“ਹਸਪਤਾਲਾਂ ਦੀ ਕਮੀ, ਬਿਸਤਰਿਆਂ ਦੀ ਅਣਹੋਂਦ ਅਤੇ ਆਕਸੀਜ਼ਨ ਗੈਸ ਦੀ ਥੁੜ ਕਾਰਨ ...”
(27 ਅਪਰੈਲ 2021)
ਕੋਵਿਡ-19 ਦੇ ਨਾਮ ਨਾਲ ਮਸ਼ਹੂਰ ਹੋਏ ਕਰੋਨਾ ਵਾਇਰਸ ਨੇ ਸਮੁੱਚੇ ਵਿਸ਼ਵ ਵਿੱਚ ਹਾਹਾਕਾਰ ਮਚਾ ਰੱਖੀ ਹੈ। ਇੰਗਲੈਂਡ, ਅਸਟਰੇਲੀਆ ਤੇ ਕੈਨੇਡਾ ਵਰਗੇ ਦੇਸ਼ਾਂ ਨੇ ਲੌਕਡਾਊਨ ਵਾਲੀ ਸਥਿਤੀ ਵਰਗੀਆਂ ਪਾਬੰਦੀਆਂ ਲਾਗੂ ਕਰਕੇ ਦੂਜੇ ਦੇਸ਼ਾਂ ਨਾਲ ਹਵਾਈ ਆਵਾਜਾਈ ਹਾਲ ਦੀ ਘੜੀ ਰੋਕ ਦਿੱਤੀ ਹੈ। ਸਾਡੇ ਦੇਸ਼ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਭਿਆਨਕ ਰੂਪ ਇਖਤਿਆਰ ਕਰ ਗਈ ਹੈ। ਪਿਛਲੇ ਸਾਲ ਇਸਦੀ ਪਹਿਲੀ ਲਹਿਰ ਦਾ ਭਾਰਤ ਵਿੱਚ ਜ਼ਿਆਦਾ ਪ੍ਰਭਾਵ ਮਹਿਸੂਸ ਨਹੀਂ ਹੋਇਆ ਸੀ। ਉਦੋਂ ਵਿਸ਼ਵ ਵਿਆਪੀ ਲੌਕਡਾਊਨ ਕਾਰਨ ਲੋਕ ਭੈਭੀਤ ਵੀ ਹੋਏ ਸਨ ਅਤੇ ਚੌਕਸ ਵੀ ਹੋ ਗਏ ਸਨ। ਫਿਰ ਵੀ ਡਰ ਦੀ ਭਾਵਨਾ ਅਤੇ ਬੇਤਰਤੀਬੀ ਪਲਾਇਨ ਨੇ ਬਹੁਤ ਜਾਨਾਂ ਲੈ ਲਈਆਂ ਸਨ।
ਅਬਾਦੀ ਪੱਖੋਂ ਸਾਡਾ ਭਾਰਤ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ। ਪਹਿਲਾ ਨੰਬਰ ਚੀਨ ਦਾ ਆਉਂਦਾ ਹੈ ਜਿੱਥੋਂ ਕੋਵਿਡ-19 ਦੀ ਸ਼ੁਰੂਆਤ ਹੋਈ ਸੀ। ਭਾਵੇਂ ਹਾਲੇ ਤਕ ਇਸ ਵਾਇਰਸ ਦਾ ਕੋਈ ਪ੍ਰਤੱਖ ਕਾਰਨ ਸਾਹਮਣੇ ਨਹੀਂ ਆਇਆ ਤੇ ਹੁਣ ਕਾਫੀ ਮਾਤਰਾ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਇਸ ਤੋਂ ਬਚਾਅ ਲਈ ਟੀਕਾਕਰਣ ਵੀ ਸ਼ੁਰੂ ਹੋ ਚੁੱਕਾ ਹੈ, ਫਿਰ ਵੀ ਹੁਣ ਤਕ ਵਿਸ਼ਵ ਪੱਧਰ ’ਤੇ ਇਸ ਨਾਮੁਰਾਦ ਬੀਮਾਰੀ ਨਾਲ 30 ਲੱਖ ਤੋਂ ਵੀ ਵੱਧ ਮੌਤਾਂ ਹੋ ਚੁੱਕੀਆਂ ਹਨ। ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸਦੇ ਉਦਾਲੇ ਦੇ ਸੰਘਣੇ ਖੇਤਰਾਂ ਵਿੱਚ ਇਸਦਾ ਫੈਲਾਅ ਜ਼ਿਆਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਮਨ ਕੀ ਬਾਤ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਫੈਲਾਅ ’ਤੇ ਚਿੰਤਾ ਜ਼ਾਹਿਰ ਕੀਤੀ ਹੈ।
ਉਂਜ ਤਾਂ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਵੀ ਇਸਦੀ ਦੂਜੀ ਲਹਿਰ ਨੇ ਕਾਫੀ ਜ਼ੋਰ ਫੜਿਆ ਹੈ। ਹਸਪਤਾਲਾਂ ਵਿੱਚ ਆਕਸੀਜ਼ਨ ਦੀ ਕਮੀ ਕਾਰਨ ਸਨਸਨੀਖੇਜ਼ ਹਾਲਾਤ ਬਣੇ ਹੋਏ ਹਨ। ਦਿੱਲੀ ਵਿੱਚ ਪਿਛਲੇ ਹਫਤੇ ਤੋਂ ਲੌਕਡਾਊਨ ਲੱਗਾ ਹੋਇਆ ਹੈ ਜੋ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਰਾਤ ਦਾ ਕਰਫਿਊ ਤਾਂ ਲਗਭਗ ਸਾਰੇ ਦੇਸ਼ ਵਿੱਚ ਹੀ ਲਾਗੂ ਹੈ। ਮਹਾਂਮਾਰੀ ਦੇ ਇਸ ਸਮੇਂ ਦੌਰਾਨ ਦੇਸ਼ ਦੇ ਪੰਜ ਰਾਜਾਂ ਵਿੱਚ ਲੰਬੇ ਪੜਾਵਾਂ ਵਿੱਚ ਚੋਣਾਂ ਦਾ ਸਿਲਸਲਾ ਜਾਰੀ ਹੈ। ਰਾਜਨੀਤਕ ਰੈਲੀਆਂ ਵਿੱਚ ਵੱਖ ਵੱਖ ਰਾਜਸੀ ਦਲਾਂ ਨੇ ਭੀੜ ਇਕੱਠੀ ਕਰਨ ਲਈ ਪੂਰੀ ਵਾਹ ਲਾਈ ਸੀ। ਭੀੜ ਨਾਲ ਇਹ ਵਾਇਰਸ ਕੌੜੀ ਵੇਲ ਵਾਂਗ ਫੈਲਦਾ ਹੈ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਰਕਾਰ ਵਾਇਰਸ ਦੇ ਭੈੜੇ ਕਿਰਦਾਰ ਤੋਂ ਅਨਜਾਣ ਸੀ, ਨਹੀਂ ਤਾਂ ਇਸ ਸਮੇਂ ਇਹ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਸਨ। ਸਾਲ ਭਰ ਤੋਂ ਵਿੱਦਿਅਕ ਅਦਾਰੇ ਬੰਦ ਚਲੇ ਆ ਰਹੇ ਹਨ। ਅਰਥ ਵਿਵਸਥਾ ਹਿੱਲੀ ਪਈ ਹੈ। ਜੇ ਇਹ ਚੋਣਾਂ ਟਾਲ ਦਿੱਤੀਆਂ ਜਾਂਦੀਆਂ ਅਤੇ ਇਸ ਵਾਇਰਸ ਤੋਂ ਬਚਣ ਲਈ ਸਿਹਤ ਸੰਸਥਾਵਾਂ ਨੂੰ ਤਕੜੇ ਕਰਨ ’ਤੇ ਜ਼ੋਰ ਦਿੱਤਾ ਜਾਂਦਾ, ਲੋਕਾਂ ਨੂੰ ਚੋਕਸ ਕੀਤਾ ਜਾਂਦਾ ਅਤੇ ਸਮਾਜਿਕ ਦੂਰੀ ਉੱਪਰ ਅਮਲ ਕੀਤਾ ਜਾਂਦਾ ਤਾਂ ਹੁਣ ਵਾਲੀ ਦਰਦਨਾਕ ਹਾਲਤ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਸੀ।
