JatinderPannu7ਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਦੇ ਟੋਡੀ ਬਣ ਕੇ ਦੇਸ਼ਭਗਤਾਂ ਦੇ ਖਿਲਾਫ ਗਵਾਹੀਆਂ ਦਿੱਤੀਆਂ ਸਨ, ਉਹ ਵੀ ...
(16 ਅਗਸਤ 2021)

 

ਭਾਰਤ ਦੀ ਆਜ਼ਾਦੀ ਆਪਣੇ ਚੁਹੱਤਰ ਸਾਲ ਪਾਰ ਕਰ ਕੇ ਪੌਣੀ ਸਦੀ ਵਾਲੇ ਸਾਲ ਵਿੱਚ ਦਾਖਲ ਹੁੰਦੇ ਵਕਤ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਤੇ ਜਵਾਬ ਮੰਗਦੇ ਹਨਏਦਾਂ ਦੇ ਸਵਾਲਾਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਯਾਦ ਕਰਨ ਦੀ ਲੋੜ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਓਦੋਂ ਕਿੱਦਾਂ ਦੀ ਲੀਡਰਸ਼ਿਪ ਸੀ ਤੇ ਚੁਹੱਤਰ ਸਾਲ ਟੱਪਣ ਵੇਲੇ ਦੇਸ਼ ਦੀ ਵਾਗਡੋਰ ਕਿੱਦਾਂ ਦੇ ਲੋਕਾਂ ਦੇ ਹੱਥਾਂ ਵਿੱਚ ਹੈ! ਓਦੋਂ ਪੰਡਿਤ ਜਵਾਹ ਲਾਲ ਨਹਿਰੂ ਵਰਗੇ ਆਗੂ ਦੀ ਰਾਜਨੀਤੀ ਅਤੇ ਆਮ ਨੀਤੀ ਬਾਰੇ ਜਿਨ੍ਹਾਂ ਲੋਕਾਂ ਦੇ ਲੱਖ ਵਿਰੋਧ ਸਨ, ਉਹ ਵੀ ਉਸ ਦੀ ਅਕਲਮੰਦੀ ਤੇ ਉਸ ਦੀ ਪੜ੍ਹਾਈ ਬਾਰੇ ਕਦੀ ਕਿੰਤੂ ਨਹੀਂ ਸਨ ਕਰਦੇਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਪੜ੍ਹਾਈ ਦੇ ਮਾਮਲੇ ਵਿੱਚ ਹੀ ਲੋਕਾਂ ਦੀ ਤਸੱਲੀ ਕਰਾਉਣ ਜੋਗਾ ਨਹੀਂਆਪਣੀ ਪੜ੍ਹਾਈ ਦੀਆਂ ਜਿਹੜੀਆਂ ਡਿਗਰੀਆਂ ਉਹ ਆਪ ਦੱਸਦਾ ਹੈ ਜਾਂ ਉਸ ਦੀ ਪਾਰਟੀ ਦੱਸਦੀ ਹੈ, ਉਨ੍ਹਾਂ ਬਾਰੇ ਕਈ ਕਿੰਤੂ ਉੱਠਦੇ ਹਨ ਤੇ ਤਸੱਲੀ ਕਰਾਉਣ ਜੋਗਾ ਜਵਾਬ ਕਿਤੋਂ ਨਹੀਂ ਮਿਲਦਾਨਹਿਰੂ ਦੀ ਟੀਮ ਵਿੱਚ ਹੋਰ ਲੋਕ ਵੀ ਏਨੇ ਉੱਚੇ ਕਿਰਦਾਰ ਵਾਲੇ ਸਨ ਕਿ ਉਨ੍ਹਾਂ ਦੇ ਬਰਾਬਰ ਦਾ ਕੋਈ ਨਹੀਂ ਸੀ ਲੱਭਦਾਸਰਦਾਰ ਵੱਲਭ ਭਾਈ ਪਟੇਲ ਤੋਂ ਖਵਾਜ਼ਾ ਅਬੁਲ ਕਲਾਮ ਆਜ਼ਾਦ ਤੱਕ ਸਾਰੇ ਉੱਚੀ ਸੋਚ ਵਾਲੇ ਮੰਤਰੀ ਸਨ। ਡਾਕਟਰ ਰਾਜਿੰਦਰ ਪ੍ਰਸਾਦ ਤੇ ਰਾਧਾ ਕ੍ਰਿਸ਼ਨਨ ਵਰਗੇ ਵਿਦਵਾਨ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਹੁੰਦੇ ਸਨਅੱਜਕੱਲ੍ਹ ਬੌਣੇ ਕੱਦ ਵਾਲੇ ਆਗੂ ਇਸ ਡਰ ਹੇਠ ਕਿ ਲੋਕਾਂ ਨੂੰ ਸਾਡਾ ਬੌਣਾਪਣ ਦਿੱਸ ਨਾ ਜਾਵੇ, ਪਹਿਲੇ ਆਗੂਆਂ ਦਾ ਕੱਦ ਛਾਂਗਣ ਰੁੱਝੇ ਹੋਏ ਦਿਖਾਈ ਦੇਂਦੇ ਸਨ

ਉਸ ਵੇਲੇ ਭਾਰਤ ਦੇ ਲੋਕਾਂ ਨੂੰ ਇੱਕ ਪਾਸੇ ਆਜ਼ਾਦੀ ਮਿਲਣ ਦੀ ਖੁਸ਼ੀ ਸੀ, ਦੂਸਰੇ ਪਾਸੇ ਦੇਸ਼ ਦੀ ਵੰਡ ਹੋਣ ਕਾਰਨ ਆਬਾਦੀ ਦੇ ਤਬਾਦਲੇ ਦੌਰਾਨ ਏਥੋਂ ਜਾਂਦੇ ਅਤੇ ਨਵੇਂ ਬਣੇ ਦੇਸ਼ ਤੋਂ ਏਧਰ ਆਉਂਦੇ ਕਾਫਲਿਆਂ ਵਾਲੇ ਲੋਕਾਂ ਦੇ ਕਤਲੇਆਮ ਦਾ ਦਰਦ ਸਹਿਣਾ ਪੈ ਰਿਹਾ ਸੀਲੋਕ ਖੁਸ਼ੀ ਨਾਲ ਖੀਵੇ ਹੋਣ ਜਾਂ ਦੁੱਖ ਨਾਲ ਧਾਹੀਂ ਮਾਰ ਕੇ ਰੋਣ ਦੀ ਹਾਲਤ ਦੇ ਵਿਚਾਲੇ ਫਸੇ ਹੋਏ ਕਿਹੋ ਜਿਹੇ ਦਿਨ ਗੁਜ਼ਾਰਦੇ ਸਨ, ਅੱਜ ਦੇ ਰਾਜ-ਕਰਤਿਆਂ ਨੂੰ ਅੰਦਾਜ਼ਾ ਨਹੀਂ ਹੋ ਸਕਦਾਹਰ ਸਾਲ ਜਦੋਂ ਦੇਸ਼ ਦੀ ਆਜ਼ਾਦੀ ਦਾ ਦਿਨ ਆਉਂਦਾ ਹੈ, ਓਦੋਂ ਉੱਜੜ ਕੇ ਆਏ ਲੋਕਾਂ ਤੋਂ ਉਨ੍ਹਾਂ ਨਾਲ ਹੋਈ-ਬੀਤੀ ਦੇ ਬਿਰਤਾਂਤ ਸਾਡੇ ਵਰਗੇ ਜਿਹੜੇ ਲੋਕਾਂ ਨੇ ਬਚਪਨ ਵਿੱਚ ਸੁਣੇ ਸਨ, ਉਹ ਉਨ੍ਹਾਂ ਲੋਕਾਂ ਵੱਲੋਂ ਹੰਢਾਈ ਪੀੜ ਵੀ ਯਾਦ ਕਰਦੇ ਹਨਆਪਣਾ ਸਭ ਕੁਝ ਓਥੇ ਛੱਡ ਕੇ ਜਾਂ ਰਾਹਾਂ ਵਿੱਚ ਲੁਟਾਉਣ ਪਿੱਛੋਂ ਕੈਂਪਾਂ ਵਿੱਚ ਆਣ ਬੈਠੇ ਲੋਕ ਗਵਾਚੇ ਮਾਲ ਦਾ ਚੇਤਾ ਘੱਟ ਕਰਦੇ ਤੇ ਆਪਣੇ ਨਾਲ ਰਾਹਾਂ ਵਿੱਚ ਹੋਈ ਕੱਟ-ਵੱਢ ਅਤੇ ਧੀਆਂ-ਭੈਣਾਂ ਖੋਹੀਆਂ ਜਾਣ ਦਾ ਚੇਤਾ ਕਰ ਕੇ ਵੱਧ ਰੋਂਦੇ ਹੁੰਦੇ ਸਨਜਿਹੜੇ ਲੋਕਾਂ ਨੇ ਓਧਰ ਜਾਂਦੇ ਕਾਫਲਿਆਂ ਨੂੰ ਲੁੱਟਿਆ ਜਾਂ ਉਨ੍ਹਾਂ ਦੀਆਂ ਧੀਆਂ-ਭੈਣਾਂ ਉਧਾਲ ਲਈਆਂ ਸਨ, ਉਹ ਮਾਣ ਨਾਲ ਸੀਨਾ ਚੌੜਾ ਕਰ ਕੇ ਆਪਣੀ ਅਖੌਤੀ ਬਹਾਦਰੀ ਦੇ ਕਿੱਸੇ ਸੁਣਾਉਂਦੇ ਹੁੰਦੇ ਸਨ, ਪਰ ਉਨ੍ਹਾਂ ਲੋਕਾਂ ਵੱਲੋਂ ਉਧਾਲੀਆਂ ਹੋਈਆਂ ਔਰਤਾਂ ਨੂੰ ਅਸੀਂ ਕਦੀ ਹੱਸਦੀਆਂ ਜਾਂ ਮੁਸਕਰਾਉਂਦੀਆਂ ਨਹੀਂ ਸੀ ਤੱਕਿਆਓਧਰ ਪਾਕਿਸਤਾਨ ਵਿੱਚ ਰਹਿ ਗਈਆਂ ਸਾਡੀਆਂ ਪੱਲੇ ਵੀ ਇਨ੍ਹਾਂ ਵਿਚਾਰੀਆਂ ਵਰਗਾ ਰੋਣਾ ਹੀ ਪਿਆ ਹੋਵੇਗਾ, ਜਿਸ ਦਾ ਚੇਤਾ ਅੱਜ ਕੋਈ ਨਹੀਂ ਕਰਨਾ ਚਾਹੁੰਦਾ

ਉਹ ਭਾਰਤ ਦਾ ਕੱਲ੍ਹ ਬਣ ਕੇ ਰਹਿ ਗਿਆ ਹੈ, ਬੀਤਿਆ ਹੋਇਆ ਕੱਲ੍ਹ ਦਾ ਸਮਾਂਅੱਜ ਇਸ ਦੇਸ਼ ਵਿੱਚ ਜਿਨ੍ਹਾਂ ਦੇ ਹੱਥਾਂ ਵਿੱਚ ਰਾਜ-ਭਾਗ ਦੀ ਕਮਾਨ ਹੈ, ਉਹ ਉਨ੍ਹਾਂ ਦਿਨਾਂ ਦੀਆਂ ਕਹਾਣੀਆਂ ਸੁਣ ਕੇ ਜਾਂ ਲੋਕਾਂ ਨੂੰ ਚੇਤੇ ਕਰਵਾ ਕੇ ਆਪਣੇ ਉਸ ਨਿਸ਼ਾਨੇ ਤੋਂ ਨਹੀਂ ਭਟਕਣਾ ਚਾਹੁੰਦੇ, ਜਿਹੜਾ ਵੱਖ-ਵੱਖ ਭਾਈਚਾਰਿਆਂ ਦੇ ਪਾਟਣ ਉੱਤੇ ਨਿਰਭਰ ਹੈਜਿਸ ਦਾ ਕਦੇ ਕੋਈ ਆਪਣਾ ਨਹੀਂ ਮਰਿਆ, ਜਿਸ ਨੂੰ ਕਦੀ ਏਦਾਂ ਦੀ ਪੀੜ ਨਹੀਂ ਜਰਨੀ ਪਈ, ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਸ ਦੀ ਫਿਰਕੇਦਾਰੀ ਭਾਰਤ ਨੂੰ ਮੁੜ-ਮੁੜ ਖੂਨ-ਰੰਗੇ ਦਿਨਾਂ ਵਿੱਚ ਫਸਾ ਰਹੀ ਹੈਉਹ ਇਸ ਦੀ ਥਾਂ ਦੇਸ਼ ਦੇ ਸਿਖਰਲੇ ਤਖਤ ਉੱਤੇ ਕਬਜ਼ਾ ਕਰਨ ਜਾਂ ਕਰ ਲਿਆ ਹੈ ਤਾਂ ਕਾਇਮ ਰੱਖਣ ਬਾਰੇ ਸੋਚੇਗਾ ਤੇ ਉਹ ਇਹ ਵੀ ਜਾਣਦਾ ਹੈ ਕਿ ਰਾਜ ਮਹਿਲ ਉੱਤੇ ਕਬਜ਼ੇ ਕਰਨ ਦੇ ਲਈ ਪੁਰਾਣੇ ਰਾਜਿਆਂ ਵਾਂਗ ਲਾਸ਼ਾਂ ਦੀ ਪੌੜੀ ਵੀ ਬਣਾਉਣੀ ਪਵੇ ਤਾਂ ਇਸ ਨੂੰ ਗਲਤ ਨਹੀਂ ਸਮਝਣਾ ਚਾਹੀਦਾਰਾਜ-ਸੱਤਾ ਅਫਸੋਸ ਨਹੀਂ ਕਰਦੀ ਹੁੰਦੀ ਤੇ ਰਾਜੇ ਅਫਸੋਸ ਨਹੀਂ ਕਰਦੇ ਹੁੰਦੇਅਫਸੋਸ ਕਰਨ ਲੱਗਣ ਤਾਂ ਰਾਜ-ਕਰਤਿਆਂ ਦੀ ਹਾਲਤ ਉਸ ਮੁਹਾਵਰੇ ਵਰਗੀ ਹੋਵੇਗੀ ਕਿ ‘ਘੋੜਾ ਘਾਹ ਨਾਲ ਯਾਰੀ ਪਾ ਲਵੇ ਤਾਂ ਖਾਵੇਗਾ ਕੀ?’ ਲੋਕਾਂ ਦਾ ਦਰਦ ਮਹਿਸੂਸ ਕਰਨ ਤਾਂ ਮਹਿਲਾਂ ਦੀਆਂ ਪੌੜੀਆਂ ਕਿਵੇਂ ਚੜ੍ਹਨਗੇ ਲੋਕਤੰਤਰ ਦੇ ਰਾਜੇ?

ਇੱਕ ਬੜਾ ਮਾਣ-ਮੱਤਾ ਸ਼ਾਇਰ ਹੁੰਦਾ ਸੀ ਬਿਸਮਿਲ ਫਰੀਦਕੋਟੀ, ਜਿਹੜਾ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਵੀ ਆਪਣੇ ਦੇਸ਼ ਅਤੇ ਇਸ ਦੇਸ਼ ਦੇ ਲੋਕਾਂ ਲਈ ਲਿਖਿਆ ਕਰਦਾ ਸੀਜਦੋਂ ਦੇਸ਼ ਦੀ ਆਜ਼ਾਦੀ ਕੁਰਾਹੇ ਪੈਣ ਲੱਗੀ ਅਤੇ ਮਸਾਂ ਕੱਢੇ ਵਿਦੇਸ਼ੀ ਹਾਕਮਾਂ ਦੇ ਬਾਟੀ-ਚੱਟ ਇਸ ਰਾਜ ਵਿੱਚ ਆਗੂ ਬਣਨੇ ਸ਼ੁਰੂ ਹੋ ਗਏ ਤਾਂ ਬਿਸਮਿਲ ਫਰੀਦਕੋਟੀ ਨੇ ਇਸ ਦਾ ਦਰਦ ਮਹਿਸੂਸ ਕੀਤਾ ਅਤੇ ਫਿਰ ਉਸ ਦਰਦ ਨੂੰ ਇਸ ਤਰ੍ਹਾਂ ਬਿਆਨਿਆ ਸੀ:

ਅੰਨ੍ਹੇ ਦਿਆਂ ਨੈਣਾਂ ਵਿੱਚ ਖੁਮਾਰ ਆਇਆ ਏ!
ਗੰਜੀ ਨੂੰ ਵੀ ਕੰਘੀ ’ਤੇ ਪਿਆਰ ਆਇਆ ਏ!
ਵੇਚੇ ਸੀ ਜਿਨ੍ਹਾਂ ਆਪਣੇ ਸ਼ਹੀਦਾਂ ਦੇ ਖੱਫਣ
,
ਉਨ੍ਹਾਂ ਦਾ ਵਜ਼ੀਰਾਂ ’ਚ ਸ਼ੁਮਾਰ ਆਇਆ ਏ!

ਅੱਜ ਜਦੋਂ ਭਾਰਤ ਦੀ ਆਜ਼ਾਦੀ ਚੁਹੱਤਰ ਸਾਲ ਹੰਢਾ ਕੇ ਪੰਝੱਤਰਵੇਂ ਸਾਲ ਵਿੱਚ ਦਾਖਲ ਹੋਈ ਹੈ, ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਨ੍ਹਾਂ ਨੇ ਇਸ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਨਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਦੇ ਟੋਡੀ ਬਣ ਕੇ ਦੇਸ਼ਭਗਤਾਂ ਦੇ ਖਿਲਾਫ ਗਵਾਹੀਆਂ ਦਿੱਤੀਆਂ ਸਨ, ਉਹ ਵੀ ਦੇਸ਼ ਦੇ ਆਗੂ ਬਣ ਕੇ ਰਾਜ ਕਰਦੇ ਤੇ ਨਾਲ ਦੀ ਨਾਲ ਆਪਣੀ ਉਸ ਕੁਰਬਾਨੀ ਦੀਆਂ ਕਹਾਣੀਆਂ ਪਾਉਂਦੇ ਹਨ, ਜਿਹੜੀ ਕਦੇ ਕੀਤੀ ਹੀ ਨਹੀਂ ਸੀਅਸੀਂ ਸੁਣਿਆ ਸੀ ਕਿ ਇਤਹਾਸ ਬੜਾ ਬੇਰਹਿਮ ਹੁੰਦਾ ਹੈ, ਉਹ ਹਰ ਕੱਚੇ-ਪਿੱਲੇ ਦਾ ਨਿਬੇੜਾ ਕਰ ਸਕਦਾ ਹੈ, ਪਰ ਸਾਡੇ ਸਮਿਆਂ ਵਿੱਚ ਇਤਹਾਸ ਵੀ ਆਪਣੀ ਮਰਜ਼ੀ ਦਾ ਇਹੋ ਜਿਹਾ ਲਿਖਵਾਇਆ ਅਤੇ ਪੜ੍ਹਾਇਆ ਜਾਣ ਲੱਗਾ ਹੈ, ਜਿਸ ਦਾ ਸਿਰ-ਪੈਰ ਕੋਈ ਨਹੀਂ ਲੱਭਦਾਅਲਿਫ-ਲੈਲਾ ਦੇ ਕਿੱਸਿਆਂ ਵਰਗੀਆਂ ਮਨੋ-ਕਲਪਿਤ ਜਾਂ ਪੁਰਾਣੇ ਗ੍ਰੰਥਾਂ ਵਿਚਲੀਆਂ ਕਹਾਣੀਆਂ ਲੱਭ-ਲੱਭ ਕੇ ਪੜ੍ਹਾਈਆਂ ਜਾ ਰਹੀਆਂ ਹਨਦੇਸ਼ ਦੀ ਆਜ਼ਾਦੀ ਦਾ ਟੀਚਾ ਹਾਸਲ ਕਰਨ ਪਿੱਛੋਂ ਸੰਵਿਧਾਨ ਦੀ ਜਿਹੜੀ ਪਹਿਲੀ ਲਿਖਤ ਪ੍ਰਵਾਨ ਕੀਤੀ ਗਈ, ਉਸ ਵਿੱਚ ਕਿਹਾ ਗਿਆ ਸੀ ਕਿ ਇਸ ਦੇਸ਼ ਦੇ ਲੋਕਾਂ ਦੀ ਵਿਗਿਆਨ ਦੇ ਪੱਖੋਂ ਨਿੱਗਰ ਸੋਚ ਵਿਕਸਤ ਕਰਨ ਲਈ ਸਰਕਾਰ ਯਤਨ ਕਰੇਗੀਅੱਜ ਦੀ ਸਰਕਾਰ ਦੇ ਵਕਤ ਖੁਦ ਪ੍ਰਧਾਨ ਮੰਤਰੀ ਦੇ ਚੋਣ ਹਲਕੇ ਵਿੱਚੋਂ ਇਹ ਖਬਰ ਸੁਣੀ ਜਾ ਚੁੱਕੀ ਹੈ ਕਿ ਓਥੇ ਭੂਤ-ਵਿੱਦਿਆ ਦੀ ਡਿਗਰੀ ਕਰਵਾਉਣ ਲਈ ਇੱਕ ਕਾਲਜ ਦੇ ਵਿੱਚ ਕੋਰਸ ਸ਼ੁਰੂ ਕੀਤਾ ਜਾਣ ਵਾਲਾ ਹੈਇੱਕੀਵੀਂ ਸਦੀ ਦੇ ਭਾਰਤ ਵਿੱਚ ਲੋਕਾਂ ਨੂੰ ਭੂਤ-ਪ੍ਰੇਤ ਦੀ ਪੜ੍ਹਾਈ ਕਰਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਗਦਰ ਪਾਰਟੀ ਤੱਕ ਵਾਲੇ ਮਹਾਨ ਬਾਬਿਆਂ ਦੀ ਜ਼ਿੰਦਗੀ ਬਾਰੇ ਦੱਸਣ ਦੀ ਥਾਂ ਉਨ੍ਹਾਂ ਲੋਕਾਂ ਦੀ ਤੜਕੇ ਲਾ ਕੇ ਸਵਾਦੀ ਬਣਾਈ ਜੀਵਨੀ ਪੜ੍ਹਾਈ ਜਾਵੇਗੀ, ਜਿਹੜੇ ਅੰਗਰੇਜ਼ੀ ਹਾਕਮਾਂ ਦੇ ਕਾਰਿੰਦੇ ਬਣ-ਬਣ ਕੇ ਆਜ਼ਾਦੀ ਦੀ ਲਹਿਰ ਨੂੰ ਢਾਹ ਲਾਉਣ ਦਾ ਕੰਮ ਕਰਦੇ ਰਹੇ ਸਨਏਦਾਂ ਦੇ ਹਾਲਾਤ ਵਿਚ ਆਜ਼ਾਦੀ ਦੀ ਦੇਵੀ ਜੇ ਇਸ ਦੇਸ਼ ਦੀ ਕਿਸੇ ਨੁੱਕਰ ਵਿੱਚ ਛੁਪੀ ਬੈਠੀ ਹੋਈ ਤਾਂ ਗੋਡਿਆਂ ਵਿੱਚ ਸਿਰ ਦੇ ਕੇ ਹਉਕੇ ਲੈਂਦੀ ਹੋਵੇਗੀਹੋਰ ਉਹ ਕਰੇਗੀ ਵੀ ਕੀ, ਜਿਹੜੀ ਨੇਕ ਇੱਛਾ ਨਾਲ ਉਹ ਇਸ ਦੇਸ਼ ਵਿੱਚ ਆਈ ਸੀ, ਉਹ ਇੱਛਾ ਵਾਹਗੇ ਦੀ ਲਕੀਰ ਦੇ ਓਧਰ ਤੇ ਏਧਰ ਲੋਕਾਂ ਦੇ ਤਬਾਦਲੇ ਨੇ ਸ਼ੁਰੂ ਵਿੱਚ ਹੀ ਵਲੂੰਧਰ ਦਿੱਤੀ ਸੀਉਸ ਦੇ ਬਾਅਦ ਜਦੋਂ ਕਦੇ ਜ਼ਖਮਾਂ ਉੱਤੇ ਸਿੱਕੜ ਆਉਣ ਦੀ ਆਸ ਹੁੰਦੀ ਹੈ, ਰਹਿੰਦੀ ਕਸਰ ਕੱਢਣ ਵਾਸਤੇ ਓਦੋਂ ਵਾਲੇ ਕਾਤਲਾਂ ਦੀ ਨਵੀਂ ਪੀੜ੍ਹੀ ਛਵ੍ਹੀਆਂ-ਗੰਡਾਸਿਆਂ ਦੀ ਥਾਂ ਅਜੋਕੇ ਫਿਰਕੂ ਰੂਪ ਵਿੱਚ ਇਹੋ ਜਿਹੇ ਲਲਕਾਰੇ ਮਾਰਦੀ ਸੁਣਦੀ ਹੈ ਕਿ ਆਜ਼ਾਦੀ ਦੀ ਦੇਵੀ ਫਿਰ ਸਹਿਮ ਜਾਂਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2956)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author