“ਅੱਜ ਜਦੋਂ ਆਮ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ...”
(14 ਅਪਰੈਲ 2025)
ਕੈਫੀ ਆਜ਼ਮੀ ਨੇ ਇੱਕ ਵਾਰੀ ਇੱਕ ਕਿੱਸਾ ਸੁਣਾਇਆ ਸੀ। ਉਹ ਬਹੁਤ ਵੱਡੇ ਸ਼ਾਇਰ ਸਨ, ਪਰ ਉਦੋਂ ਉਹ ਕੁਝ ਕੌੜ ਵਿੱਚ ਆ ਜਾਂਦੇ ਸਨ, ਜਦੋਂ ਕੋਈ ਉਨ੍ਹਾਂ ਨਾਲ ਜਾਣ-ਪਛਾਣ ਕਰਾਉਣ ਵੇਲੇ ਉਨ੍ਹਾਂ ਨੂੰ ‘ਫਿਲਮ ਸਟਾਰ ਸ਼ਾਬਾਨਾ ਆਜ਼ਮੀ ਦੇ ਪਿਤਾ’ ਕਹਿੰਦਾ ਸੀ। ਕਾਰਨ ਇਹ ਸੀ ਕਿ ਉਨ੍ਹਾਂ ਦੀ ਇੱਕ ਆਪਣੀ ਹਸਤੀ ਸੀ, ਸ਼ਾਬਾਨਾ ਦੇ ਜਨਮ ਤੋਂ ਬਹੁਤ ਪਹਿਲਾਂ ਉਹ ਸ਼ਾਇਰ ਦੇ ਤੌਰ ’ਤੇ ਨਾਮਣੇ ਵਾਲੀ ਸ਼ਖਸੀਅਤ ਬਣ ਚੁੱਕੇ ਸਨ ਅਤੇ ਉਨ੍ਹਾਂ ਵਾਲਾ ਰੰਗ ਸ਼ਾਬਾਨਾ ਅਤੇ ਕਈ ਹੋਰਨਾਂ ਨੂੰ ਚੜ੍ਹਿਆ ਸੀ। ਖੁਦ ਕੈਫੀ ਆਜ਼ਮੀ ਉੱਤੇ ਕਿਸੇ ਦਾ ਰੰਗ ਨਹੀਂ ਸੀ ਚੜ੍ਹਿਆ ਅਤੇ ਨਾ ਚੜ੍ਹ ਸਕਦਾ ਸੀ। ਇੱਕ ਵਾਰੀ ਉਨ੍ਹਾਂ ਇੱਕ ਕਿੱਸਾ ਸੁਣਾਇਆ ਸੀ ਇੱਕ ਪੀਰ ਦਾ ਤੇ ਇੱਕ ਜਗੀਰਦਾਰ ਦੇ ਘਰ ਔਲਾਦ ਹੋਣ ਨਾਲ ਧਾਰਮਿਕਤਾ ਦੇ ਸੰਬੰਧਾਂ ਦਾ। ਕਹਿਣ ਲੱਗੇ ਕਿ ਜਗੀਰਦਾਰ ਦੇ ਘਰ ਪੁੱਤਰ ਨਹੀਂ ਸੀ ਹੁੰਦਾ ਅਤੇ ਉਹ ਸਾਰੇ ਜਾਣੇ-ਪਛਾਣੇ ਸੰਤਾਂ-ਸਾਧਾਂ ਦੇ ਗੋਡੇ ਘੁੱਟਦੇ ਰਹਿੰਦੇ ਸਨ। ਇੱਕ ਵਾਰ ਇੱਕ ਪੀਰ ਆ ਗਿਆ, ਪਤਾ ਨਹੀਂ ਉਹ ਕਿਸ ਧਰਮ ਦਾ ਸੀ। ਉਹ ਪੀਰ ਆ ਕੇ ਕਹਿਣ ਲੱਗਾ ਕਿ ਪੁੱਤਰ ਲੈਣਾ ਹੈ ਤਾਂ ਇੱਕ ਡੇਰਾ ਆਪਣੀ ਜ਼ਮੀਨ ਵਿੱਚ ਬਣਵਾ ਦੇ। ਜਗੀਰਦਾਰ ਨੇ ਕਹਿਣ ਦੇ ਮੁਤਾਬਕ ਡੇਰਾ ਬਣਵਾ ਦਿੱਤਾ ਤੇ ਅਗਲੇ ਸਾਲ ਸਬੱਬ ਨਾਲ ਉਸਦੇ ਘਰ ਪੁੱਤਰ ਜੰਮ ਪਿਆ। ਜਦੋਂ ਉਸਦੇ ਘਰ ਪੁੱਤਰ ਜੰਮਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਪੁੱਤਰਾਂ ਦੀ ਦਾਤ ਦੇ ਹੋਰ ਚਾਹਵਾਨ ਉਸ ਡੇਰੇ ਵਿੱਚ ਆਪੋ ਆਪਣੀ ਇੱਛਾ-ਪੂਰਤੀ ਲਈ ਮੱਥਾ ਟੇਕਣ ਜਾ ਵੜੇ। ਜਗੀਰਦਾਰ ਵੱਲੋਂ ਉੱਥੇ ਖੜ੍ਹੇ ਕੀਤੇ ਲੱਠ-ਮਾਰਾਂ ਨੇ ਜਦੋਂ ਕੁੱਟ ਕੇ ਉਨ੍ਹਾਂ ਲੋਕਾਂ ਨੂੰ ਭਜਾ ਦਿੱਤਾ ਤਾਂ ਰੋਂਦੇ ਹੋਏ ਉਹ ਉਸ ਜਗੀਰਦਾਰ ਕੋਲ ਸ਼ਿਕਾਇਤ ਕਰਨ ਚਲੇ ਗਏ। ਅੱਗੋਂ ਉਸ ਨੇ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਤੁਸੀਂ ਉੱਥੇ ਗਏ ਕਿਉਂ ਸੀ? ਲੋਕਾਂ ਨੇ ਕਿਹਾ ਕਿ ਸ਼ਰਧਾ ਦਾ ਅਸਥਾਨ ਬਣਾਇਆ ਹੈ ਤਾਂ ਸ਼ਰਧਾ ਭੇਟ ਕਰਨ ਜਾਣਾ ਹੀ ਸੀ। ਜਗੀਰਦਾਰ ਨੇ ਕਿਹਾ, “ਤੁਹਾਨੂੰ ਕਿਸ ਨੇ ਕਿਹਾ ਕਿ ਸ਼ਰਧਾ ਭੇਟ ਕਰਨ ਲਈ ਬਣਾਇਆ ਗਿਆ ਸੀ, ਉਹ ਤਾਂ ਅਸੀਂ ਪੁੱਤਰ ਲੈਣ ਲਈ ਬਣਵਾਇਆ ਸੀ। ਪੁੱਤਰ ਜੰਮ ਪੈਣ ਪਿੱਛੋਂ ਉੱਥੇ ਕਿਸੇ ਨੂੰ ਜਾਣ ਦੇਈਏ ਜਾਂ ਨਾ, ਸਾਡੀ ਮਰਜ਼ੀ!”
ਭਾਰਤ ਦੀ ਇੱਕ ਵੀ ਪਾਰਟੀ ਅਤੇ ਇੱਕ ਵੀ ਲੀਡਰ ਮੂੰਹੋਂ ਮੰਨਣ ਨੂੰ ਤਿਆਰ ਨਹੀਂ ਕਿ ਉਸ ਦੀ ਰਾਜਨੀਤੀ ਇਸ ਇੱਕੋ ਨਿਸ਼ਾਨੇ ਤਕ ਸੀਮਿਤ ਹੈ ਕਿ ਗੱਦੀ ਉੱਤੇ ਬਹਿਣਾ ਕਿਸ ਤਰ੍ਹਾਂ ਹੈ ਅਤੇ ਜੇ ਬੈਠਣਾ ਨਸੀਬ ਹੋ ਜਾਵੇ ਤਾਂ ਬੈਠੇ ਰਹਿਣਾ ਕਿਸ ਤਰ੍ਹਾਂ ਹੈ! ਬਾਕੀ ਸਭ ਗੱਲਾਂ ਐਵੇਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਹਨ। ਅਸੀਂ ਲੋਕਾਂ ਨੇ ਬਹੁਤ ਵਾਰੀ ਇਹ ਵੇਖ ਲਿਆ ਹੈ ਕਿ ਜੋ ਕੁਝ ਕੋਈ ਪਾਰਟੀ ਜਾਂ ਲੀਡਰ ਚੋਣਾਂ ਵਿੱਚ ਆਖ ਗਿਆ ਹੋਵੇ, ਉਸ ਦਾ ਮਤਲਬ ਚੋਣਾਂ ਪਿੱਛੋਂ ਕਦੇ ਕੋਈ ਨਹੀਂ ਹੁੰਦਾ ਅਤੇ ਲੋਕਾਂ ਲਈ ਬਹੁਤੇ ਵਾਅਦੇ ਊਠ ਦਾ ਉਹ ਬੁੱਲ੍ਹ ਬਣ ਜਾਂਦੇ ਹਨ, ਜਿਹੜਾ ਹਮੇਸ਼ਾ ਲਮਕਦਾ ਦਿਸਦਾ ਹੈ, ਕਦੀ ਕਿਸੇ ਨੇ ਡਿਗਦਾ ਨਹੀਂ ਵੇਖਿਆ। ਸਾਨੂੰ ਜਿੰਨੀਆਂ ਪਾਰਟੀਆਂ ਨੇ ਵੀ ਆਸਾਂ ਵਿਖਾਈਆਂ, ਆਜ਼ਾਦੀ ਮਿਲਣ ਦੀ ਘੜੀ ਤੋਂ ਅੱਜ ਤਕ ਕਦੇ ਕਿਸੇ ਨੇ ਪੂਰੀਆਂ ਨਹੀਂ ਕੀਤੀਆਂ ਅਤੇ ਅੱਗੋਂ ਵੀ ਇਸ ਤਰ੍ਹਾਂ ਦੀ ਆਸ ਨਹੀਂ। ਜਿਸ ਦਿਨ ਭਾਰਤ ਨੂੰ ਆਜ਼ਾਦੀ ਮਿਲੀ ਸੀ, ਪਹਿਲੀਆਂ ਤਕਰੀਰਾਂ ਵਿੱਚ ਕਾਂਗਰਸ ਦੇ ਆਗੂਆਂ ਨੇ ਦੇਸ਼ ਦੇ ਲੋਕਾਂ ਨੂੰ ਕੁੱਲੀ, ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਕਰ ਕੇ ਦੇਣ ਦਾ ਵਾਅਦਾ ਕੀਤਾ ਸੀ, ਪਰ ਪੂਰਾ ਕਦੀ ਨਹੀਂ ਹੋਇਆ। ਗਰੀਬਾਂ ਨੂੰ ਕੁੱਲੀ ਬਣਵਾ ਕੇ ਦੇਣ ਦੀ ਥਾਂ ਅਮੀਰਾਂ, ਜਗੀਰਦਾਰਾਂ ਅਤੇ ਰਾਜਿਆਂ-ਨਵਾਬਾਂ ਦੇ ਮਹਿਲ ਪਹਿਲਾਂ ਤੋਂ ਵੱਧ ਉੱਚੇ ਹੁੰਦੇ ਗਏ ਸਨ। ਗੁੱਲੀ ਦਾ ਭਾਵ ਖਾਣਾ ਹਰ ਇੱਕ ਲਈ ਮਿਲਣਾ ਯਕੀਨੀ ਬਣਾਉਣ ਵਾਲਾ ਵਾਅਦਾ ਵੀ ਰੇਲਵੇ ਸਟੇਸ਼ਨਾਂ ਉੱਤੇ ਅਤੇ ਮਾਲ ਗੋਦਾਮਾਂ ਵਿੱਚ ਰੁਲਦੀ ਕਣਕ ਅਤੇ ਝੋਨੇ ਨਾਲ ਰੁਲ ਗਿਆ ਅਤੇ ਗਰੀਬਾਂ ਦਾ ਭੁੱਖ-ਮਰੀ ਤੋਂ ਅੱਜ ਤਕ ਖਹਿੜਾ ਨਹੀਂ ਛੁੱਟਿਆ। ਜੁੱਲੀ ਕਹਿਣ ਦਾ ਅਰਥ ਹਰ ਕਿਸੇ ਨੂੰ ਪਹਿਨਣ ਲਈ ਤੇ ਰਾਤ ਨੂੰ ਠੰਢ ਤੋਂ ਬਚਣ ਲਈ ਕੱਪੜੇ ਦੇਣ ਦਾ ਪ੍ਰਬੰਧ ਕਰਨਾ ਸੀ। ਪਰ ਅੱਜ ਵੀ ਬਹੁਤ ਸਾਰੇ ਗਰੀਬ ਇਹੋ ਜਿਹਾ ਕ੍ਰਿਸ਼ਮਾ ਹੋਣ ਦੀ ਆਸ ਹਰ ਪਾਰਟੀ ਅਤੇ ਹਰ ਆਗੂ ਕੋਲੋਂ ਕਰੀ ਜਾਂਦੇ ਹਨ।
ਸਮਾਂ ਬਹੁਤ ਬਲਵਾਨ ਕਿਹਾ ਜਾਂਦਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਖੁਦ ਪੇਸ਼ ਕਰ ਦਿੰਦਾ ਹੈ, ਪਰ ਕ੍ਰਿਸ਼ਮਿਆਂ ਅਤੇ ਰੱਬੀ ਚਮਤਕਾਰਾਂ ਦੀ ਆਸ ਰੱਖਣ ਵਾਲੇ ਭਾਰਤੀ ਲੋਕਾਂ ਲਈ ਤਾਂ ਇੱਦਾਂ ਦਾ ਕੋਈ ਦਿਲਾਸਾ ਵੀ ਕਦੀ ਕੰਮ ਦਾ ਨਹੀਂ ਨਿਕਲਿਆ। ਕਾਰਨ ਸਾਫ ਹੈ ਕਿ ਲੀਡਰਸ਼ਿੱਪ ਹੀ ਸਿਰਫ ਦਿਲਾਸੇ ਦੇਣ ਵਾਲੀ ਸੀ, ਕੰਮ ਕਰਨ ਦਾ ਕਿਸੇ ਦਾ ਇਰਾਦਾ ਨਹੀਂ ਸੀ, ਸਿਰਫ ਦਾਅਵਿਆਂ ਨਾਲ ਮਸਲੇ ਹੱਲ ਨਹੀਂ ਹੋਣੇ ਹੁੰਦੇ।
ਅੱਜ ਜਦੋਂ ਆਮ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਇੱਕ ਹੋਰ ਦੌਰ ਸ਼ੁਰੂ ਹੋਣ ਵਾਲਾ ਹੈ, ਦਾਅਵੇ ਕਰਨ ਦੀ ਮੁਕਾਬਲੇਬਾਜ਼ੀ ਫਿਰ ਸ਼ੁਰੂ ਹੋ ਗਈ ਹੈ। ਹਿੰਦੀ ਦਾ ਇੱਕ ਮੁਹਾਵਰਾ ਹੈ: ਥੋਥਾ ਚਨਾ, ਬਾਜੇ ਘਨਾ। ਭਾਵ ਕਿ ਅੰਦਰੋਂ ਖੋਖਲਾ ਦਾਣਾ ਬਾਕੀਆਂ ਤੋਂ ਵੱਧ ਖੜਕਦਾ ਤੇ ਧਿਆਨ ਖਿੱਚਦਾ ਹੈ। ਭਾਰਤ ਦੀ ਰਾਜਨੀਤੀ ਵਿੱਚ ਵੀ ਇਹੋ ਕੁਝ ਹੁੰਦਾ ਰਿਹਾ ਤੇ ਹੋਈ ਜਾਂਦਾ ਹੈ ਕਿ ਜਿਸ ਆਗੂ ਨੂੰ ਆਮ ਲੋਕਾਂ ਨੂੰ ਬੇਵਕੂਫ ਬਣਾ ਸਕਣ ਦੀ ਜਾਚ ਆ ਗਈ, ਉਸਦੇ ਲਈ ਵੋਟਾਂ ਦੇ ਢੇਰ ਲੋਕੀਂ ਆਪਣੇ ਆਪ ਲਾ ਦੇਣਗੇ। ਇਸ ਵੇਲੇ ਇਹ ਕੁਝ ਕੌਣ ਕਰ ਰਿਹਾ ਹੈ ਜਾਂ ਕਰਨ ਦੇ ਕੌਣ ਸਮਰੱਥ ਹੈ, ਇਹ ਗੱਲ ਸਾਰਿਆਂ ਨੂੰ ਪਤਾ ਹੈ ਅਤੇ ਉਨ੍ਹਾਂ ਆਮ ਲੋਕਾਂ ਨੂੰ ਵੀ ਸਾਰਾ ਪਤਾ ਹੈ, ਜਿਨ੍ਹਾਂ ਨੂੰ ਮੂਰਖ ਬਣਾ ਕੇ ਵੋਟਾਂ ਮੰਗੀਆਂ ਅਤੇ ਖਿੱਚੀਆਂ ਜਾਂਦੀਆਂ ਹਨ। ਇਸਦੇ ਬਾਵਜੂਦ ਉਹ ਵੋਟਾਂ ਪਾਉਣ ਲਈ ਦੌੜੇ ਆਉਂਦੇ ਹਨ। ਵਿਅੰਗਕਾਰ ਸੰਪਤ ਸਰਲ ਸਾਫ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਜਦੋਂ ਕਹਿਣ ਵਾਲੇ ਨੂੰ ਵੀ ਇਸ ਬਾਰੇ ਪਤਾ ਹੋਵੇ ਕਿ ਉਹ ਝੂਠ ਬੋਲਦਾ ਪਿਆ ਹੈ ਅਤੇ ਉਸ ਨੂੰ ਸੁਣਨ ਵਾਲਿਆਂ ਨੂੰ ਪਤਾ ਹੋਵੇ ਕਿ ਸਿਰਫ ਝੂਠ ਬੋਲਦਾ ਹੈ, ਫਿਰ ਝੂਠ ਬੋਲਣਾ ਪਾਪ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਦੋਵਾਂ ਧਿਰਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਪਾਪ ਉਸ ਵਕਤ ਬੋਲੇ ਝੂਠ ਨੂੰ ਕਿਹਾ ਜਾ ਸਕਦਾ ਹੈ, ਜਿਸ ਬਾਰੇ ਸਾਹਮਣੇ ਵਾਲੇ ਨੂੰ ਪਤਾ ਨਾ ਹੋਵੇ ਅਤੇ ਧੋਖੇ ਵਿੱਚ ਰੱਖ ਕੇ ਮੂਰਖ ਬਣਾਉਣ ਲਈ ਸਭ ਕੁਝ ਝੂਠ ਕਿਹਾ ਗਿਆ ਹੋਵੇ, ਦੋਵੇਂ ਪਾਸੇ ਸਾਰਾ ਕੁਝ ਅਗੇਤਾ ਪਤਾ ਹੋਣ ਕਾਰਨ ਝੂਠ ਦਾ ਪਾਪ ਨਹੀਂ ਲਗਦਾ।
ਭਾਰਤ ਦੇ ਲੋਕ ਹੋਰ ਕਿਸੇ ਗੱਲ ਵਿੱਚ ਪੱਕੇ ਹੋਣ ਜਾਂ ਨਾ, ਇਸ ਗੱਲ ਵਿੱਚ ਪੱਕੇ ਹਨ ਕਿ ਉਹ ਸਰਬ ਸ਼ਕਤੀਮਾਨ ਦੇ ਨਾਂਅ ਉੱਤੇ ਕੀਤਾ ਗਿਆ ਹਰ ਕੌਲ-ਕਰਾਰ ਚੁੱਪ ਕਰ ਕੇ ਮੰਨ ਲਿਆ ਕਰਦੇ ਹਨ। ਲੋਕਾਂ ਨਾਲ ਸਿੱਧੀ ਬੋਲੀ ਵਿੱਚ ਦੇਸ਼ ਦੇ ਹਾਲਾਤ ਅਤੇ ਲੋਕਾਂ ਦੇ ਜੀਵਨ ਦੀ ਬਾਤ ਪਾਉਣ ਦਾ ਅਮਲ ਤਾਂ ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗਿਆਂ ਦੇ ਨਾਲ ਹੀ ਲਗਭਗ ਖਤਮ ਹੋ ਗਿਆ ਸੀ, ਰਹਿੰਦਾ-ਖੂੰਹਦਾ ਲਾਲ ਬਹਾਦਾਰ ਸ਼ਾਸਤਰੀ ਦਾ ਦੌਰ ਮੁੱਕਣ ਨਾਲ ਮੁੱਕ ਗਿਆ ਮੰਨ ਲੈਣਾ ਚਾਹੀਦਾ ਹੈ। ਇੰਦਰਾ ਗਾਂਧੀ ਦਾ ਦੌਰ ਲੋਕਾਂ ਨੂੰ ਧਾਰਮਿਕ ਰੰਗਣ ਵਿੱਚ ਰੰਗ ਕੇ ਵੋਟਾਂ ਮੰਗਣ ਦੇ ਉਸ ਕੁਰਾਹੇ ਦੀ ਸ਼ੁਰੂਆਤ ਕਿਹਾ ਜਾਂਦਾ ਹੈ, ਜਿਸ ਕੁਰਾਹੇ ਨੂੰ ਅਰੰਭ ਕਰਨ ਵਾਲੀ ਬੀਬੀ ਦੀ ਪਾਰਟੀ ਦੇ ਇਹ ਸਭ ਕੁਝ ਇੱਦਾਂ ਜੜ੍ਹੀਂ ਬੈਠਾ ਕਿ ਫਿਰ ਉੱਠ ਨਹੀਂ ਸਕੀ ਤੇ ਭਾਜਪਾ ਨੂੰ ਇੱਦਾਂ ਦਾ ਫਿੱਟ ਬੈਠਾ ਕਿ ਉਸ ਦੀ ਕ੍ਰਿਪਾ ਨਾਲ ਪੌੜੀਆਂ ਚੜ੍ਹਦੀ ਪੰਝੀ ਸਾਲ ਤਕ ਰਾਜ ਕਰਨ ਦੇ ਦਾਅਵੇ ਕਰਨ ਲੱਗੀ ਹੈ। ਜਿਹੜੀ ਗਲਤੀ ਉਸ ਵਕਤ ਇੰਦਰਾ ਗਾਂਧੀ ਨੇ ਬੜੀ ਚੁਸਤ ਖੇਡ ਖੇਡਣ ਦੇ ਚੱਕਰ ਵਿੱਚ ਕੀਤੀ ਸੀ, ਉਸ ਦਾ ਪੁੱਤਰ ਵੀ ਉਸ ਗਲਤ ਲੀਹ ਉੱਤੇ ਹੀ ਪਿਆ ਰਿਹਾ ਅਤੇ ਕਮਾਲ ਦੀ ਗੱਲ ਹੈ ਕਿ ਪੋਤਰਾ ਵੀ ਅਜੇ ਤਕ ਹਕੀਕਤਾਂ ਨੂੰ ਸਮਝਣ ਲਈ ਤਿਆਰ ਨਹੀਂ।
ਪਤਾ ਨਹੀਂ ਕਿਸ ਵੱਡੇ ਸਿਆਣੇ ਨੇ ਰਾਹੁਲ ਗਾਂਧੀ ਅਤੇ ਉਸ ਨਾਲ ਜੁੜੀ ਟੀਮ ਨੂੰ ਇਹ ਗੱਲ ਕਹਿ ਦਿੱਤੀ ਹੋਵੇਗੀ ਕਿ ਭਾਜਪਾ ਦੀ ਹਿੰਦੂਤਵ ਦੀ ਰਾਜਨੀਤੀ ਦੀ ਕਾਟ ਲਈ ਮੁਸਲਿਮ ਧਿਰਾਂ ਨੂੰ ਉਨ੍ਹਾਂ ਦੇ ਨਾਲ ਖੜੋਣ ਦਾ ਅਹਿਸਾਸ ਕਰਵਾ ਦਿੱਤਾ ਜਾਵੇ ਤਾਂ ਕਾਂਗਰਸ ਦਾ ਭਵਿੱਖ ਸੁਨਹਿਰਾ ਹੋ ਸਕਦਾ ਹੈ। ਭਾਜਪਾ ਇੱਕਤਰਫਾ ਤੌਰ ਉੱਤੇ ਇੱਕ ਖਾਸ ਧਰਮ ਵਿਰੁੱਧ ਫੈਸਲੇ ਕਰਦੀ ਅਤੇ ਲਾਗੂ ਕਰਵਾਉਂਦੀ ਹੈ ਤਾਂ ਗਲਤ ਕਰਦੀ ਹੈ ਅਤੇ ਇਸ ਨੂੰ ਗਲਤ ਕਹਿਣ ਵਿੱਚ ਕੋਈ ਨੁਕਸਾਨ ਹੋਣ ਦਾ ਡਰ ਨਹੀਂ ਹੋ ਸਕਦਾ, ਪਰ ਇਸ ਤੋਂ ਅੱਗੇ ਵਧ ਕੇ ਮੁਸਲਮਾਨਾਂ ਦੇ ਪੱਖ ਵਿੱਚ ਖੜੋਣ ਲਈ ਇਹ ਕਹਿਣਾ ਕਿ ਕਾਂਗਰਸ ਸਰਕਾਰ ਆਈ ਤਾਂ ਮੋਦੀ ਸਰਕਾਰ ਦੇ ਫੈਸਲੇ ਕੂੜੇ ਦੇ ਢੇਰ ਉੱਤੇ ਸੁੱਟ ਦਿੱਤੇ ਜਾਣਗੇ, ਇੱਕ ਹੱਦ ਟੱਪਣ ਵਾਂਗ ਹੈ। ਕਿਸੇ ਤਰ੍ਹਾਂ ਦੀ ਫਿਰਕਾਪ੍ਰਸਤੀ ਖਿਲਾਫ ਲੜਨ ਲਈ ਜਵਾਬੀ ਫਿਰਕਾਪ੍ਰਸਤੀ ਕਰਨ ਦੀ ਲੋੜ ਨਹੀਂ, ਸਗੋਂ ਇਹ ਕਹਿਣਾ ਵੱਧ ਠੀਕ ਸੀ ਕਿ ਇਸ ਸਰਕਾਰ ਨੇ ਫਿਰਕੂ ਸੋਚ ਹੇਠ ਜਿਨ੍ਹਾਂ ਨਾਲ ਕੋਈ ਵਧੀਕੀ ਕੀਤੀ ਹੈ, ਉਨ੍ਹਾਂ ਦਾ ਦੁੱਖ ਸਮਝ ਕੇ ਭਵਿੱਖ ਵਿੱਚ ਠੀਕ ਲੀਹ ਉੱਤੇ ਦੇਸ਼ ਨੂੰ ਚਲਾਇਆ ਜਾਵੇਗਾ। ਇਸ ਸ਼ਬਦਾਵਲੀ ਵਿੱਚ ਕੁਝ ਵੀ ਅਜਿਹਾ ਨਹੀਂ, ਜਿਸ ਤੋਂ ਕੋਈ ਦੂਸਰੀ ਧਿਰ ਭੜਕ ਸਕਦੀ ਹੋਵੇ, ਪਰ ਜਿਹੜਾ ਢੰਗ ਕਾਂਗਰਸ ਦੀ ਮੌਜੂਦਾ ਲੀਡਰਸ਼ਿੱਪ ਇਸ ਵੇਲੇ ਵਰਤ ਰਹੀ ਹੈ, ਉਹ ਪੀੜਿਤ ਧਿਰ ਨੂੰ ਪੀੜਿਤ ਕਹਿਣ ਤੋਂ ਅੱਗੇ ਵਧ ਕੇ ਉਸ ਨੂੰ ਪਤਿਆਉਣ ਵਾਲੀ ਉਸ ਚੁਸਤੀ ਦਾ ਵਿਖਾਲਾ ਕਰਨ ਵਾਲਾ ਹੈ, ਜਿਹੜੀ ਉਸ ਧਿਰ ਦੇ ਵਿਰੋਧ ਦੀਆਂ ਧਾਰਮਿਕ ਧਿਰਾਂ ਨੂੰ ਕਾਂਗਰਸ ਤੋਂ ਦੂਰ ਲਿਜਾਣ ਵੱਲ ਸੇਧਿਤ ਹੈ।
ਕੋਈ ਚਾਲੀ ਕੁ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਜਦੋਂ ਸ਼ਾਹਬਾਨੋ ਕੇਸ ਵਿੱਚ ਫੈਸਲਾ ਦਿੱਤਾ ਸੀ ਤਾਂ ਬਹੁਤ ਸਾਰੇ ਧਰਮ ਨਿਰੱਪਖ ਚਿੰਤਕਾਂ ਅਤੇ ਆਗੂਆਂ ਨੇ ਉਦੋਂ ਦੇ ਕਾਂਗਰਸ ਆਗੂ ਰਾਜੀਵ ਗਾਂਧੀ ਨੂੰ ਕਿਹਾ ਸੀ ਕਿ ਅਦਾਲਤੀ ਫੈਸਲੇ ਨੂੰ ਉਲਟਣ ਦਾ ਯਤਨ ਨਾ ਕਰੇ, ਪਰ ਕਾਂਗਰਸ ਲੀਡਰਸ਼ਿੱਪ ਨੇ ਕਿਸੇ ਦੀ ਗੱਲ ਨਹੀਂ ਸੀ ਮੰਨੀ। ਉਹ ਫੈਸਲਾ ਪਾਰਲੀਮੈਂਟ ਵਿੱਚ ਇੱਕ ਬਿੱਲ ਪਾਸ ਕਰ ਕੇ ਉਲਟਾ ਦਿੱਤਾ ਗਿਆ ਤਾਂ ਇਸਦਾ ਦੇਸ਼ ਦੀ ਬਹੁ-ਗਿਣਤੀ ਵਾਲੇ ਧਾਰਮਿਕ ਭਾਈਚਾਰੇ ਦੇ ਲੋਕਾਂ ਵਿੱਚ ਇੱਕਦਮ ਉਲਟਾ ਅਸਰ ਪਿਆ ਕਿ ਇਹ ਇੱਕ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਫੈਸਲੇ ਰੱਦ ਕਰਨ ਤਕ ਜਾ ਪਹੁੰਚਦੇ ਹਨ। ਇਸ ਪ੍ਰਭਾਵ ਨੂੰ ਕੱਟਣ ਲਈ ਰਾਜੀਵ ਗਾਂਧੀ ਅਤੇ ਉਸ ਨਾਲ ਜੁੜੀ ਟੀਮ ਨੇ ਅਯੁੱਧਿਆ ਵਿੱਚ ਬਾਬਰੀ ਮਸਜਿਦ ਕੰਪਲੈਕਸ ਅੰਦਰ ਰਾਮ ਮੰਦਰ ਵਾਲੇ ਹਿੱਸੇ ਵਿੱਚ ਲੱਗਾ ਤਾਲਾ ਖੁੱਲ੍ਹਵਾ ਦਿੱਤਾ ਸੀ, ਜਿਹੜਾ ਚਾਲੀ ਤੋਂ ਵੱਧ ਸਾਲਾਂ ਤੋਂ ਖੋਲ੍ਹਣ ਦੀ ਕਿਸੇ ਨੇ ਗੱਲ ਹੀ ਨਹੀਂ ਸੀ ਕੀਤੀ। ਤਾਲਾ ਖੋਲ੍ਹਣ ਦਾ ਕੰਮ ਕਾਂਗਰਸ ਨੇ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕੀਤਾ ਸੀ, ਪਰ ਅਗਲਾ ਕੰਮ ਕਰਨ ਦਾ ਨਾਅਰਾ ਦੇ ਕੇ ਭਾਜਪਾ ਦੀ ਲੀਡਰਸ਼ਿੱਪ ਤੁਰ ਪਈ ਅਤੇ ਉਸਦੇ ਬਾਅਦ ਜੋ ਕੁਝ ਹੋਇਆ, ਸਭ ਦੇ ਸਾਹਮਣੇ ਹੈ। ਧਾਰਮਿਕ ਮੁੱਦਿਆਂ ਉੱਤੇ ਚੱਲੀ ਖਿੱਚੋਤਾਣ ਦੀ ਇਸ ਖੇਡ ਦਾ ਲਾਭ ਕਾਂਗਰਸ ਦੀ ਥਾਂ ਭਾਜਪਾ ਨੂੰ ਹੋਇਆ ਸੀ ਅਤੇ ਅੱਜ ਜੋ ਕੁਝ ਕਾਂਗਰਸ ਕਰਦੀ ਪਈ ਹੈ, ਉਸ ਦਾ ਲਾਭ ਵੀ ਉਸ ਨੂੰ ਨਹੀਂ ਮਿਲਣਾ, ਦੂਸਰਾ ਅਸਦੁਦੀਨ ਉਵੈਸੀ ਵਰਗਾ ਵੀ ਭਾਵੇਂ ਕੋਈ ਲੈ ਸਕਦਾ ਹੋਵੇ ਤਾਂ ਲੈ ਜਾਵੇ।
ਰਾਜਨੀਤੀ ਵਿੱਚ ਧਰਮ ਦੀ ਦੁਰਵਰਤੋਂ ਇਸ ਵਕਤ ਜਿੰਨੀ ਅਤੇ ਜਿੱਧਰੋਂ ਵੀ ਹੁੰਦੀ ਦਿਸਦੀ ਹੋਵੇ, ਇਹ ਰਾਜਨੀਤੀ ਦੇ ਪੱਖੋਂ ਹੋਰ ਕਿਸੇ ਧਿਰ ਦਾ ਵੀ ਫਾਇਦਾ ਕਰ ਸਕਦੀ ਹੈ, ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੀ ਕਿਸੇ ਧਿਰ ਲਈ ਹਮੇਸ਼ਾ ਘਾਟੇ ਦਾ ਸੌਦਾ ਰਹੀ ਹੈ ਅਤੇ ਰਹੇਗੀ ਵੀ। ਫਿਰ ਵੀ ਇਹ ਮੁੱਦਾ ਛੱਡਿਆ ਨਹੀਂ ਜਾ ਰਿਹਾ। ਭਾਰਤ ਦੇ ਲੋਕਾਂ ਨੂੰ ਅਜੇ ਵੀ ਜਾਪਦਾ ਹੈ ਕਿ ਇਹ ਸ਼ਰਧਾ ਦਾ ਸਵਾਲ ਹੈ, ਜਦੋਂ ਕਿ ਅਸਲ ਵਿੱਚ ਇਹ ਮੁੱਦਾ ਉਸ ਪੀਰ ਦੇ ਕਹਿਣ ਕਾਰਨ ਜਗੀਰਦਾਰ ਵੱਲੋਂ ਬਣਵਾਏ ਡੇਰੇ ਵਰਗਾ ਬਣ ਗਿਆ ਹੈ। ਲੋਕਾਂ ਨੂੰ ਸਮਝ ਨਹੀਂ ਪੈਂਦੀ ਕਿ ਧਰਮ ਦਾ ਮੁੱਦਾ ਸਿਰਫ ਇਸ ਲਈ ਚੁੱਕਿਆ ਜਾਂਦਾ ਹੈ ਕਿ ਰਾਜਸੀ ਲੀਡਰਾਂ ਨੂੰ ਕੁਰਸੀ ਵਾਲਾ ‘ਕਾਕਾ’ ਇਸ ਵਿੱਚੋਂ ਪੈਦਾ ਹੋਣ ਦੀ ਆਸ ਹੁੰਦੀ ਹੈ, ਪਰ ਲੋਕਾਂ ਨੂੰ ਇਸਦਾ ਨਾ ਪਤਾ ਹੋਵੇਗਾ, ਨਾਅਰਾ ਲਾਉਣ ਵਾਲੇ ਆਗੂਆਂ ਨੂੰ ਪਤਾ ਹੈ। ਇਸ ਲਈ ਅਗਲੇ ਸਮੇਂ ਵਿੱਚ ਭਾਰਤ ਦੇ ਲੋਕਾਂ ਨੂੰ ਇੱਕ ਵਾਰ ਫਿਰ ਇਸ ਨਾਅਰੇ ਦੇ ਦੁਆਲੇ ਇਕੱਠੇ ਕਰਨ ਦਾ ਕੰਮ ਅਗੇਤਾ ਛੋਹਿਆ ਪਿਆ ਹੈ, ਜਿਸ ਵਿੱਚ ਭਾਜਪਾ ਤੇ ਇਸਦੇ ਪਿੱਛੇ ਖੜ੍ਹੀ ਇੱਕ ਖਾਸ ਜਥੇਬੰਦੀ ਨੇ ਆਪਣੀ ਸੋਚ ਮੁਤਾਬਕ ਕੰਮ ਕਰਨਾ ਹੈ, ਪਰ ਕਾਂਗਰਸ ਪਾਰਟੀ ਐਵੇਂ ਡੁਗਡੁਗੀ ਵਜਾਈ ਜਾਂਦੀ ਹੈ, ਜਿਸ ਨੂੰ ਅਗਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)