ਪਰ ਇਹ ਰਾਜਨੀਤਕ ਲੋਕ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੁੰਦੇ ਹਨ, ਭੀੜ ਇਕੱਠੀ ਕਰਨਾ ਤੇ ਉਸਦੀ ਵਾਹਵਾ ਖੱਟਣੀ ਇਨ੍ਹਾਂ ਦੇ ਖੂਨ ਵਿੱਚ ਰਚ ਜਾਂਦਾ ਹੈ। ਚੋਣਾਂ ਦੇ ਐਲਾਨ ਨਾਲ ਇਨ੍ਹਾਂ ਦੀਆਂ ਵਾਛਾਂ ਖਿੜ ਜਾਂਦੀਆਂ ਹਨ। ਸਾਡੇ ਦੇਸ਼ ਦਾ ਰਾਜਨੀਤਕ ਢਾਂਚਾ ਤਾਂ ਉਂਜ ਵੀ ਬਦਨਾਮ ਹੋ ਚੁੱਕਾ ਹੈ। ਵਿਸ਼ਵ ਦੇ ਬਾਕੀ ਦੇਸ਼ਾਂ ਵਿੱਚ ਵੀ ਚੋਣਾਂ ਹੁੰਦੀਆਂ ਹਨ। ਪਰ ਉੱਥੇ ਸਾਡੇ ਦੇਸ਼ ਜਿੰਨਾ ਵਾਵੇਲਾ ਨਹੀਂ ਹੁੰਦਾ। ਚੋਣਾਂ ਲੋਕਤੰਤਰ ਦਾ ਮੁੱਢ ਹੁੰਦੀਆਂ ਹਨ ਪਰ ਵੇਲਾ ਕੁਵੇਲਾ ਤਾਂ ਵੇਖਣਾ ਬਣਦਾ ਹੈ। ਆਪਣੇ ਵਿਰੋਧੀਆਂ ਦੀ ਜਿੰਨੀ ਭੰਡੀ ਚੋਣਾਂ ਦੌਰਾਨ ਸਾਡੇ ਦੇਸ਼ ਵਿੱਚ ਹੁੰਦੀ ਹੈ, ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਹੁੰਦੀ ਹੋਵੇ? ਨਿੱਜੀ ਦੁਸ਼ਮਣੀਆਂ ਅਤੇ ਕਤਲੋਗਾਰਤ ਵਾਲੀ ਘਿਨਾਉਣੀ ਸਥਿਤੀ ਬਣ ਜਾਂਦੀ ਹੈ। ਹੇਠਲੇ ਪੱਧਰ ’ਤੇ ਲੋਕਾਂ ਦੇ ਸਬੰਧ ਵਿਗੜ ਜਾਂਦੇ ਹਨ। ਉੱਪਰਲੇ ਨੇਤਾ ਸੱਤਾ ਪ੍ਰਾਪਤੀ ਲਈ ਕਦੋਂ ਜੱਫੀਆਂ ਪਾ ਲੈਣ, ਪਤਾ ਹੀ ਨਹੀਂ ਲੱਗਦਾ। ਗਿਰਗਟ ਤੋਂ ਵੀ ਵੱਧ ਤੇਜ਼ੀ ਨਾਲ ਸਾਡੇ ਨੇਤਾ ਆਪਣੇ ਰੰਗ ਬਦਲ ਲੈਂਦੇ ਹਨ।
ਸੁਨਾਮੀ ਦਾ ਰੂਪ ਧਾਰਦੇ ਜਾ ਰਹੇ ਕਰੋਨਾ ਦੇ ਦੈਂਤ ਤੋਂ ਬਚਣ ਲਈ ਸਭ ਦੇ ਰਲੇ ਮਿਲੇ ਯੋਗਦਾਨ ਦੀ ਲੋੜ ਹੈ। ਮਨੁੱਖਾ ਜੀਵਨ ਬਹੁਤ ਕੀਮਤੀ ਹੈ। ਅੱਜਕੱਲ ਦੇ ਤਕਨੀਕ ਅਤੇ ਵਿਗਿਆਨ ਦੇ ਅਗਾਂਹ ਵਧੂ ਦੌਰ ਵਿੱਚ ਵੀ ਜੇ ਮਨੁੱਖੀ ਜਾਨਾਂ ਭੰਗ ਦੇ ਭਾੜੇ ਚਲੀਆਂ ਜਾਣ ਤਾਂ ਮਨੁੱਖਤਾ ਦੇ ਮੂੰਹ ਉੱਪਰ ਕਰਾਰੀ ਚਪੇੜ ਦੇ ਤੁੱਲ ਹੈ। ਇੱਕ ਪਾਸੇ ਤਾਂ ਮੰਗਲ ਗ੍ਰਿਹ ਅਤੇ ਚੰਦਰਮਾ ਉੱਪਰ ਰੈਣ ਬਸੇਰੇ ਦੀਆਂ ਵਿਉਤਾਂ ਘੜੀਆਂ ਜਾ ਰਹੀਆਂ ਹਨ, ਦੂਜੇ ਪਾਸੇ ਹਸਪਤਾਲਾਂ ਦੀ ਕਮੀ, ਬਿਸਤਰਿਆਂ ਦੀ ਅਣਹੋਂਦ ਅਤੇ ਆਕਸੀਜ਼ਨ ਗੈਸ ਦੀ ਥੁੜ ਕਾਰਨ ਸੜਕਾਂ ਕੰਢੇ ਹੀ ਮਰੀਜ਼ ਦਮ ਤੋੜ ਰਹੇ ਹਨ।
ਸੱਤਰ ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸਾਨੂੰ ਅਜ਼ਾਦ ਹੋਇਆਂ। ਅਬਾਦੀ ਵਿੱਚ ਚਾਰ ਗੁਣਾ ਵਾਧਾ ਹੋ ਚੁੱਕਾ ਹੈ। ਹਸਪਤਾਲ, ਡਾਕਟਰੀ ਅਮਲਾ ਅਤੇ ਦਵਾਈਆਂ ਉਸ ਅਨੁਪਾਤ ਵਿੱਚ ਨਹੀਂ ਵਧੀਆਂ। ਹਾਲਾਂਕਿ ਸਾਡੇ ਦੇਸ਼ ਦੇ ਡਾਕਟਰ ਹੀ ਵਿਸ਼ਵ ਦੇ ਮੰਨੇ ਪ੍ਰਮੰਨੇ ਦੇਸ਼ਾਂ ਵਿੱਚ ਜਾ ਕੇ ਨਾਮਣਾ ਖੱਟ ਰਹੇ ਹਨ। ਕੀ ਸਾਡੇ ਨੇਤਾਵਾਂ ਦੀ ਸੋਚ ਕੇਵਲ ਚੋਣਾਂ ਲੜਨ, ਜਿੱਤਣ ਅਤੇ ਰਾਜਭਾਗ ਸਾਂਭਣ ਤਕ ਹੀ ਸੀਮਤ ਹੈ? ਜਿਵੇਂ ਆਯੁਰਵੈਦ ਵਰਗੀਆਂ ਪੁਰਾਣੀਆਂ ਚਕਿਤਸਾ ਪ੍ਰਣਾਲੀਆਂ ਦੇ ਸੋਮਿਆਂ ਦੇ ਅਥਾਹ ਭੰਡਾਰ ਸਾਡੇ ਦੇਸ਼ ਵਿੱਚ ਮੌਜੂਦ ਹਨ, ਜੇ ਉਹ ਲੋੜ ਵੇਲੇ ਕੰਮ ਨਾ ਆਏ ਤਾਂ ਉਹ ਕਿਸ ਕੰਮ ਦੇ ਹਨ? ਅਸੀਂ ਤਾਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਲੇਬਲ ਥੱਲੇ ਬਾਕੀ ਸਭ ਕੁਝ ਹੀ ਭੁੱਲ ਜਾਂਦੇ ਹਾਂ। ਪਤਾ ਨਹੀਂ ਇਹ ਕਿਹੜਾ ਮਾਅਰਕਾ ਮਾਰ ਲਿਆ ਹੈ ਅਸਾਂ? ਬਰੀਕੀ ਨਾਲ ਵੇਖੀਏ ਤਾਂ ਇਹ ਸਾਡੀ ਕੋਈ ਪ੍ਰਾਪਤੀ ਨਹੀਂ ਬਲਕਿ ਅਸਫਲਤਾ ਹੈ। ਅਬਾਦੀ ਦੇ ਬੇਲੋੜੇ ਵਾਧੇ ਉੱਪਰ ਅਸਾਂ ਸੰਜੀਦਗੀ ਨਾਲ ਰੋਕ ਨਹੀਂ ਲਾਈ ਤੇ ਇਸ ਨੂੰ ਵੋਟ ਬੈਂਕ ਨਾਲ ਜੋੜ ਕੇ ਵੇਖਦੇ ਵੇਖਦੇ ਇੱਕ ਅਰਬ ਤੋਂ ਵੀ ਉੱਪਰ 35 ਕਰੋੜ ਦਾ ਹਿੰਦਸਾ ਛੂਹਣ ਵਾਲੇ ਹਾਂ। ਸਾਡੀਆਂ ਸਾਰੀਆਂ ਯੋਜਨਾਵਾਂ ਦੀ ਖੱਲ ਉਧੇੜ ਦਿੰਦਾ ਹੈ ਸਾਡੀ ਅਬਾਦੀ ਦਾ ਵਿਸਫੋਟ। ਪਰ ਅਸੀਂ ਫਿਰ ਵੀ ਸਬਕ ਨਹੀਂ ਸਿੱਖਦੇ। ਇਸ ਵਿੱਚੋਂ ਵੀ ਸੱਤਾ ਸੁਖ ਭਾਲਦੇ ਰਹਿੰਦੇ ਹਾਂ।
ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। ਪੰਜ ਟ੍ਰਿਲੀਅਨ ਵਾਲੀ ਅਰਥ ਵਿਵਸਥਾ ਕਾਇਮ ਕਰਨ ਦੇ ਸੁਪਨੇ ਲਈ ਫਿਰਦੇ ਹਾਂ ਤੇ ਸਰਕਾਰੀ ਅਦਾਰਿਆਂ ਦਾ ਝੁੱਗਾ ਚੌੜ ਹੋ ਗਿਆ ਹੈ। ਬੇਰੋਜ਼ਗਾਰੀ ਸਭ ਹੱਦਾਂ ਬੰਨੇ ਟੱਪ ਗਈ ਹੈ। ਠੇਕਾ ਸਿਸਟਮ ਵਾਲੀਆਂ ਨੌਕਰੀਆਂ ਰੱਜ ਕੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਮਜਬੂਰੀ ਦੀ ਹਾਲਤ ਵਿੱਚ ਨੌਜਵਾਨੀ ਵਿਦੇਸ਼ਾਂ ਨੂੰ ਪ੍ਰਵਾਸ ਕਰੀ ਜਾਂਦੀ ਹੈ। ਭਾਵੇਂ ਉੱਥੇ ਜਾ ਕੇ ਉਹਨਾਂ ਨੂੰ ਮਜ਼ਦੂਰੀ ਹੀ ਕਰਨੀ ਪੈਂਦੀ ਹੈ ਪਰ ਜ਼ਿੰਦਗੀ ਦੀ ਸੁਰੱਖਿਆ ਅਤੇ ਭਵਿੱਖ ਤਾਂ ਨਜ਼ਰ ਆਉਂਦਾ ਹੈ। ਕਰੋਨਾ ਮਹਾਂਮਾਰੀ ਨੇ ਵਿਚਾਰੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਵੀ ਹਾਲ ਦੀ ਘੜੀ ਤਾਂ ਗਹ੍ਰਿਣ ਲਾ ਦਿੱਤਾ ਹੈ।
ਸਾਡੀ ਤਾਂ ਉਹ ਹਾਲਤ ਹੈ ਕਿ ਅਸੀਂ ਆਪਣੇ ਪੁਰਾਣੇ ਮੁਹਾਵਰੇ ‘ਵਿਹੜੇ ਆਈ ਜੰਞ ਵਿੰਨ੍ਹੋ ਕੁੜੀ ਦੇ ਕੰਨ’ ਨੂੰ ਹਾਲੇ ਵੀ ਨਹੀਂ ਭੁਲਾਇਆ। ਨਹੀਂ ਤਾਂ ਸਾਲ ਭਰ ਤੋਂ ਬੇਖੌਫ ਹੋ ਕੇ ਘੁੰਮ ਰਹੇ ਕਰੋਨਾ ਵਾਇਰਸ ਬਾਰੇ ਇੰਨੀ ਅਣਗਹਿਲੀ ਨਾ ਵਰਤਦੇ।
