“ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੋਂ ਅੱਗੇ ਵਧਦੇ ਹੋਏ ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ...”
(29 ਮਾਰਚ 2022)
ਮਹਿਮਾਨ: 253.
ਕਲ੍ਹਾ ਯਾਨੀ ਕਿ ਲੜਾਈ ਘਰ ਵਿੱਚ ਹੋਵੇ ਜਾਂ ਬਾਹਰ, ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ, ਅੰਦਰੂਨੀ ਹੋਵੇ ਜਾਂ ਫਿਰ ਕਿਸੇ ਦੇਸ਼ ਦੀਆਂ ਸਰਹੱਦਾਂ ਉੱਪਰ ਹੋਵੇ, ਮਾੜੀ ਹੁੰਦੀ ਹੈ। ਜੇ ਇਹ ਕਲਾ ਵਧਦੀ ਵਧਦੀ ਭਿਅੰਕਰ ਰੂਪ ਧਾਰ ਲਵੇ ਤੇ ਫਿਰ ਮਹਾਂ ਯੁੱਧ ਭਾਵ ਵਿਸ਼ਵ ਯੁੱਧ ਦਾ ਰੂਪ ਧਾਰ ਲੈਂਦੀ ਹੈ। ਉਸ ਵਿੱਚ ਕਿੰਨੀ ਭਿਆਨਕ ਤਬਾਹੀ ਹੋਵੇਗੀ ਇਹ ਕੋਈ ਗਿਣਤੀ ਮਿਣਤੀ ਦਾ ਸਵਾਲ ਨਹੀਂ ਰਹਿੰਦਾ। ਵਿਸ਼ਵ ਨੇ ਪਹਿਲੇ ਅਤੇ ਦੂਜੇ ਦੋ ਮਹਾਂ ਯੁੱਧਾਂ ਦਾ ਤਾਂਡਵ ਦੇਖਿਆ ਅਤੇ ਮਹਿਸੂਸ ਕੀਤਾ ਹੈ। ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਜ਼ਮੀਨ ਅੱਠ ਦਹਾਕੇ ਬੀਤਣ ਬਾਦ ਵੀ ਬੰਜਰ ਦੀ ਬੰਜਰ ਹੀ ਹੈ। ਉੱਥੇ 1945 ਵਿੱਚ ਦੂਜੇ ਮਹਾਂਯੁੱਧ ਵੇਲੇ ਦੋ ਪ੍ਰਮਾਣੂ ਬੰਬ ਸੁੱਟੇ ਗਏ ਸਨ। ਮਨੁੱਖ ਤਾਂ ਇਸ ਬ੍ਰਹਿਮੰਡ ਦਾ ਸਭ ਤੋਂ ਵੱਧ ਸਿਆਣਾ ਜੀਵ ਹੈ। ਸੋਚਣ, ਸਮਝਣ ਅਤੇ ਪਰਖਣ ਦੀ ਸ਼ਕਤੀ ਨਾਲ ਲਬਰੇਜ਼ ਹੈ। ਇਹ ਭਲੀ ਭਾਂਤ ਜਾਣਦਾ ਹੈ ਕਿ ਮਨੁੱਖ ਦੁਆਰਾ ਬਣਾਏ ਤੇ ਵਿਕਸਤ ਕੀਤੇ ਗਏ ਪ੍ਰਮਾਣੂ ਹਥਿਆਰ ਕਿਸੇ ਦੇ ਵੀ ਮਿੱਤ ਨਹੀਂ। ਜਿੱਥੇ ਵੀ ਵਰਤੇ ਜਾਣਗੇ ਤਬਾਹੀ ਦੇ ਸਿਵਾ ਕੁਝ ਵੀ ਹੱਥ ਪੱਲੇ ਨਹੀਂ ਪਵੇਗਾ। ਫਿਰ ਇਸ ਮਨੁੱਖ ਨੂੰ ਕਿਹੜੀ ਹਊਮੈ ਅਤੇ ਲਾਲਸਾ ਦਾ ਕੀੜਾ ਟਿਕਣ ਨਹੀਂ ਦਿੰਦਾ? ਜਦੋਂ ਹਰ ਕਿਸੇ ਨੂੰ ਇਹ ਵੀ ਸਪਸ਼ਟ ਹੈ ਕਿ ਮਨੁੱਖ ਦੀ ਜ਼ਿੰਦਗੀ ਕੁਝ ਸਮੇਂ ਦੀ ਹੈ, ਇਹ ਸਥਿਰ ਜਾਂ ਸਦੀਵੀ ਨਹੀਂ। ਕੋਈ ਨਾ ਕੋਈ ਕੁਦਰਤੀ ਤਾਕਤ ਇਸ ਉੱਪਰ ਕੰਟਰੋਲ ਜ਼ਰੂਰ ਕਰਦੀ ਹੈ। ਕੁਦਰਤ ਦਾ ਆਪਣਾ ਵੀ ਬਹੁਤ ਵੱਡਾ ਨਿਯਮ ਹੈ। ਜੇ ਉਸ ਨੇ ਦਿਨ-ਰਾਤ, ਮੌਸਮ ਤੇ ਰੱਤਾਂ ਬਣਾਈਆਂ ਹਨ ਤਾਂ ਉਸਦਾ ਅਨੁਸ਼ਾਸਨ ਮੰਨਣਾ ਵੀ ਤਾਂ ਮਨੁੱਖ ਦਾ ਕਰਤਵ ਬਣਦਾ ਹੈ।
ਮਨੁੱਖ ਨੇ ਵਿਗਿਆਨ ਨੂੰ ਆਪਣੇ ਢੰਗ ਤਰੀਕੇ ਨਾਲ ਵਰਤ ਕੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਕਈ ਤਰੀਕੇ ਈਜ਼ਾਦ ਕਰ ਲਏ ਹਨ। ਸਰਦੀ ਦੇ ਮੌਸਮ ਨੂੰ ਗਰਮੀ ਵਿੱਚ ਬਦਲਣਾ ਸਿੱਖ ਲਿਆ ਹੈ ਅਤੇ ਗਰਮੀ ਨੂੰ ਸਰਦੀ ਵਿੱਚ। ਪਰ ਇੰਜ ਗੈਸਾਂ ਦੇ ਰਿਸਾਵ ਨਾਲ ਜਿਹੜਾ ਪ੍ਰਦੂਸ਼ਣ ਫੈਲਿਆ ਹੈ ਤੇ ਤਾਪਮਾਨ ਵਧਣ ਨਾਲ ਆਲਮੀ ਤਪਸ਼ ਦਾ ਜਿਹੜਾ ਭੂਤ ਮਨੁੱਖਤਾ ਨੂੰ ਹੜੱਪਣ ਲਈ ਛਲਾਂਗਾਂ ਮਾਰ ਰਿਹਾ ਹੈ, ਉਸ ਕੋਲੋਂ ਕੌਣ ਬਚਾਵੇਗਾ? ਅਖੀਰ ਅਨੁਸ਼ਾਸਨ ਵਿੱਚ ਰਹਿਣ ਦੀ ਲੋੜ ਪਵੇਗੀ ਤਾਂ ਹੀ ਬਚਾ ਹੋਵੇਗਾ। ਰੂਸ ਅਤੇ ਯੁਕਰੇਨ ਵਿੱਚ ਛਿੜੀ ਭਿਆਨਕ ਲੜਾਈ ਦੂਜੇ ਮਹੀਨੇ ਵਿੱਚ ਦਾਖਲ ਹੋ ਗਈ ਹੈ। ਬਾਹਰਲੀਆਂ ਤਾਕਤਾਂ ਤਮਾਸ਼ਬੀਨ ਬਣੀਆਂ ਵੇਖ ਰਹੀਆਂ ਹਨ। ਹਾਲੇ ਤਾਂ ਉੱਥੇ ਸਰਦੀ ਦਾ ਮੌਸਮ ਹੈ ਮਹਿਸੂਸ ਨਹੀਂ ਹੁੰਦਾ ਪਰ ਜਿਹੜਾ ਅਸਲਾ ਉੱਥੇ ਵਰਤਿਆ ਜਾ ਰਿਹਾ ਹੈ, ਨਿਰੰਤਰ ਬੰਬ ਫਟ ਰਹੇ ਹਨ, ਮੀਜਾਈਲਾਂ ਛੱਡੀਆਂ ਜਾ ਰਹੀਆਂ ਹਨ, ਆਖਰ ਇਸਦਾ ਅਸਰ ਵੀ ਤਾਂ ਵਿਸ਼ਵ ਵਿਆਪੀ ਹੋਵੇਗਾ। ਜਾਨੀ ਮਾਲੀ ਨੁਕਸਾਨ ਥੋੜ੍ਹਾ ਜਾਂ ਬਹੁਤਾ ਦੁਵੱਲੇ ਹੀ ਹੋ ਰਿਹਾ ਹੈ। ਮਾਵਾਂ ਦੇ ਪੁੱਤ ਮਰ ਰਹੇ ਹਨ। ਪਰ ਤਾਕਤ ਦਾ ਨਸ਼ਾ ਕਿਸੇ ਧਿਰ ਦਾ ਵੀ ਨਹੀਂ ਉੱਤਰ ਰਿਹਾ। ਆਖਰ ਮਨੁੱਖਤਾ ਦੀ ਕੀਮਤ ’ਤੇ ਇਹ ਵਰਤਾਰਾ ਕਦੋਂ ਤਕ ਜਾਰੀ ਰਹੇਗਾ?
ਮਨੁੱਖੀ ਲੋੜਾਂ ਤਾਂ ਪਹਿਲਾਂ ਹੀ ਮੂੰਹ ਅੱਡੀ ਖੜ੍ਹੀਆਂ ਹਨ ਅਤੇ ਨਿਰੰਤਰ ਕੌੜੀ ਵੇਲ ਵਾਂਗ ਵਧ ਰਹੀਆਂ ਹਨ। ਭਿਆਨਕ ਤਬਾਹੀ ਦੇ ਇਸ ਮੰਜ਼ਰ ਤੋਂ ਬਾਦ ਭੁੱਖੇ ਤੇ ਨੰਗੇ ਵਿਲਕਦੇ ਢਿੱਡਾਂ ਦਾ ਕੀ ਬਣੇਗਾ? ਮਨੁੱਖ ਜੇ ਉੱਤਮ ਜੀਵ ਦਾ ਦਰਜਾ ਸੰਭਾਲੀ ਬੈਠਾ ਹੈ ਤਾਂ ਫਿਰ ਉੱਤਮ ਬਣਦਾ ਕਿਉਂ ਨਹੀਂ? ਕੀ ਇਸ ਨੂੰ ਸਮਝਾਉਣ ਲਈ ਪਸ਼ੂ, ਪਰਿੰਦੇ ਜਾਂ ਫਿਰ ਪੌਦੇ ਤੇ ਦ੍ਰਖਤ ਮੈਦਾਨ ਵਿੱਚ ਉੱਤਰਨਗੇ? ਮਨੁੱਖ ਦਾ ਕੰਮ ਮਨੁੱਖ ਨੇ ਹੀ ਕਰਨਾ ਹੈ। ਦੋਹਾਂ ਧਿਰਾਂ ਨੂੰ ਹਊਮੈ ਅਤੇ ਜ਼ਿੱਦ ਛੱਡ ਕੇ ਮੇਜ਼ ਦੁਆਲੇ ਬੈਠ ਕੇ ਗੱਲ ਕਰਨੀ ਹੀ ਪੈਣੀ ਹੈ। ਲਾਪ੍ਰਵਾਹੀ ਮਨੁੱਖਤਾ ਦੇ ਅੰਤ ਦਾ ਕਾਰਨ ਵੀ ਬਣ ਸਕਦੀ ਹੈ। ਯੂ.ਐੱਨ.ਓ ਜੋ ਅੰਤਰਰਾਸ਼ਟਰੀ ਸਰਕਾਰ ਦਾ ਦਮ ਭਰਦੀ ਹੈ, ਜੇ ਇਸ ਮੌਕੇ ਜੰਗਬੰਦੀ ਕਰਵਾ ਦੇਵੇ ਤਾਂ ਠੀਕ ਹੈ ਨਹੀਂ ਤਾਂ ਫਿਰ ਈਦੋਂ ਬਾਦ ਤੰਬੇ ਕਿਹੜੇ ਕੰਮ? ਮਨੁੱਖ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਹੀ ਰਾਸ ਆਉਂਦੀ ਹੈ। ਲੜਾਈ ਤਾਂ ਕਿਸੇ ਵੀ ਸਮੇਂ ’ਤੇ ਕਿਸੇ ਵੀ ਹਥਿਆਰ ਨਾਲ ਹੋਵੇ ,ਤਬਾਹੀ ਹੀ ਮਚਾਉਂਦੀ ਹੈ। ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਹੁਣ ਤਕ ਬਹੁਤ ਯੁੱਧ ਹੋ ਚੁੱਕੇ ਹਨ ਪਰ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਇਆ। ਪ੍ਰਸਿੱਧ ਅਤੇ ਵਿਕਸਤ ਦੇਸ਼ ਜਰਮਨੀ ਦੀ ਉਦਾਰਹਣ ਸਭ ਦੇ ਸਾਹਮਣੇ ਹੈ। ਘਰ ਦੀ ਕਲਾ ਨੇ ਇੰਨਾ ਵਖਰੇਵਾਂ ਪੈਦਾ ਕਰ ਦਿੱਤਾ ਕਿ ਇੱਕ ਦੂਜੇ ਦੇ ਕੱਟੜ ਦੁਸ਼ਮਣ ਦੇਸ਼ ਬਣ ਗਏ। ਦੂਰੀਆਂ ਇੰਨੀਆਂ ਵਧਾ ਲਈਆਂ ਕਿ ਦਰਮਿਆਨ ਇੱਕ ਕੰਧ ਦੀ ਉਸਾਰੀ ਕਰ ਲਈ। ਪਰ ਅਖੀਰ ਮਾਨਵਤਾ ਦੀ ਕਸਕ ਨੇ ਦੋਹਾਂ ਨੂੰ ਇੱਕ ਦੂਸਰੇ ਦੇ ਨੇੜੇ ਲੈ ਆਂਦਾ। ਕੰਧ ਵੀ ਢੱਠ ਗਈ ਤੇ ਵਿੱਛੜੇ ਲੋਕ ਫਿਰ ਇੱਕ ਦੇਸ਼ ਦੇ ਬਾਸ਼ਿੰਦੇ ਬਣ ਕੇ ਸ਼ਾਂਤੀ ਨਾਲ ਰਹਿ ਰਹੇ ਹਨ।
ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ। ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇਤਿਹਾਸਕ ਮਹਾਂਭਾਰਤ ਅਤੇ ਰਮਾਇਣ ਦੇ ਭਿਆਨਕ ਯੁੱਧਾਂ ਦੀ ਯਾਦ ਲੜੀਵਾਰ ਫਿਲਮਾਂ ਦੇ ਰੂਪ ਵਿੱਚ ਵੀ ਲੋਕਾਂ ਸਾਹਮਣੇ ਰੱਖ ਕੇ ਜੰਗ ਦੇ ਨੁਕਸਾਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਰਿਹਾ ਹੈ। ਪਰ ਮਨੁੱਖ ਆਪਣੀ ਭੁੱਲਣ ਵਾਲੀ ਆਦਤ ਦੇ ਹਾਵੀ ਹੋ ਜਾਣ ਕਾਰਨ ਸਭ ਕਾਸੇ ਨੂੰ ਜਲਦੀ ਭੁੱਲ ਜਾਂਦਾ ਹੈ ਅਤੇ ਲਾਲਸਾ ਅਤੇ ਹਊਮੈ ਦਾ ਸ਼ਿਕਾਰ ਹੋ ਜਾਂਦਾ ਹੈ।
ਜੇ ਪੁਰਾਣੇ ਸਮੇਂ ਵਿੱਚ ਰਜਵਾੜੇ ਅਤੇ ਬਾਦਸ਼ਾਹ ਹਕੂਮਤ ਕਰਦੇ ਸਨ ਤਾਂ ਹੁਣ ਵਿਸ਼ਵ ਦੇ ਬਹੁਤੇ ਦੇਸ਼ਾਂ ਵਿੱਚ ਲੋਕਰਾਜੀ ਪ੍ਰੰਪਰਾਵਾਂ ਕਾਇਮ ਹਨ। ਹੁਣ ਲੋਕਾਂ ਕੋਲ ਵੋਟਾਂ ਦੀ ਤਾਕਤ ਹੈ ਜਿਸਦੇ ਬਲ ਬੁੱਤੇ ਉਹ ਆਪਣੀਆਂ ਸਰਕਾਰਾਂ ਦੀ ਚੋਣ ਕਰਦੇ ਹਨ। ਇਨ੍ਹਾਂ ਸਰਕਾਰਾਂ ਨੂੰ ਕਲਿਆਣਕਾਰੀ ਸਰਕਾਰਾਂ ਦਾ ਨਾਮ ਦਿੱਤਾ ਗਿਆ ਹੈ। ਸਾਡੇ ਦੇਸ਼ ਵਿੱਚ ਅਕਸਰ ਪੰਜ ਸਾਲ ਬਾਦ ਚੋਣਾਂ ਨਾਲ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਦੀ ਚੋਣ ਹੁੰਦੀ ਹੈ। ਚੋਣਾਂ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਆਪੋ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਲੋਕਾਂ ਸਾਹਮਣੇ ਰੱਖ ਕੇ ਵਾਅਦੇ ਕਰਦੀਆਂ ਹਨ। ਜਿਹੜੀ ਪਾਰਟੀ ਲੋਕਾਂ ਦੇ ਦਿਲ ਜਿੱਤਣ ਵਿੱਚ ਸਫਲ ਹੋ ਜਾਵੇ ਉਹ ਸੱਤਾ ’ਤੇ ਕਾਬਜ਼ ਹੋ ਜਾਂਦੀ ਹੈ।
ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੋਂ ਅੱਗੇ ਵਧਦੇ ਹੋਏ ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 1966 ਦੇ ਪੰਜਾਬ ਦੇ ਪੁਨਰਗਠਨ ਤੋਂ ਬਾਦ ਅਕਾਲੀ-ਭਾਜਪਾ ਅਤੇ ਕਾਂਗਰਸ ਵਾਰੀ ਵਾਰੀ ਸੱਤਾ ਉੱਪਰ ਕਾਬਜ਼ ਰਹੇ ਹਨ। 2012 ਦੀਆਂ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਦੂਜੀ ਵਾਰ ਸੱਤਾ ਸੰਭਾਲੀ ਸੀ, ਨਹੀਂ ਤਾਂ ਹਰ ਵਾਰ ਲੋਕਾਂ ਦਾ ਮੋਹ ਸੱਤਾਧਾਰੀ ਪਾਰਟੀ ਤੋਂ ਭੰਗ ਹੋ ਜਾਣ ਕਾਰਨ ਸਰਕਾਰ ਬਦਲਦੀ ਹੀ ਰਹੀ ਹੈ। 2017 ਦੇ ਚੋਣ ਨਤੀਜੇ ਅਕਾਲੀ ਭਾਜਪਾ ਗੱਠਜੋੜ ਲਈ ਕੋਈ ਬਹੁਤੇ ਸੁਖਾਵੇਂ ਨਹੀਂ ਸਨ ਰਹੇ। ਆਮ ਆਦਮੀ ਪਾਰਟੀ ਵੀ ਬੁਰੀ ਤਰ੍ਹਾਂ ਖਿੰਡ ਪੁੰਡ ਗਈ ਸੀ ਇਸ ਕਾਰਨ ਸੱਤਾਧਾਰੀ ਕਾਂਗਰਸ ਵਾਲੇ ਸੋਚਦੇ ਸਨ ਕਿ 2022 ਵਿੱਚ ਫਿਰ ਉਹਨਾਂ ਦੇ ਪੈਰ ਹੇਠ ਬਟੇਰਾ ਆ ਜਾਵੇਗਾ। ਤਾਕਤ ਦੀ ਕੁਰਸੀ ਉੱਪਰ ਕਾਬਜ਼ ਹੋਣ ਲਈ ਬਹੁਤੇ ਨੇਤਾ ਤਰਲੋਮੱਛੀ ਹੋ ਰਹੇ ਸਨ। ਰੌਲੇ ਗੌਲੇ ਵਿੱਚ ਪਾਰਟੀ ਪ੍ਰਧਾਨ ਵੀ ਬਦਲਿਆ ਗਿਆ ਅਤੇ ਮੁੱਖ ਮੰਤਰੀ ਵੀ। ਪਰ ਖਿੱਚੋਤਾਣ ਤੇ ਕਲ੍ਹਾ ਰੁਕਣ ਦੀ ਬਜਾਏ ਵਧਦੀ ਗਈ। ਇੱਕ ਦੂਜੇ ਦੇ ਵਿਰੁੱਧ ਹੋ ਰਹੀ ਨਿਰੰਤਰ ਬਿਆਨਬਾਜ਼ੀ ਕਾਂਗਰਸ ਪਾਰਟੀ ਦੇ ਗਲੇ ਦੀ ਹੱਡੀ ਬਣ ਗਈ। ਚੋਣਾਂ ਦੇ ਨੇੜੇ ਤਾਂ ਦੂਸ਼ਣਬਾਜ਼ੀ ਦਾ ਦੌਰ ਵੀ ਗਰਮ ਹੋ ਗਿਆ ਤੇ ਇੰਜ ਨਜ਼ਰ ਆਉਣ ਲੱਗਾ ਕਿ ਅਜ਼ਾਦੀ ਵੇਲੇ ਵੱਡੀ ਭੂਮਿਕਾ ਨਿਭਾਉਣ ਵਾਲੀ ਪਾਰਟੀ ਅਨੂਸ਼ਾਸਨਹੀਣਤਾ ਦਾ ਸ਼ਿਕਾਰ ਹੋ ਚੁੱਕੀ ਹੈ। ਚੋਣਾਂ ਅਕਸਰ ਏਕਤਾ ਅਤੇ ਅਨੁਸ਼ਾਸਨ ਨਾਲ ਠੋਸ ਪ੍ਰੋਗਰਾਮ ਦੇ ਕੇ ਜਿੱਤੀਆਂ ਜਾਂਦੀਆਂ ਹਨ। ਪਰ ਇੱਥੇ ਤਾਂ ਹਰ ਕੋਈ ਆਪਣੀ ਡਫਲੀ ਵਜਾ ਕੇ ਆਪਣਾ ਹੀ ਰਾਗ ਅਲਾਪਣ ਲੱਗ ਪਿਆ ਸੀ।
ਪੰਜਾਬ ਦੇ ਲੋਕ ਦੋ ਪਾਰਟੀਆਂ ਦੀ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਪਰੰਪਰਾ ਨਾਲ ਵੀ ਅਣਗੌਲੇ ਗਏ ਸਨ। ਅਜ਼ਾਦੀ ਦੇ ਸੱਤ ਦਹਾਕਿਆਂ ਬਾਦ ਬਦ ਤੋਂ ਬਦਤਰ ਵਾਲੀ ਸਥਿਤੀ ਮਹਿਸੂਸ ਕਰ ਰਹੇ ਲੋਕਾਂ ਨੇ ਅੱਕ ਕੇ ਇਸ ਵਾਰ ਤੀਸਰਾ ਬਦਲ ਲੱਭ ਕੇ ਉਹਨਾਂ ਨੂੰ ਦੋ ਤਿਹਾਈ ਤੋਂ ਵੀ ਵੱਧ ਬਹੁਮਤ ਨਾਲ ਸਰਸ਼ਾਰ ਕੀਤਾ ਹੈ। ਸੱਤਾ ਧਿਰ ਦੇ ਦੂਸਰੀ ਵਾਰ ਸੱਤਾ ਹਾਸਲ ਕਰਨ ਦੇ ਸੁਪਨੇ ਧਰੇ ਧਰਾਏ ਰਹਿ ਗਏ। ਬੜਬੋਲੀ ਬਿਆਨਬਾਜ਼ੀ, ਵਿਰੋਧਾਭਾਸ ਤੇ ਆਪਸੀ ਕਲ੍ਹਾ ਉਹਨਾਂ ਦੀ ਹਾਰ ਦਾ ਮੁੱਖ ਕਾਰਨ ਬਣੀ। ਪੰਜਾਬ ਦੀ ਸੋਲ੍ਹਵੀਂ ਵਿਧਾਨ ਸਭਾ ਦਾ ਸਰੂਪ ਬਹੁਤ ਅਨੋਖਾ ਤੇ ਨਵੇਕਲਾ ਹੈ। ਵੱਡੇ ਵੱਡੇ ਧਨੰਤਰ ਇਸ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹ ਸਕੇ। ਰਾਜ ਦੀ ਨਿੱਘਰਦੀ ਹਾਲਤ, ਜਿਸ ਨੇ ਪੰਜਾਬ ਨੂੰ ਪਹਿਲੇ ਨੰਬਰ ਤੋਂ ਸਤਾਰ੍ਹਵੇਂ ਨੰਬਰ ’ਤੇ ਸੁੱਟ ਦਿੱਤਾ ਹੈ, ਇਸ ਕਾਰਨ ਵੀ ਲੋਕ ਉਕਤਾ ਗਏ ਸਨ। ਕਾਰਨ ਕੋਈ ਵੀ ਹੋਵੇ ਲੜਾਈ ਝਗੜੇ ਅਤੇ ਖਿੱਚ-ਧੂਹ ਤੇ ਕਲਾ, ਘਰ, ਪਾਰਟੀ ਜਾਂ ਦੇਸ਼ ਕਿਸੇ ਨੂੰ ਵੀ ਨਹੀਂ ਬਖਸ਼ਦੀ। ਐਵੇਂ ਥੋੜ੍ਹਾ ਸਿਆਣਿਆਂ ਨੇ ਕਿਹਾ ਹੈ “ਕਲ੍ਹਾ ਕਲੰਦਰ ਵੱਸੇ, ਘੜਿਓਂ ਪਾਣੀ ਨੱਸੇ।”
ਮਨੁੱਖ ਨੂੰ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਜਦੋਂ ਇੱਥੇ ਕੁਝ ਵੀ ਸਥਿਰ ਨਹੀਂ ਤੇ ਸਾਰਿਆਂ ਨੇ ਡਰਾਮੇ ਦੇ ਪਾਤਰ ਵਾਂਗ ਸਟੇਜ ਉੱਪਰ ਆਪਣਾ ਰੋਲ ਅਦਾ ਕਰਕੇ ਉੱਤਰਨਾ ਹੀ ਉੱਤਰਨਾ ਹੈ। ਫਿਰ ਲਾਲਚ, ਲਾਲਸਾ, ਭ੍ਰਿਸ਼ਟਾਚਾਰ ਤੇ ਦੁਸ਼ਮਣੀ ਦੀ ਭਾਵਨਾ ਕਾਹਦੇ ਵਾਸਤੇ? ਪਿਆਰ ਮੁਹੱਬਤ ਨਾਲ ਰਹਿ ਕੇ ਮਾਨਵਤਾ ਦੀ ਖੁਸ਼ਹਾਲੀ ਲਈ ਸਾਰੇ ਆਪਣੇ ਦਿਲਾਂ ਦੀਆਂ ਘੁੰਡੀਆਂ ਖੋਲ੍ਹ ਕੇ ਕੁਦਰਤ ਦਾ ਸ਼ੁਕਰਾਨਾ ਕਿਉਂ ਨਹੀਂ ਕਰਦੇ? ਜਦੋਂ ਸਾਰੇ ਲੋਕ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ’ਤੇ ਯਕੀਨ ਕਰਕੇ ਅਮਲ ਕਰਨ ਲੱਗ ਪੈਣ, ਉਦੋਂ ‘ਸਰਬੱਤ ਦਾ ਭਲਾ’ ਤਾਂ ਹੋਣਾ ਹੀ ਹੋਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3466)
(ਸਰੋਕਾਰ ਨਾਲ ਸੰਪਰਕ ਲਈ: