“ਜੇ ਅਸੀਂ ਅਜੇ ਵੀ ਨਾ ਸਮਝੇ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਫਿਰ ਪੰਜ ਆਬਾਂ ਦੇ ਅਧਾਰ ’ਤੇ ਬਣੇ ਪੰਜਾਬ ...”
(13 ਮਈ 2022)
ਮਹਿਮਾਨ: 283.
ਪਾਣੀ ਜੀਵਨ ਦਾ ਮਹੱਤਵਪੂਰਨ ਸੋਮਾ ਹੈ। ਜੇ ਆਪਾਂ ਕਹਿ ਲਈਏ ਕਿ ਜਲ ਹੀ ਜੀਵਨ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।” ਕਹਿ ਕੇ ਧਰਤੀ ਨੂੰ ਮਾਂ ਦਾ ਦਰਜਾ ਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਭਾਵ ਕਿ ਇਹ ਦੋਵੇਂ ਮਨੁੱਖਤਾ ਅਤੇ ਬਾਕੀ ਜਨ ਜੀਵਾਂ ਦੇ ਜਨਮ ਦਾਤੇ ਤੇ ਪਾਲਣਹਾਰ ਹਨ। ਹਵਾ, ਜੋ ਸਾਨੂੰ ਸਾਹ ਲੈਣ ਲਈ ਜ਼ਰੂਰੀ ਹੈ ਅਤੇ ਚੌਗਿਰਦੇ ਨੂੰ ਸਾਫ ਰੱਖ ਕੇ ਸਾਡੇ ਰਹਿਣ ਯੋਗ ਬਣਾਉਂਦੀ ਹੈ, ਨੂੰ ਗੁਰੂ ਕਿਹਾ ਹੈ। ਮਨੁੱਖ, ਜਿਸ ਨੂੰ ਪੰਜ ਤੱਤਾਂ ਦਾ ਪੁਤਲਾ ਕਹਿੰਦੇ ਹਨ, ਉਸ ਦੇ ਤਿੰਨ ਮੁੱਖ ਤੱਤ ਤਾਂ ਇਹੀ ਹਨ ਤੇ ਬਾਕੀ ਦੇ ਦੋ ਤੱਤ ਅਗਨੀ ਅਥਵਾ ਸੂਰਜ ਦੀ ਤਪਸ਼ ਅਤੇ ਅਕਾਸ਼ ਹਨ। ਕੁਦਰਤ ਨੇ ਇਨ੍ਹਾਂ ਪੰਜਾਂ ਤੱਤਾਂ ਦੀ ਮਾਤਰਾ ਸਾਡੀ ਲੋੜ ਅਨੁਸਾਰ ਤੈਅ ਕੀਤੀ ਹੋਈ ਹੈ। ਵਿਗਿਆਨ ਵੀ ਇਸ ਸਚਾਈ ’ਤੇ ਮੋਹਰ ਲਗਾਉਂਦੀ ਹੈ। ਜਦੋਂ ਵੀ ਇਨ੍ਹਾਂ ਤੱਤਾਂ ਦੀ ਮਾਤਰਾ ਸਾਡੀ ਲੋੜ ਤੋਂ ਵਧਦੀ ਘਟਦੀ ਹੈ ਤਾਂ ਸਾਡੀ ਸਿਹਤ ਵਿਗੜਨ ਲੱਗ ਜਾਂਦੀ ਹੈ। ਜੇ ਸਾਡੀ ਅਣਗਹਿਲੀ ਵਧ ਜਾਵੇ ਤਾਂ ਕਰੋਨਾ ਵਰਗੀ ਮਹਾਂਮਾਰੀ ਫੈਲ ਜਾਂਦੀ ਹੈ। ਕਰਫਿਊ ਤੋਂ ਵੀ ਭੈੜੀ ਹਾਲਤ ਕਰ ਦਿੱਤੀ ਸੀ ਵਿਸ਼ਵ ਭਰ ਵਿੱਚ ਲੱਗੇ ਲੌਕਡਾਊਨ ਨੇ। ਮਨੁੱਖੀ ਜਾਨਾਂ ਦਾ ਘਾਣ ਅਤੇ ਕਾਰੋਬਾਰ ਵਿੱਚ ਨਿਘਾਰ ਵੱਖਰਾ। ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਆਪਣੀ ਕੀਮਤੀ ਜ਼ਿੰਦਗੀ ਦੇ ਸੀਮਤ ਪਲਾਂ ਨੂੰ ਮਹਿਫੂਜ਼ ਰੱਖਣ ਦਾ ਭਰਪੂਰ ਯਤਨ ਕਰੀਏ? ਮਨੁੱਖ ਲਈ ਸਭ ਤੋਂ ਕੀਮਤੀ ਤਾਂ ਉਸ ਦਾ ਜੀਵਨ ਹੁੰਦਾ ਹੈ। ਸਰਬੱਤ ਦਾ ਭਲਾ, ਜੋ ਸਿੱਖ ਧਰਮ ਦਾ ਫਲਸਫਾ ਅਤੇ ਅਰਦਾਸ ਹੈ, ਇਸ ਨੂੰ ਢਾਹ ਲਾਉਣ ਲਈ ਮਨੁੱਖ ਮਨਾਂ ਵਿੱਚ ਹੀ ਸਵਾਰਥ, ਲਾਲਚ ਅਤੇ ਲਾਲਸਾ ਘਰ ਕਰ ਗਈ ਹੈ। ਹੰਕਾਰ ਅਤੇ ਹਊਮੈ ਦਾ ਕੀੜਾ ਅਤੇ ਤਾਕਤ ਦਾ ਨਸ਼ਾ ਮਨੁੱਖ ਨੂੰ ਹਕੀਕਤ ਤੋਂ ਦੂਰ ਲੈ ਗਿਆ ਹੈ।
ਕਦੇ ਗਿਣਤੀ ਮਿਣਤੀ ਦੇ ਘੇਰੇ ਤੋਂ ਬਾਹਰ ਰਹੀ ਇਹ ਧਰਤੀ, ਵਿਗਿਆਨ ਦੇ ਵਿਕਸਤ ਹੋਣ ਨਾਲ 200 ਤੋਂ ਵੀ ਵੱਧ ਦੇਸ਼ਾਂ ਵੰਡ ਕੇ ਵੀ ਇੱਕ ਛੋਟਾ ਜਿਹਾ ਗਲੋਬਲ ਪਿੰਡ ਬਣ ਗਈ ਹੈ। ਦਿਨ-ਰਾਤ ਅਤੇ ਮੌਸਮਾਂ ਦੇ ਵਖਰੇਵਿਆਂ ਕਾਰਨ ਵੀ ਹੁਣ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰੀ ਘਟਨਾ ਦੀ ਸੂਚਨਾ ਝੱਟ ਦੂਜੇ ਹਿੱਸਿਆਂ ਤਕ ਪਹੁੰਚ ਜਾਂਦੀ ਹੈ। ਮਨੁੱਖ ਨੇ ਆਪਣੇ ਦਿਮਾਗ ਅਤੇ ਵਿਗਿਆਨ ਦੀਆਂ ਤਰਕੀਬਾਂ ਨਾਲ ਪ੍ਰਮਾਣੂ ਤਾਕਤ ਦੀ ਖੋਜ ਕਰਕੇ ਉਸ ਨਾਲ ਘਾਤਕ ਹਥਿਆਰ ਵੀ ਬਣਾ ਲਏ ਹਨ ਅਤੇ ਉਸ ਨੂੰ ਉਪਜਾਊ ਕੰਮਾਂ ਲਈ ਵੀ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇੰਜ ਮੌਸਮਾਂ ਨੂੰ ਅਨੂਕੂਲ ਬਣਾਉਣ ਵਾਲੇ ਯੰਤਰਾਂ ਦੇ ਕੰਮ ਕਰਨ ਅਤੇ ਪ੍ਰਮਾਣੂ ਤਜਰਬਿਆਂ ਕਾਰਨ ਹੋਏ ਵਿਸਫੋਟਾਂ ਅਤੇ ਉਹਨਾਂ ਦੀ ਰਹਿੰਦ ਖੂੰਹਦ ਨਾਲ ਉਪਜੀਆਂ ਭਿਆਨਕ ਗੈਸਾਂ ਨਾਲ ਸਾਡੀ ਧਰਤੀ ਦਾ ਚੌਗਿਰਦਾ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਸਦੀਆਂ ਤੋਂ ਧਰੁਵਾਂ ਉੱਪਰ ਜੰਮੀ ਹੋਈ ਬਰਫ ਦੇ ਗਲੇਸ਼ੀਅਰ ਵਧਦੇ ਤਾਪਮਾਨ ਕਾਰਨ ਪਿਘਲਣ ਲੱਗ ਪਏ ਹਨ ਅਤੇ ਗਰਮੀ ਦਾ ਪ੍ਰਕੋਪ ਵੀ ਨਿਰੰਤਰ ਵਧ ਰਿਹਾ ਹੈ। ਮਨੁੱਖੀ ਹੰਕਾਰ ਦੇ ਕਾਰਨ ਹੀ ਪਹਿਲਾਂ ਦੋ ਵਿਸ਼ਵ ਯੁੱਧ ਭਿਆਨਕ ਤਬਾਹੀ ਮਚਾ ਚੁੱਕੇ ਹਨ। ਹੁਣ ਫਿਰ ਰੂਸ ਅਤੇ ਯੂਕਰੇਨ ਦੀ ਲੜਾਈ ਵੀ ਲੰਬੀ ਹੁੰਦੀ ਜਾ ਰਹੀ ਹੈ। ਇਸ ਤਬਾਹੀ ਦੇ ਮੰਜ਼ਰ ਨੂੰ ਵੀ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਸਭ ਤਮਾਸ਼ਬੀਨ ਬਣ ਕੇ ਵੇਖ ਰਹੇ ਹਨ ਤੇ ਸੰਜੀਦਗੀ ਨਾਲ ਮਸਲਾ ਹੱਲ ਕਰਾਉਣ ਵੱਲ ਅੱਗੇ ਨਹੀਂ ਆ ਰਹੇ। ਹਰ ਕੋਈ ਜਾਣਦਾ ਹੈ ਕਿ ਯੁੱਧ ਮਸਲੇ ਹੱਲ ਨਹੀਂ ਕਰਦੇ ਕੇਵਲ ਤਬਾਹੀ ਮਚਾਉਂਦੇ ਹਨ।
ਸਾਡੇ ਦੇਸ਼ ਦਾ ਤਾਪਮਾਨ ਪੱਛਮੀ ਦੇਸ਼ਾਂ ਨਾਲੋਂ ਕਾਫੀ ਭਿੰਨ ਹੈ। ਪਰ ਵਿਸ਼ਵ ਦੇ ਕਿਸੇ ਹਿੱਸੇ ਵਿੱਚ ਵੀ ਵਧਦੇ ਜਾਂ ਘਟਦੇ ਤਾਪਮਾਨ ਦਾ ਅਸਰ ਇੱਥੇ ਵੀ ਜ਼ਰੂਰ ਪੈਂਦਾ ਹੈ। ਸਾਡੇ ਹਾੜ੍ਹੀ ਦੀ ਫਸਲ ਦੀ ਕਟਾਈ ਅਪਰੈਲ ਵਿੱਚ ਹੁੰਦੀ ਹੈ। ਅਕਸਰ ਇਸੇ ਮਹੀਨੇ ਮੌਸਮ ਵਿੱਚ ਬਦਲਾਵ ਆਉਂਦਾ ਹੈ ਅਤੇ ਮਈ ਦੇ ਮਹੀਨੇ ਗਰਮੀ ਜ਼ੋਰ ਫੜਦੀ ਸੀ। ਪਰ ਇਸ ਵਾਰ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਹੀ ਮੌਸਮ ਦਾ ਮਿਜਾਜ਼ ਬਦਲ ਕੇ ਗਰਮ ਹੋ ਗਿਆ ਜਿਸਨੇ ਹਾੜ੍ਹੀ ਦੀ ਮੁੱਖ ਫਸਲ ਕਣਕ ਦੇ ਝਾੜ ਵਿੱਚ 10% ਤੋਂ ਵੀ ਵੱਧ ਗਿਰਾਵਟ ਦਰਜ ਕਰਾਈ ਹੈ। ਜਿਵੇਂ ਇੱਥੇ ਤੇਜ਼ੀ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਤੇਜ਼ੀ ਨਾਲ ਉੱਪਰ ਵੱਲ ਜਾ ਰਹੀਆਂ ਹਨ, ਉਸੇ ਢੰਗ ਨਾਲ ਸੂਰਜ ਦੇਵਤੇ ਦੀ ਤਪਸ਼ ਵੀ ਅੰਗਾਰ ਬਣ ਕੇ ਤਾਪਮਾਨ ਨੂੰ ਤੇਜ਼ੀ ਨਾਲ 50 ਡਿਗਰੀ ਸੈਲਸੀਅਸ ਵੱਲ ਲਿਜਾ ਰਹੀ ਹੈ। ਧਰਤੀ ਹੇਠਲਾ ਪਾਣੀ ਸਾਡੀ ਖੇਤੀਬਾੜੀ ਨੇ ਅਨਾਜ ਉਤਪਾਦਨ ਵਿੱਚ ਵਾਧਾ ਕਰਨ ਲਈ ਝੋਨੇ ਦੀ ਪੈਦਾਵਾਰ ਵਧਾਉਣ ਦੇ ਲੇਖੇ ਲੱਗਾ ਦਿੱਤਾ ਹੈ। ਪੰਜਾਬ ਦੀ ਜ਼ਰਖੇਜ਼ ਧਰਤੀ ਅਤੇ ਉੱਦਮੀ ਕਿਸਾਨਾਂ ਨੇ ਦੇਸ਼ ਦੇ ਭੰਡਾਰ ਤਾਂ ਭਰ ਦਿੱਤੇ ਹਨ ਪਰ ਆਪਣਾ ਅਨਮੋਲ ਖਜ਼ਾਨਾ ਲੁਟਾ ਦਿੱਤਾ ਹੈ। ਇਸ ਉੱਦਮ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਸੀ ਪਰ ਸਰਕਾਰਾਂ ਦੇ ਨਿਕੰਮੇਪਣ ਨੇ ਵੇਲੇ ਸਿਰ ਆਮ ਸਹੂਲਤਾਂ ਤੋਂ ਵੀ ਵਿਰਵੇ ਹੀ ਰੱਖਿਆ ਹੈ। ਇਸ ਸਮੇਂ ਪੰਜਾਬ ਕੋਲ 1947 ਤੋਂ ਪਹਿਲਾਂ ਵਾਲੇ ਪੰਜਾਬ ਦੇ ਚੌਥੇ ਹਿੱਸੇ ਦੇ ਬਰਾਬਰ ਵੀ ਰਕਬਾ ਨਹੀਂ ਰਿਹਾ। ਦਰਿਆਈ ਪਾਣੀ ਵੀ ਤੇਜ਼ੀ ਨਾਲ ਸੁੱਕ ਰਹੇ ਹਨ। ਪੰਜਾਬ ਨੂੰ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਅਪਣਾਉਣੀਆਂ ਪੈਣਗੀਆਂ।
ਪੰਜਾਬ ਦੇਸ਼ ਦਾ ਹਮੇਸ਼ਾ ਤਾਜ ਰਿਹਾ ਹੈ। ਮੁਗਲਾਂ ਦੇ ਹੱਲਿਆਂ ਵੇਲੇ ਵੀ ਪੰਜਾਬ ਨੇ ਸੰਤਾਪ ਭੋਗਿਆ ਤੇ ਅੰਗਰੇਜ਼ਾਂ ਨੇ ਵੀ ਜਾਂਦੇ ਹੋਏ ਪੰਜਾਬ ਨੂੰ ਵੰਡ ਕੇ ਧ੍ਰੋਹ ਕਮਾਇਆ। ਇਸੇ ਕਾਰਨ ਹੀ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿੰਮਾਂ” ਦਾ ਮੁਹਾਵਰਾ ਹੋਂਦ ਵਿੱਚ ਆਇਆ ਸੀ। ਮਹਿੰਗਾਈ, ਨਸ਼ੇ, ਖੁਦਕੁਸ਼ੀਆਂ ਅਤੇ ਭ੍ਰਿਸ਼ਟਾਚਾਰ ਨੇ ਵੀ ਪੰਜਾਬ ਨੂੰ ਬਹੁਤ ਝੰਬਿਆ ਹੈ। ਬੇਰੋਜ਼ਗਾਰੀ ਦਾ ਸਤਾਇਆ ਹੋਇਆ ਪੰਜਾਬ ਦਾ ਨੌਜਵਾਨ ਬੜੀ ਤੇਜ਼ੀ ਨਾਲ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਿਹਾ ਹੈ। ਕੇਂਦਰ ਸਰਕਾਰ ਨੂੰ ਪਾਰਟੀ ਪੱਧਰ ਵਾਲੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਪੰਜਾਬ ਦੀ ਖੇਤੀਬਾੜੀ ਨੂੰ ਪੈਰਾਂ ਸਿਰ ਕਰਨ ਲਈ ਵੱਡੀਆਂ ਗਰਾਂਟਾਂ ਨਾਲ ਇਸ ਖੇਤਰ ਨੂੰ ਸਰਸ਼ਾਰ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਝੋਨੇ ਦੇ ਉਤਪਾਦਨ ਤੋਂ ਟਾਲ਼ਾ ਵੱਟ ਕੇ ਦੂਜੀਆਂ ਫਸਲਾਂ ਜਿਹਾ ਕਿ ਦਾਲਾਂ, ਤੇਲ ਬੀਜ, ਮੱਕੀ, ਬਾਜਰੇ ਵੱਲ ਨੂੰ ਮੁਹਾਰਾਂ ਮੋੜੇ। ਗੰਨੇ ਦਾ ਵੱਧ ਉਤਪਾਦਨ ਕਰਕੇ ਇਸ ਤੋਂ ਗੁੜ, ਸ਼ੱਕਰ ਅਤੇ ਰਸ ਦੀਆਂ ਵੰਨਗੀਆਂ ਵਿਕਸਤ ਕਰਕੇ, ਵਿਸ਼ਵ ਦੇ ਦੂਜੇ ਹਿੱਸਿਆਂ ਵਿੱਚ ਸਪਲਾਈ ਕਰਕੇ ਲਾਭ ਕਮਾਇਆ ਜਾ ਸਕਦਾ ਹੈ। ਪਰ ਇਸ ਸਭ ਕਾਸੇ ਦੇ ਮੰਡੀਕਰਣ ਲਈ ਸਰਕਾਰ ਦਾ ਰਵੱਈਆ ਮਦਦਗਾਰ ਅਤੇ ਰਾਹ ਦਸੇਰਾ ਹੋਵੇ ਤਾਂ ਹੀ ਮਿਹਨਤ ਨੂੰ ਫਲ ਲੱਗ ਸਕਦਾ ਹੈ। ਕਿਸਾਨ ਨੂੰ ਵੀ ਚਾਹੀਦਾ ਹੈ ਕਿ ਉਹ ਲਕੀਰ ਦਾ ਫਕੀਰ ਬਣਨ ਦੀ ਥਾਂ ਉੱਦਮਸ਼ੀਲ ਬਣੇ। ਪੰਜਾਬ ਸਰਕਾਰ ਨੇ ਇਸ ਵਾਰ ਝੋਨਾ ਕੱਦੂ ਰਾਹੀਂ ਲਗਾਉਣ ਦੀ ਥਾਂ ਸਿੱਧੇ ਤਰੀਕੇ ਨਾਲ ਬੀਜਣ ਲਈ ਪ੍ਰਤੀ ਏਕੜ 1500 ਰੁਪਏ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਹੈ। ਪ੍ਰਗਤੀਸ਼ੀਲ ਕਿਸਾਨਾਂ ਦੁਆਰਾ ਸਿੱਧੀ ਬਿਜਾਈ ਕਰਕੇ ਪਾਣੀ ਦੀ 80% ਬੱਚਤ ਕੀਤੀ ਹੈ ਅਤੇ ਝਾੜ ਵੀ ਉੰਨਾ ਹੀ ਪ੍ਰਾਪਤ ਕੀਤਾ ਹੈ। ਇਸ ਵਿਧੀ ਰਾਹੀਂ ਝੋਨੇ ਦੀ ਸਹੀ ਪੈਦਾਵਾਰ ਲੈਣ ਲਈ ਕਈ ਕਿਸਾਨਾਂ ਨੇ ਸ਼ੁੱਧ ਨਦੀਨ ਨਾਸ਼ਕ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਵੀ ਕਿਹਾ ਹੈ।