ਮਨੁੱਖ ਦਾ ਸਭ ਤੋਂ ਵੱਡਮੁੱਲਾ ਧਨ ਅਤੇ ਗਹਿਣਾ ਉਸਦੀ ਸਿਹਤ ਹੈ। ਅਰੋਗ ਸਰੀਰ ਵਿੱਚ ਹੀ ਅਰੋਗ ਮਨ ਹੁੰਦਾ ਹੈ। ਮੰਜੇ ’ਤੇ ਪਏ ਮਰੀਜ਼ ਦਾ ਸਾਥ ਹੌਲੀ ਹੌਲੀ ਸਾਰੇ ਛੱਡ ਜਾਂਦੇ ਹਨ। ਤੰਦਰੁਸਤ ਸਿਹਤ ਹੀ ਮਨੁੱਖ ਦਾ ਵੱਡਾ ਖਗ਼ਾਨਾ ਹੁੰਦੀ ਹੈ। ਐਵੇਂ ਲੋਕ ਪੁਸ਼ਤਾਂ ਲਈ ਜਾਇਦਾਦਾਂ ਦੇ ਅੰਬਾਰ ਜਮ੍ਹਾਂ ਕਰਨ ਲਈ ਝੂਠ ਅਤੇ ਬੇਈਮਾਨੀ ਦਾ ਸਹਾਰਾ ਲੈਂਦੇ ਰਹਿੰਦੇ ਹਨ। ਸਰੀਰ ਨਿਰਜਿੰਦ ਹੁੰਦਿਆਂ ਹੀ ‘ਚੱਕ ਲਉ, ਚੱਕ ਲਉ’ ਸ਼ੁਰੂ ਹੋ ਜਾਂਦੀ ਹੈ। ਦੋ ਚਾਰ ਦਿਨ ਹੰਝੂ ਵਹਾ ਕੇ ਸਭ ਭੁੱਲ ਜਾਂਦੇ ਹਨ। ਜਾਨ ਹੈ ਤਾਂ ਜਹਾਨ ਹੈ। ਸਰਕਾਰਾਂ ਨੂੰ ਚਾਹੀਦਾ ਹੈ ਉਹ ਦੇਸ਼ਵਾਸੀਆਂ ਲਈ ਸਿਹਤ ਸੰਭਾਲ ਅਤੇ ਸਿੱਖਿਆ ਦੇ ਪੁਖਤਾ ਪ੍ਰਬੰਧ ਕਰੇ। ਪ੍ਰਦੂਸ਼ਣ ਅਤੇ ਚਿੰਤਾ ਰਹਿਤ ਜ਼ਿੰਦਗੀ ਹੀ ਇਸ ਸਭ ਲਈ ਮਦਦਗਾਰ ਹੋ ਸਕਦੀ ਹੈ। ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਅਨੁਸਾਰ 1000 ਦੀ ਅਬਾਦੀ ਪਿੱਛੇ ਇੱਕ ਡਾਕਟਰ ਹੋਣਾ ਜ਼ਰੂਰੀ ਹੈ। ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿੱਚ ਇਹ ਅਨੁਪਾਤ 1-1445 ਦਾ ਹੈ। ਪਰ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲਾਂ ਦੀ ਬਹੁਤ ਘਾਟ ਹੈ। ਵਿਸ਼ਵ ਦੀ ਗੱਲ ਕਰੀਏ ਤਾਂ ਰੂਸ ਵਿੱਚ ਇਹ 4.31 ਪ੍ਰਤੀ ਹਜ਼ਾਰ, ਸਪੇਨ ਵਿੱਚ 3.96 ਪ੍ਰਤੀ ਹਜ਼ਾਰ ਅਤੇ ਇਟਲੀ ਵਿੱਚ 3.8 ਪ੍ਰਤੀ ਹਜ਼ਾਰ ਹੈ।
ਜਿੱਥੇ ਮਾਸਕ ਅਤੇ ਸਮਾਜਿਕ ਦੂਰੀ ਇਸ ਨਾਮੁਰਾਦ ਬੀਮਾਰੀ ਤੋਂ ਬਚਣ ਲਈ ਕਾਰਗਰ ਹੈ, ਉੱਥੇ ਇੱਛਾ ਸ਼ਕਤੀ, ਚੰਗਾ ਖਾਣ-ਪੀਣ ਅਤੇ ਚਿੰਤਾ ਰਹਿਤ ਜ਼ਿੰਦਗੀ ਵੀ ਜ਼ਰੂਰੀ ਹੈ। ਦੇਸ਼ ਦੇ ਨਾਗਰਿਕਾਂ ਦੀ ਹਿਫਾਜ਼ਤ ਲਈ ਸਿਹਤ ਸਹੂਲਤਾਂ ਦੀ ਪੂਰਨ ਉਪਲਬਧਤਾ ਸਮੇਂ ਦੀ ਮੁੱਖ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2734)
(ਸਰੋਕਾਰ ਨਾਲ ਸੰਪਰਕ ਲਈ: