DarshanSRiar7ਸਮਾਜ ਵਿੱਚੋਂ ਬੁਰਾਈਆਂਜਿਵੇਂ ਭਰੂਣ ਹੱਤਿਆਦਾਜ ਦਹੇਜਘਰੇਲੂ ਹਿੰਸਾਨਸ਼ੇੜੀਪੁਣਾ ਤੇ ...”
(8 ਮਾਰਚ 2020)

 

ਅੱਠ ਮਾਰਚ ਵਾਲੇ ਦਿਨ ਹਰ ਸਾਲ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਸਮਾਗਮ, ਜਲਸੇ ਤੇ ਕਈ ਤਰ੍ਹਾਂ ਦੀਆਂ ਰੈਲੀਆਂ ਕੱਢੀਆਂ ਜਾਂਦੀਆਂ ਹਨ। ਔਰਤਾਂ ਨੂੰ ਦਰਪੇਸ਼ ਮਸਲੇ ਤੇ ਮੁਸ਼ਕਲਾਂ ਦਾ ਅਧਿਐਨ ਕੀਤਾ ਜਾਂਦਾ ਹੈ। ਪ੍ਰਾਪਤੀਆਂ ਦਾ ਵੀ ਜ਼ਿਕਰ ਹੁੰਦਾ ਹੈ। ਇਹ ਸਭ 1908 ਤੋਂ ਸ਼ੁਰੂ ਹੋ ਕੇ ਲਗਾਤਾਰ ਕੀਤਾ ਜਾ ਰਿਹਾ ਹੈ। ਸਾਲ 1975 ਤੋਂ ਇਸ ਦਿਨ ਨੂੰ ਯੂ ਐੱਨ ਓ ਨੇ ਵੀ ਮਾਣਤਾ ਦੇ ਦਿੱਤੀ ਹੈ ਤੇ ਇਹ ਇੱਕ ਹਰਮਨ ਪਿਆਰਾ ਦਿਨ ਬਣ ਗਿਆ ਹੈ। ਦਰਅਸਲ ਇਸਦੀ ਸ਼ੁਰੂਆਤ ਔਰਤਾਂ ਨੇ ਹੀ 1908 ਵਿੱਚ ਕੀਤੀ ਸੀ। ਨਿਊਯਾਰਕ ਸਹਿਰ ਵਿੱਚ 15 ਹਜ਼ਾਰ ਔਰਤਾਂ ਨੇ ਰੈਲੀ ਕੱਢ ਕੇ ਕੰਮ ਦੇ ਘੰਟੇ ਘਟਾਉਣ ਤੇ ਵੱਧ ਸਹੂਲਤਾਂ ਦੀ ਮੰਗ ਕੀਤੀ ਸੀ। ਇੱਕ ਸਾਲ ਬਾਅਦ ਸੋਸ਼ਲਿਸਟ ਪਾਰਟੀ ਨੇ ਇਸ ਦਿਹਾੜੇ ਨੂੰ ਮਹਿਲਾ ਅੰਤਰਰਾਸ਼ਟਰੀ ਦਿਹਾੜਾ ਐਲਾਨ ਕਰ ਦਿੱਤਾ ਸੀ। ਰੂਸ ਵਿਖੇ 1917 ਨੂੰ ਯੁੱਧ ਦੇ ਦੌਰਾਨ ਔਰਤਾਂ ਨੇ ਬ੍ਰੈੱਡ ਐਂਡ ਪੀਸ ਦੀ ਮੰਗ ਕਰਕੇ ਹੜਤਾਲ ਕੀਤੀ ਤੇ ਉੱਥੋਂ ਦੇ ਸਮਰਾਟ ਨਿਕੋਲਸ ਨੂੰ ਅਹੁਦਾ ਛੱਡਣ ਲਈ ਮਜਬੂਰ ਕਰ ਦਿੱਤਾ।

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵੀ ਅਮਰੀਕਾ ਤੋਂ ਸ਼ੁਰੂ ਹੋਇਆ ਤੇ ਫਿਰ ਮਨੁੱਖੀ ਅਧਿਕਾਰਾਂ ਦੀ ਸ਼ੁਰੂਆਤ ਵੀ ਅਮਰੀਕਾ ਤੋਂ ਹੀ ਹੋਈ। ਅਸੀਂ ਭਾਰਤੀ ਤਾਂ ਹੱਥ ’ਤੇ ਹੱਥ ਧਰ ਕੇ ਬੈਠੇ ਰਹਿੰਦੇ ਹਾਂ ਤੇ ਪੱਕੀ ਪਕਾਈ ਖਾਣ ਲਈ ਤਿਆਰ ਰਹਿੰਦੇ ਹਾਂ। ਸਾਡਾ ਭਾਰਤ ਵੱਧ ਅਬਾਦੀ ਦੇ ਬਲਬੂਤੇ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਤਾਂ ਬਣ ਬੈਠਾ ਹੈ ਪਰ ਇੱਥੋਂ ਦੇ ਲੀਡਰਾਂ ਨੇ ਲੋਕਤੰਤਰ ਦੀ ਕਦਰ ਨਹੀਂ ਪਾਈ। ਅੱਜ ਦੇ ਆਧੁਨਿਕ ਦੌਰ ਵਿੱਚ ਵੀ ਸਾਡੇ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਉਹ ਮੁਕਾਮ ਹਾਸਲ ਨਹੀਂ ਹੋਇਆ ਜੋ ਅਧਿਕਾਰ ਪੱਛਮੀ ਧਰਤ ਦੇ ਨਿੱਕੇ ਤੋਂ ਨਿੱਕੇ ਦੇਸ਼ ਦੀਆਂ ਔਰਤਾਂ ਨੂੰ ਪ੍ਰਾਪਤ ਹੈ। ਭਾਵੇਂ ਹੁਣ ਭਾਰਤ ਦੀਆਂ ਲੜਕੀਆਂ ਨੇ ਵਿੱਦਿਆ ਦੇ ਖੇਤਰ ਵਿੱਚ ਚੰਗੀਆਂ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਫੌਜ ਦੇ ਸਾਰੇ ਖੇਤਰਾਂ ਵਿੱਚ ਮਰਦ ਮੈਂਬਰਾਂ ਦੇ ਨਾਲ ਮੋਢਾ ਜੋੜ ਕਾ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ, ਫਿਰ ਵੀ ਸਮੂਹ ਔਰਤਾਂ ਦੀ ਜੂਨ ਨਹੀਂ ਸੁਧਰੀ। ਅਨਪੜ੍ਹਤਾ ਅਜੇ ਵੀ ਉਹਨਾਂ ਦਾ ਮੂੰਹ ਚਿੜਾਉਂਦੀ ਹੈ। ਭਰੂਣ ਹੱਤਿਆ ਤੇ ਦਹੇਜ ਹੱਤਿਆ ਅਜੇ ਵੀ ਰੁਕੀ ਨਹੀਂ ਹੈ।

ਤਿੰਨ ਵਾਰ ਤਲਾਕ ਤਲਾਕ ਕਹਿ ਕੇ ਵਿਆਹਤਾ ਰਿਸ਼ਤੇ ਨੂੰ ਖਤਮ ਕਰਨ ਵਾਲੀ ਰਵਾਇਤ ਨੂੰ ਖਤਮ ਕਰਨ ਲਈ ਕਨੂੰਨ ਬਣਾ ਕੇ ਸਾਡੇ ਦੇਸ਼ ਦੀ ਸਰਕਾਰ ਨੇ ਆਪਣੀ ਵੱਡੀ ਪ੍ਰਾਪਤੀ ਦਰਸਇਆ ਸੀ। ਪਰ ਹੁਣ ਤਿੰਨ ਮਹੀਨੇ ਦਾ ਸਮਾਂ ਹੋ ਚੱਲਿਆ ਹੈ, ਦਿੱਲੀ ਦੇ ਸ਼ਹੀਨ ਬਾਗ ਵਿਖੇ ਔਰਤਾਂ ਦਾ ਸੰਘਰਸ਼ ਵਿਸ਼ਵ ਦੀਆਂ ਨਜ਼ਰਾਂ ਵਿੱਚ ਹੈ। ਦੇਸ਼ ਦੀ ਅੱਧੀ ਅਬਾਦੀ ਦਾ ਪੱਖ ਪੂਰਨ ਵਾਲੀਆਂ ਔਰਤਾਂ ਦੀ ਫਰਿਆਦ ਇੱਕ ਲੋਕਤੰਤਰੀ ਤੇ ਕਲਿਆਣਕਾਰੀ ਸਰਕਾਰ ਕਿਉਂ ਨਹੀਂ ਸੁਣ ਰਹੀ। ਸਾਡਾ ਲੋਕਤੰਤਰ ਸੱਤ ਦਹਾਕਿਆਂ ਦੀ ਉਮਰ ਹੰਡਾ ਕੇ ਵੀ ਅੱਲੜ੍ਹ ਦਾ ਅੱਲੜ੍ਹ ਹੀ ਬਣਿਆ ਹੋਇਆ ਹੈ। ਵਿਚਾਰਕ ਮੱਤਭੇਦ ਤਾਂ ਹਰ ਪਰਿਵਾਰ ਵਿੱਚ ਹੋ ਸਕਦੇ ਹਨ। ਪਰ ਲੋਕਤੰਤਰ ਦਾ ਟੇਬਲ ਸਾਰੀਆਂ ਊਣਤਾਈਆਂ ਨੂੰ ਮਿਲ ਬੈਠ ਕੇ ਦੂਰ ਕਰਨ ਦਾ ਵੱਡਾ ਜ਼ਰੀਆ ਹੁੰਦਾ ਹੈ। ਇਸ ਰਸਤੇ ਨੂੰ ਡਰ ਤੇ ਭੈਅ ਨਾਲ ਬੰਦ ਕਰਨਾ ਮਨੁੱਖਤਾ ਨਾਲ ਵੱਡਾ ਧੱਕਾ ਹੈ। ਮਨੁੱਖ ਅਸਲ ਵਿੱਚ ਸੁਲਝੇ ਹੋਏ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ। ਸਮਾਜ ਵਿੱਚ ਰਹਿੰਦੇ ਹੋਏ ਮਨੁੱਖ ਨੇ ਆਪਣੀ ਸੁਵਿਧਾ ਲਈ ਜੋ ਕੰਮ ਦੇ ਆਧਾਰ ’ਤੇ ਵਰਗੀਕਰਣ ਕੀਤਾ ਸੀ, ਉਸ ਦੀਆਂ ਦੀਵਾਰਾਂ ਪੀਢੀਆਂ ਕਰਕੇ ਉਹਨਾਂ ਨੂੰ ਜਾਤਾਂ ਪਾਤਾਂ ਤੇ ਧਰਮਾਂ ਦੀ ਕੱਟੜ੍ਹਤਾ ਨਾਲ ਬੰਨ੍ਹ ਦਿੱਤਾ ਹੈ। ਇਹ ਵੰਡ ਵੋਟ ਕਲਚਰ ਦਾ ਹਿੱਸਾ ਤਾਂ ਬਣ ਸਕਦੀ ਹੈ ਪਰ ਮਨੁੱਖਤਾ ਲਈ ਬੇਹੱਦ ਖਤਰਨਾਕ ਹੈ। ਇਹ ਵੀ ਦੇਰ ਸਵੇਰ ਹਰੇਕ ਨੂੰ ਅਹਿਸਾਸ ਹੋ ਹੀ ਜਾਂਦਾ ਹੈ ਕਿ ਇਸ ਦੁਨੀਆਂ ਵਿੱਚ ਜੇ ਕੋਈ ਵੱਡਾ ਧਰਮ ਹੈ ਤਾਂ ਉਹ ਇਨਸਾਨੀਅਤ ਦਾ ਹੀ ਧਰਮ ਹੈ। ਪਰ ਜੇ ਸਭ ਕੁਛ ਲੁਟਾ ਕੇ ਹੀ ਹੋਸ਼ ਵਿੱਚ ਆਏ ਤਾਂ ਕੀ ਆਏ।

ਰੈਲੀਆਂ ਸਮਾਗਮਾਂ ਤੇ ਸੰਘਰਸ਼ਾਂ ਵਿੱਚ ਅਕਸਰ ਇਨਕਲਾਬ ਦਾ ਨਾਮ ਵਾਰ ਵਾਰ ਲਿਆ ਜਾਂਦਾ ਹੈ। ਇਹੀ ਜਾਗ੍ਰਿਤੀ ਦਾ ਦੂਸਰਾ ਨਾਮ ਹੈ। ਵੱਖ ਵੱਖ ਵਰਗਾਂ ਲਈ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਦੂਜੇ ਸਮਾਜ ਨਾਲ ਬਰਾਬਰੀ ਲਈ ਰਾਖਵੇਂਕਰਣ ਦੀ ਨੀਤੀ ਅਪਣਾਈ ਸੀ। ਇਸ ਨੀਤੀ ਦਾ ਲਾਭ ਸਮੂਹ ਲੋੜਵੰਦਾਂ ਤੱਕ ਪਹੁੰਚਣ ਦੀ ਬਜਾਏ ਕੁਝ ਕੁ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਿਆ ਹੈ। ਔਰਤ ਵਰਗ ਲਈ ਤੇਤੀ ਫੀਸਦੀ ਰਾਖਵੇਂਕਰਣ ਦੀ ਮੰਗ ਚਿਰਾਂ ਤੋਂ ਸੁਰਖੀਆਂ ਵਿੱਚ ਘੁੰਮ ਰਹੀ ਹੈ, ਜਿਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਔਰਤਾਂ ਦੀ ਅਬਾਦੀ 50% ਹੈ ਤਾਂ ਫਿਰ ਰਾਖਵਾਂਕਰਣ ਤੇਤੀ ਫੀਸਦੀ ਕਿਉਂ, ਕਿਉਂ ਨਹੀਂ? ਦਰਅਸਲ ਮਰਦ ਪ੍ਰਧਾਨ ਸਮਾਜ ਆਪਣਾ ਗਲਬਾ ਛੱਡਣਾ ਨਹੀਂ ਚਾਹੁੰਦਾ? ਇੱਕ ਪਾਸੇ ਤਾਂ ਹਰ ਥਾਂ ਇਹ ਦਰਸਾਇਆ ਜਾਂਦਾ ਹੈ ਕਿ ਔਰਤ ਤੇ ਮਰਦ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਫਿਰ ਦੋ ਪਾਸਿਆਂ ਨੂੰ ਆਪਣੇ ਬਰਾਬਰ ਅਧਿਕਾਰ ਪ੍ਰਦਾਨ ਕਰਨ ਵਿੱਚ ਹਿਚਕਚਾਹਟ ਕਿਉਂ?

