JatinderPannu7ਅਗਲੀਆਂ ਲੋਕ ਸਭਾ ਚੋਣਾਂ ਵਿੱਚ ਮਸਾਂ ਦੋ ਸਾਲ ਬਾਕੀ ਰਹਿੰਦੇ ਤੋਂ ਜਿਹੜੇ ਹਾਲਾਤ ਬਣਦੇ ਜਾਪਦੇ ਹਨ ...
(22 ਮਈ 2022)
ਮਹਿਮਾਨ: 602.


ਇਸ ਵਕਤ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਦੋ ਸਾਲਾਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ
, ਸਾਡਾ ਪੰਜਾਬ ਅਸਲੋਂ ਨਵੇਂ ਸਿਆਸੀ ਹਾਲਾਤ ਵੱਲ ਵਧਣ ਦੀ ਝਲਕ ਦੇਂਦਾ ਜਾਪਦਾ ਹੈਅਗਲੀਆਂ ਲੋਕ ਸਭਾ ਚੋਣਾਂ ਤੱਕ ਆਮ ਆਦਮੀ ਪਾਰਟੀ ਅੱਜ ਵਾਲੀ ਹੀ ਰਹੇਗੀ, ਜਾਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਹੋਵੇਗੀ, ਇਸਦੀ ਕੋਈ ਝਲਕ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਹੀ, ਪਰ ਹਾਲਾਤ ਕਦੋਂ ਕਿਹੜਾ ਵਹਿਣ ਲੱਭ ਲੈਣ, ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ, ਜਦ ਕਿ ਬਾਕੀ ਸਾਰੀਆਂ ਮੁੱਖ ਸਿਆਸੀ ਧਿਰਾਂ ਵਿੱਚ ਹਾਲਾਤ ਰੰਗ ਵਟਾ ਰਹੇ ਹਨਅਜੇ ਇਹ ਕਹਿਣ ਦਾ ਸਮਾਂ ਨਹੀਂ ਕਿ ਅਕਾਲੀ ਦਲ ਦੀ ਲੀਡਰਸ਼ਿੱਪ ਅੱਜ ਵਾਲੀ ਰਹੇਗੀ ਜਾਂ ਹੋਰ ਹੱਥਾਂ ਵਿੱਚ ਚਲੀ ਜਾਵੇਗੀ ਤੇ ਜਾਵੇਗੀ ਤਾਂ ਕਿਹੜੇ ਹੱਥਾਂ ਵਿੱਚ ਜਾਵੇਗੀ, ਪਰ ਕਾਂਗਰਸ ਤੇ ਭਾਜਪਾ ਬਾਰੇ ਬਹੁਤ ਕੁਝ ਮਹਿਸੂਸ ਕੀਤਾ ਜਾਣ ਲੱਗ ਪਿਆ ਹੈਅਗਲੇ ਦੋ ਸਾਲਾਂ ਤੱਕ ਇਨ੍ਹਾਂ ਦੋਵਾਂ ਪਾਰਟੀਆਂ ਦੀ ਲੀਡਰਸ਼ਿੱਪ ਵਿੱਚ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਸਕਦਾ ਹੈ

ਅਕਾਲੀ ਪਾਰਟੀ ਦਾ ਹਾਲ ਓਦਾਂ ਦਾ ਹੈ, ਜਿੱਦਾਂ ਦਾ ਕਾਮਰੇਡਾਂ ਦੇ ਰਾਜ ਵਾਲੇ ਰੂਸ ਵਿੱਚ ਹੁੰਦਾ ਸੀਇੱਕ ਬਹੁਤ ਸੀਨੀਅਰ ਕਮਿਊਨਿਸਟ ਆਗੂ ਨੇ ਇੱਕ ਵਾਰ ਲਿਖਿਆ ਸੀ ਕਿ ਕਾਮਰੇਡ ਸਟਾਲਿਨ ਦੀ ਮੌਤ ਮਗਰੋਂ ਜਦੋਂ ਖਰੁਸ਼ਚੋਵ ਦੇ ਹੱਥ ਸਾਰੀ ਤਾਕਤ ਆਈ ਤਾਂ ਉਸ ਨੇ ਪਾਰਟੀ ਦੀ ਸੈਂਟਰਲ ਕਮੇਟੀ ਵਿੱਚ ਸਟਾਲਿਨ ਦੇ ਖਿਲਾਫ ਧੂੰਆਂਧਾਰ ਤਕਰੀਰ ਕਰ ਕੇ ਉਸ ਨੂੰ ਭੰਡਣ ਦੀ ਸਿਖਰ ਕਰ ਦਿੱਤੀਭਾਸ਼ਣ ਦੌਰਾਨ ਕਿਸੇ ਨੇ ਉਸ ਨੂੰ ਇੱਕ ਚਿੱਟ ਭੇਜ ਦਿੱਤੀ ਕਿ ਅੱਜ ਤੂੰ ਉਸ ਦੇ ਖਿਲਾਫ ਬੋਲੀ ਜਾਂਦਾ ਹੈਂ, ਉਸ ਦੇ ਹੁੰਦਿਆਂ ਕਿਉਂ ਨਹੀਂ ਸੀ ਬੋਲਦਾ? ਉਸ ਨੇ ਚਿੱਟ ਪੜ੍ਹ ਕੇ ਸੁਣਾਈ ਤੇ ਉੱਚੀ ਆਵਾਜ਼ ਵਿੱਚ ਪੁੱਛਿਆ: ਆਹ ਚਿੱਟ ਕੀਹਨੇ ਭੇਜੀ ਹੈ? ਕੋਈ ਨਹੀਂ ਸੀ ਬੋਲਿਆਉਸ ਨੇ ਕਿਹਾ ਕਿ ਜਿਸ ਬੰਦੇ ਨੇ ਚਿੱਟ ਭੇਜੀ ਹੈ, ਜਿਵੇਂ ਮੈਥੋਂ ਡਰਦਾ ਅੱਜ ਉਹ ਨਹੀਂ ਬੋਲ ਰਿਹਾ, ਸਟਾਲਿਨ ਦੇ ਜਿਉਂਦੇ ਜੀਅ ਮੈਂ ਵੀ ਉਸ ਅੱਗੇ ਬੋਲਦਾ ਨਹੀਂ ਸੀ ਹੁੰਦਾ, ਕਿਉਂਕਿ ਮੈਨੂੰ ਵੀ ਉਹੀ ਡਰ ਲੱਗਦਾ ਸੀ, ਜਿਹੜਾ ਅੱਜ ਤੁਹਾਨੂੰ ਲੱਗਦਾ ਹੈਰੂਸ ਵਿੱਚ ਕਮਿਊਨਿਸਟ ਸਰਕਾਰ ਦਾ ਭੋਗ ਪਾਉਣ ਦੀ ਹਿਮਾਇਤ ਕਰਨ ਵਾਲੇ ਉਸ ਲੀਡਰ ਨੇ ਪਤਾ ਨਹੀਂ ਇਹ ਗੱਲ ਖੁਦ ਘੜ ਕੇ ਲਿਖੀ ਸੀ ਕਿ ਸੱਚ ਸੀ, ਪਰ ਅੱਜ ਦੀ ਅਕਾਲੀ ਪਾਰਟੀ ਵਿੱਚ ਵੀ ਬਹੁਤ ਸਾਰੇ ਆਗੂ ਆਸੇ ਪਾਸੇ ਬੋਲ ਰਹੇ ਹੋਣ ਤਾਂ ਆਪਣੀ ਲੀਡਰਸ਼ਿੱਪ ਬਾਰੇ ਉਹ ਕੁਝ ਬੋਲੀ ਜਾਂਦੇ ਹਨ ਕਿ ਸੁਣਿਆ ਨਹੀਂ ਜਾਂਦਾ, ਪਰ ਜਦੋਂ ਜਨਤਕ ਤੌਰ ਉੱਤੇ ਬੋਲਣ ਤਾਂ ਉਸੇ ਲੀਡਰਸ਼ਿੱਪ ਦੇ ਨਾਂ ਨਾਲ ਇੰਨੇ ਸਤਿਕਾਰਤ ਅਲੰਕਾਰ ਜੋੜ ਕੇ ਬੋਲਦੇ ਹਨ ਕਿ ਉਸ ਨਾਲ ਦੀ ਲੀਡਰਸ਼ਿੱਪ ਹੀ ਕਿਸੇ ਕੋਲ ਨਹੀਂ ਹੋਣੀਇਸ ਲਈ ਇਹ ਗੱਲ ਕਹਿਣੀ ਔਖੀ ਹੈ ਕਿ ਇਸ ਪਾਰਟੀ ਵਿੱਚ ਇਹ ਮਾਹੌਲ ਕਦੋਂ ਤੱਕ ਚੱਲੇਗਾ ਅਤੇ ਜਿਹੜੇ ਲੀਡਰ ਆਸੇ ਪਾਸੇ ਬੋਲਦੇ ਹਨ, ਕਦੀ ਇਹੋ ਗੱਲਾਂ ਲੋਕਾਂ ਸਾਹਮਣੇ ਕਹਿਣ ਜੋਗੇ ਹੋਣਗੇ ਕਿ ਨਹੀਂ, ਇਹ ਸਿਰਫ ਉਨ੍ਹਾਂ ਨੂੰ ਪਤਾ ਹੋਵੇਗਾ

ਦੂਸਰੇ ਪਾਸੇ ਕਾਂਗਰਸ ਦੇ ਅੱਜ ਵਾਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਹਿਲਾਂ ਪਾਰਟੀ ਦੀ ਅਗਵਾਈ ਕਰ ਚੁੱਕੇ ਤਿੰਨੇ ਆਗੂ ਇਸ ਪਾਰਟੀ ਕੋਲ ਨਹੀਂ ਰਹਿ ਗਏਜਿਹੜੇ ਨਵਜੋਤ ਸਿੰਘ ਸਿੱਧੂ ਤੋਂ ਪ੍ਰਧਾਨਗੀ ਛੁਡਾ ਕੇ ਰਾਜਾ ਵੜਿੰਗ ਨੂੰ ਦਿੱਤੀ ਸੀ, ਉਹ ਜੇਲ੍ਹ ਵਿੱਚ ਚਲਾ ਗਿਆ ਹੈਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਸੁਨੀਲ ਜਾਖੜ ਨੂੰ ਪਾਸੇ ਧੱਕਿਆ ਗਿਆ, ਉਹ ਨਿੱਤ ਦਿਨ ਹੁੰਦੀ ਰਹਿੰਦੀ ਬੇਇੱਜ਼ਤੀ ਤੋਂ ਅੱਕ ਕੇ ਆਖਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈਸੁਨੀਲ ਜਾਖੜ ਦੇ ਬਾਪ ਬਲਰਾਮ ਜਾਖੜ ਨੇ ਭਾਜਪਾ ਬਣਨ ਤੋਂ ਪਹਿਲਾਂ ਜਨ ਸੰਘ ਦੇ ਸਮਿਆਂ ਤੋਂ ਇਸ ਪਾਰਟੀ ਦਾ ਲਗਾਤਾਰ ਵਿਰੋਧ ਕੀਤਾ ਹੋਇਆ ਸੀ ਅਤੇ ਫਿਰ ਅੱਧੀ ਸਦੀ ਖੁਦ ਸੁਨੀਲ ਜਾਖੜ ਨੇ ਕੀਤਾ ਸੀਆਖਰ ਉਹ ਉਸ ਪਾਰਟੀ ਵਿੱਚ ਜਾਣ ਨੂੰ ਮਜਬੂਰ ਹੋ ਗਿਆਜਦੋਂ ਸੁਨੀਲ ਜਾਖੜ ਖੁਦ ਪ੍ਰਧਾਨ ਬਣਿਆ ਸੀ ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਕਰ ਕੇ ਪੰਜਾਬ ਕਾਂਗਰਸ ਦੀ ਪ੍ਰਧਾਨੀ ਛੱਡੀ ਸੀ, ਉਹ ਵੱਖਰੀ ਪਾਰਟੀ ਬਣਾ ਕੇ ਉਸ ਦਾ ਲੀਡਰ ਬਣ ਚੁੱਕਾ ਹੈ ਅਤੇ ਕਾਂਗਰਸ ਅਸਲੋਂ ਨਵੇਂ ਆਗੂਆਂ ਦੇ ਹੱਥ ਵਿੱਚ ਹੈਜਿਹੜੇ ਲੋਕ ਅੱਜ ਇਸ ਪਾਰਟੀ ਦੀ ਅਗਵਾਈ ਸੰਭਾਲ ਰਹੇ ਹਨ, ਉਹ ਸਾਰੇ ਵੀ ਆਪਸ ਵਿੱਚ ਮਿਲ ਕੇ ਚੱਲਣ ਜੋਗੇ ਨਹੀਂ ਅਤੇ ਰੋਜ਼ ਕਿਸੇ ਨਾ ਕਿਸੇ ਥਾਂ ਬੈਠਕਾਂ ਵਿੱਚ ਉਨ੍ਹਾਂ ਦੇ ਸਮੱਰਥਕਾਂ ਦੇ ਪੱਗੋ-ਹੱਥੀ ਹੋਣ ਦੀਆਂ ਖਬਰਾਂ ਆ ਰਹੀਆਂ ਹਨਇਸ ਤੋਂ ਜਾਪਦਾ ਨਹੀਂ ਕਿ ਇਹ ਪਾਰਟੀ ਅਗਲੀਆਂ ਚੋਣਾਂ ਲਈ ਤਿਆਰੀ ਕਰਦੀ ਪਈ ਹੈ, ਸਗੋਂ ਇੰਜ ਜਾਪਦਾ ਹੈ ਕਿ ਪਾਰਟੀ ਅੰਦਰਲਾ ਆਪਸੀ ਰੱਫੜ ਅਜੇ ਹੋਰ ਚੰਦ ਚਾੜ੍ਹ ਸਕਦਾ ਹੈ ਤੇ ਹੋਰ ਦੋ ਸਾਲਾਂ ਨੂੰ ਲੋਕ ਸਭਾ ਚੋਣਾਂ ਤੱਕ ਇਹ ਹੋਰ ਦੀ ਹੋਰ ਰੰਗ ਵਿੱਚ ਦਿਸ ਸਕਦੀ ਹੈਇਨ੍ਹਾਂ ਹਾਲਾਤ ਵਿੱਚ ਇਹ ਪਾਰਟੀ ਕਿੱਦਾਂ ਦੀ ਜਾਂ ਕਿੰਨੇ ਜੋਗੀ ਹੋਵੇਗੀ, ਹਾਲ ਦੀ ਘੜੀ ਕਹਿਣਾ ਔਖਾ ਹੈ

ਸਭਨਾਂ ਤੋਂ ਤਿੱਖੀ ਤੋਰ ਭਾਜਪਾ ਦੀ ਕੇਂਦਰੀ ਕਮਾਂਡ ਚੱਲਦੀ ਜਾਪਦੀ ਹੈਉਸ ਦੀਆਂ ਨੀਤੀਆਂ ਵਿੱਚ ਭਾਰਤੀ ਲੋਕਾਂ ਦੀ ਬਹੁਗਿਣਤੀ ਦੀਆਂ ਭਾਵਨਾਵਾਂ ਦਾ ਲਾਭ ਲੈਣ ਦਾ ਕੇਂਦਰੀ ਨੁਕਤਾ ਤਾਂ ਮੌਜੂਦ ਹੈ, ਪਰ ਪਾਰਟੀ ਦਾ ਘੇਰਾ ਵੱਡਾ ਕਰਨ ਵਾਸਤੇ ਉਹ ਪੁਰਾਣੇ-ਪਰਖੇ ਲੀਡਰ ਮੂਹਰੇ ਲਾਈ ਜਾਣ ਦੀ ਨੀਤੀ ਨਾਲ ਬੱਝੀ ਨਹੀਂ ਰਹੀਆਸਾਮ ਦਾ ਮੁੱਖ ਮੰਤਰੀ ਸਾਲ 2015 ਤੱਕ ਕਾਂਗਰਸ ਦਾ ਆਗੂ ਤੇ ਉਸ ਰਾਜ ਦਾ ਮੰਤਰੀ ਰਹਿ ਚੁੱਕਾ ਸੀ, ਅਗਲੇ ਸਾਲ ਓਥੇ ਬਣਨ ਵਾਲੀ ਭਾਜਪਾ ਦੀ ਪਹਿਲੀ ਸਰਕਾਰ ਦਾ ਮੰਤਰੀ ਬਣਿਆ ਅਤੇ ਪੰਜ ਸਾਲਾਂ ਪਿੱਛੋਂ ਭਾਜਪਾ ਵੱਲੋਂ ਮੁੱਖ ਮੰਤਰੀ ਬਣ ਗਿਆ ਸੀਅਰੁਣਾਚਲ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਸਤੰਬਰ 2016 ਤੱਕ ਕਾਂਗਰਸੀ ਹੁੰਦਾ ਸੀ ਤੇ ਭਾਜਪਾ ਵਿੱਚ ਆਉਣ ਪਿੱਛੋਂ ਦਸੰਬਰ 2016 ਤੋਂ ਭਾਜਪਾ ਵੱਲੋਂ ਮੁੱਖ ਮੰਤਰੀ ਬਣਿਆ ਪਿਆ ਹੈਕਰਨਾਟਕ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਜਨਤਾ ਦਲ ਤੋਂ ਆਇਆ ਸੀ ਤੇ ਕੁਝ ਸਮਾਂ ਮੰਤਰੀ ਰਹਿਣ ਦੇ ਬਾਅਦ ਅੱਜਕੱਲ੍ਹ ਪਾਰਟੀ ਦਾ ਮੁੱਖ ਮੰਤਰੀ ਹੈਮਨੀਪੁਰ ਵਿੱਚ ਭਾਜਪਾ ਮੁੱਖ ਮੰਤਰੀ ਨਾਗਥੌਂਬਮ ਬੀਰੇਨ ਸਿੰਘ ਅਕਤੂਬਰ 2016 ਤੱਕ ਕਾਂਗਰਸ ਸਰਕਾਰ ਦਾ ਮੰਤਰੀ ਹੁੰਦਾ ਸੀ, ਭਾਜਪਾ ਵਿੱਚ ਜਾਣ ਤੋਂ ਪੰਜ ਮਹੀਨੇ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪਿੱਛੋਂ ਭਾਜਪਾ ਨੇ ਮੁੱਖ ਮੰਤਰੀ ਬਣਾ ਦਿੱਤਾਮੇਘਾਲਿਆ ਵਿੱਚ ਮੁੱਖ ਮੰਤਰੀ ਕੋਨਰਾਡ ਸੰਗਮਾ ਪੁਰਾਣੇ ਕਾਂਗਰਸ ਆਗੂ ਪੂਰਨੋ ਸੰਗਮਾ ਦਾ ਪੁੱਤਰ ਹੈ, ਜਿਸ ਨੇ ਸੋਨੀਆ ਗਾਂਧੀ ਦੀ ਲੀਡਰੀ ਵਿਰੁੱਧ ਰੋਸ ਵਜੋਂ ਕਾਂਗਰਸ ਛੱਡੀ ਸੀਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਭਾਜਪਾ ਦਾ ਆਗੂ ਅਤੇ ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਸੁਵੇਂਦੂ ਅਧਿਕਾਰੀ ਪਿਛਲੇ ਸਾਲ ਅਸੈਂਬਲੀ ਚੋਣਾਂ ਹੋਣ ਤੱਕ ਤ੍ਰਿਣਮੂਲ ਕਾਂਗਰਸ ਵਿੱਚ ਸੀਸਾਫ ਹੈ ਕਿ ਭਾਜਪਾ ਨੂੰ ਕਿਸੇ ਵੀ ਨਵੇਂ ਆਏ ਲੀਡਰ ਦੇ ਰਾਜਸੀ ਪਿਛੋਕੜ ਨਾਲ ਕੋਈ ਮਤਲਬ ਨਹੀਂ ਰਿਹਾ

