੀ ਦਾ ਦੋਗਲਾਪਣ ਅਤੇ ਦੋਵਾਂ ਦੇ ਭੇੜ ਵਿੱਚੋਂ ਆਪਣੇ ਹਿਤਾਂ ਵਾਲੀ ਖੇਡ ਖੇਡੀ ਜਾਂਦੀ ਦਿਸ ਪਈਨਤੀਜਾ ਇਸਦਾ ਇਹ ਹੋਇਆ ਕਿ ਅਮਰੀਕਾ ਨਾਲ ਸਮਝੌਤਾ ਕਰ ਕੇ ਉਨ੍ਹਾਂ ਉਸ ਦੇਸ਼ ਵਿੱਚੋਂ ਅਮਰੀਕੀ ਫੌਜ ਨਿਕਲ ਜਾਣ ਦਾ ਮੌਕਾ ਬਣਾਇਆ ਅਤੇ ਉਸ ਦੇ ਜਾਂਦੇ ਸਾਰ ਦੇਸ਼ ਉੱਤੇ ਕਬਜ਼ਾ ਕਰਨ ਵਿੱਚ ਕੋਈ ਦੇਰੀ ਨਹੀਂ ਸੀ ਕੀਤੀਦੂਸਰੇ ਪਾਸੇ ਉਨ੍ਹਾਂ ਨੇ ਪਾਕਿਸਤਾਨੀ ਹਕੂਮਤ ਨੂੰ ਇੱਥੋਂ ਤਕ ਤਾਂ ਬਰਦਾਸ਼ਤ ਕਰ ਲਿਆ ਕਿ ਆਪਣੀ ਸਰਕਾਰ ਬਣਾਉਣ ਵਾਸਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਅਤੇ ਉੱਥੋਂ ਦੀ ਫੌਜ ਦੀਆਂ ਕੁਝ ਸੇਧਾਂ ਮੰਨ ਲਈਆਂ, ਪਰ ਭਵਿੱਖ ਦੇ ਦੁਵੱਲੇ ਕਾਰੋਬਾਰ ਜਾਂ ਦੂਸਰੇ ਦੇਸ਼ਾਂ ਨਾਲ ਦੁਵੱਲੇ ਸੰਬੰਧ ਪਾਕਿਸਤਾਨੀ ਹਾਕਮਾਂ ਦੇ ਕਹੇ ਮੁਤਾਬਕ ਰੱਖਣ ਵਾਲੀ ਗੱਲ ਨੂੰ ਅੱਖੋਂ ਪਰੋਖੇ ਕਰਨ ਲੱਗ ਪਏਉਲਟਾ ਅਸਰ ਇਹ ਪਿਆ ਕਿ ਪਾਕਿਸਤਾਨ ਦੇ ਲੋਕਾਂ ਵਿੱਚ ਵੀ ਤਾਲਿਬਾਨ ਵਾਲੀ ਸੋਚ ਭਾਰੂ ਹੋਣ ਲੱਗ ਪਈ ਤੇ ਇੱਕ ਸਰਵੇ ਅਨੁਸਾਰ ਦੋ-ਤਿਹਾਈ ਆਬਾਦੀ ਨੇ ਇਹ ਕਹਿਣ ਵਿੱਚ ਦੇਰ ਨਹੀਂ ਲਾਈ ਕਿ ਇੱਥੇ ਵੀ ਤਾਲਿਬਾਨ ਵਰਗਾ ਇਸਲਾਮੀ ਰਾਜ ਚਾਹੀਦਾ ਹੈਪਾਕਿਸਤਾਨ ਦੇ ਹਾਕਮ ਨਵੀਂ ਸਥਿਤੀ ਤੋਂ ਅੰਦਰੋਂ-ਅੰਦਰੀ ਘਬਰਾਹਟ ਵਿੱਚ ਹਨ ਅਤੇ ਉੱਥੇ ਇੱਦਾਂ ਦੀ ਉਠਾਣ ਦਾ ਸੰਕੇਤ ਤਹਿਰੀਕ-ਇ-ਲਬੈਕ ਵਰਗੀ ਕੱਟੜਪੰਥੀ ਧਿਰ ਵੱਲੋਂ ਸਰਕਾਰ ਵਿਰੁੱਧ ਧਰਨੇ ਮਾਰ ਕੇ ਉਸ ਨੂੰ ਆਪਣੀਆਂ ਗੱਲਾਂ ਮਨਾਉਣ ਦੇ ਨਾਲ ਉਨ੍ਹਾਂ ਨੂੰ ਮਿਲ ਚੁੱਕਾ ਹੈ ਇਸਦੇ ਬਾਅਦ ਪਾਕਿਸਤਾਨ ਦਾ ਹਰ ਆਗੂ ਸੋਚ-ਸੋਚ ਕੇ ਬੋਲਦਾ ਪਿਆ ਹੈਅਗਲਾ ਸਮਾਂ ਉਸ ਦੇਸ਼ ਵਿੱਚ ਕਿੱਦਾਂ ਦਾ ਹੋਵੇਗਾ, ਹਾਲ ਦੀ ਘੜੀ ਪਾਕਿਸਤਾਨ ਦੀ ਸਰਕਾਰ ਤੇ ਸਿਆਸਤ ਦੇ ਧੁਰੰਤਰ ਵੀ ਨਹੀਂ ਜਾਣ ਸਕਦੇ, ਪਰ ਹਾਲਾਤ ਦੀ ਚੀਰ-ਪਾੜ ਕਰਨ ਵਾਲੇ ਸੰਸਾਰ ਪੱਧਰ ਦੇ ਮਾਹਰ ਕਹਿੰਦੇ ਹਨ ਕਿ ਭਵਿੱਖ ਚੰਗੇ ਸੰਕੇਤ ਨਹੀਂ ਦੇ ਰਿਹਾ

ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਤੇ ਉਸ ਤੋਂ ਬਾਅਦ ਅਮਰੀਕਾ ਅਤੇ ਸਾਊਦੀ ਅਰਬ ਜਾਂ ਪਾਕਿਸਤਾਨ ਦੇ ਅੰਦਰ ਵਾਲੇ ਹਾਲਾਤ ਦਾ ਅਸਰ ਭਾਰਤ ਉੱਤੇ ਵੀ ਪੈਣ ਦੇ ਸੰਕੇਤ ਵੀ ਮਿਲਣ ਲੱਗੇ ਹਨਅਮਰੀਕੀ ਸਰਕਾਰ ਨੇ ਆਪਣੀ ਫੌਜ ਅਫਗਾਨਿਸਤਾਨ ਤੋਂ ਨਿਕਲਣ ਪਿੱਛੋਂ ਇੱਕ ਮਹੀਨਾ ਵੀ ਨਹੀਂ ਛੱਡਿਆ ਤੇ ਆਸਟਰੇਲੀਆ ਅਤੇ ਬ੍ਰਿਟੇਨ ਨਾਲ ਮਿਲ ਕੇ ਇੱਕ ‘ਆਸਟਰੇਲੀਆ, ਬ੍ਰਿਟੇਨ, ਅਮਰੀਕਾ’ (ਏ, ਯੂ ਕੇ, ਯੂ ਐੱਸ ਜਾਂ ਆਕੱਸ) ਵਾਲਾ ਗੱਠਜੋੜ ਬਣਾ ਲਿਆ ਹੈ ਇਸਦੇ ਪਿੱਛੇ ਲੁਕੀ ਹੋਈ ਨੀਤੀ ਭਾਰਤ ਨੂੰ ਵੇਲੇ ਸਿਰ ਵੇਖਣੀ ਚਾਹੀਦੀ ਹੈਮਿਲੀਆਂ ਖਬਰਾਂ ਦੇ ਮੁਤਾਬਕ ਨਵਾਂ ਗੱਠਜੋੜ ਇੰਡੋ-ਪੈਸੇਫਿਕ ਰੀਜਨ ਵਿੱਚ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਬਣਿਆ ਹੈ, ਪਰ ਬਹੁਤ ਲੰਮੇ ਇੰਡੋ-ਪੈਸੇਫਿਕ ਖੇਤਰ ਵਿੱਚੋਂ ਇਸਦੀ ਬਹੁਤੀ ਨੀਤੀ ਸੈਂਟਰਲ ਇੰਡੋ-ਪੈਸੇਫਿਕ ਤਕ ਸੀਮਤ ਰੱਖਣ ਦੀ ਨੀਤ ਜਾਪਦੀ ਹੈਭਾਰਤ-ਅਮਰੀਕਾ ਦੇ ਸੰਬੰਧ ਇਸ ਵਕਤ ਉਸ ਤੋਂ ਵੱਧ ਨਿੱਘੇ ਨਜ਼ਰ ਆ ਰਹੇ ਹਨ, ਜਿੰਨੇ ਕਿਸੇ ਵਕਤ ਭਾਰਤ ਤੇ ਰੂਸ ਵਿਚਾਲੇ ਹੁੰਦੇ ਸਨ ਉਦੋਂ ਰੂਸ ਤੇ ਭਾਰਤ ਦਾ ਜੰਗੀ ਸਮਝੌਤਾ ਹੋਣ ਕਾਰਨ ਜਦੋਂ ਬੰਗਲਾ ਦੇਸ਼ ਦੀ ਲੜਾਈ ਵਿੱਚ ਭਾਰਤ ਕੁੱਦਿਆ ਤਾਂ ਅਮਰੀਕਾ ਦਾ ਜੰਗੀ ਬੇੜਾ ਪਾਕਿਸਤਾਨੀ ਫੌਜ ਦੀ ਮਦਦ ਵਾਸਤੇ ਤੁਰਦਾ ਵੇਖਦੇ ਸਾਰ ਸੋਵੀਅਤ ਰੂਸ ਨੇ ਭਾਰਤ ਦੀ ਮਦਦ ਲਈ ਆਪਣਾ ਬੇੜਾ ਅਗਲਵਾਂਢੀ ਰਾਹ ਰੋਕਣ ਵਾਸਤੇ ਠੇਲ੍ਹ ਦਿੱਤਾ ਸੀ ਅਤੇ ਅਮਰੀਕਾ ਵਾਲੇ ਭਾਰਤ ਤੋਂ ਡਰ ਕੇ ਨਹੀਂ, ਰੂਸ ਨਾਲ ਪੇਚਾ ਪੈਂਦਾ ਟਾਲਣ ਲਈ ਪਿੱਛੇ ਮੁੜ ਗਏ ਸਨ ਉਦੋਂ ਦੀ ਕਹਾਣੀ ਅੱਜ ਇੰਨੀ ਬਦਲ ਗਈ ਹੈ ਕਿ ਉਸ ਵਿੱਚ ਜਿਹੜੀ ਥਾਂ ਰੂਸ ਲਿਖਿਆ ਹੁੰਦਾ ਸੀ, ਅੱਜ ਉੱਥੇ ਅਮਰੀਕਾ ਲਿਖਿਆ ਦਿਸਣ ਲੱਗ ਪਿਆ ਹੈਇਹੋ ਗੱਲ ਅਫਗਾਨਿਸਤਾਨ ਵਿਚਲੀ ਸੱਤਾ ਤਬਦੀਲੀ ਤੋਂ ਬਾਅਦ ਭਾਰਤ ਦੇ ਲੋਕਾਂ ਵਾਸਤੇ ਚਿੰਤਾ ਵਾਲੀ ਹੋ ਸਕਦੀ ਹੈ, ਪਰ ਭਾਰਤ ਦੀ ਸਰਕਾਰ ਇਹੋ ਜਿਹੀ ਚਿੰਤਾ ਵੱਲ ਕਿਸੇ ਦਾ ਧਿਆਨ ਨਾ ਜਾਣ ਦੇਣ ਲਈ ਨਿੱਤ ਦਿਨ ਦੂਸਰੇ ਮੁੱਦੇ ਉਛਾਲਣ ਲੱਗੀ ਰਹਿੰਦੀ ਹੈਬਹੁਤ ਘੱਟ ਲੋਕ ਇਹ ਗੱਲ ਸਮਝਦੇ ਹਨ ਕਿ ਪਾਕਿਸਤਾਨ ਨਾਲ ਨੇੜਲੇ ਸੰਬੰਧ ਟੁੱਟ ਜਾਣ ਮਗਰੋਂ ਅਮਰੀਕਾ ਵਾਲੇ ਜਿਨ੍ਹਾਂ ਲੋੜਾਂ ਲਈ ਅਜੇ ਤਕ ਪਾਕਿਸਤਾਨ ਨੂੰ ਵਰਤਦੇ ਹੁੰਦੇ ਸਨ, ਉਨ੍ਹਾਂ ਲੋੜਾਂ ਦੀ ਪੂਰਤੀ ਲਈ ਅਗਲੇ ਸਮੇਂ ਵਿੱਚ ਭਾਰਤ ਨੂੰ ਵਰਤਣ ਵਾਲੇ ਹਾਲਾਤ ਚੁੱਪ-ਚੁਪੀਤੇ ਬਣਾਈ ਬੈਠੇ ਜਾਪਦੇ ਹਨਇਹ ਗੱਲ ਸਾਡੇ ਲੋਕਾਂ ਨੂੰ ਸਮਝਣੀ ਪੈ ਸਕਦੀ ਹੈ

ਪਿਛਲੇ ਦਿਨਾਂ ਵਿੱਚ ਭਾਰਤ ਦੇ ਕੁਝ ਹਾਈਵੇਜ਼ ਨੂੰ ਐਮਰਜੈਂਸੀ ਲੋੜਾਂ ਲਈ ਹਵਾਈ ਜਹਾਜ਼ ਉਤਾਰਨ ਜੋਗੇ ਰੰਨਵੇ ਬਣਾ ਦੇਣ ਦੀਆਂ ਕਈ ਖਬਰਾਂ ਅਸੀਂ ਲੋਕਾਂ ਨੇ ਸੁਣੀਆਂ ਅਤੇ ਪੜ੍ਹੀਆਂ ਸਨਹਾਈਵੇਜ਼ ਨੂੰ ਰੰਨਵੇ ਵਰਗਾ ਬਣਾਉਣ ਵਾਲਾ ਕੰਮ ਕੋਈ ਇਸੇ ਸਾਲ ਨਹੀਂ ਹੋਇਆ, ਇਸਦੀ ਸ਼ੁਰੂਆਤ ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਸਿੰਘ ਦੀ ਸਰਕਾਰ ਦੌਰਾਨ ਹੀ ਹੋ ਗਈ ਸੀ ਅਤੇ ਇੱਦਾਂ ਦੇ ਪਹਿਲੇ ਰੰਨਵੇ ਦੀ ਟੈੱਸਟਿੰਗ ਵੇਲੇ ਉਹ ਸਮਾਗਮ ਦਾ ਮੁੱਖ ਮਹਿਮਾਨ ਬਣਿਆ ਸੀ, ਪਰ ਭਾਰਤ ਦੇ ਲੋਕਾਂ ਨੂੰ ਉਦੋਂ ਤਕ ਵਿਚਲੀ ਗੱਲ ਦਾ ਅਹਿਸਾਸ ਨਹੀਂ ਸੀ ਹੋ ਰਿਹਾਅੱਜਕੱਲ੍ਹ ਜਦੋਂ ਕਿਸੇ ਥਾਂ ਇੱਦਾਂ ਦੇ ਹਾਈਵੇਜ਼ ਨੂੰ ਐਮਰਜੈਂਸੀ ਰੰਨਵੇ ਵਾਂਗ ਵਰਤਣ ਦੇ ਯੋਗ ਬਣਾਇਆ ਅਤੇ ਪਰਚਾਰਿਆ ਜਾਂਦਾ ਹੈ ਤਾਂ ਨਾਲ ਹੀ ਸਰਕਾਰ ਪੱਖੀ ਚੈਨਲਾਂ ਦੇ ਐਂਕਰ ਇਹ ਗੱਲ ਮੁੜ-ਮੁੜ ਆਖਦੇ ਹਨ ਕਿ ਭਾਰਤ ਦੇ ਇਹ ਐਮਰਜੈਂਸੀ ਰੰਨਵੇ ਅਮਰੀਕਾ ਦੇ ਉਨ੍ਹਾਂ ਹਾਈਵੇਜ਼ ਵਰਗੇ ਬਣੇ ਹਨ, ਜਿਨ੍ਹਾਂ ਉੱਤੇ ਅਮਰੀਕੀ ਹਵਾਈ ਫੌਜ ਦੇ ਜਹਾਜ਼ ਕਿਸੇ ਵੇਲੇ ਵੀ ਉੱਤਰ ਸਕਦੇ ਹਨਇਹ ਜ਼ਿਕਰ ਸੁੱਤੇ ਸਿੱਧ ਨਹੀਂ ਹੁੰਦਾ, ਇਸਦੇ ਪਿੱਛੇ ਲੋਕਾਂ ਨੂੰ ਇੱਕ ਤਰ੍ਹਾਂ ਮਾਨਸਿਕ ਤੌਰ ਉੱਤੇ ਤਿਆਰ ਕਰਨ ਦੀ ਖੇਡ ਹੈ, ਤਾਂ ਕਿ ਭਲਕ ਨੂੰ ਜਦੋਂ ਕਿਤੇ ਇਹੋ ਜਿਹੇ ਜਹਾਜ਼ ਸੜਕਾਂ ਉੱਤੇ ਉਤਾਰਨ ਦੀ ਘੜੀ ਆਵੇ ਤਾਂ ਲੋਕਾਂ ਦੀ ਸੋਚ ਨੂੰ ਝਟਕਾ ਨਾ ਲੱਗੇ