ਔਰਤ ਤੇ ਮਰਦ ਸੰਤਾਨ ਦੀ ਉਤਪਤੀ ਲਈ ਵੀ ਬਰਾਬਰ ਦੇ ਹਿੱਸੇਦਾਰ ਹਨ, ਫਿਰ ਅਧਿਕਾਰ ਤੇ ਫਰਜ਼ ਬਰਾਬਰ ਕਿਉਂ ਨਹੀਂ? ਮੰਦਰਾਂ ਤੇ ਮਸਜਦਾਂ ਵਿੱਚ ਦਾਖਲੇ ਲਈ ਫਿਰ ਔਰਤਾਂ ਤੇ ਮਰਦਾਂ ਲਈ ਵੱਖ ਵੱਖ ਮਾਪਦੰਡ ਕਿਉਂ? ਸਮਾਜ ਦੇ ਅਲੰਬਰਦਾਰ ਆਪਣੀ ਇਜਾਰੇਦਾਰੀ ਜਾਂ ਤਾਨਾਸ਼ਾਹੀ ਨੂੰ ਛੱਡਣਾ ਕਿਉਂ ਨਹੀਂ ਚਾਹੁੰਦੇ? ਨਾ ਤਾਂ ਔਰਤ ਤੇ ਮਰਦ ਦੇ ਪੈਦਾ ਹੋਣ ਵਿੱਚ ਕੋਈ ਵਖਰੇਵਾਂ ਹੈ ਤੇ ਨਾ ਹੀ ਮਰਨ ਵਿੱਚ। ਫਿਰ ਮਨੁੱਖ ਦੇ ਬਣਾਏ ਹੋਏ ਸਾਮਰਾਜ ਵਿੱਚ ਫਰਕ ਕਿਉਂ। ਜੇ ਕੁਦਰਤ ਆਪਣੇ ਵਤੀਰੇ ਵਿੱਚ ਸਮਾਨਤਾ ਪ੍ਰਦਾਨ ਕਰਦੀ ਹੈ ਤਾਂ ਮਨੁੱਖ ਕਿਉਂ ਨਹੀਂ? ਸਾਬਰੀਮਾਲਾ ਮੰਦਰ ਵਿੱਚ ਔਰਤਾਂ ਦੀ ਮਨਾਹੀ ਇਸ ਸੱਭਿਆ ਸਮਾਜ ਨੂੰ ਸੋਭਦੀ ਨਹੀਂ। ਭਾਵੇਂ ਹਰ ਖੇਤਰ ਵਿੱਚ ਔਰਤ ਮਰਦ ਦੇ ਨਾਲ ਨਾਲ ਚੱਲਣ ਦਾ ਯਤਨ ਕਰ ਰਹੀ ਹੈ ਪਰ ਮਨੁੱਖ ਆਪਣੀ ਹਉਮੈਂ ਦਾ ਗਲਬਾ ਨਹੀਂ ਛੱਡਣਾ ਚਾਹੁੰਦਾ। ਉਹ ਆਪਣੇ ਆਪ ਨੂੰ ਉੱਤਮ ਦਰਸਾਉਣਾ ਚਾਹੁੰਦਾ ਹੈ। ਉਂਜ ਵਿਰਲੇ ਥਾਂਵਾਂ ’ਤੇ ਔਰਤ ਵੀ ਆਪਣੀ ਪ੍ਰਮੁੱਖਤਾ ਦਰਸਾਉਣ ਵਿੱਚ ਕਸਰ ਨਹੀਂ ਛੱਡਦੀ।

ਔਰਤ ਦਿਵਸ ਦਾ ਅੰਤਰਰਾਸ਼ਟਰੀ ਤੌਰ ਉੱਤੇ ਮਨਾਉਣਾ ਤਾਂ ਹੀ ਸਾਰਥਿਕ ਹੋ ਸਕਦਾ ਹੈ ਜੇ ਇਸਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ। ਇਨ੍ਹਾਂ ਟੀਚਿਆਂ ਵਿੱਚ ਪ੍ਰਮੁੱਖ ਟੀਚਾ ਔਰਤ ਜਾਂ ਮਰਦ ਦੀ ਸਰਬਉੱਚਤਾ ਨਾ ਹੋ ਕੇ ਬਰਾਬਰੀ ਹੋਣਾ ਚਾਹੀਦਾ ਹੈ। ਪਰ ਕਿਉਂਕਿ ਦੇਸ਼ ਦੇ ਸਾਰੇ ਸੰਵਿਧਾਨਕ ਸਦਨਾਂ ਵਿੱਚ ਹਾਲੇ ਤੱਕ ਮਰਦ ਸਮਾਜ ਦਾ ਹੀ ਪਲੜਾ ਭਾਰੀ ਹੈ, ਇਸ ਲਈ ਔਰਤ ਵਰਗ ਨੂੰ ਆਪਣਾ ਏਕਾ, ਸਿਆਣਪ ਤੇ ਸਮਝਦਾਰੀ ਦਿਖਾਉਣੀ ਪਵੇਗੀ। ਆਪਣਾ ਕੰਮ ਆਪ ਕਰਨ ਦੀ ਦ੍ਰਿੜ੍ਹਤਾ ਵੀ ਦਰਸਾਉਣੀ ਹੋਵੇਗੀ। ਹੁਣ ਤੱਕ ਦਾ ਪ੍ਰਭਾਵ ਦਰਸਾਉਂਦਾ ਹੈ ਕਿ ਨਗਰ ਨਿਗਮਾਂ ਤੇ ਨਗਰ ਪਾਲਿਕਾਵਾਂ ਤੇ ਪੰਚਾਇਤਾਂ ਵਿੱਚ ਚੁਣੀਆਂ ਗਈਆਂ ਔਰਤ ਮੈਂਬਰਾਂ ਦਾ ਮੁੱਖ ਕੰਮ ਉਹਨਾਂ ਦੇ ਪਤੀਦੇਵ ਹੀ ਕਰਦੇ ਹਨ। ਲੋਕਤੰਤਰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਉਂਜ ਵੀ ਸਾਡੇ ਦੇਸ਼ ਵਿੱਚ ਇੱਕ ਹੋਰ ਰਵਾਇਤ ਵੀ ਘਰ ਕਰ ਚੁੱਕੀ ਹੈ ਕਿ ਮੰਤਰੀਆਂ ਤੇ ਮੈਂਬਰਾਂ ਦੇ ਪਰਿਵਾਰਕ ਮੈਂਬਰ ਵੀ ਆਪਣੇ ਆਪ ਨੂੰ ਚੁਣੇ ਹੋਏ ਨੁਮਾਇੰਦੇ ਸਮਝਣ ਲੱਗ ਜਾਂਦੇ ਹਨ। ਲੋਕਤੰਤਰ ਕਿਉਂਕਿ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਸਰਕਾਰ ਗਿਣਿਆ ਗਿਆ ਹੈ, ਇਸ ਲਈ ਲੋੜ ਹੈ ਇਸ ਪੈਰਾਮੀਟਰ ਨੂੰ ਸਹੀ ਦਰਸਾਉਣ ਦੀ।

ਅੱਠ ਮਾਰਚ ਦਾ ਦਿਨ ਸਮੁੱਚੇ ਔਰਤ ਜਗਤ ਲਈ ਮਹੱਤਵਪੂਰਨ ਹੋਣ ਦੇ ਨਾਲ ਨਾਲ ਮਨੁੱਖਤਾ ਲਈ ਹੀ ਜਾਗਿਰਤੀ ਦਾ ਸੰਦੇਸ਼ ਦਿੰਦਾ ਹੈ। ਔਰਤ ਅਤੇ ਮਰਦ ਕਿਉਂਕਿ ਸਮਾਜ ਦੇ ਅਹਿਮ ਅੰਗ ਹਨ ਤੇ ਮਨੁੱਖਤਾ ਦੀ ਖੁਸ਼ਹਾਲੀ ਲਈ ਬਰਾਬਰ ਦੇ ਭਾਈਵਾਲ ਹਨ ਇਸ ਲਈ ਇਨ੍ਹਾਂ ਨੂੰ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਜੋ ਸਮਾਜ ਨੂੰ ਜਾਗ੍ਰਿਤ ਵੀ ਕਰਨ ਤੇ ਕਿਸੇ ਕਿਸਮ ਦੇ ਭਰਮ ਭੁਲੇਖੇ ਤੇ ਵਖਰੇਵੇਂ ਵੀ ਨਾ ਫੈਲਾਉਣ। ਸਮਾਜ ਵਿੱਚੋਂ ਬੁਰਾਈਆਂ, ਜਿਵੇਂ ਭਰੂਣ ਹੱਤਿਆ, ਦਾਜ ਦਹੇਜ, ਘਰੇਲੂ ਹਿੰਸਾ, ਨਸ਼ੇੜੀਪੁਣਾ ਤੇ ਆਰਥਿਕ ਨਾ ਬਰਾਬਰੀ ਖਤਮ ਕਰਕੇ ਸੁੱਖਾਂਲੱਧਾ ਸਮਾਜ ਪੈਦਾ ਕਰਨਾ ਇਸ ਦਿਨ ਦੀ ਮੁੱਖ ਪ੍ਰਾਪਤੀ ਹੋਵੇਗੀ। ਪੁਰਾਣੇ ਅਲੰਕਾਰ, ਪੈਰ ਦੀ ਜੁੱਤੀ ਤੇ ਗੁੱਤ ਪਿੱਛੇ ਮੱਤ, ਬੜਾ ਚਿਰ ਔਰਤਾਂ ਨਾਲ ਜੋੜੇ ਜਾਂਦੇ ਰਹੇ ਹਨ। ਇਹ ਉਦੋਂ ਵੀ ਔਰਤ ਦੇ ਹਾਣ ਦੇ ਨਹੀਂ ਸਨ ਤੇ ਹੁਣ ਤਾਂ ਬਿਲਕੁਲ ਨਹੀਂ ਰਹੇ। ਸੌੜੀ ਸੋਚ ਵਾਲੇ ਹੈਂਕੜ ਭਰੇ ਮਰਦਾਂ ਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਔਰਤ ਵਰਗ ਨੂੰ, ਸੋ ਕਿਉਂ ਮੰਦਾ ਆਖੀਐ ਜਿਤਿ ਜੰਮਿਹ ਰਾਜਾਨ, ਵਰਗੇ ਸਤਿਕਾਰਤ ਲਫਜਾਂ ਨਾਲ ਵਰਦਾਨ ਦੇ ਕੇ ਬਹੁਤ ਸਨਮਾਨ ਬਖਸ਼ਿਆ ਹੈ। ਸਮੂਹ ਮਰਦ ਸਮਾਜ ਦਾ ਵੀ ਫਰਜ਼ ਬਣਦਾ ਹੈ ਕਿ ਉਹ ਗੁਰੂ ਮਹਾਰਾਜ ਦੇ ਵਰਦਾਨ ਦੀ ਕਦਰ ਕਰਨ ਤੇ ਔਰਤ ਵਰਗ ਨੂੰ ਵੀ ਇਸ ਮਹਾਨਤਾ ਤੇ ਖਰੇ ਉੱਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਂਜ ਸਲਾਨਾ ਦਿਨ ਤੇ ਸਮਾਗਮ ਮਨਾਉਣੇ ਅੱਜਕੱਲ ਇੱਕ ਫੈਸ਼ਨ ਦੀ ਭਾਂਤੀ ਬਣਦਾ ਜਾ ਰਿਹਾ ਹੈ। ਫੋਟੋ ਸ਼ੈਸ਼ਨ ਤੇ ਫੋਕੀ ਵਾਹਵਾ ਖੱਟਣ ਲਈ ਸਮਾਜ ਦੇ ਆਪੇ ਬਣੇ ਅਲੰਬਰਦਾਰ ਮਸ਼ਹੂਰੀ ਖਾਤਰ ਤੇ ਖਬਰਾਂ ਵਿੱਚ ਰਹਿਣ ਲਈ ਆਏ ਦਿਨ ਕੋਈ ਨਾ ਕੋਈ ਸਮਾਗਮ ਰੱਖ ਲੈਂਦੇ ਹਨ। ਪਰ ਉਸ ਸਮਾਗਮ ਦੀਆਂ ਖਬਰਾਂ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਉਸ ਦੇ ਉਲਟ ਦਿਸ਼ਾ ਵਿੱਚ ਸੰਨਸਨੀ ਫੈਲ ਚੁੱਕੀ ਹੁੰਦੀ ਹੈ। ਇਹ ਬੜੀ ਮਾੜੀ ਪ੍ਰਵਿਰਤੀ ਹੈ। ਸਮਾਗਮ ਕੋਈ ਵੀ ਹੋਵੇ, ਪੂਰੀ ਭਾਵਨਾ ਅਤੇ ਸ਼ਰਧਾ ਨਾਲ ਕਹਿਣੀ ਅਤੇ ਕਥਨੀ ਨੂੰ ਸੁਮੇਲ ਦੇ ਕੇ ਮਨਾਇਆ ਜਾਣਾ ਚਾਹੀਦਾ ਹੈ, ਕੇਵਲ ਖਬਰਾਂ ਵਿੱਚ ਰਹਿਣ ਲਈ ਹੀ ਨਹੀਂ।

ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਕੋਈ ਨਾ ਕੋਈ ਬਲਾਤਕਾਰ ਦੀ ਘਟਨਾ ਨਾ ਘਟੇ। ਕੁੱਖ ਵਿੱਚ ਭਰੂਣ ਦੇ ਕਤਲ ਵੀ ਘਟ ਭਾਵੇਂ ਗਏ ਹਨ, ਪਰ ਰੁਕੇ ਨਹੀਂ। ਦਾਜ ਦਹੇਜ ਕਾਰਨ ਹੱਤਿਆਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਲਾਕ ਦੇ ਕੇਸਾਂ ਨਾਲ ਅਦਾਲਤਾਂ ਖਚਾਖਚ ਭਰੀਆਂ ਹੋਈਆਂ ਹਨ। ਘਰੇਲੂ ਹਿੰਸਾ ਵੀ ਥੰਮ੍ਹਣ ਦਾ ਨਾਮ ਨਹੀਂ ਲੈ ਰਹੀ। ਉਂਜ ਕਈ ਥਾਂਵਾਂ ’ਤੇ ਚਲਾਕ ਔਰਤਾਂ ਨੇ ਭੋਲੇਭਾਲੇ ਮਰਦਾਂ ਦਾ ਵੀ ਜ਼ਰੂਰ ਨੱਕ ਵਿੱਚ ਦਮ ਕੀਤਾ ਖਬਰਾਂ ਦੀ ਸੁਰਖੀ ਬਣਿਆ ਹੈ ਪਰ ਅਜਿਹੇ ਕੇਸ ਮਹਿਜ਼ ਆਟੇ ਵਿੱਚ ਲੂਣ ਮਾਫਕ ਹੀ ਹਨ। ਜ਼ਿਆਦਾਤਰ ਵਧੀਕੀਆਂ ਦੀ ਸ਼ਿਕਾਰ ਔਰਤ ਹੀ ਹੋਈ ਹੈ। ਇਸ ਕਲਿਆਣਕਾਰੀ ਦੌਰ ਵਿੱਚ ਮਹਿਲਾਵਾਂ ਪ੍ਰਤੀ ਕੰਮ ਕਰਕੇ ਆਪਣੇ ਮੋਢੇ ਥਾਪੜਨਾ ਅਜੇ ਜਾਇਜ਼ ਨਹੀਂ ਲਗਦਾ। ਔਰਤਾਂ ਦੀ ਸਥਿਤੀ ਸੁਧਾਰਨ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਤਾਂ ਹੀ ਲਿੰਗ ਦੀ ਸਮਾਨਤਾ ਆਏਗੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1979)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author