ਪੰਜਾਬ ਵਿੱਚ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ਤੱਕ ਪਾਰਟੀ ਦੀ ਮੌਜੂਦਾ ਲੀਡਰਸ਼ਿੱਪ ਨੂੰ ਲਾਂਭੇ ਕਰਨ ਤੇ ਉਸ ਦੀ ਥਾਂ ਧੜੱਲੇਦਾਰ ਲੀਡਰਸ਼ਿੱਪ ਖੜ੍ਹੀ ਕਰਨ ਲਈ ਚਿਰਾਂ ਤੋਂ ਕੋਸ਼ਿਸ਼ ਕਰਦੀ ਪਈ ਸੀਸੁਨੀਲ ਜਾਖੜ ਦੇ ਰੂਪ ਵਿੱਚ ਉਸ ਕੋਲ ਇੱਕ ਆਗੂ ਆ ਗਿਆ ਹੈ, ਜਿਸ ਨੂੰ ਪੰਜਾਬ ਦੇ ਕਿਸੇ ਵੀ ਹੋਰ ਭਾਜਪਾ ਆਗੂ ਤੋਂ ਚੰਗੀ ਪੰਜਾਬੀ ਬੋਲਣੀ ਅਤੇ ਆਮ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਜਾਚ ਹੈਇਹ ਪ੍ਰਭਾਵ ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ, ਮਦਨ ਮੋਹਨ ਮਿੱਤਲ ਤੇ ਮਨੋਰੰਜਨ ਕਾਲੀਆਂ ਵਰਗੇ ਸ਼ਹਿਰੀ ਖੇਤਰ ਤੋਂ ਆਏ ਆਗੂ ਨਹੀਂ ਸੀ ਬਣਾ ਸਕੇਡੇਰਾ ਬਾਬਾ ਨਾਨਕ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤਾਂ ਉਸ ਵੇਲੇ ਹੀ ਸੁਨੀਲ ਜਾਖੜ ਨੂੰ ਇਹ ਗੱਲ ਕਹਿ ਗਏ ਸਨ ਕਿ ਕਦੀ ਦਿੱਲੀ ਆਉਂਦੇ ਹੋ ਤਾਂ ਮਿਲ ਜਾਇਆ ਕਰੋਕਾਂਗਰਸੀਆਂ ਨੂੰ ਜਿਹੜੀ ਸਮਝ ਨਹੀਂ ਸੀ ਪਈ, ਉਹ ਪੱਤਰਕਾਰੀ ਖੇਤਰ ਦੇ ਕਈ ਲੋਕਾਂ ਨੂੰ ਓਦੋਂ ਪੈ ਗਈ ਸੀ ਤੇ ਇੱਕ ਸੀਨੀਅਰ ਪੱਤਰਕਾਰ ਨੇ ਅਗਲੇ ਦਿਨ ਜਲੰਧਰ ਵਿੱਚ ਕਈ ਪੱਤਰਕਾਰਾਂ ਨਾਲ ਬੈਠਿਆਂ ਇਸਦੀ ਚਰਚਾ ਬੜੀ ਉਚੇਚ ਨਾਲ ਕੀਤੀ ਸੀਹਾਲਾਤ ਸਮਝਣ ਵਿੱਚ ਕਾਂਗਰਸੀਆਂ ਦੀ ਗਲਤੀ ਆਪਣੀ ਥਾਂ, ਅਹੁਦਿਆਂ ਲਈ ਹਾਬੜ ਆਪਣੀ ਥਾਂ, ਅਸਲ ਗੱਲ ਇਹ ਹੈ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਭੁਆਂਟਣੀ ਦੇਣ ਲਈ ਲੰਮੇ ਸਮੇਂ ਤੋਂ ਕੰਮ ਕਰਦੀ ਆਈ ਹੈਅੱਜ ਇਹ ਕਹਿਣ ਦੀ ਕਿਸੇ ਨੂੰ ਵੀ ਲੋੜ ਨਹੀਂ ਕਿ ਕਾਂਗਰਸ ਪਾਰਟੀ ਆਪਣੇ ਆਖਰੀ ਸਫਰ ਦੀਆਂ ਤਿਆਰੀਆਂ ਕਰਦੀ ਪਈ ਹੈ ਤੇ ਇਸਦੀ ਮੌਜੂਦਾ ਪ੍ਰਧਾਨ ਦੇ ਪੁੱਤਰ-ਮੋਹ ਨੇ ਇਸ ਪਾਰਟੀ ਨੂੰ ਕਾਸੇ ਜੋਗੀ ਛੱਡਣਾ ਹੀ ਨਹੀਂ, ਪਰ ਉਹ ਸਭ ਭੁਲਾ ਕੇ ਪੰਜਾਬ ਬਾਰੇ ਸੋਚੀਏ ਤਾਂ ਸਾਫ ਦਿਸਦਾ ਹੈ ਕਿ ਭਾਜਪਾ ਪਲੈਨ - 2024 ਲਈ ਆਪਣੀ ਸਿਆਸੀ ਖੇਡ ਦੇ ਮੋਹਰੇ ਵਿਛਾ ਚੁੱਕੀ ਹੈ ਅਤੇ ਉਹ ਸੁਨੀਲ ਜਾਖੜ ਨੂੰ ਅੱਜ ਅੱਗੇ ਲਾਉਣ ਜਾਂ ਚਾਰ ਦਿਨ ਠਹਿਰ ਕੇ, ਅਗਲੀ ਚੋਣ ਤੱਕ ਇਸ ਪਾਰਟੀ ਦੀ ਅਗਵਾਈ ਉਸ ਆਗੂ ਦੇ ਹੱਥ ਦਿੱਤੀ ਜਾਣ ਵਾਲੀ ਹੈ, ਜਿਹੜਾ ਪਹਿਲਾਂ ਕਾਂਗਰਸ ਦੀ ਅਗਵਾਈ ਇਸੇ ਪੰਜਾਬ ਰਾਜ ਵਿੱਚ ਬਾਖੂਬੀ ਕਰ ਚੁੱਕਾ ਹੈ

ਅਗਲੀਆਂ ਲੋਕ ਸਭਾ ਚੋਣਾਂ ਵਿੱਚ ਮਸਾਂ ਦੋ ਸਾਲ ਬਾਕੀ ਰਹਿੰਦੇ ਤੋਂ ਜਿਹੜੇ ਹਾਲਾਤ ਬਣਦੇ ਜਾਪਦੇ ਹਨ ਤੇ ਜਿੱਦਾਂ ਦੇ ਸਿਆਸੀ ਸੰਕੇਤ ਸਾਫ ਦਿਸਣ ਲੱਗੇ ਹਨ, ਉਸ ਬਾਰੇ ਪੰਜਾਬ ਦੀ ਇੱਕ ਵੀ ਰਾਜਸੀ ਪਾਰਟੀ ਦੇ ਲੀਡਰਾਂ ਨੂੰ ਪਤਾ ਹੋਵੇ, ਇਸ ਬਾਰੇ ਕੋਈ ਨਹੀਂ ਜਾਣਦਾਅਗਲੀ ਵਾਰੀ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਵੱਡੀ ਰਾਜਸੀ ਤਬਦੀਲੀ ਲਈ ਜਿਹੜਾ ਮੈਦਾਨ ਤਿਆਰ ਹੁੰਦਾ ਪਿਆ ਹੈ, ਉਸ ਦੇ ਸਿੱਟਿਆਂ ਬਾਰੇ ਹਾਲ ਦੀ ਘੜੀ ਅਸੀਂ ਕੁਝ ਨਹੀਂ ਕਹਿ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3581)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author