“ਵਿਸ਼ਵ ਭਰ ਵਿੱਚ ਉੰਨੀ ਕਤਲੋਗਾਰਤ ਮਹਾਂਯੁੱਧਾਂ ਦੌਰਾਨ ਨਹੀਂ ਹੋਈ ਹੋਣੀ ਜਿੰਨੀ ਧਰਮਾਂ/ਮਜ਼ਹਬਾਂ ਦੇ ...”
(19 ਅਗਸਤ 2019)
ਅੱਜ ਕੱਲ੍ਹ ਦੇ ਆਧੁਨਿਕ ਯੁਗ ਦੌਰਾਨ ਜਦੋਂ ਮਨੁੱਖ ਧਰਤੀ ਤੋਂ ਬਾਹਰਲੇ ਦੂਰ ਦੇ ਗ੍ਰਹਿਾਂ ਦੀ ਟੋਹ ਲਾਉਣ ਲਈ ਚੰਦਰਜਾਨ-2 ਵਰਗੇ ਉਪ ਗ੍ਰਹਿ ਪੁਲਾੜ ਵਿੱਚ ਦਾਗ ਚੁੱਕਾ ਹੈ ਤੇ ਉਸ ਨੇ ਰੀਪੋਰਟਾਂ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ ਫਿਰ ਵੀ ਲੋਕ ਵਹਿਮ ਗ੍ਰਸਤ ਹੋਣ ਤਾਂ ਗੱਲ ਹਜ਼ਮ ਨਹੀਂ ਹੁੰਦੀ। ਇਸ ਤੋਂ ਵੀ ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਇਸ ਵਹਿਮ ਦੇ ਜ਼ਿਆਦਾਤਰ ਸ਼ਿਕਾਰ ਨੌਜਵਾਨ ਵਰਗ ਨਾਲ ਸਬੰਧਤ ਪੜ੍ਹਾਕੂ ਮੁੰਡੇ ਕੁੜੀਆਂ ਹੁੰਦੇ ਹਨ। ਸਕੂਲਾਂ ਅਤੇ ਕਾਲਜਾਂ ਦੀਆਂ ਅਧਿਕਤਰ ਕੁੜੀਆਂ, ਮੁੰਡੇ ਵੀ ਗਿੱਟੇ ਅਤੇ ਗੁੱਟ ਉੱਤੇ ਕਾਲੇ ਧਾਗੇ ਬਣ ਕੇ ਘੁੰਮਦੇ ਨਜ਼ਰੀਂ ਪੈਂਦੇ ਹਨ। ਪਤਾ ਨਹੀਂ ਕਾਲੇ ਧਾਗੇ ਦਾ ਇਹ ਬੰਧਨ ਕਿਸੇ ਜੋਤਸ਼ੀ ਜਾਂ ਸਿਆਣੇ ਦੀ ਸਲਾਹ ’ਤੇ ਬੱਝਾ ਹੁੰਦਾ ਹੈ ਜਾਂ ਫਿਰ ਇਸਨੂੰ ਫੈਸ਼ਨ ਦੇ ਪ੍ਰਤੀਕ ਵਜੋਂ ਸਾਡੇ ਨੌਜਵਾਨਾਂ ਨੇ ਅਪਣਾ ਲਿਆ ਹੈ ਪਰ ਇਹ ਇੱਕ ਆਮ ਵਰਤਾਰਾ ਬਣ ਗਿਆ ਜਾਪਦਾ ਹੈ।
ਕਾਲਾ ਰੰਗ ਵੀ ਬੜਾ ਅਜੀਬ ਹੈ। ਕਦੇ ਇਸਨੂੰ ਅਫਸੋਸ ਅਤੇ ਸ਼ੋਕ ਸੰਦੇਸ਼ ਵਜੋਂ ਮਾਨਤਾ ਪ੍ਰਾਪਤ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਧਰਨਿਆਂ ਅਤੇ ਸਰਕਾਰੀ ਵਧੀਕੀਆਂ ਦੇ ਸੋਗ ਵਜੋਂ ਸਭ ਤੋਂ ਪਹਿਲਾਂ ਕਾਲੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਸਨ। ਹੁਣ ਵੀ ਜਦੋਂ ਵੀ ਕਿਧਰੇ ਸਰਕਾਰੀ ਜਾਂ ਗੈਰ ਸਰਕਾਰੀ ਵਧੀਕੀ ਨਾਲ ਮੱਥਾ ਲਾਉਣਾ ਪਵੇ ਤਾਂ ਮੁਲਾਜ਼ਮ ਹੋਣ ਜਾਂ ਫਿਰ ਰਾਜਨੀਤਕ ਲੋਕ, ਉਹ ਕਾਲੀਆਂ ਦਸਤਾਰਾਂ ਸਜਾਉਂਦੇ ਹਨ ਜਾਂ ਮੋਢਿਆਂ ਉੱਤੇ ਕਾਲੀਆਂ ਪੱਟੀਆਂ ਜਾਂ ਬਿੱਲੇ ਬੰਨ੍ਹ ਕੇ ਆਪਣੀ ਭਾਵਨਾ ਦਾ ਇਜ਼ਹਾਰ ਕਰਦੇ ਹਨ।
ਕਾਲੇ ਝੰਡਿਆਂ ਨਾਲ ਵਿਖਾਵਾ ਜਾਂ ਵਿਰੋਧੀ ਧਿਰ ਲਈ ਅਪਮਾਨ ਦੀ ਵਜਾਹ ਬਣ ਜਾਂਦਾ ਹੈ ਤੇ ਇਸਨੂੰ ਗਾਲ੍ਹ ਤੋਂ ਵੀ ਭੈੜਾ ਜਾਣਿਆ ਜਾਂਦਾ ਹੈ। ਆਮ ਤੌਰ ’ਤੇ ਲੀਡਰਾਂ ਨੂੰ ਇਹ ਚਿੰਤਾ ਡਰਾਉਂਦੀ ਰਹਿੰਦੀ ਹੈ ਕਿ ਕਿਧਰੇ ਉਹਨਾਂ ਦੇ ਖਿਲਾਫ ਕੋਈ ਧਿਰ ਕਾਲੇ ਝੰਡੇ ਤਾਂ ਨਹੀਂ ਉਠਾ ਰਹੀ। ਇਸ ਤੋਂ ਬਚਣ ਲਈ ਝੱਟ ਗੱਲਬਾਤ ਦੀ ਟੇਬਲ ਸਜ ਜਾਂਦੀ ਹੈ। ਜੇ ਗੱਲ ਹੱਲ ਨਾ ਹੁੰਦੀ ਨਜ਼ਰ ਆਵੇ ਤਾਂ ਫਿਰ ਲੋਕਰਾਜ ਦੌਰਾਨ ਵੀ ਸਰਕਾਰਾਂ ਤਾਕਤ ਦੀ ਵਰਤੋਂ ਕਰਕੇ ਵਿਰੋਧ ਨੂੰ ਥੰਮ੍ਹਣ ਦਾ ਯਤਨ ਵੀ ਕਰਦੀਆਂ ਹਨ, ਜਿਹੜਾ ਤੇਜ਼ ਪਾਣੀ ਦੀਆਂ ਬੌਛਾੜਾਂ ਤੋਂ ਲੈਕੇ ਅੱਥਰੂ ਗੈਸ ਅਤੇ ਡਰਾਉਣੇ ਹਵਾਈ ਫਾਇਰਾਂ ਤੱਕ ਵੀ ਜਾ ਪੁੱਜਦਾ ਹੈ। ਖੈਰ! ਸਮੇਂ ਦੇ ਬਦਲਣ ਨਾਲ ਕਈ ਕੁਝ ਬਦਲ ਜਾਂਦਾ ਹੈ। ਪਹਿਲੇ ਅਨਪੜ੍ਹ ਜ਼ਮਾਨੇ ਵਿੱਚ ਭੈੜੀ ਨਜ਼ਰ ਤੋਂ ਬਚਣ ਲਈ ਵੀ ਕਾਲੇ ਰੰਗ ਦੀ ਵਰਤੋਂ ਹੁੰਦੀ ਸੀ। ਉਂਞ ਤਾਂ ਨਜ਼ਰ ਨੁਜਰ ਕੋਈ ਚੀਜ਼ ਨਹੀਂ ਹੁੰਦੀ। ਬੱਸ ਇਹ ਸੋਚ ਦਾ ਨਤੀਜਾ ਹੁੰਦਾ ਹੈ ਜਿਸਦਾ ਨਜਾਇਜ਼ ਲਾਭ ਉਠਾ ਕਿ ਜਾਦੂ ਟੂਣਿਆਂ ਦਾ ਭਰਮ ਪਾਲਣ ਵਾਲੇ ਲੋਕ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਹਨ। ਪਤਾ ਨਹੀਂ ਕਿਉਂ ਨੌਜਵਾਨ ਹੀ ਇਨ੍ਹਾਂ ਪ੍ਰਵਿਰਤੀਆਂ ਦਾ ਸ਼ਿਕਾਰ ਹੁੰਦੇ ਹਨ। ਉਹ ਲੋਕ ਜਿਨ੍ਹਾਂ ਨੇ ਵਹਿਮਾਂ ਭਰਮਾਂ ਦਾ ਵਿਰੋਧ ਕਰਨਾ ਹੁੰਦਾ ਹੈ, ਜਦੋਂ ਉਹ ਹੀ ਸ਼ਿਕਾਰ ਹੋਣ ਲੱਗ ਪੈਣ ਤਾਂ ਬਾਕੀ ਸਮਾਜ ਦਾ ਕੀ ਬਣੇਗਾ? ਜੇ ਤਕਨੀਕ ਅਤੇ ਵਿਗਿਆਨ ਦੇ ਯੁਗ ਵਿੱਚ ਵੀ ਵਹਿਮ ਭਰਮ ਨਹੀਂ ਮੁੱਕਣੇ ਤਾਂ ਕਦੋਂ ਮੁੱਕਣਗੇ?
ਵਹਿਮਾਂ ਅਤੇ ਜਾਦੂ ਟੂਣਿਆਂ ਨੇ ਸਮਾਜ ਦਾ ਪਹਿਲਾਂ ਹੀ ਬਹੁਤ ਘਾਣ ਕੀਤਾ ਹੋਇਆ ਹੈ। ਹਾਲੇ ਤੱਕ ਵੀ ਲੋਕ ਅੰਧ ਵਿਸ਼ਵਾਸ ਤੋਂ ਪ੍ਰੇਰਿਤ ਹੋ ਕੇ ਸੌੜੇ ਸਵਾਰਥਾਂ ਲਈ ਬਲੀਆਂ ਦੇਣ ਵਿੱਚ ਯਕੀਨ ਰੱਖਦੇ ਹਨ। ਸਾਡਾ ਭਾਰਤ ਪੁਰਾਣੀ ਸਭਿਅਤਾ ਵਾਲਾ ਤੇ ਗੁਰੂਆਂ ਪੀਰਾਂ ਦਾ ਦੇਸ਼ ਹੈ। ਇੱਥੇ ਲੋਕ ਸ਼ੁਰੂ ਤੋਂ ਹੀ ਧਾਰਮਿਕ ਪ੍ਰਵਿਰਤੀ ਨਾਲ ਲੈਸ ਰਹੇ ਹਨ। ਧਾਰਮਿਕ ਪ੍ਰਵਿਰਤੀ ਹੋਣਾ ਉਂਜ ਮਾੜੀ ਗੱਲ ਵੀ ਨਹੀਂ ਪਰ ਇਸ ਨਾਲ ਜੇ ਮਾਨਸਿਕਤਾ ਵਿੱਚ ਨਿਖਾਰ ਆਵੇ, ਨੈਤਿਕਤਾ ਪਨਪੇ ਤਾਂ। ਜੇ ਧਾਰਮਿਕ ਹੋ ਕੇ ਕੱਟੜ ਬਣਨਾ ਹੈ ਤਾਂ ਉਸ ਧਾਰਮਿਕਪੁਣੇ ਦਾ ਵੀ ਕੀ ਲਾਭ? ਧਰਮ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਬਣੇ ਸਨ। ਹਲੀਮੀ ਅਤੇ ਨਿਮਰਤਾ ਹਰੇਕ ਧਰਮ ਦਾ ਮੂਲ ਪਾਠ ਸੀ ਪਰ ਕੱਟੜਪੁਣੇ ਨੇ ਧਰਮਾਂ ਦਾ ਵੀ ਨਾਸ ਕਰਕੇ ਰੱਖ ਦਿੱਤਾ ਹੈ ਤੇ ਸਮਾਜ ਦਾ ਵੀ। ਵਿਸ਼ਵ ਭਰ ਵਿੱਚ ਉੰਨੀ ਕਤਲੋਗਾਰਤ ਮਹਾਂਯੁੱਧਾਂ ਦੌਰਾਨ ਨਹੀਂ ਹੋਈ ਹੋਣੀ ਜਿੰਨੀ ਧਰਮਾਂ/ਮਜ਼ਹਬਾਂ ਦੇ ਕੱਟੜਪੁਣੇ ਕਾਰਨ ਹੋਈ ਹੈ। ਦੇਸ਼ ਦੀ ਵੰਡ ਵੇਲੇ 1947 ਵਿੱਚ ਪੰਜਾਬ ਦੇ 10 ਲੱਖ ਲੋਕਾਂ ਦਾ ਸਿਰਫ ਇਸੇ ਕਾਰਨ ਕਤਲ ਹੋ ਗਿਆ ਕਿ ਉਹ ਹਿੰਦੂ, ਮੁਸਲਿਮ ਜਾਂ ਸਿੱਖ ਸਨ। ਹਾਲਾਂਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਵੱਢ ਟੁੱਕ ਦਾ ਸ਼ਿਕਾਰ ਹੋਏ ਉਹਨਾਂ ਲੱਖਾਂ ਲੋਕਾਂ ਨੂੰ ਨਾ ਤਾਂ ਅੰਤਿਮ ਸਸਕਾਰ ਹੀ ਨਸੀਬ ਹੋਏ ਤੇ ਨਾ ਹੀ ਕਿਸੇ ਸਰਕਾਰ ਦੀ ਸਹਾਨਭੂਤੀ। ਇੱਥੋਂ ਤੱਕ ਕਿ ਉਹਨਾਂ ਲੋਕਾਂ ਦੇ ਨਾਮ ਜਾਨਣ ਦੀ ਵੀ ਕਿਸੇ ਨੇ ਕੋਸ਼ਿਸ਼ ਤੱਕ ਨਹੀਂ ਕੀਤੀ, ਸਰਧਾਂਜਲੀ ਤਾਂ ਕੀ ਦੇਣੀ ਸੀ।
ਧਰਮਾਂ ਅਤੇ ਮਜ਼ਹਬਾਂ ਦੇ ਨਾਮ ’ਤੇ ਚਲਾਕ ਲੋਕ ਭੋਲੇ ਭਾਲੇ ਲੋਕਾਂ ਨੂੰ ਬਹੁਤ ਜਲਦੀ ਭਰਮਾ ਅਤੇ ਵਰਗਲਾ ਲੈਂਦੇ ਹਨ। ਵੋਟਾਂ ਬਟੋਰਨ ਲਈ ਵੀ ਇਹੀ ਸਾਧਨ ਬਣ ਜਾਂਦਾ ਹੈ। ਅਗਸਤ ਦਾ ਚੱਲ ਰਿਹਾ ਮਹੀਨਾ ਪੰਜਾਬ ਦੇ ਇਸ ਅਣਕਿਆਸੇ ਦਰਦ ਦਾ ਮਹੀਨਾ ਹੈ। ਜੱਲਿਆਂਵਾਲੇ ਬਾਗ ਦੀ ਕਤਲੋਗਾਰਤ ਨੂੰ ਯਾਦ ਕਰਨ ਲਈ ਤਾਂ ਫਿਰ ਵੀ 13 ਅਪਰੈਲ ਵਾਲੇ ਦਿਨ ਯਾਦ ਕਰ ਲਿਆ ਜਾਂਦਾ ਹੈ ਪਰ ਇਸ ਵੱਡੇ ਘੱਲੂਘਾਰੇ ਲਈ ਕੇਵਲ ਵਿਛੜੇ ਪ੍ਰੀਵਾਰਾਂ ਵਾਲੇ ਹੀ ਭਾਵੇਂ ਦੋ ਅੱਥਰੂ ਕੇਰ ਲੈਂਦੇ ਹੋਣ, ਸਰਕਾਰੇ ਦਰਬਾਰੇ ਕੋਈ ਨਹੀਂ ਪੁੱਛਦਾ। ਹਾਂ, ਜੇ ਇਸ ਨਾਲ ਵੀ ਵੋਟ ਬੈਂਕ ਜੁੜਦਾ ਹੁੰਦਾ ਤਾਂ ਹੁਣ ਤੱਕ ਇਨ੍ਹਾਂ ਅਣਗੋਲੇ ਸ਼ਹੀਦਾਂ ਦੇ ਨਾਮ ਉੱਤੇ ਵੀ ਭਾਵੇਂ ਕਈ ਯਾਦਾਂ ਖੜ੍ਹੀਆਂ ਹੋ ਜਾਂਦੀਆਂ। ਇੰਨੀ ਕੁ ਹੈ ਦੇਸ਼ ਕੌਮ ਲਈ ਮਰ ਮਿਟਣ ਵਾਲੇ ਲੋਕਾਂ ਦੀ ਪੁੱਛ ਪ੍ਰਤੀਤ। ਪੰਜਾਬੀ ਭਾਸ਼ਾ ਦੀ ਇੱਕ ਸਿੱਧੀ ਪੱਧਰੀ ਜਿਹੀ ਕਹਾਵਤ ਹੈ - “ਇਹ ਜੱਗ ਮਿੱਠਾ ਤੇ ਅਗਲਾ ਕੀਹਨੇ ਡਿੱਠਾ।” ਇਸ ਲਈ ਵਰਤਮਾਨ ਹੀ ਮਹਾਨ ਹੈ। ਇਸਨੂੰ ਜਿੰਨਾ ਵਧੀਆ, ਖੁਸ਼ਹਾਲ, ਸਰਲ ਤੇ ਨੇਕ ਬਣਾ ਲਉਗੇ, ਉੰਨਾ ਹੀ ਲਾਭ ਹੈ। ਵਰਨਾ ਟੂਣੇ ਟਾਮਣ ਅਤੇ ਧਾਗੇ ਤਵੀਤ ਬਣਾ ਕੇ ਜੇ ਇਹ ਸੋਚ ਲਿਆ ਜਾਵੇ ਕਿ ਇਸ ਨਾਲ ਕੁਝ ਸੌਰ ਜਾਵੇਗਾ ਤਾਂ ਇਹ ਨਿਰੀ ਮੂਰਖਤਾ ਹੀ ਹੋਵੇਗੀ।
ਵੱਡੀ ਹੈਰਾਨੀ ਤਾਂ ਇਹ ਵੀ ਵੇਖਣ ਨੂੰ ਮਿਲਦੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਚੌਕਾਂ ਵਿੱਚ ਅੱਜਕੱਲ ਵੀ ਲੋਕ ਨਵੇਂ ਨਕੋਰ ਝਾੜੂ ਲੈ ਕੇ ਸੁੱਟ ਜਾਂਦੇ ਹਨ। ਇਹ ਸਭ ਕਰਨ ਲਈ ਉਹਨਾਂ ਨੂੰ ਪੁੱਛਾਂ ਦੇਣ ਵਾਲੇ ਲੋਕ ਹੀ ਪ੍ਰੇਰਦੇ ਹਨ। ਭਲਾ ਝਾੜੂ ਸੁੱਟਣ ਜਾਂ ਉਸਦੇ ਉੱਪਰੋਂ ਦੀ ਲੰਘਣ ਨਾਲ ਕਿਸੇ ਨੂੰ ਕੀ ਫਰਕ ਪੈਣਾ ਹੈ। ਬੱਸ ਇੱਕ ਮਾਨਸਿਕ ਸੋਚ ਅਤੇ ਤਸੱਲੀ ਹੀ ਹੈ। ਵੰਸ਼ ਚਲਾਉਣ ਅਤੇ ਪੁੱਤਰ ਪ੍ਰਾਪਤੀ ਦੀ ਤਾਂਘ ਵਿੱਚ ਹਾਲੇ ਵੀ ਲੋਕ ਕੀ ਕੀ ਪਾਪੜ ਵੇਲਦੇ ਹਨ, ਕਿਸੇ ਤੋਂ ਗੁੱਝੇ ਹੋਏ ਨਹੀਂ? ਧਾਗੇ ਤਵੀਤ ਅਤੇ ਬਾਬਿਆਂ ਦੀਆਂ ਪੁੜੀਆਂ ਬੜੀਆਂ ਮਸ਼ਹੂਰ ਹਨ। ਔਲਾਦ ਹੋਣੀ ਜਾਂ ਨਾ ਹੋਣੀ ਪਤੀ ਪਤਨੀ ਉੱਤੇ ਨਿਰਭਰ ਕਰਦਾ ਹੈ। ਅਸੀਂ ਇਸ ਨੂੰ ਪਿਛਲੇ ਕਰਮਾਂ ਨਾਲ ਵੀ ਜੋੜ ਦਿੰਦੇ ਹਾਂ। ਪਰ ਧਾਗੇ ਤਵੀਤ ਅਤੇ ਪੁੜੀਆਂ ਤਾਂ ਕੋਈ ਸਾਧਨ ਜਾਂ ਤਰੀਕਾ ਨਹੀਂ ਹਨ। ਆਸਥਾਂ ਅਤੇ ਅੰਧਵਿਸ਼ਵਾਸ ਸਾਰੇ ਪਵਾੜੇ ਦੀ ਜੜ੍ਹ ਹਨ। ਵਿਹਲੜ ਅਤੇ ਨਿਕੰਮੇ ਲੋਕਾਂ ਦੀ ਵੀ ਸਾਡੇ ਦੇਸ਼ ਵਿੱਚ ਬਹੁਤ ਭਰਮਾਰ ਹੈ। ਭਗਵੇਂ ਕੱਪੜੇ ਪਹਿਨ ਕੇ ਸਾਧੂ ਭੇਸ ਬਣਾ ਲੈਣਾ ਕਿਸੇ ਵੀ ਬੰਦੇ ਨੂੰ ਸਾਧ ਨਹੀਂ ਬਣਾ ਦਿੰਦਾ। ਸਾਧੂ ਜਾਂ ਸੰਤ ਬਣਨ ਲਈ ਬੜੀ ਘਾਲਣਾ ਦੀ ਲੋੜ ਪੈਂਦੀ ਹੈ ਪਰ ਸਾਡੇ ਇੱਥੇ ਕੰਮਚੋਰ, ਨਿਕੰਮੇ, ਵਿਹਲੜ ਅਤੇ ਆਲਸੀ ਲੋਕ ਪਹਿਰਾਵਾ ਬਦਲ ਕੇ ਸੰਤ ਬਣ ਬਹਿੰਦੇ ਹਨ।
ਦੇਰ ਸਵੇਰ ਪਾਪਾਂ ਦਾ ਘੜਾ ਭਰ ਕੇ ਟੁੱਟਦਾ ਜ਼ਰੂਰ ਹੈ। ਸਾਡੇ ਸਮਾਜ ਵਿੱਚ ਇੱਕ ਹੋਰ ਕਹਾਵਤ “ਤਪੋਂ ਰਾਜ ਤੇ ਰਾਜੋਂ ਨਰਕ” ਵੀ ਬੜੀ ਮਸ਼ਹੂਰ ਹੈ। ਸਮੇਂ ਅਤੇ ਕਾਨੂੰਨ ਨੇ ਅਜਿਹੇ ਵਿਗੜੇ ਅਤੇ ਕੁਰਾਹੇ ਪਏ ਲੋਕਾਂ ਨੂੰ ਸ਼ੀਸ਼ਾ ਵੀ ਵਿਖਾਇਆ ਹੈ। ਪਰ ਫਿਰ ਵੀ ਇਹ ਵਿਹਲੜ ਲੋਕ ਸਮਝਦੇ ਨਹੀਂ। ਅਜਿਹੇ ਥਾਵਾਂ ’ਤੇ ਵੀ ਜ਼ਿਆਦਾ ਨੌਜਵਾਨ ਵਰਗ ਹੀ ਭਰਮਜਾਲ ਵਿੱਚ ਫਸਦਾ ਹੈ। ਕੁਦਰਤ ਅਤੇ ਕਿਸਮਤ ਦਾ ਵੀ ਬੜਾ ਅਜੀਬ ਰਿਸ਼ਤਾ ਹੈ। ਲਾਲਚੀ ਮਨੁੱਖ ਨੇ ਕਿਸਮਤ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਕੁਦਰਤ ਨਾਲ ਵੀ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾ ਖਿਲਵਾੜ ਤਾਂ ਰੇਖ ਵਿੱਚ ਮੇਖ ਮਾਰਨ ਵਾਲੇ ਪੁੱਛਾਂ ਦੇਣ ਵਾਲੇ ਕਰਦੇ ਹਨ। ਪਿੱਪਲ ਦਾ ਦਰਖਤ ਕੁਦਰਤ ਨੇ ਮਨੁੱਖਤਾ ਲਈ ਕਿੱਡੀ ਸੋਹਣੀ ਨਿਆਮਤ ਵਜੋਂ ਸਿਰਜਿਆ ਹੈ। ਅੱਜਕੱਲ ਲਾਲਚੀ ਮਨੁੱਖ ਨੇ ਪਹਿਲਾਂ ਤਾਂ ਵੱਡੇ ਵੱਡੇ ਬੋਹੜ ਤੇ ਪਿੱਪਲ ਦੇ ਦਰਖਤ ਛੱਡੇ ਹੀ ਨਹੀਂ ਹਨ। ਉਹ ਦਰਖਤ ਮੁੱਕਣ ਨਾਲ ਉਹਨਾਂ ਨਾਲ ਪੀਂਘਾਂ ਝੂਟਣ ਵਾਲੀਆਂ ਅਤੇ ਤੀਆਂ ਦਾ ਤਿਉਹਾਰ ਮਨਾਉਣ ਵਾਲਿਆਂ ਮੁਟਿਆਰਾਂ ਵੀ ਨਹੀਂ ਰਹੀਆਂ। ਕੁਝ ਤਾਂ ਲੋਕਾਂ ਨੇ ਕੁੱਖਾਂ ਵਿੱਚ ਹੀ ਮਾਰ ਛੱਡੀਆਂ ਤੇ ਕੁਝ ਸਰਾਪੇ ਲੋਕਾਂ ਦੁਆਰਾ ਬਲਾਤਕਾਰ, ਗੈਂਗਰੇਪ ਅਤੇ ਦਾਜ ਦਹੇਜ ਦੀ ਬਲੀ ਚੜ੍ਹ ਗਈਆਂ। ਰਹਿੰਦੀਆਂ ਖੂੰਹਦੀਆਂ ਵਿਦੇਸ਼ਾਂ ਨੂੰ ਪ੍ਰਵਾਸ ਕਰ ਗਈਆਂ ਤੇ ਕੁਝ ਕੁ ਇੱਥੇ ਨਸ਼ੇ ਦੀ ਭੇਟ ਵੀ ਚੜ੍ਹਨ ਲੱਗ ਪਈਆਂ ਹਨ। … ਤੇ ਵਿਚਾਰੇ ਜਿਹੇ ਬਣੇ ਬਚੇ ਖੁਚੇ ਪਿੱਪਲਾਂ ਦੀ ਦਾਸਤਾਨ ਸੁਣੋ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਤੇਲ ਦੀਆਂ ਧਾਰਾਂ ਪਾ ਪਾ ਕੇ ਤੇ ਮੌਲੀਆਂ ਰੁਮਾਲੇ ਬੰਨ੍ਹ ਕੇ ਲੋਕ ਉਹਨਾਂ ਪਿੱਪਲਾਂ ਨੂੰ ਵੀ ਬਾਬੇ ਬਣਾ ਦਿੰਦੇ ਹਨ। ਤੇਲ ਨਾਲ ਆਕਸੀਜਨ ਦੇ ਭੰਡਾਰ ਪਿੱਪਲ ਦਾ ਆਪਣਾ ਸਾਹ ਵੀ ਰੁਕ ਜਾਂਦਾ ਹੈ ਫਿਰ ਉਹ ਦੂਜਿਆਂ ਨੂੰ ਆਕਸੀਜਨ ਦੇਣ ਤੋਂ ਵੀ ਅਸਮਰੱਥ ਹੋ ਜਾਂਦਾ ਹੈ।
ਸਾਡੇ ਪੰਜਾਬੀਆਂ ਵਿੱਚ ਇੱਕ ਰਿਵਾਜ ਬੜਾ ਭੈੜਾ ਹੈ, ਜਿਹੜੀ ਚੀਜ਼ ਦੇ ਇਹ ਪਿੱਛੇ ਪੈ ਜਾਣ, ਉਹਦਾ ਬੀਜ ਨਾਸ ਕਰਕੇ ਹੀ ਹਟਦੇ ਹਨ। ਜੇ ਇਹ ਆਲੂ ਉਗਾਉਣ ਲੱਗ ਜਾਣ ਤਾਂ ਤਦ ਤੱਕ ਉਗਾਉਂਦੇ ਹਨ ਜਦੋਂ ਤਕ ਸੜਕਾਂ ਉੱਤੇ ਨਾ ਸੁੱਟਣੇ ਪੈਣ। ਸਫੈਦੇ ਜਾਂ ਫਿਰ ਪਾਪੂਲਰ ਦੀ ਖੇਤੀ ਦਾ ਵੀ ਇਹੀ ਹਾਲ ਹੋਇਆ ਅਤੇ ਸੂਰਜਮੁਖੀ ਦਾ ਵੀ। ਹਰੀ ਕ੍ਰਾਂਤੀ ਨਾਲ ਕਣਕ ਝੋਨੇ ਦਾ ਚੱਕਰ ਐਸਾ ਚੱਲਿਆ ਕਿ ਹੁਣ ਪਾਣੀ ਦੇ ਲਾਲੇ ਪੈ ਗਏ ਹਨ। ਸਬਜ਼ੀਆਂ ਦੀ ਪੈਦਾਵਾਰ ਵਿੱਚ ਇੰਨੀਆਂ ਨਦੀਨ ਨਾਸ਼ਕ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਰ ਦਿੱਤੀ ਹੈ ਕਿ ਹੁਣ ਇਹ ਖਾਣ ਵਾਲੇ ਮਿਆਰ ਦੀਆਂ ਹੀ ਨਹੀਂ ਰਹੀਆਂ। ਤੇਤੀ ਕਰੋੜ ਦੇਵਤਿਆਂ ਦਾ ਦੇਸ਼ ਕਹੇ ਜਾਣ ਵਾਲੇ ਭਾਰਤ ਵਿੱਚ ਹੁਣ ਪਖੰਡੀ ਸਾਧੂਆਂ ਦੀ ਗਿਣਤੀ ਵੀ ਇੰਨੀ ਕੁ ਹੋ ਗਈ ਹੋਣੀ ਹੈ। ਦਰਅਸਲ ਇਨ੍ਹਾਂ ਵਿੱਚ ਸੱਚਾ ਸਾਧੂ ਕੋਈ ਵੀ ਨਹੀਂ, ਸਾਰੇ ਕੰਮਚੋਰ, ਵਿਹਲੜ ਅਤੇ ਨਿਕੰਮੇ ਹਨ। ਵੰਨ ਸੁਵੰਨੇ ਪਹਿਰਾਵਿਆਂ ਨਾਲ ਆਪੇ ਬਣੇ ਸਾਧ ਹਨ। ਇਨ੍ਹਾਂ ਵਿੱਚ ਕਈ ਪੁੱਛਾਂ ਦੇ ਕੇ ਅੰਧਵਿਸ਼ਵਾਸ ਫੈਲਾਉਣ ਵਾਲੇ ਵੀ ਹਨ, ਜਿਨ੍ਹਾਂ ਨੇ ਕਾਲੇ ਧਾਗਿਆਂ ਦਾ ਪਖੰਡ ਰਚਿਆ ਹੋਇਆ ਹੈ। ਲੋੜ ਹੈ ਇਸ ਅੰਧਵਿਸ਼ਵਾਸੀ ਪ੍ਰਕਿਰਿਆ ਤੋਂ ਬਚਣ ਦੀ, ਕਿਉਂਕਿ ਇਹ ਲੋਕ ਮੁਫਤ ਦਾ ਖਾਣ ਗਿੱਝੇ ਹੁੰਦੇ ਹਨ। ਪ੍ਰੰਤੂ ਵਾਸਤਵਿਕਤਾ ਇਹ ਹੈ ਕਿ ਇਸ ਦੁਨੀਆਂ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ, ਸਿਵਾਏ ਹਵਾ ਤੇ ਪਾਣੀ ਦੇ। ਹੁਣ ਤਾਂ ਪਾਣੀ ਵੀ ਮੁੱਲ ਵਿਕਣ ਲੱਗ ਪਿਆ ਹੈ ਤੇ ਹਵਾ ਵੀ ਵਿਕਣ ਨੂੰ ਤਿਆਰ ਹੈ …!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1704)
(ਸਰੋਕਾਰ ਨਾਲ ਸੰਪਰਕ ਲਈ: