“ਪਟੜੀਓਂ ਲੱਥੇ ਪੰਜਾਬ ਨੂੰ ਮੁੜ ਪਟੜੀ ’ਤੇ ਚਾੜ੍ਹਨ ਲਈ ਵੱਡੀ ਹਿੰਮਤ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ...”
(24 ਮਾਰਚ 2022)
ਮਹਿਮਾਨ: 329.
ਪੰਜਾਬ ਦੀ ਸੋਲਵੀਂ ਵਿਧਾਨ ਸਭਾ ਦਾ ਗਠਨ ਇੱਕ ਇਤਿਹਾਸਕ ਸਦਨ ਵਜੋਂ ਹੋਇਆ ਹੈ। ਇਸ ਵਾਰ ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਪਿਛਾੜਦੇ ਹੋਏ, ਅੰਦੋਲਨ ਵਿੱਚੋਂ ਉੱਪਜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਿਰ ਅੱਖਾਂ ਉੱਪਰ ਬਿਠਾਉਂਦੇ ਹੋਏ ਹੁਣ ਤਕ ਦਾ ਸਭ ਤੋਂ ਵੱਡਾ ਬਹੁਮਤ ਦਿੱਤਾ ਹੈ। ਦਰਅਸਲ ਦੋ ਰਵਾਇਤੀ ਪਾਰਟੀਆਂ ਦੇ ਵਿਹਾਰ ਤੋਂ ਅੱਕ ਚੁੱਕੇ ਲੋਕਾਂ ਲਈ ਤੀਸਰਾ ਬਦਲ ਲੱਭਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ ਰਿਹਾ। ਭ੍ਰਿਸ਼ਟਾਚਾਰ, ਮਹਿੰਗਾਈ, ਬੇਰੋਜ਼ਗਾਰੀ, ਨਸ਼ੇ ਤੇ ਮਾਫੀਆ ਕਲਚਰ ਦੇ ਪ੍ਰਦੂਸ਼ਣ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ। ਨੌਜਵਾਨ ਵਰਗ ਵਿੱਚ ਸਭ ਤੋਂ ਵੱਡੀ ਨਿਰਾਸ਼ਾ ਸੀ। ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ। ਵੱਡੀਆਂ ਦੋ ਰਾਜਨੀਤਕ ਧਿਰਾਂ ਦੇ ਵਾਰੀ ਵਾਰੀ ਰਾਜ ਕਰਨ ਨਾਲ ਉਹਨਾਂ ਦੇ ਨੇਤਾ ਤਾਂ ਮਾਲਾਮਾਲ ਹੋ ਗਏ ਸਨ ਪਰ ਆਮ ਲੋਕ ਵਿਚਾਰੇ ਗਲੀਆਂ-ਨਾਲੀਆਂ ਅਤੇ ਆਟੇ-ਦਾਲ ਦੇ ਚੱਕਰ ਵਿੱਚ ਹੀ ਫਸ ਗਏ ਮਹਿਸੂਸ ਹੁੰਦੇ ਸਨ। ਦਿੱਲੀ ਦੀਆਂ ਬਰੂਹਾਂ ਉੱਪਰ ਸਾਲ ਭਰ ਤੋਂ ਵੀ ਵੱਧ ਸਮੇਂ ਲਈ ਸ਼ਿਰਕਤ ਕਰਦੇ ਆਮ ਲੋਕਾਂ ਦੇ ਹੌਸਲੇ ਵੀ ਇਸ ਵਾਰ ਬੁਲੰਦ ਹੋ ਗਏ ਸਨ। ਇਸ ਅੰਦੋਲਨ ਨੇ ਲੋਕਾਂ ਨੂੰ ਸਿਖਾ ਦਿੱਤਾ ਸੀ ਕਿ ਅਸਲੀ ਹਾਕਮ ਤਾਂ ਵੋਟਰ ਹੁੰਦੇ ਹਨ, ਨੇਤਾ ਨਹੀਂ। ਸਵਾਲ ਪੁੱਛਣ ਦਾ ਹੌਸਲਾ ਤੇ ਹਿੰਮਤ ਲੋਕਾਂ ਨੂੰ ਕਿਸਾਨ ਮਜ਼ਦੂਰ ਅੰਦੋਲਨ ਨੇ ਸਿਖਾਇਆ ਸੀ। ਹਾਲਾਂਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਵੇਲੇ ਇੰਜ ਲੱਗਦਾ ਸੀ ਜਿਵੇਂ ਰਾਜ ਕਰਦੀ ਸੱਤਾਧਿਰ ਕਾਂਗਰਸ ਪਾਰਟੀ ਲਈ ਕੋਈ ਚੁਣੌਤੀ ਹੀ ਨਾ ਹੋਵੇ। ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਉਸ ਪਾਰਟੀ ਦੀ ਆਪਸੀ ਖਿੱਚੋਤਾਣ ਵਧਦੀ ਗਈ ਤੇ ਲੋਕਾਂ ਦੇ ਹਿਤ ਤੀਸਰੇ ਬਦਲ ਨਾਲ ਜੁੜਦੇ ਗਏ।
ਪੰਜਾਬ ਦੀ ਧਰਤੀ ਦੇ ਸੂਝਵਾਨ ਵੋਟਰਾਂ ਨੇ ਇਸ ਵਾਰ ਆਪਣੀ ਚੋਣ ਨਾਲ ਰਵਾਇਤੀ ਪਾਰਟੀਆਂ ਨੂੰ ਤਾਂ ਅਚੰਭੇ ਵਿੱਚ ਪਾਇਆ ਹੀ ਸੀ, ਰਾਜਨੀਤਕ ਪੰਡਿਤਾਂ ਅਤੇ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਵਿਸ਼ਵ ਭਰ ਦੇ ਲੋਕਾਂ ਅਤੇ ਐੱਨ ਆਰ ਆਈਜ਼ ਦੀਆਂ ਨਜ਼ਰਾਂ 117 ਮੈਂਬਰਾਂ ਵਾਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਉੱਪਰ ਕੇਂਦਰਤ ਸਨ। ਹਾਲਾਂਕਿ ਇਸ ਵਾਰ ਵਿਦੇਸ਼ੀ ਭਾਰਤੀਆਂ ਨੇ ਚੋਣਾਂ ਦੌਰਾਨ ਨਾ ਤਾਂ ਬਹੁਤੀ ਦਿਲਚਸਪੀ ਵਿਖਾਈ ਸੀ ਤੇ ਨਾ ਹੀ ਚੋਣ ਫੰਡਾਂ ਦੀ ਚਰਚਾ ਹੋਈ ਸੀ। ਰਾਜਨੀਤਕ ਵਿਸ਼ਲੇਸ਼ਕਾਂ ਵਿੱਚ ਬਹੁਤੇ ਲਟਕਵੀਂ ਵਿਧਾਨ ਸਭਾ ਦੀਆਂ ਸੰਭਾਵਨਾਵਾਂ ਜਿਤਾਉਂਦੇ ਸਨ। ਪਰ ਜਦੋਂ ਐਗਜ਼ਿਟ ਪੋਲ ਆਉਣੇ ਸ਼ੁਰੂ ਹੋਏ ਤਾਂ ਇੱਕ ਚੈਨਲ ਨੇ ਤਾਂ ਆਮ ਆਦਮੀ ਪਾਰਟੀ ਲਈ 100 ਸੀਟਾਂ ਦੀ ਭਵਿੱਖਬਾਣੀ ਕਰ ਦਿੱਤੀ ਸੀ। ਵਿਰੋਧੀ ਪਾਰਟੀਆਂ ਨੂੰ ਦੱਸੀਆਂ ਜਾ ਰਹੀਆਂ ਘੱਟ ਸੀਟਾਂ ਉਹਨਾਂ ਦੇ ਗਲੇ ਨਹੀਂ ਉੱਤਰ ਰਹੀਆਂ ਸਨ। ਪਰ ਜਦੋਂ ਦਸ ਮਾਰਚ ਨੂੰ ਗਿਣਤੀ ਸ਼ੁਰੂ ਹੋਈ ਤਾਂ ਪੰਜਾਬੀਆਂ ਨੇ ਇਤਿਹਾਸ ਵਿੱਚ ਮਹੱਤਵਪੂਰਨ ਇੰਦਰਾਜ ਕਰ ਦਿੱਤਾ। ਵਾਰੀ ਵਾਰੀ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦੇ ਘਾਗ ਨੇਤਾ ਇਸ ਵਾਰ ਲੋਕਾਂ ਨੇ ਨਕਾਰ ਦਿੱਤੇ ਸਨ। ਪਿਛਲੀ ਵਾਰ ਤੋਂ ਪਹਿਲਾਂ ਲਗਾਤਾਰ ਦੋ ਪਾਰੀਆਂ ਹਕੂਮਤ ਕਰਨ ਵਾਲੀ ਅਕਾਲੀ ਪਾਰਟੀ ਦਹਾਈ ਦੇ ਹਿੰਦਸੇ ਤਕ ਪਹੁੰਚਣ ਤੋਂ ਵੀ ਖੁੰਝ ਕੇ ਤਿੰਨ ਸੀਟਾਂ ਉੱਪਰ ਹੀ ਸਿਮਟ ਗਈ ਸੀ। ਇਹ ਹੁਣ ਤਕ ਦੀ ਉਸਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ।
ਸੱਤਾਧਾਰੀ ਕਾਂਗਰਸ ਲਈ ਵੀ ਇਹ ਚੋਣ ਸਰਾਪ ਬਣ ਗਈ ਸੀ। ਵੱਡੇ ਵਾਅਦੇ ਅਤੇ ਕਸਮਾਂ ਤੋਂ ਬਾਅਦ ਸੱਤਾ ਵਿੱਚ ਆਈ ਇਸ ਪਾਰਟੀ ਦਾ ਸਮੁੱਚਾ ਕਾਰਜਕਾਲ ਹੀ ਸੁਰਖੀਆਂ ਵਿੱਚ ਰਿਹਾ ਸੀ। ਕਰੋਨਾ ਕਾਲ ਨੇ ਵੀ ਭਾਵੇਂ ਇਸ ਨੂੰ ਪ੍ਰਭਾਵਤ ਕੀਤਾ ਸੀ ਪਰ ਸਰਕਾਰ ਦੀ ਇੱਛਾ ਸ਼ਕਤੀ ਦੀ ਕਮੀ ਵੀ ਬਰਾਬਰ ਦੀ ਜ਼ਿੰਮੇਵਾਰ ਸੀ। ਲੋਕਰਾਜ ਵਿੱਚ ਲੋਕ ਨੇਤਾ ਨੂੰ ਆਪਣੇ ਨਾਲ ਘੁਲਿਆ ਮਿਲਿਆ ਪਸੰਦ ਕਰਦੇ ਹਨ। ਪਰ ਜੇ ਨੇਤਾ ਮਹਿਲਾਂ ਵਿੱਚ ਹੀ ਬੰਦ ਹੋ ਕੇ ਰਹਿ ਜਾਣ ਅਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣ ਤਾਂ ਲੋਕ ਵੀ ਕਿਨਾਰਾ ਕਰਨਾ ਜਾਣਦੇ ਹਨ। ਇਸ ਸੋਚ ਦੀ ਪ੍ਰੇਰਨਾ ਵਿੱਚ ਇਸ ਵਾਰ ਦੇ ਜਨ-ਸੰਘਰਸ਼ ਬਣੇ ਕਿਸਾਨ ਮੋਰਚੇ ਨੇ ਵੀ ਵੱਡਾ ਰੋਲ ਅਦਾ ਕੀਤਾ ਸੀ। ਐਨ ਚੋਣਾਂ ਦੇ ਨੇੜੇ ਆ ਕੇ ਜਿਵੇਂ ਸੱਤਾਧਾਰੀ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਦਲ ਕੇ ਜਾਤ ਅਧਾਰਤ ਪੱਤਾ ਖੇਡ ਕੇ ਵੋਟ ਬੈਂਕ ਪੱਕਾ ਕਰਨਾ ਚਾਹਿਆ ਸੀ, ਉਹ ਲੋਕਾਂ ਨੇ ਨਕਾਰ ਦਿੱਤਾ ਸੀ। ਪੰਜਾਬ ਦੇ ਲੋਕ ਧਰਮਾਂ ਤੇ ਜਾਤਾਂ ਦੀ ਰਾਜਨੀਤੀ ਨੂੰ ਤਰਜੀਹ ਦੇਣ ਦੀ ਥਾਂ ਆਪਣੇ ਬੱਚਿਆਂ ਦੇ ਭਵਿੱਖ ਦੀ ਜ਼ਿਆਦਾ ਚਿੰਤਾ ਕਰਦੇ ਹਨ। ਸਾਡੇ ਗੁਰੂਆਂ ਪੀਰਾਂ ਨੇ ਤਾਂ ਉਂਜ ਹੀ ਜਾਤ-ਪਾਤ ਦਾ ਖੰਡਨ ਕੀਤਾ ਹੈ। “ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ” ਦੇ ਸਿਧਾਂਤ ’ਤੇ ਚੱਲਦੇ ਹੋਏ ਤੇ ਵਿਸ਼ਵ ਦੇ ਬਹੁਤ ਸਾਰੇ ਵਿਕਸਤ ਦੇਸ਼ਾਂ ਵਿੱਚ ਰਹਿੰਦੇ ਹੋਏ ਪੰਜਾਬੀ ਮਾਨਵਤਾ ਅਤੇ ਸਰਬੱਤ ਦੇ ਭਲੇ ਲਈ ਵਧੇਰੇ ਜਾਣੇ ਜਾਂਦੇ ਹਨ। ਕੁਝ ਵੀ ਹੋਵੇ, ਇਸ ਵਾਰ ਪੰਜਾਬ ਦੇ ਵੋਟਰਾਂ ਨੇ ਗਲਤੀ ਨਹੀਂ ਕੀਤੀ। ਨੌਜਵਾਨ ਵਰਗ ਨੇ ਵੀ ਭਰਪੂਰ ਉਤਸ਼ਾਹ ਦਿਖਾ ਕੇ ਇਸ ਵਾਰ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਮੋਢਿਆਂ ਉੱਪਰ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ।
ਇਸ ਵਾਰ ਵਿਧਾਨ ਸਭਾ ਵਿੱਚ ਨਾ ਤਾਂ ਪੰਜ ਵਾਰੀਆਂ ਦੇ ਮੁੱਖ ਮੰਤਰੀ ਹੀ ਪਹੁੰਚ ਸਕੇ ਹਨ ਅਤੇ ਨਾ ਹੀ ਕਾਂਗਰਸ ਪਾਰਟੀ ਦੇ ਨਕਾਰੇ ਗਏ ਮੁੱਖ ਮੰਤਰੀ। ਦੋ ਸੀਟਾਂ ਤੋਂ ਚੋਣ ਲੜਨ ਵਾਲੇ ਕਾਂਗਰਸ ਪਾਰਟੀ ਦੇ ਆਮ ਆਦਮੀ ਬਣਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਨੂੰ ਵੀ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ। ਇਸੇ ਨੂੰ ਹੀ ਅਸਲ ਲੋਕਰਾਜ ਕਹਿੰਦੇ ਹਨ। ਲੋਕਰਾਜ ਸਾਰੇ ਲੋਕਾਂ ਨੂੰ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਵਾਲੇ ਕਲਿਆਣਕਾਰੀ ਰਾਜ ਨੂੰ ਕਹਿੰਦੇ ਹਨ। ਪਰ ਸੱਤਰ ਸਾਲ ਤੋਂ ਵੀ ਵੱਧ ਸਮੇਂ ਤਕ ਪੰਜਾਬ ਦੀਆਂ ਸਰਕਾਰਾਂ ਨੇ ਭਾਵੇਂ ਸਕੀਮਾਂ ਤਾਂ ਕਈ ਚਲਾਈਆਂ ਪਰ ਵੋਟ ਬੈਂਕ ਪੈਦਾ ਕਰਨ ਤੋਂ ਅੱਗੇ ਲੋਕਾਂ ਦਾ ਕਲਿਆਣ ਕਰਨ ਵਾਲੀ ਕੋਈ ਵੀ ਯੋਜਨਾ ਨਹੀਂ ਬਣ ਸਕੀ। ਰੋਜ਼ਗਾਰ ਪ੍ਰਦਾਨ ਕਰਨਾ, ਸਿੱਖਿਆ ਤੇ ਸਿਹਤ ਜ਼ਮੀਨੀ ਪੱਧਰ ਤਕ ਮੁਹਈਆ ਕਰਵਾਉਣੀ ਸਰਕਾਰ ਦਾ ਮੁੱਖ ਕੰਮ ਹੁੰਦਾ ਹੈ। ਇਹਨਾਂ ਤਿੰਨਾਂ ਨੁਕਤਿਆਂ ਤੋਂ ਸਰਕਾਰਾਂ ਅਸਫਲ ਰਹੀਆਂ ਹਨ। ਉਲਟਾ ਰੋਜ਼ਗਾਰ ਦਾ ਠੇਕਾਕਰਨ ਕਰਕੇ ਪੰਜਾਬ ਦੀਆਂ ਸਰਕਾਰਾਂ ਹੁਣ ਤਕ ਨੌਜਵਾਨਾਂ ਦਾ ਸ਼ੋਸ਼ਣ ਹੀ ਕਰਦੀਆਂ ਰਹੀਆਂ ਹਨ। ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਸਰਕਾਰੀ ਪ੍ਰਸਾਰ ਕਰਨ ਦੀ ਥਾਂ ਵਪਾਰੀਕਰਣ ਕਰ ਦੇਣਾ ਲੋਕਾਂ ਦੇ ਗਲੇ ਦੀ ਹੱਡੀ ਬਣ ਗਿਆ ਹੈ। ਸਿੱਖਿਆ ਤੋਂ ਬਿਨਾਂ ਤਾਂ ਜੀਵਨ ਹੀ ਅਧੂਰਾ ਹੈ। ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣ ਲਈ ਨਿੱਜੀ ਅਦਾਰਿਆਂ ਨੂੰ ਖੁੱਲ੍ਹੀ ਛੋਟ ਦੇ ਕੇ ਲੋਕਾਂ ਦਾ ਘਾਣ ਕੀਤਾ ਹੈ। ਇਹੀ ਕਾਰਨ ਹੈ ਕਿ ਮਜਬੂਰੀ ਵੱਸ ਨੌਜਵਾਨ ਤੇਜ਼ੀ ਨਾਲ ਪਲੱਸ ਟੂ ਪਾਸ ਕਰਦੇ ਹੀ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ।
ਪੰਜਾਬ ਦੀ ਨੌਜਵਾਨੀ ਵੱਡੇ ਪੱਧਰ ’ਤੇ ਵਿਦੇਸ਼ਾਂ ਵੱਲ ਮੁਹਾਰਾਂ ਮੋੜ ਚੁੱਕੀ ਹੈ। ਇਸ ਨਾਲ ਬਰੇਨ-ਡਰੇਨ ਤਾਂ ਹੁੰਦੀ ਹੀ ਹੈ, ਦੇਸ਼ ਦਾ ਸਰਮਾਇਆ ਵੀ ਬਾਹਰ ਜਾਂਦਾ ਹੈ। ਇਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਹਿਲਾਂ ਵਿਦੇਸ਼ਾਂ ਵਿੱਚ ਲੋਕ ਕਮਾਈ ਕਰਨ ਲਈ ਹੀ ਜਾਂਦੇ ਸਨ ਤੇ ਉੱਧਰੋਂ ਸਰਮਾਇਆ ਇੱਥੇ ਭੇਜਦੇ ਸਨ। ਪਰ ਹੁਣ ਇਸ ਸਿਸਟਮ ਤੋਂ ਨਿਰਾਸ ਹੋ ਕੇ ਭੱਜੇ ਨੌਜਵਾਨ ਵਿਦੇਸ਼ਾਂ ਵਿੱਚ ਹੀ ਸੈਟਲ ਹੋਣ ਨੂੰ ਤਰਜੀਹ ਦੇ ਰਹੇ ਹਨ। ਉਹ ਮੁੜ ਦੇਸ਼ ਪਰਤਣ ਤੋਂ ਉਕਤਾ ਚੁੱਕੇ ਹਨ। ਇਸ ਸਭ ਕਾਸੇ ਲਈ ਸਾਡਾ ਰਾਜਨੀਤਕ ਤਾਣਾ ਬਾਣਾ ਜ਼ਿੰਮੇਵਾਰ ਹੈ। ਸੰਘਰਸ਼ ਵਿੱਚੋਂ ਉੱਪਜੀ ਆਮ ਆਦਮੀ ਪਾਰਟੀ ਦੀ ਸਿਸਟਮ ਬਦਲਣ ਵਾਲੀ ਸਰਕਾਰ ਦਾ ਸ਼ੁਭ ਅਰੰਭ ਤਾਂ ਸੋਨੇ ਉੱਪਰ ਸੁਹਾਗੇ ਵਾਲਾ ਹੈ। ਇੱਕ ਤਾਂ ਇਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਨਵਾਂ ਇਤਿਹਾਸ ਸਿਰਜਿਆ ਹੈ। ਦੂਸਰਾ ਪਹਿਲੇ ਦਿਨ ਹੀ ਕਾਰਜ ਭਾਰ ਸੰਭਾਲਦੇ ਹੋਏ 25000 ਅਸਾਮੀਆਂ ਭਰ ਕੇ ਰੋਜ਼ਗਾਰ ਦੇ ਵਾਅਦੇ ਦਾ ਸ਼੍ਰੀ ਗਣੇਸ਼ ਵੀ ਕਰ ਦਿੱਤਾ ਹੈ। ਪਿਛਲੀ ਸਰਕਾਰ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦੀਆਂ ਖਬਰਾਂ ਵੱਡੇ ਵੱਡੇ ਇਸ਼ਤਿਹਾਰਾਂ ਤਕ ਹੀ ਸੀਮਤ ਰਹਿ ਗਈਆਂ ਸਨ। ਇਸ ਸਰਕਾਰ ਨੇ ਤੀਸਰੇ ਅਤੇ ਚੌਥੇ ਦਰਜੇ ਦੇ 35000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਹਾਮੀ ਵੀ ਭਰ ਦਿੱਤੀ ਹੈ। ਖਟਕੜ ਕਲਾਂ ਵਿਖੇ ਕੀਤੇ ਗਏ ਸਮਾਗਮ ਦੌਰਾਨ ਕੀਤੇ ਗਏ ਖਰਚੇ ’ਤੇ ਵਿਰੋਧੀ ਤਨਜ਼ ਵੀ ਕੱਸ ਰਹੇ ਹਨ। ਪੰਜਾਬ ਦੀ ਵਿੱਤੀ ਬੋਝ ਵਾਲੀ ਹਾਲਤ ਖਰਚੀਲੇ ਸਮਾਗਮਾਂ ਤੋਂ ਬਚਣ ਦਾ ਸੰਕੇਤ ਵੀ ਕਰਦੀ ਹੈ ਪਰ ਕੁਝ ਨਵਾਂ ਕਰਨ ਦੀ ਚਾਹ ਤੇ ਇੱਛਾ ਸ਼ਕਤੀ ਰਸਤੇ ਤਲਾਸ਼ਣ ਦੀ ਕੋਸ਼ਿਸ਼ ਵੀ ਕਰੇਗੀ।
ਨਵੀਂ ਸਰਕਾਰ, ਨਵੇਂ ਮੰਤਰੀ ਤੇ ਨਵੀਆਂ ਜ਼ਿੰਮੇਵਾਰੀਆਂ, ਫੂਕ ਫੂਕ ਕੇ ਕਦਮ ਧਰਨ ਦੀ ਲੋੜ ਦੇ ਨਾਲ ਨਾਲ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾ ਕੇ ਅੱਗੇ ਵਧਣ, ਇਹੀ ਕਾਮਨਾ ਕਰਨੀ ਬਣਦੀ ਹੈ। ਪਟੜੀਓਂ ਲੱਥੇ ਪੰਜਾਬ ਨੂੰ ਮੁੜ ਪਟੜੀ ’ਤੇ ਚਾੜ੍ਹਨ ਲਈ ਵੱਡੀ ਹਿੰਮਤ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ਸਿਆਣਪ ਦੀ ਲੋੜ ਹੈ। ਸਬਰ ਅਤੇ ਧੀਰਜ ਕਾਹਲੀ ਨਾਲੋਂ ਜ਼ਿਆਦਾ ਜ਼ਰੂਰੀ ਹਨ। ਹੰਕਾਰੀ ਅਤੇ ਵੀ ਆਈ ਪੀ ਬਣਨ ਤੋਂ ਬਚਣਾ ਅਤੇ ਇਮਾਨਦਾਰ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਲੋਭ ਲਾਲਚ ਅਤੇ ਸਵਾਰਥ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਪਹਿਲੇ ਨੰਬਰ ਵਾਲਾ ਪੰਜਾਬ ਸੋਲ੍ਹਵੇਂ ਸਤਾਰ੍ਹਵੇਂ ਨੰਬਰ ’ਤੇ ਖਿਸਕ ਗਿਆ ਹੈ। ਇਸ ਨੂੰ ਮੁੜ ਸਨਮਾਨਜਨਕ ਥਾਂ ਦਿਵਾਉਣ ਲਈ, ਨਵਾਂ ਨਿਜ਼ਾਮ ਸਿਰਜਣ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਬਹੁਤ ਵੱਡੀ ਲੋੜ ਹੈ ਤਾਂ ਜੋ ਲੋਕਾਂ ਨੂੰ ਆਪਣੀ ਅਤੇ ਕਲਿਆਣਕਾਰੀ ਸਰਕਾਰ ਦਾ ਸਹੀ ਅਰਥਾਂ ਵਿੱਚ ਅਹਿਸਾਸ ਹੋਵੇ। ਸਾਡੇ ਨੌਜਵਾਨ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਦੇਸ਼ਾਂ ਦੇ ਇਮਾਨਦਾਰ ਸਿਸਟਮ ਦੀਆਂ ਗੱਲਾਂ ਕਰਦੇ ਹਨ। ਅਸੀਂ ਉਹਨਾਂ ਵਰਗਾ ਸਿਸਟਮ ਕਿਉਂ ਨਹੀਂ ਪੈਦਾ ਕਰਦੇ? ਨਵੇਂ ਨਿਜ਼ਾਮ ਸਿਰਜਣ ਦਾ ਦਮ ਭਰਨ ਵਾਲੀ ਇਸ ਪਾਰਟੀ ਨੂੰ ਹਰ ਕਦਮ ਸੰਜੀਦਗੀ ਨਾਲ ਪੁੱਟਣਾ ਪਵੇਗਾ। ਵਿਰੋਧੀ ਧਿਰ ਭਾਵੇਂ ਕਮਜ਼ੋਰ ਹੈ ਪਰ ਵਿਰੋਧ ਬਹੁਤ ਹੋਵੇਗਾ। ਚੰਗਾ ਹੁੰਦਾ ਜੇ ਰਾਜ ਸਭਾ ਵਿੱਚ ਭੇਜਣ ਵੇਲੇ ਅਜਿਹੇ ਨਾਮਵਰ ਪੰਜਾਬੀ ਚਿਹਰੇ ਚੁਣੇ ਜਾਂਦੇ ਜੋ ਰਾਜ ਸਭਾ ਵਿੱਚ ਡਟ ਕੇ ਪੰਜਾਬ ਦੇ ਹਿਤਾਂ ਦੀ ਪੈਰਵੀ ਕਰਦੇ। ਇੰਜ ਕਰਨ ਨਾਲ ਹੋ ਰਹੀ ਨੁਕਤਾਚੀਨੀ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਸੀ। ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਨੌਜਵਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟੋਲ ਫ੍ਰੀ ਨੰਬਰ ਜਾਰੀ ਕਰਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਪੰਜਾਬ ਦੇ ਫਿਰ ਟਹਿਕਦੇ ਗੁਲਾਬ ਵਰਗਾ ਪੰਜਾਬ ਬਣਨ ਦੀ ਆਸ ਕਰਨੀ ਬਣਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3453)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)