“ਇਹ ਛੁਟਕਾਰਾ ਕੇਵਲ ਪੁਤਲੇ ਸਾੜਨ ਨਾਲ ਨਹੀਂ ਮਿਲਣਾ, ਮਨਾਂ ਦੀਆਂ ਗੰਢਾਂ ਖੋਲ੍ਹ ਕੇ ...”
(22 ਅਕਤੂਬਰ 2020)
ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਬਣ ਚੁੱਕਿਆ ਦੁਸ਼ਿਹਰੇ ਦਾ ਤਿਉਹਾਰ ਫਿਰ ਦਸਤਕ ਦੇਣ ਵਾਲਾ ਹੈ। ਸਦੀਆਂ ਤੋਂ ਹੀ ਅਸੀਂ ਭਾਰਤੀ ਹਰ ਸਾਲ ਸਰਦ ਰੁੱਤ ਦੀ ਆਮਦ ਵੇਲੇ, ਅੱਸੂ ਦੇ ਨਰਾਤਿਆਂ ਉਪਰੰਤ ਇਹ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹਾਂ। ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸਰਾਧ ਖਤਮ ਹੋਣ ਉਪਰੰਤ ਜਦੋਂ ਨਵਰਾਤਰੇ ਸ਼ੁਰੂ ਹੁੰਦੇ ਹਨ ਤਾਂ ਰਮਾਇਣ ਦੀ ਕਥਾ ਕਹਾਣੀ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਾਮ ਲੀਲਾ ਕਮੇਟੀਆਂ ਦੁਆਰਾ ਰਮਾਇਣ ਦੀਆਂ ਝਾਕੀਆਂ ਦਰਸਾਉਂਦੀਆਂ ਰਾਮ ਲੀਲਾ ਦੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ। ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ ਤੇ ਪੂਰਾ ਮੇਲਾ ਦੁਸ਼ਿਹਰੇ ਵਾਲੇ ਦਿਨ ਭਖਦਾ ਹੈ ਜਦੋਂ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਪੁਤਲੇ ਜਲਾ ਕੇ ਦੁਸ਼ਿਹਰਾ ਮਨਾਇਆ ਜਾਂਦਾ ਹੈ। ਇਨ੍ਹਾਂ ਤਿੰਨਾਂ ਪੁਤਲਿਆਂ ਨੂੰ ਸਾੜ ਕੇ ਇੱਕ ਤਾਂ ਅਸੀਂ ਹਰ ਸਾਲ ਇਨ੍ਹਾਂ ਜ਼ਾਲਮ ਘੋਸ਼ਿਤ ਕੀਤੇ ਹੋਏ ਪਾਪੀਆਂ ਕੋਲੋਂ ਸੀਤਾ ਮਾਤਾ ਦੇ ਹਰਣ ਕਰਨ ਤੇ ਭਗਵਾਨ ਰਾਮ ਨਾਲ ਲੜੇ ਯੁੱਧ ਦਾ ਬਦਲਾ ਲੈਂਦੇ ਹਾਂ ਤੇ ਦੂਜਾ ਭਗਵਾਨ ਰਾਮ ਪ੍ਰਤੀ ਆਪਣੀ ਸ਼ਰਧਾ ਉਜਾਗਰ ਕਰਦੇ ਹਾਂ। ਪਾਪੀਆਂ ਦਾ ਇਹ ਹਸ਼ਰ ਹੋਣਾ ਵੀ ਚਾਹੀਦਾ ਹੈ ਤਾਂ ਜੋ ਗਲਤ ਕੰਮ ਕਰਨ ਵਾਲੇ ਹਰ ਉਸ ਅਨਸਰ ਦੇ ਕੰਨ ਖੜ੍ਹੇ ਹੋ ਜਾਣ ਤੇ ਉਹ ਸੁਪਨੇ ਵਿੱਚ ਵੀ ਕੋਈ ਘਿਨਾਉਣਾ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਰਮਾਇਣ ਦੀ ਇਹ ਕਥਾ ਕਹਾਣੀ ਅੱਜ ਤੋਂ ਤਿੰਨ ਯੁਗ ਪਹਿਲਾਂ ਤਰੇਤਾ ਯੁਗ ਦੀ ਹੈ। ਉਦੋਂ ਤੋਂ ਹੀ ਅਸੀਂ ਇਹ ਪੁਤਲੇ ਸਾੜਨ ਦਾ ਕੰਮ ਕਰਦੇ ਆ ਰਹੇ ਹਾਂ। ਬੜੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਲੋਕਾਂ ਨੂੰ ਇੰਨੀ ਵੱਡੀ ਸਜ਼ਾ ਦੇਣ ਬਾਦ ਵੀ ਅਜਿਹੇ ਜ਼ੁਲਮ ਜਾਂ ਪਾਪ ਘੱਟ ਨਹੀਂ ਹੋਏ ਸਗੋਂ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਤੋਂ ਲੱਗਦਾ ਹੈ ਕਿ ਜਾਂ ਤਾਂ ਸਾਡਾ ਇਹ ਸਜ਼ਾ ਦੇਣ ਦਾ ਢਕਵੰਜ ਗਲਤ ਹੈ ਜਾਂ ਫਿਰ ਸਾਡੀ ਨੀਤ ਵਿੱਚ ਫਰਕ ਹੈ, ਤਾਂ ਹੀ ਪਾਪ ਖਤਮ ਹੋਣ ਦੀ ਥਾਂ ਵਧਦੇ ਹੀ ਜਾ ਰਹੇ ਹਨ। ਜਿੰਨੀ ਅੱਗ ਹੁਣ ਤਕ ਭਾਰਤ ਵਰਸ਼ ਵਿੱਚ ਇਨ੍ਹਾਂ ਤਿੰਨਾਂ ਪਾਪੀਆਂ ਦੇ ਪੁਤਲਿਆਂ ਨੂੰ ਲੱਗ ਚੁੱਕੀ ਹੈ ਹੁਣ ਤਕ ਜ਼ੁਲਮ ਦਾ ਨਾਮੋ ਨਿਸ਼ਾਨ ਮਿਟ ਜਾਣਾ ਚਾਹੀਦਾ ਸੀ। ਪਰ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਮੁਨੀਸ਼ਾ ਨਾਂ ਦੀ ਲੜਕੀ ਨਾਲ ਹੋਇਆ ਮੰਦਭਾਗਾ ਕੁਕਰਮ ਤੇ ਬਾਦ ਵਿੱਚ ਉਸਦੇ ਸਰੀਰਕ ਅੰਗਾਂ ਨਾਲ ਕੀਤਾ ਗਿਆ ਖਿਲਵਾੜ ਤੇ ਇਸ ਤੋਂ ਵੀ ਵੱਧ ਕੇ ਪ੍ਰਸ਼ਾਸਨ ਦੁਆਰਾ ਉਸ ਲੜਕੀ ਦੀ ਮੌਤ ਹੋਣ ਉਪਰੰਤ ਉਸਦੇ ਪਰਿਵਾਰ ਵਾਲਿਆਂ ਦੀ ਰਜ਼ਾਮੰਦੀ ਦੇ ਵਿਰੁੱਧ ਰਾਤ ਵੇਲੇ ਸਸਕਾਰ ਕਰ ਦੇਣਾ ਅਤਿ ਦਰਦਨਾਕ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਇਸੇ ਉੱਤਰਪ੍ਰਦੇਸ਼ ਵਿੱਚ ਹੀ ਕੁਲਦੀਪ ਸੈਂਗਰ ਨਾਮੀ ਰਾਜਨੀਤਕ ਹਸਤੀ ਵਿਰੁੱਧ ਵੀ ਬਲਾਤਕਾਰ ਤੇ ਹੱਤਿਆ ਦਾ ਅਰੋਪ ਲੱਗਾ ਸੀ ਜੋ ਅੱਜਕੱਲ ਸੁਲਾਖਾਂ ਪਿੱਛੇ ਹੈ।
ਇਸ ਤੋਂ ਵੀ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੱਸ ਵਿੱਚ ਵਾਪਰੇ ਨਿਰਭੈਆ ਕਾਂਡ ਨੇ ਲੋਕਾਂ ਨੂੰ ਭੈਭੀਤ ਕਰ ਦਿੱਤਾ ਸੀ। ਸੱਤ ਅੱਠ ਸਾਲਾਂ ਦੇ ਲੰਬੇ ਸੰਘਰਸ਼ ਬਾਦ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਸੀ। ਜੰਮੂ ਕਸ਼ਮੀਰ ਦੇ ਕਠੂਆ ਕਾਂਡ ਨੇ ਵੀ ਮਨੁੱਖਤਾ ਦੇ ਵਹਿਸ਼ੀਪੁਣੇ ਨੂੰ ਉਜਾਗਰ ਕੀਤਾ ਸੀ। ਇਹ ਤਾਂ ਬਲਾਤਕਾਰ ਤੇ ਗੈਂਗਰੇਪ ਦੇ ਕੁਝ ਗਿਣਵੇਂ ਕੇਸ ਹਨ ਜਿਹੜੇ ਆਮ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਆਏ ਤੇ ਲੋਕਾਂ ਨੂੰ ਮਨੁੱਖੀ ਭੇਸ ਵਿੱਚ ਪਲ ਤੇ ਵਿਚਰ ਰਹੇ ਭੇੜੀਆਂ ਦਾ ਪਤਾ ਲੱਗਾ, ਵਰਨਾ ਹਰ ਰੋਜ਼ ਹਜ਼ਾਰਾਂ ਹੀ ਅਜਿਹੇ ਕੇਸ ਵਾਪਰਦੇ ਹਨ ਜਿਹੜੇ ਡਰ, ਭੈਅ ਅਤੇ ਪੈਸੇ ਦੇ ਬੋਲਬਾਲੇ ਥੱਲੇ ਦੱਬ ਜਾਂਦੇ ਹਨ ਤੇ ਉਹਨਾਂ ਦੀ ਕੋਈ ਉੱਘ-ਸੁੱਘ ਵੀ ਨਹੀਂ ਨਿਕਲਦੀ। ਇੱਕ ਅੰਦਾਜ਼ੇ ਮੁਤਾਬਕ ਸਾਡੇ ਦੇਸ਼ ਵਿੱਚ ਹਰ ਰੋਜ਼ ਬਲਾਤਕਾਰ ਤੇ ਗੈਂਗਰੇਪ ਦੇ 88 ਕੇਸ ਦਰਜ ਹੁੰਦੇ ਹਨ। ਸਾਲ 2019 ਦੌਰਾਨ 32033 ਕੇਸ ਦਰਜ ਹੋਏ ਸਨ। ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਦੇਸ਼ ਬੜਾ ਧਾਰਮਿਕ ਤੇ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਜੇ ਜੱਗ ਜਣਨੀ, ਜਿਸਦੇ ਹੱਕ ਵਿੱਚ ਗੁਰੂ ਨਾਨਕ ਦੇਵ ਜੀ ਨੇ ਹਾਅ ਦਾ ਨਾਅਰਾ ਮਾਰਦੇ ਹੋਏ ਕਿਹਾ ਸੀ;-ਸੋ ਕਿਉਂ ਮੰਦਾ ਆਖੀਐ ਜਿਤਿ ਜੰਮਹਿ ਰਾਜਾਨ, ਦੀ ਅਜਿਹੀ ਦੁਰਦਸ਼ਾ ਹੋ ਰਹੀ ਹੈ ਤੇ ਉਸ ਨੂੰ ਇੱਕ ਵਸਤੂ ਸਮਝ ਕੇ ਨੋਚਿਆ ਤੇ ਲਤਾੜਿਆ ਜਾ ਰਿਹਾ ਹੈ ਤੇ ਫਿਰ ਵੀ ਅਸੀਂ ਦੁਸ਼ਿਹਰੇ ਵਾਲੇ ਦਿਨ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਪੁਤਲੇ ਸਾੜ ਕੇ ਇਹ ਤਸਲੀਮ ਕਰ ਲਈਏ ਕਿ ਬਦੀ ਉੱਪਰ ਨੇਕੀ ਦੀ ਫਤਿਹ ਹੋ ਗਈ ਹੈ ਤਾਂ ਇਹ ਸਾਡੀ ਬਹੁਤ ਵੱਡੀ ਭੁੱਲ ਹੈ।
ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਰਾਵਣ ਇੱਕ ਬਹੁਤ ਵੱਡਾ ਵਿਦਵਾਨ ਸੀ। ਵੇਦਾਂ ਦਾ ਗਿਆਤਾ ਸੀ। ਪਰ ਜਦੋਂ ਲਛਮਣ ਦੁਆਰਾ ਉਸਦੀ ਭੈਣ ਸਰੂਪ ਨਖਾਂ ਦਾ ਨੱਕ ਵੱਢ ਦਿੱਤਾ ਗਿਆ ਤਾਂ ਉਹ ਭੈਣ ਦੇ ਪਿਆਰ ਕਾਰਨ ਭਗਵਾਨ ਰਾਮ ਨਾਲ ਦੁਸ਼ਮਣੀ ਕਰ ਬੈਠਾ ਸੀ। ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਉਸਨੇ ਮਾਤਾ ਸੀਤਾ ਦਾ ਪੂਰਾ ਆਦਰ ਮਾਣ ਕਰਦੇ ਹੋਏ ਸੁਰੱਖਿਆ ਵੀ ਪ੍ਰਦਾਨ ਕੀਤੀ ਸੀ। ਪਰ ਬੁਰਾਈ ਤਾਂ ਬੁਰਾਈ ਹੁੰਦੀ ਹੈ। ਰਾਵਣ ਦੀ ਗਲਤੀ ਨੇ ਉਸਦੀ ਕਿੱਡੀ ਵੱਡੀ ਸਲਤਨਤ ਦਾ ਨਾਸ ਕਰ ਦਿੱਤਾ। ਇੱਥੇ ਹੀ ਗੱਲ ਰੁਕੀ ਨਹੀਂ ਹੁਣ ਵੀ ਅਸੀਂ ਉਹਨਾਂ ਦੇ ਪੁਤਲੇ ਜਲਾਈ ਜਾ ਰਹੇ ਹਾਂ ਤੇ ਪਤਾ ਨਹੀਂ ਕਦੋਂ ਤਕ ਇੰਜ ਹੀ ਕਰਦੇ ਰਹਾਂਗੇ? ਹੁਣ ਜ਼ਮਾਨਾ ਬਦਲ ਗਿਆ ਹੈ। ਵਿਗਿਆਨ ਤੇ ਤਕਨੀਕ ਦੇ ਮੌਜੂਦਾ ਦੌਰ ਦੌਰਾਨ ਸੋਚ, ਸਮਝ ਤੇ ਤਰਕ ਦਾ ਬੋਲਬਾਲਾ ਹੈ। ਪੁਤਲੇ ਜਲਾਉਣਾ ਪਾਪ ਤੇ ਜ਼ੁਲਮ ਨੂੰ ਖਤਮ ਕਰਨ ਦਾ ਪ੍ਰਤੀਕ ਹੈ, ਹਕੀਕਤ ਨਹੀਂ। ਹੁਣ ਹਕੀਕਤ ਵਿੱਚ ਮਨੁੱਖਤਾ ਨਾਲ ਹੋ ਰਹੇ ਜੁਰਮਾਂ ਨੂੰ ਖਤਮ ਕਰਨ ਦਾ ਵੇਲਾ ਆ ਗਿਆ ਹੈ। ਜ਼ਰਾ ਬਰੀਕੀ ਨਾਲ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਸਾਡਾ ਆਲਾ ਦੁਆਲਾ ਤਾਂ ਰਾਵਣਾਂ ਨਾਲ ਭਰਿਆ ਪਿਆ ਹੈ। ਗਰੀਬੀ, ਮਹਿੰਗਾਈ, ਬੇਰੋਜ਼ਗਾਰੀ, ਲੁੱਟ ਖਸੁੱਟ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਬਹੁਤ ਵੱਡੇ ਰਾਵਣ ਹਨ। ਅਨਪੜ੍ਹਤਾ ਇਨ੍ਹਾਂ ਸਾਰਿਆਂ ਰਾਵਣਾਂ ਦੀ ਮਾਂ ਹੈ। ਡਾਕਟਰੀ ਸਹੂਲਤਾਂ ਦੀ ਘਾਟ, ਮਹਿੰਗੀ ਤੇ ਵਪਾਰਕ ਬਣਾ ਦਿੱਤੀ ਗਈ ਮੈਡੀਕਲ, ਤਕਨੀਕੀ ਤੇ ਉੱਚ ਸਿੱਖਿਆ ਵੀ ਇਸੇ ਲੜੀ ਵਿੱਚ ਆਉਂਦੀ ਹੈ। ਜਦੋਂ ਤਕ ਇਨ੍ਹਾਂ ਸਾਰੇ ਰਾਵਣਾਂ ਦਾ ਅੰਤ ਨਹੀਂ ਹੁੰਦਾ ਉਦੋਂ ਤਕ ਮਨੁੱਖਤਾ ਨੂੰ ਸੌਖਾ ਸਾਹ ਨਹੀਂ ਆ ਸਕਦਾ।
ਹਾਲੇ ਪਿਛਲੇ ਸਾਲ ਅਸੀਂ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਨ ਮਨਾ ਕੇ ਹਟੇ ਹਾਂ। ਉਸ ਮਹਾਨ ਸ਼ਖਸੀਅਤ ਨੇ ਜਾਬਰ ਹਾਕਮਾਂ ਨੂੰ ਰਾਜੇ ਸ਼ੀਂਹ ਮੁਕੱਦਮ ਕੁੱਤੇ ਕਹਿ ਕੇ ਵੰਗਾਰਿਆ ਸੀ। ਮਲਿਕ ਭਾਗੋ ਦੀਆਂ ਪੂਰੀਆਂ ਵਿੱਚੋਂ ਲਹੂ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਨਿੱਚੜਦਾ ਦਰਸਾ ਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਨੂੰ ਤਰਜੀਹ ਦਿੱਤੀ ਸੀ। ਪਰ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਹੈ। ਅੱਜ ਫਿਰ ਹਰ ਪਾਸੇ ਮਲਿਕ ਭਾਗੋਆਂ ਦੀ ਜੈ ਜੈ ਕਾਰ ਹੋ ਰਹੀ ਹੈ। ਕੋਈ ਰੇਤ ਦੀਆਂ ਖੱਡਾਂ ’ਤੇ ਕੁੰਡਲੀ ਮਾਰ ਬੈਠਾ ਹੈ ਤੇ ਕੋਈ ਬਜਰੀ ਉੱਤੇ ਕੰਟਰੋਲ ਕਰੀ ਬੈਠਾ ਹੈ। ਕਿਸੇ ਨੇ ਟੀਵੀ ਤੇ ਕੇਬਲ ਮਾਫੀਆ ਬਣਾ ਲਿਆ ਹੈ ਤੇ ਕਿਸੇ ਨੇ ਸਮਾਜ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲ ਦਿੱਤਾ ਹੈ। ਕੋਈ ਡਾਕਟਰੀ ਸਹੂਲਤਾਂ ਦੇ ਨਾਮ ’ਤੇ ਲੁੱਟੀ ਜਾਂਦਾ ਹੈ ਤੇ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਕੇ ਬੀਮਾਰੀਆਂ ਦਾ ਜਾਲ ਵਿਛਾਈ ਜਾਂਦਾ ਹੈ। ਸਭ ਤੋਂ ਵੱਡਾ ਆਸਰਾ ਤਾਂ ਲੋਕਾਂ ਨੂੰ ਸਰਕਾਰ ਦਾ ਹੁੰਦਾ ਹੈ। ਕਿਉਂਕਿ ਲੋਕਰਾਜ ਦੇ ਇਸ ਪ੍ਰਬੰਧ ਅਧੀਨ ਲੋਕ ਹੀ ਆਪਣੀਆਂ ਸਰਕਾਰਾਂ ਚੁਣਦੇ ਹਨ। ਇਸ ਵਾਰ ਲੋਕਾਂ ਨੇ ਤਾਂ ਆਪਣੇ ਭਲੇ ਖਾਤਰ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਇੰਨਾ ਵੱਡਾ ਬਹੁਮਤ ਪ੍ਰਦਾਨ ਕੀਤਾ ਸੀ ਕਿ ਉਹ ਲੋਕ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨਗੇ ਪਰ ਉਹਨਾਂ ਨੇ ਤਾਂ ਲੋਕਾਂ ਦਾ ਕਚੂਮਰ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਅੱਜ ਦੇਸ਼ ਦਾ ਹਰ ਕਿਸਾਨ ਤੇ ਮਜ਼ਦੂਰ ਸੜਕਾਂ ’ਤੇ ਹੈ। ਕਰੋਨਾ ਕਾਲ ਦੇ ਭਿਆਨਕ ਦੌਰ ਦੌਰਾਨ ਜਦੋਂ ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਹਨ, ਕੇਂਦਰੀ ਸਰਕਾਰ ਨੇ ਪਹਿਲਾਂ ਖੇਤੀ ਨਾਲ ਸਬੰਧੀ ਤਿੰਨ ਆਰਡੀਨੈਂਸ ਲਿਆਂਦੇ ਤੇ ਫਿਰ ਕਾਹਲੀ ਵਿੱਚ ਉਹਨਾਂ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਨਾਲ ਲਗਦੇ ਹੀ ਮੁਸ਼ਕਲ ਨਾਲ ਪ੍ਰਾਪਤ ਕੀਤੇ ਲੇਬਰ ਕਾਨੂੰਨਾਂ ਨੂੰ ਵੀ ਸੋਧ ਕੇ ਮਜ਼ਦੂਰਾਂ ਦੇ ਵਿਰੁੱਧ ਅਤੇ ਕਾਰਪੋਰੇਟ ਸੈਕਟਰ ਦੇ ਹਿਤ ਵਿੱਚ ਕਰ ਦਿੱਤਾ ਹੈ। ਅੱਠ ਘੰਟੇ ਵਾਲੀ ਦਿਹਾੜੀ ਬਾਰਾਂ ਘੰਟੇ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਰੋਜ਼ਗਾਰ ਦੇ ਮੌਕੇ ਘਟਾਏ ਜਾ ਰਹੇ ਹਨ। ਡਿਗਰੀਆਂ ਦੀ ਪੰਡ ਹੱਥਾਂ ਵਿੱਚ ਫੜ ਕੇ ਰੋਜ਼ਗਾਰ ਦੀ ਤਲਾਸ਼ ਵਿੱਚ ਮਾਰੇ ਮਾਰੇ ਫਿਰ ਰਹੇ ਨੌਜਵਾਨਾਂ ਨੂੰ ਦਸ ਹਜ਼ਾਰ ਰੁਪਏ ਮਹੀਨਾ ਤੋਂ ਵੱਧ ਰੁਜ਼ਗਾਰ ਨਹੀਂ ਮਿਲ ਰਿਹਾ। ਦੇਸ਼ ਦੇ ਫੈਡਰਲ ਢਾਂਚੇ ਨੂੰ ਢਾਹ ਲਾਈ ਜਾ ਰਹੀ ਹੈ। ਮਜਬੂਰ ਹੋਇਆ ਨੌਜਵਾਨ ਵਰਗ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਿਹਾ ਹੈ। ਹਾਲ ਦੀ ਘੜੀ ਤਾਂ ਕਰੋਨਾ ਨੇ ਉਹ ਰਾਹ ਵੀ ਬੰਦ ਕੀਤਾ ਹੋਇਆ ਹੈ। ਤੇਜ਼ੀ ਨਾਲ ਵਧ ਰਹੀ ਅਬਾਦੀ ਵਾਲੇ ਇਸ ਦੇਸ਼ ਵਿੱਚ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਦੀ ਚਿੰਤਾ ਬਣੀ ਹੋਈ ਹੈ। ਬਦੀ ਉੱਪਰ ਨੇਕੀ ਦੀ ਫਤਿਹ ਦੇ ਪ੍ਰਤੀਕ ਆ ਰਹੇ ਦੁਸ਼ਿਹਰੇ ਦੇ ਪਵਿੱਤਰ ਤਿਉਹਾਰ ਵੇਲੇ ਸਮੁੱਚੀ ਮਨੁੱਖਤਾ ਤੇ ਸਰਕਾਰਾਂ ਲਈ ਅਹਿਦ ਕਰਨਾ ਬਣਦਾ ਹੈ ਤਾਂ ਜੋ ਮਨੁੱਖਤਾ ਨੂੰ ਚਣੌਤੀਆਂ ਪ੍ਰਦਾਨ ਕਰਨ ਵਾਲੇ ਰਾਵਣਾਂ ਤੋਂ ਛੁਟਕਾਰਾ ਮਿਲ ਸਕੇ। ਇਹ ਛੁਟਕਾਰਾ ਕੇਵਲ ਪੁਤਲੇ ਸਾੜਨ ਨਾਲ ਨਹੀਂ ਮਿਲਣਾ, ਮਨਾਂ ਦੀਆਂ ਗੰਢਾਂ ਖੋਲ੍ਹ ਕੇ ਪਾਰਟੀ ਪੱਧਰ ਤੋਂ ਉੱਪਰ ਉੱਠਣਾ ਹੋਵੇਗਾ ਤੇ ਮਨੁੱਖਤਾ ਦੇ ਹਿਤ ਵਿੱਚ ਸੋਚਣਾ ਹੋਵੇਗਾ ਕਿਉਂਕਿ ਮਨੁੱਖਾ ਜੀਵਨ ਬੜਾ ਕੀਮਤੀ ਹੈ, ਵਾਰ ਵਾਰ ਨਹੀਂ ਮਿਲਣਾ। ਇਸ ਸੰਸਾਰ ਵਿੱਚੋਂ ਕੁਛ ਵੀ ਕਿਸੇ ਦੇ ਨਾਲ ਵੀ ਨਹੀਂ ਜਾਣਾ, ਬੁਰਾਈਆਂ ਨੂੰ ਖਤਮ ਕਰਨਾ ਹੀ ਮਨੁੱਖਤਾ ਦਾ ਅਸਲੀ ਭਲਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2388)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)