ਉੱਨੀਵੀਂ ਸਦੀ ਦੇ ਅੰਤ ਵਿੱਚ ਜਦੋਂ ਕੁਝ ਪੱਛਮੀ ਦੇਸ਼ਾਂ ਵਿੱਚ ਸੜਕਾਂ ਨੂੰ ਚੌੜੀਆਂ ਕਰਨ ਤੇ ਨਾਲੋ ਨਾਲ ਰਾਹਾਂ ਵਿੱਚ ਕੁਝ ਦੇਰ ਪੜਾਅ ਕਰਨ ਦੇ ਟਿਕਾਣੇ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਰਣਨੀਤਕ ਮਾਹਰਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਕਿਸੇ ਵੱਡੀ ਜੰਗ ਦੀਆਂ ਤਿਆਰੀਆਂ ਹੁੰਦੀਆਂ ਜਾਪਦੀਆਂ ਹਨਬਾਅਦ ਵਿੱਚ ਦੋ ਇੱਦਾਂ ਦੀਆਂ ਸੰਸਾਰ ਜੰਗਾਂ ਲੱਗਣ ਦੀ ਬਦਕਿਸਮਤ ਘੜੀ ਆ ਗਈ ਸੀ, ਜਿਨ੍ਹਾਂ ਬਾਰੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਅਫਗਾਨਿਸਤਾਨ ਵਿਚਲੀ ਸੱਤਾ ਤਬਦੀਲੀ ਤੋਂ ਬਾਅਦ ਅਮਰੀਕਾ ਦਾ ਪਾਕਿਸਤਾਨ ਨੂੰ ਇੱਕਦਮ ਛੰਡ ਕੇ ਪਿਛਾਂਹ ਕਰਨਾ ਅਤੇ ਸਾਊਦੀ ਅਰਬ ਤੋਂ ਆਪਣੀ ਨਿਗਾਹ ਘੁਮਾ ਕੇ ਅਚਾਨਕ ਆਸਟਰੇਲੀਆ ਅਤੇ ਬ੍ਰਿਟੇਨ ਨਾਲ ਮਿਲ ਕੇ ਨਵਾਂ ‘ਆਕੱਸ’ ਵਾਲਾ ਗੱਠਜੋੜ ਬਣਾ ਲੈਣਾ ਕੁਝ ਖਾਸ ਇਸ਼ਾਰੇ ਕਰ ਸਕਦਾ ਹੈਸੰਸਾਰ ਰਣਨੀਤੀ ਵਿੱਚ ਸਾਰਾ ਕੁਝ ਕਿਹਾ ਨਹੀਂ ਜਾਂਦਾ, ਕਈ ਗੱਲਾਂ ਦੇ ਇਸ਼ਾਰੇ ਸਮਝਣੇ ਪੈਂਦੇ ਹਨ ਅਤੇ ਇਸ ਵਕਤ ਵੀ ਸੰਸਾਰ ਦੀ ਰਣਨੀਤੀ ਕੁਝ ਇਸ਼ਾਰੇ ਜਿਹੇ ਕਰਦੀ ਜਾਪਦੀ ਹੈ

**** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3016)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author