ਪੰਜਾਬ ਦੀ ਧਰਤੀ ਨੇ ਬਹੁਤ ਜ਼ਿਆਦਾ ਪੈਦਾਵਾਰ ਕੀਤੀ ਹੈ। ਧਰਤੀ ਦੀ ਉਪਜਾਊ ਸ਼ਕਤੀ ਕਾਇਮ ਰੱਖਣ ਲਈ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਬਦਲਾਵ ਦੀ ਵੀ ਜ਼ਰੂਰਤ ਹੈ। ਵਕਤੀ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਵੀ ਕਾਫੀ ਮਦਦਗਾਰ ਹੋ ਸਕਦੀ ਹੈ। ਫਿਰ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਪ੍ਰਹੇਜ਼ ਵਾਲੀਆਂ ਤੇ ਮੁਨਾਸਬ ਝਾੜ ਵਾਲੀਆਂ ਫਸਲਾਂ ਵਿਕਸਤ ਕਰਨ ਦੀ ਵੀ ਲੋੜ ਹੈ। ਅਜਿਹਾ ਹੋਣ ਨਾਲ ਵਧ ਰਹੀਆਂ ਬੀਮਾਰੀਆਂ ਅਤੇ ਮਿਲਾਵਟ ਦੇ ਬੋਲਬਾਲੇ ਤੋਂ ਵੀ ਰਾਹਤ ਮਿਲ ਸਕਦੀ ਹੈ। ਪ੍ਰਦੂਸ਼ਣ ਤੋਂ ਬਚਣਾ ਅਤੇ ਬੀਮਾਰੀਆਂ ਤੋਂ ਬਚਣ ਲਈ ਸਿਹਤ ਵਰਧਕ ਖੁਰਾਕ ਹੁਣ ਸਮੇਂ ਦੀ ਮੁੱਖ ਲੋੜ ਹੈ। ਪਿਛਲੇ ਅਰਸੇ ਦੌਰਾਨ ਕਰੋਨਾ ਕਾਲ ਨੇ ਮਨੁੱਖਤਾ ਨੂੰ ਮਨੁੱਖੀ ਜ਼ਿੰਦਗੀ ਦੀ ਅਸਲ ਕੀਮਤ ਸਮਝਾਈ ਹੈ। ਇਸ ਲਈ ਵਧੇਰੇ ਉਤਪਾਦਨ ਜਾਂ ਝਾੜ ਬਦਲੇ ਸਿਹਤ ਨਾਲ ਸਮਝੌਤਾ ਕਰਨਾ ਵੀ ਸਿਆਣਪ ਨਹੀਂ ਤੇ ਧਰਤੀ ਹੇਠਲੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਿਫੂਜ਼ ਰੱਖਣਾ ਵੀ ਬੜਾ ਜ਼ਰੂਰੀ ਹੈ।
ਪਾਣੀ ਜ਼ਿੰਦਗੀ ਦਾ ਮਹੱਤਵਪੂਰਨ ਸੋਮਾ ਤੇ ਸਿੰਚਾਈ ਦਾ ਮੁੱਖ ਸਾਧਨ ਹੋਣ ਦੇ ਨਾਤੇ ਇਸਦੀ ਸੁਚੱਜੀ ਵਰਤੋਂ ਤੇ ਸੰਭਾਲ ਬਹੁਤ ਜ਼ਰੂਰੀ ਹੈ। ਅਕਸਰ ਸਰਕਾਰੀ ਸੰਸਥਾਵਾਂ ਵਿੱਚ ਇਸਦੀ ਦੁਰਵਰਤੋਂ ਹੁੰਦੀ ਹੈ, ਜੋ ਰੋਕਣੀ ਨਿਹਾਇਤ ਜ਼ਰੂਰੀ ਹੈ। ਨਾਲ ਹੀ ਇੱਕ ਦੂਜੇ ਰਾਜਾਂ ਨਾਲ ਝਗੜੇ ਪੈਦਾ ਕਰਨ ਦੀ ਥਾਂ ਆਉਣ ਵਾਲੀ ਵਰਖਾ ਰੁੱਤ ਤੋਂ ਪਹਿਲਾਂ ਮੀਂਹ ਦਾ ਵਾਧੂ ਪਾਣੀ ਸਾਂਭਣ ਦੀਆਂ ਵਿਓਂਤਾਂ ਬਣਾਈਆਂ ਜਾਣ ਜਿਸ ਨਾਲ ਹੜ੍ਹਾਂ ਦੀ ਰੋਕਥਾਮ ਵੀ ਹੋਵੇ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਉੱਠੇ। ਗੰਦੇ ਨਾਲਿਆਂ ਦਾ ਪਾਣੀ ਸੋਧ ਕੇ ਸਿੰਚਾਈ ਲਈ ਵਰਤਿਆ ਜਾਵੇ ਅਤੇ ਉਦਯੋਗਾਂ ਦਾ ਤੇਜ਼ਾਬੀ ਮਲਮੂਤਰ ਧਰਤੀ ਵਿੱਚ ਘਸੋਰਨ ਦੀ ਥਾਂ ਉਸਦਾ ਕੋਈ ਸਥਾਈ ਹੱਲ ਕੱਢਿਆ ਜਾਵੇ। ਪ੍ਰਦੂਸ਼ਣ ਤੋਂ ਬਚਣਾ ਅਤੇ ਪਾਣੀ ਬਚਾਉਣਾ ਨਿਹਾਇਤ ਜ਼ਰੂਰੀ ਹੈ, ਨਹੀਂ ਤਾਂ ਕਹਾਣੀ ਖਤਮ ਹੋ ਜਾਵੇਗੀ। ਕਿਸਾਨ ਇਸ ਸਮੇਂ ਝੋਨੇ ਦੀ ਫਸਲ ਸਹਿਜੇ ਛੱਡਣਾ ਨਹੀਂ ਚਾਹੁੰਦਾ। ਉਸ ਨੂੰ ਬਦਲਵੇਂ ਪ੍ਰਬੰਧ ਦੀ ਲੋੜ ਹੈ ਜੋ ਕੇਵਲ ਸਰਕਾਰ ਹੀ ਮੁਹਈਆ ਕਰਵਾ ਸਕਦੀ ਹੈ। ਪਰ ਜਦੋਂ ਮਾਹਰ ਇਹ ਕੌੜਾ ਸੱਚ ਦੱਸਦੇ ਹਨ ਕਿ ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 3500 ਤੋਂ 4000 ਲਿਟਰ ਤਕ ਪਾਣੀ ਦੀ ਖਪਤ ਹੋ ਜਾਂਦੀ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਪੰਜਾਬ ਲਈ ਝੋਨੇ ਤੋਂ ਕਿਨਾਰਾ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਅਜੇ ਵੀ ਨਾ ਸਮਝੇ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਫਿਰ ਪੰਜ ਆਬਾਂ ਦੇ ਅਧਾਰ ’ਤੇ ਬਣੇ ਪੰਜਾਬ ਦੇ ਨਾਮ ਦਾ ਕੀ ਬਣੇਗਾ? ਖੁਸ਼ਹਾਲ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਰੇਗਿਸਤਾਨ ਬਣਨ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨ ਦੀ ਸਖਤ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3562)
(ਸਰੋਕਾਰ ਨਾਲ ਸੰਪਰਕ ਲਈ: