“ ... ਇਸੇ ਗਿਣਤੀ ਨੇ ਲੋਕਤੰਤਰ ਨੂੰ ਭੀੜਤੰਤਰ ਬਣਾ ਕੇ ਰੱਖ ਦਿੱਤਾ ਹੈ। ਭਾਵੇਂ ਸਾਡੇ ਦੇਸ਼ ਦੇ ...”
(19 ਜੁਲਾਈ 2019)
ਪ੍ਰਾਚੀਨ ਸਭਿਅਤਾ ਵਾਲਾ ਸਾਡਾ ਦੇਸ਼ ਭਾਰਤ ਬੜਾ ਮਹਾਨ ਦੇਸ਼ ਹੈ। ਕਦੇ ਇਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਕਦੇ ਰਿਸ਼ੀਆਂ ਮੁਨੀਆਂ ਦਾ ਦੇਸ਼। ਉਂਜ ਸਾਡੇ ਦੇਸ਼ ਨੂੰ ਵਹਿਮਾਂ ਭਰਮਾਂ ਨਾਲ ਲੈਸ ਵੀ ਕਿਹਾ ਜਾਂਦਾ ਹੈ ਜਿੱਥੇ ਗੁਰੂਆਂ ਪੀਰਾਂ ਦੇ ਉਪਦੇਸ਼ਾਂ ਦੇ ਹੁੰਦੇ ਹੋਏ ਵੀ ਅੰਧਵਿਸ਼ਵਾਸ ਚਰਮਸੀਮਾ ਉੱਤੇ ਰਿਹਾ ਹੈ। ਪੂਜਾ-ਪਾਠ ਤੇ ਕੁਦਰਤੀ ਕ੍ਰਿਪਾ ਤੇ ਕਰੋਪੀ ਤੇ ਓਟ ਆਸਰਾ ਸਾਡੇ ਦੇਸ਼ ਵਿੱਚ ਜੋਤਿਸ਼ੀਆਂ ਅਤੇ ਪੁੱਛਾਂ ਦੇਣ ਵਾਲਿਆਂ ਦੀ ਚਾਂਦੀ ਬਣਾਉਣ ਵਿੱਚ ਵੀ ਹਮੇਸ਼ਾ ਕਾਇਮ ਰਿਹਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸੋਮਨਾਥ ਦੇ ਮੰਦਰ ਦੀ ਕਈ ਵਾਰ ਗੌਰੀਆਂ ਤੇ ਅਬਦਾਲੀਆਂ ਨੇ ਪੁਜਾਰੀਆਂ ਦੀ ਲੰਬੀ ਡਾਰ ਨੂੰ ਮਹਿਜ਼ ਇੱਕ ਪਿੱਪਲ ਦੇ ਪੱਤੇ ਨਾਲ ਬੰਨ੍ਹ ਕੇ ਹੀ ਲੁੱਟ ਕਰ ਲਈ ਸੀ ਤੇ ਉਹਨਾਂ ਨੇ ਪੱਤਾ ਤੋੜਨ ਦੀ ਬਜਾਏ ਲੁੱਟ ਕਬੂਲ ਕਰ ਲਈ ਸੀ। ਇੱਥੇ ਸ਼ਾਹ ਜਹਾਨ ਵਰਗੇ ਅਜਿਹੇ ਹਾਕਮ ਵੀ ਹੋਏ ਜਿੰਨਾ ਨੇ ਆਪਣੀ ਪ੍ਰੇਮਿਕਾ ਦੇ ਨਾਮ ’ਤੇ ਤਾਜ ਮਹੱਲ ਵਰਗਾ ਵਿਸ਼ਵ ਦਾ ਮਹਾਨ ਅਜੂਬਾ ਵੀ ਬਣਾ ਦਿੱਤਾ ਪਰ ਉਸਦੇ ਆਪਣੇ ਹੀ ਬੇਟੇ ਔਰੰਗਜ਼ੇਬ ਨੇ ਉਸ ਨੂੰ ਜੇਲ ਵਿੱਚ ਸੁੱਟ ਕੇ ਘਾਹ ਖਾਣ ਨੂੰ ਮਜਬੂਰ ਕਰ ਦਿੱਤਾ।
ਅਜ਼ਾਦੀ ਮਿਲੀ ਤਾਂ ਅਸਾਂ ਲੋਕਤੰਤਰ ਅਪਣਾ ਲਿਆ ਜਿਸਨੇ ਸਾਨੂੰ ਮੱਲੋਜੋਰੀ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਰੁਤਬਾ ਦਿਵਾ ਦਿੱਤਾ ਪਰ ਅਸੀਂ ਉਹਨਾਂ ਮਹਾਨ ਕਦਰਾਂ ਕੀਮਤਾਂ ਦੀ ਕੋਈ ਕਦਰ ਨਾ ਕੀਤੀ ਤੇ ਆਪਣੇ ਸਵਾਰਥੀ ਸੌੜੇ ਹਿਤਾਂ ਲਈ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜਕਲ ਅਸੀਂ ਅਪਰਾਧੀ ਪਿਛੋਕੜ ਵਾਲੇ, ਸਾਧੂ ਸੰਤ, ਗਾਇਕ ਅਤੇ ਉਹ ਐਕਟਰ ਆਪਣੀ ਲੋਕ ਸਭਾ ਵਿੱਚ ਭੇਜਣ ਲੱਗ ਪਏ ਹਾਂ ਜਿਨ੍ਹਾਂ ਦਾ ਰਾਜਨੀਤੀ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਪਰ ਸਾਨੂੰ ਤਾਂ ਗਿਣਤੀ ਚਾਹੀਦੀ ਹੁੰਦੀ ਹੈ ਤੇ ਇਸੇ ਗਿਣਤੀ ਨੇ ਲੋਕਤੰਤਰ ਨੂੰ ਭੀੜਤੰਤਰ ਬਣਾ ਕੇ ਰੱਖ ਦਿੱਤਾ ਹੈ। ਭਾਵੇਂ ਸਾਡੇ ਦੇਸ਼ ਦੇ ਲੋਕ ਅਨਪੜ੍ਹ ਰਹਿਣ, ਬੇਰੁਜ਼ਗਾਰ ਰਹਿਣ, ਡਾਕਟਰੀ ਸਹੂਲਤਾਂ ਨੂੰ ਤਰਸਣ, ਭੁੱਖੇ ਢਿੱਡ ਸੌਣ ਜਾਂ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਣ, ਅਸਾਂ ਤਾਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। ਦੁਨੀਆਂ ਦੇ ਲੋਕ ਸਾਇੰਸ ਦੀ ਬਦੌਲਤ ਅੱਗੇ ਵਧ ਰਹੇ ਹਨ ਪਰ ਅਸਾਂ ਮੰਦਰ ਮਸਜਿਦ ਦੀ ਰਾਜਨੀਤੀ ਨਹੀਂ ਛੱਡਣੀ। ਮੂਰਤੀ ਪੂਜਾ ਅਤੇ ਧਰਮ ਸਾਡੇ ਲਈ ਅਹਿਮ ਹਨ, ਮਨੁੱਖ ਦਾ ਕੀ ਹੈ, ਉਹ ਤਾਂ ਜੰਮਦਾ ਮਰਦਾ ਹੀ ਰਹਿੰਦਾ ਹੈ। ਸਾਡੇ ਦੇਸ਼ ਦੇ ਖਜ਼ਾਨੇ ਵਿੱਚ ਕੁਝ ਬਚੇ ਜਾਂ ਨਾ ਪਰ ਮੰਦਰ ਧਨ ਦੌਲਤ ਅਤੇ ਸੋਨੇ ਨਾਲ ਸਰਸ਼ਾਰ ਹੋਣੇ ਚਾਹੀਦੇ ਹਨ।
ਮੋਹ ਮਾਇਆ ਅਤੇ ਮਮਤਾ ਇਨਸਾਨ ਲਈ ਚੰਗੀ ਨਹੀਂ ਹੁੰਦੀ - ਇਹ ਸਭ ਧਾਰਮਿਕ ਨੇਤਾ ਕਹਿੰਦੇ ਹਨ ਪਰ ਧਾਰਮਿਕ ਅਸਥਾਨਾਂ ਉੱਤੇ ਧਨ ਦੌਲਤ ਅਤੇ ਸੋਨੇ ਦੇ ਅੰਬਾਰ ਇਕੱਠੇ ਕਰਨਾ ਵੀ ਤਾਂ ਕੋਈ ਮਨੁੱਖੀ ਉਪਲਬਧੀ ਨਹੀਂ ਹੈ। ਸਾਡੇ ਦੇਸ਼ ਵਿੱਚ ਅਜਿਹੇ ਧਾਰਮਿਕ ਅਸਥਾਨਾਂ ਦਾ ਬੋਲਬਾਲਾ ਹੈ. ਜਿੱਥੇ ਸੋਨੇ ਦੇ ਅਣਗਿਣਤ ਭੰਡਾਰ ਸਾਡੀ ਹਊਮੈ ਦੀ ਤਸੱਲੀ ਲਈ ਅਨਉਤਪਾਦਿਕ ਅਵਸਥਾ ਵਿੱਚ ਪਏ ਹੋਏ ਹਨ। 24 ਮਾਰਚ 2016 ਨੂੰ ਵਿਸ਼ਵ ਗੋਲਡਨ ਸੰਸਥਾ ਨੇ ਅੰਦਾਜ਼ਾ ਲਗਾਇਆ ਸੀ ਕਿ ਭਾਰਤ ਦੇ ਮੰਦਰਾਂ ਵਿੱਚ 22000 ਟਨ ਤੋਂ ਵੀ ਵੱਧ ਸੋਨੇ ਦੇ ਭੰਡਾਰ ਹਨ। ਇਹ ਸਾਡੀ ਫੋਕੀ ਆਸਥਾ ਅਤੇ ਸ਼ੌਹਰਤ ਦੀ ਤਸੱਲੀ ਹੀ ਹੈ ਵਰਨਾ ਜੇ ਇਹੀ ਸੋਨਾ ਸਾਡੇ ਦੇਸ਼ ਦੇ ਖਜ਼ਾਨੇ ਵਿੱਚ ਹੁੰਦਾ ਤਾਂ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ। ਡਾਲਰ ਦੇ ਮੁਕਾਬਲੇ ਰੁਪਏ ਦੀ ਕਦਰ ਵਧਦੀ। ਦੇਸ਼ ਵਿੱਚੋਂ ਗਰੀਬੀ ਅਤੇ ਬੇਰੁਜ਼ਗਾਰੀ ਖਤਮ ਹੁੰਦੀ। ਜਿਹੜੀ ਨੌਜਵਾਨੀ ਅੱਜ ਵਿਦੇਸ਼ਾਂ ਵਿੱਚ ਧੱਕੇ ਖਾਣ ਨੂੰ ਮਜਬੂਰ ਹੈ, ਉਸ ਨੂੰ ਇੱਥੇ ਹੀ ਰੁਜ਼ਗਾਰ ਮਿਲਦਾ ਤੇ ਭਾਰਤ ਦਾ ਸੋਨੇ ਦੀ ਚਿੜੀ ਵਾਲਾ ਅਕਸ ਮੁੜ ਬਹਾਲ ਹੋ ਜਾਂਦਾ।
ਸੋਨੇ ਦੇ ਭੰਡਾਰਾਂ ਵਾਲੇ ਉਂਜ ਤਾਂ ਇੱਥੇ ਬਹੁਤ ਹੀ ਮੰਦਰ ਹਨ ਪਰ 13 ਮੰਦਰ ਬਹੁਤ ਵੱਡੇ ਹਨ। ਕੁਝ ਮੰਦਰਾਂ ਦਾ ਜ਼ਿਕਰ ਕਰਨਾ ਵਾਜਬ ਲੱਗਦਾ ਹੈ। ਪ੍ਰਮੱਖ ਮੰਦਰ ਕੈਰਲਾ ਦਾ ਪਦਮਾਨਾਭਾਸਵਾਮੀ ਮੰਦਰ ਹੈ। ਇਸ ਮੰਦਰ ਵਿੱਚ 100000 ਲੱਖ ਕਰੋੜ ਤੋਂ ਵੀ ਵੱਧ ਸੋਨਾ ਤੇ ਸੋਨੇ ਦੇ ਗਹਿਣਿਆਂ ਦਾ ਭੰਡਾਰ ਦੱਸਿਆ ਜਾਂਦਾ ਹੈ। ਉੱਥੇ 80 ਫੁੱਟ ਉੱਚਾ ਸਾਗਵਾਨ ਦੀ ਲੱਕੜੀ ਦਾ ਥੰਮ੍ਹ ਪੂਰਾ ਸੋਨੇ ਨਾਲ ਢਕਿਆ ਹੋਇਆ ਹੈ ਤੇ 35 ਮੀਟਰ ਉੱਚੇ 7 ਗੁੰਬਦ ਵੀ ਸੋਨੇ ਨਾਲ ਜੜੇ ਹੋਏ ਹਨ। ਉਸ ਮੰਦਰ ਦੇ ਤਹਿਖਾਨੇ ਖੋਹਲਣ ਦੀ ਸ਼ੁਰੂਆਤ ਸੁਪਰੀਮਕੋਰਟ ਦੇ ਅਦੇਸ਼ਾਂ ਨਾਲ ਸ਼ੁਰੂ ਹੋਈ ਸੀ ਜੋ ਬਾਦ ਵਿੱਚ ਰੁਕ ਗਈ। ਏਸੇ ਤਰ੍ਹਾਂ ਤਾਮਿਲ ਨਾਡੂ ਦਾ ਵੈਲੋਰ ਮੰਦਰ ਜਿਹੜਾ 100 ਏਕੜ ਭੂਮੀ ਵਿੱਚ ਫੈਲਿਆ ਹੋਇਆ ਹੈ, ਉੱਥੇ 1500 ਕਿਲੋਗਰਾਮ ਸੋਨਾ ਲੱਗਿਆ ਹੋਇਆ ਦੱਸਿਆ ਜਾਂਦਾ ਹੈ। ਆਂਧਰਾ ਪ੍ਰਦੇਸ਼ ਦਾ ਤ੍ਰਿਪੁਤੀ ਬਾਲਾ ਜੀ ਮੰਦਰ ਤਾਂ ਵਿਸ਼ਵ ਪ੍ਰਸਿੱਧ ਹੈ ਜਿਸਦੀ ਆਮਦਨ 900-1000 ਕਰੋੜ ਦੇ ਇਰਦ ਗਿਰਦ ਦੱਸੀ ਜਾਂਦੀ ਹੈ ਅਤੇ ਉੱਥੇ 14000 ਦੇ ਕਰੀਬ ਮੁਲਾਜ਼ਮ ਸੇਵਾ ਕਰਦੇ ਹਨ।
ਨਾਸਿਕ ਸਥਿਤ ਸਿਰੜੀ ਸ਼ਾਈਂ ਬਾਬਾ ਦਾ ਮੰਦਰ ਵੀ ਇਸ ਸਬੰਧ ਵਿੱਚ ਕਾਫੀ ਚਰਚਾ ਵਿੱਚ ਰਿਹਾ ਹੈ। ਕੈਰਲਾ ਦਾ ਮੀਨਾਕਸ਼ੀ ਮੰਦਰ ਮਦੁਰਾਇ ਸਾਬਰੀਮਾਲਾ ਮੰਦਰ ਬੜਾ ਚਰਚਾ ਵਿੱਚ ਰਿਹਾ ਹੈ ਜਿੱਥੇ ਪਹਿਲਾਂ ਔਰਤਾਂ ਨੂੰ ਜਾਣ ਦੀ ਹੀ ਮਨਾਹੀ ਸੀ। ਏਸੇ ਤਰ੍ਹਾਂ ਗੁਜਰਾਤ ਸਥਿਤ ਜਗਨਨਾਥ ਪੁਰੀ ਮੰਦਰ ਜੋ 25711 ਏਕੜ ਭੂਮੀ ਵਿੱਚ ਫੈਲਿਆ ਦੱਸਿਆ ਜਾਂਦਾ ਹੈ ਤੇ 52 ਟਨ ਸੋਨੇ ਨਾਲ ਲਬਰੇਜ਼ ਦੱਸਿਆ ਜਾਂਦਾ ਹੈ ਕਾਫੀ ਮਹੱਤਵਪੂਰਨ ਹੈ। ਪੰਜਾਬ ਦਾ ਦਿਲ ਕਹਾਉਣ ਵਾਲਾ ਅਮ੍ਰਿਤਸਰ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਮਹਾਨ ਤੀਰਥ ਅਸਥਾਨ ਹੈ। ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣੇ ਸ਼ਾਸਨ ਕਾਲ ਦੌਰਾਨ ਇੱਥੇ ਸੋਨੇ ਦੀ ਸੇਵਾ ਕਰਵਾਈ ਸੀ ਜਿਸ ਕਾਰਨ ਇਸ ਸਥਾਨ ਦਾ ਨਾਮ ਹੀ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਮਸ਼ਹੂਰ ਹੋ ਗਿਆ ਸੀ। ਉਂਜ ਇਸ ਸਥਾਨ ਉੱਤੇ ਸੋਨੇ ਦੇ ਕੋਈ ਭੰਡਾਰ ਕਦੇ ਸੁਣਨ ਵਿੱਚ ਨਹੀਂ ਆਏ।
ਦੱਖਣ ਭਾਰਤ ਵਿੱਚ ਸਥਿਤ ਮੰਦਰਾਂ ਕੋਲ ਪਏ ਸੋਨੇ ਦੇ ਭੰਡਾਰ ਮਲਕੀਅਤ ਭਾਵੇਂ ਸਬੰਧਿਤ ਮੰਦਰਾਂ ਦੀ ਹੀ ਹਨ, ਜੇ ਉਹ ਸੋਨੇ ਦੇ ਭੰਡਾਰ ਦੇਸ਼ ਦੇ ਖਜ਼ਾਨੇ ਵਿੱਚ ਦੇਸ਼ ਦੇ ਸਰਮਾਏ ਵਜੋਂ ਦਰਸਾ ਕੇ ਅਰਥ ਵਿਵਸਥਾ ਨੂੰ ਹੁਲਾਰਾ ਮਿਲ ਸਕਦਾ ਹੋਵੇ ਤਾਂ ਭਾਰਤ ਦੇ ਸੋਨੇ ਦੀ ਚਿੜੀ ਵਾਲੇ ਖੁਸੇ ਮਾਣ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਤੇ ਦੇਸ਼ ਦੀ ਕਾਇਆ ਕਲਪ ਵੀ ਹੋ ਸਕਦੀ ਹੈ। ਉਂਜ ਵੀ ਤਾਂ ਗੁਰੂ ਪੀਰ ਜਾਂ ਰੱਬ ਖੁਦਾ ਕੁਝ ਵੀ ਹੋਵੇ ਕਦੇ ਰੁਪਏ ਪੈਸੇ ਜਾਂ ਸੋਨੇ ਨਾਲ ਨਹੀਂ ਰੀਝਦਾ ਇਹ ਤਾਂ ਕੇਵਲ ਸਾਡੀ ਸੌੜੀ ਸੋਚ ਅਤੇ ਮਾਨਸਿਕ ਤਸੱਲੀ ਹੀ ਹੁੰਦੀ ਹੈ। ਨਹੀਂ ਤਾਂ ਫਿਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਦਾ ਮੁਹਾਵਰਾ ਤਾਂ ਹੈ ਹੀ ਸਭ ਨੂੰ ਸਕੂਨ ਦੇਣ ਲਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1670)
(ਸਰੋਕਾਰ ਨਾਲ ਸੰਪਰਕ ਲਈ: