“ਪਟਾਕੇ ਅਤੇ ਆਤਿਸ਼ਬਾਜ਼ੀ ਨਾਲ ਧਨ ਦਾ ਉਜਾੜਾ ਕਰਨਾ ਅਤੇ ਖਤਰਾ ਸਹੇੜਨਾ ਕਿੱਧਰ ਦੀ ਸਿਆਣਪ ਹੈ? ...”
(4 ਨਵੰਬਰ 2021)
ਬੁਰਾਈ ਉੱਪਰ ਨੇਕੀ ਦੀ ਜਿੱਤ ਦੇ ਤਿਉਹਾਰ ਵਜੋਂ ਭਾਰਤ ਭਰ ਵਿੱਚ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਤੋਂ 20 ਦਿਨ ਬਾਦ ਰੋਸ਼ਨੀਆਂ ਦਾ ਤਿਉਹਾਰ, ਦੀਵਿਆਂ ਵਾਲੀ ਰਾਤ ਭਾਵ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਦੇ ਮੱਸਿਆ ਵਾਲੀ ਰਾਤ ਅਤੇ ਕਦੇ ਅਗਲੀ ਰਾਤ ਦੀਵਾਲੀ ਵਾਲੀ ਰਾਤ ਆਉਂਦੀ ਹੈ। ਘੁੱਪ ਹਨੇਰੀ ਇਹ ਰਾਤ ਦੀਵਿਆਂ ਦੀ ਰੋਸ਼ਨੀ ਨਾਲ ਦਿਨ ਵਰਗਾ ਪ੍ਰਭਾਵ ਦਿੰਦੀ ਪ੍ਰਤੀਤ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ ਚੰਦਰ ਆਪਣਾ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਹੁੰਚੇ ਸਨ। ਭਗਵਾਨ ਰਾਮ ਨੂੰ ਬਨਵਾਸ ਉਹਨਾਂ ਦੀ ਸੌਤੇਲੀ ਮਾਤਾ ਕੈਕਈ ਦੇ ਆਪਣੇ ਵਰਾਂ ਦੀ ਪ੍ਰਾਪਤੀ ਬਦਲੇ, ਉਹਨਾਂ ਦੇ ਪਿਤਾ ਦਸ਼ਰਥ ਦੁਆਰਾ ਦਿੱਤਾ ਗਿਆ ਸੀ। ਪਰ ਪੁੱਤਰ ਮੋਹ ਦੇ ਡਾਢੇ ਵਿਯੋਗ ਕਾਰਨ ਉਹ ਜਿੰਦਾ ਨਹੀਂ ਸਨ ਰਹਿ ਸਕੇ। ਇੰਜ ਭਗਵਾਨ ਰਾਮ ਦਾ ਬਨਵਾਸ ਬੜਾ ਦਰਦਮਈ ਸੀ। ਬਹੁਤੇ ਲੋਕਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਸੀ। ਇਸ ਲਈ ਜਦੋਂ ਲੰਬੇ ਅਰਸੇ ਬਾਦ ਉਹ ਬਨਵਾਸ ਤੋਂ ਵਾਪਸ ਆਏ ਤਾਂ ਲੋਕਾਂ ਨੇ ਖੁਸ਼ੀ ਦੇ ਆਲਮ ਵਿੱਚ ਘਿਉ ਦੇ ਦੀਵੇ ਬਾਲ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਮਨਾਈ।
ਜੇ ਸਮੇਂ ਦੀ ਗੱਲ ਦੀ ਕਰੀਏ ਤਾਂ ਇਹ ਤਿਉਹਾਰ ਤਰੇਤਾ ਯੁਗ ਦੀ ਘਟਨਾ ਹੈ ਜਿਸ ਤੋਂ ਬਾਦ ਦੁਆਪਰ ਯੁਗ ਬੀਤਣ ਬਾਦ ਮੌਜੂਦਾ ਕਲਯੁੱਗ ਦੇ ਦੌਰ ਦੌਰਾਨ ਵੀ ਜਿਉਂ ਦਾ ਤਿਉਂ ਪ੍ਰਚੱਲਤ ਹੈ। ਕਿਉਂਕਿ ਉਸ ਸਮੇਂ ਅਬਾਦੀ ਇੰਨੀ ਜ਼ਿਆਦਾ ਨਹੀਂ ਸੀ ਅਤੇ ਵਿਗਿਆਨਕ ਤਰੱਕੀ ਵੀ ਮੌਜੂਦਾ ਦੌਰ ਵਾਲੀ ਨਹੀਂ ਸੀ, ਉਦੋਂ ਦੀਵਾਲੀ ਮਿੱਟੀ ਦੇ ਬਣੇ ਦੀਵਿਆਂ ਨਾਲ ਮਨਾਈ ਜਾਂਦੀ ਸੀ ਪਰ ਅੱਜ ਕੱਲ੍ਹ ਦੀਵੇ ਨਾ-ਮਾਤਰ ਹੀ ਵਰਤੇ ਜਾਂਦੇ ਹਨ। ਹੁਣ ਦੀਵਾਲੀ ਬਿਜਲਈ ਰੋਸ਼ਨੀਆਂ ਦੇ ਆਲੇ ਦੁਆਲੇ ਘੁੰਮਣ ਲੱਗ ਪਈ ਹੈ। ਹੁਣ ਤਾਂ ਸੁੱਖ ਨਾਲ ਸਾਡੇ ਭਾਰਤ ਦੀ ਅਬਾਦੀ ਵੀ ਵਧ ਕੇ 130 ਕਰੋੜ ਤੋਂ ਵੀ ਉੱਪਰ ਹੋ ਗਈ ਹੈ। ਕਈ ਕਿਸਮ ਦੀਆਂ ਮੁਸ਼ਕਲਾਂ ਅਤੇ ਪੇਚੀਦਗੀਆਂ ਪੈਦਾ ਹੋ ਗਈਆਂ ਹਨ। ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਗਿਆ ਹੈ। ਦੀਵਿਆਂ ਦੀ ਰੋਸ਼ਨੀ ਤੋਂ ਜ਼ਿਆਦਾ ਜ਼ੋਰ ਪਟਾਕਿਆਂ ਅਤੇ ਆਤਿਸ਼ਬਾਜ਼ੀ ਵੱਲ ਹੋ ਤੁਰਿਆ ਹੈ। ਇਸ ਨਾਲ ਬਹੁਤ ਸਾਰਾ ਧਨ ਵਿਅਰਥ ਰੂਪ ਵਿੱਚ ਸਾੜ-ਫੂਕ ਦੇ ਲੇਖੇ ਲੱਗ ਜਾਂਦਾ ਹੈ। ਕਈ ਗੰਭੀਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੈ।
ਸਰਕਾਰੀ ਅਤੇ ਸਮਾਜ ਸੇਵੀ ਸੰਗਠਨਾਂ ਦੁਆਰਾ ਲੋਕਾਂ ਨੂੰ ਕਾਫੀ ਜਾਗਰੂਕ ਕਰਨ ਅਤੇ ਪਿਛਲੇ ਦੋ ਸਾਲਾਂ ਤੋਂ ਕਰੋਨਾ ਦਾ ਸੰਤਾਪ ਹੰਢਾਉਣ ਬਾਦ ਹੁਣ ਪਟਾਕਿਆਂ ਅਤੇ ਆਤਿਸ਼ਬਾਜ਼ੀ ਵੱਲੋਂ ਲੋਕਾਂ ਦਾ ਰੁਝਾਨ ਕੁਝ ਘੱਟ ਹੋਇਆ ਪ੍ਰਤੀਤ ਹੁੰਦਾ ਹੈ। ਪਰ ਪਟਾਕੇ ਬਣਾਉਣ ਦੇ ਰੋਜ਼ਗਾਰ ਵਿੱਚ ਲੱਗੇ ਲੋਕ ਅਤੇ ਦੁਕਾਨਦਾਰ, ਜਿਨ੍ਹਾਂ ਨੇ ਸਾਲ ਭਰ ਦਾ ਖਰਚਾ ਦੀਵਾਲੀ ਦੇ ਤਿਉਹਾਰ ਸਿਰੋਂ ਹੀ ਕੱਢਣਾ ਹੁੰਦਾ ਹੈ, ਉਹ ਪਟਾਕਿਆਂ ਉੱਤੇ ਪਾਬੰਦੀ ਨਹੀਂ ਚਾਹੁੰਦੇ। ਅਸਲ ਵਿੱਚ ਕੋਈ ਵੀ ਕੰਮ ਤਦ ਤਕ ਸਿਰੇ ਨਹੀਂ ਚੜ੍ਹਦਾ ਜਦ ਤਕ ਲੋਕਾਂ ਦੀ ਇੱਛਾ ਸ਼ਕਤੀ ਨਾ ਹੋਵੇ? ਇੱਛਾ ਸ਼ਕਤੀ ਤਾਂ ਬਣਦੀ ਹੈ ਜੇ ਸਰਕਾਰੀ ਨੀਤੀਆਂ ਸਮੇਂ ਸਿਰ ਬਣਨ ਅਤੇ ਲਾਗੂ ਹੋਣ। ਸਰਕਾਰਾਂ ਤਾਂ ਵਿਹੜੇ ਆਈ ਜੰਞ ਤੇ ਵਿੰਨ੍ਹੋਂ ਕੁੜੀ ਦੇ ਕੰਨ ਵਾਲੀ ਨੀਤੀ ਦੇ ਅਧਾਰ ’ਤੇ ਚੱਲਦੀਆਂ ਹਨ। ਫਿਰ ਲੋਕਾਂ ਦੀ ਇੱਛਾ ਸ਼ਕਤੀ ਕਿਵੇਂ ਮਜ਼ਬੂਤ ਹੋਵੇ? ਪ੍ਰਦੂਸ਼ਣ ਤੋਂ ਰਾਹਤ ਅਤੇ ਬੀਮਾਰੀਆਂ ਤੋਂ ਬਚਣ ਲਈ ਸਰਕਾਰਾਂ ਨੂੰ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਪੈਂਦੀਆਂ ਹਨ। ਅੱਜਕੱਲ ਦਾ ਪ੍ਰਬੰਧ ਹੀ ਕੁਝ ਅਜਿਹਾ ਬਣ ਚੁੱਕਾ ਹੈ ਕਿ ਲੰਬੇ ਸਮੇਂ ਦੀ ਤਾਂ ਸਰਕਾਰਾਂ ਤੋਂ ਆਸ ਹੀ ਨਹੀਂ ਹੁੰਦੀ। ਨੀਤੀਆਂ ਨਾਲੋਂ ਕੁਰਸੀ ਦੀ ਚਿੰਤਾ ਜ਼ਿਆਦਾ ਪ੍ਰਭਾਵੀ ਬਣਦੀ ਜਾ ਰਹੀ ਹੈ। ਅਜਿਹੇ ਵਿੱਚ ਸਚਾਰੂ ਨੀਤੀਆਂ ਦੀ ਘਾਟ ਰੜਕਦੀ ਰਹਿੰਦੀ ਹੈ। ਕਰੋਨਾ ਵਰਗੀਆਂ ਭਿਆਨਕ ਬੀਮਾਰੀਆਂ ਨੇ ਮਨੁੱਖੀ ਜ਼ਿੰਦਗੀ ਲਈ ਬੜੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਲੰਬੇ ਚੱਲੇ ਲੌਕਡਾਊਨ ਨੇ ਸਮੁੱਚਾ ਅਰਥਚਾਰਾ ਹੀ ਹਿਲਾ ਕੇ ਰੱਖ ਦਿੱਤਾ ਹੈ।
ਸਿਹਤ ਅਤੇ ਤੰਦਰੁਸਤੀ ਮਨੁੱਖੀ ਸਰੀਰ ਲਈ ਜ਼ਰੂਰੀ ਨਿਆਮਤ ਹੈ। ਪਰਿਵਾਰ ਦਾ ਪੇਟ ਪਾਲਣ ਲਈ ਰੋਜ਼ਗਾਰ ਵੀ ਬਹੁਤ ਜ਼ਰੂਰੀ ਹੈ ਪਰ ਸਿਹਤ ਪਹਿਲੇ ਨੰਬਰ ’ਤੇ ਆਉਂਦੀ ਹੈ। ਕਿਉਂਕਿ ਵਿਸ਼ਵ ਪੱਧਰ ’ਤੇ ਪਨਪੀ ਆਲਮੀ ਤਪਸ਼ ਨੇ ਤਾਪਮਾਨ ਵਿੱਚ ਬਹੁਤ ਵਾਧਾ ਕੀਤਾ ਹੈ ਜਿਸ ਨਾਲ ਮਨੁੱਖੀ ਜ਼ਿੰਦਗੀ ਲਈ ਵੱਡਾ ਖਤਰਾ ਬਣ ਗਿਆ ਹੈ। ਸਦੀਆਂ ਤੋਂ ਧਰੁਵਾਂ ’ਤੇ ਜੰਮੇ ਬਰਫ ਦੇ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਗਏ ਹਨ। ਵਿਸ਼ਵ ਦੇ ਲੀਡਰ ਮੀਟਿੰਗਾਂ ਦੇ ਦੌਰ ਚਲਾ ਕਿ ਤਾਪਮਾਨ ਦੇ ਵਾਧੇ ਨੂੰ 1.5 ਡਿਗਰੀ ਸਲਾਨਾ ਤਕ ਸੀਮਤ ਰੱਖਣ ਲਈ ਭਰਪੂਰ ਕੋਸ਼ਿਸ਼ਾਂ ਕਰ ਰਹੇ ਹਨ। ਵਾਤਾਵਰਣ ਦਾ ਪ੍ਰਦੂਸ਼ਣ ਤੇ ਕਾਰਬਨ ਗੈਸਾਂ ਦਾ ਰਿਸਾਵ ਤਾਪਮਾਨ ਦੇ ਵਾਧੇ ਲਈ ਕਿਸੇ ਨਾ ਕਿਸੇ ਹੱਦ ਤਕ ਜ਼ਿੰਮੇਵਾਰ ਹੈ। ਇਸ ਲਈ ਪਟਾਕਿਆਂ ਅਤੇ ਆਤਿਸ਼ਬਾਜ਼ੀ ਉੱਪਰ ਪਾਬੰਦੀ ਲਾਉਣੀ ਵੀ ਜ਼ਰੂਰੀ ਹੈ। ਗਰੀਨ ਭਾਵ ਹਰੀ ਦੀਵਾਲੀ ਮਨਾਉਣ ਦੀ ਪ੍ਰੰਪਰਾ ਇਸੇ ਲਈ ਜ਼ਰੂਰੀ ਹੈ। ਖੁਸ਼ੀ ਮਨਾਉਣ ਲਈ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣਾ ਵੈਸੇ ਵੀ ਕੋਈ ਜ਼ਰੂਰੀ ਮਾਪਦੰਡ ਨਹੀਂ ਹੈ। ਨੱਚਣਾ-ਗਾਉਣਾ ਤੇ ਢੋਲ ਢਮੱਕੇ ਨਾਲ ਭੰਗੜਾ ਪਾਉਣਾ ਖੁਸ਼ੀ ਦਾ ਵਧੀਆ ਸਾਧਨ ਹੈ। ਉਂਜ ਵੀ ਇਹ ਭਾਰਤੀ ਅਤੇ ਪੰਜਾਬੀ ਕਲਚਰ ਦੀ ਰਵਾਇਤ ਵੀ ਰਿਹਾ ਹੈ।
ਪਟਾਕੇ ਅਤੇ ਆਤਿਸ਼ਬਾਜ਼ੀ ਨਾਲ ਧਨ ਦਾ ਉਜਾੜਾ ਕਰਨਾ ਅਤੇ ਖਤਰਾ ਸਹੇੜਨਾ ਕਿੱਧਰ ਦੀ ਸਿਆਣਪ ਹੈ? ਪਰ ਇਸ ਕੰਮ ਲਈ ਪਟਾਕਾ ਅਤੇ ਆਤਿਸ਼ਬਾਜ਼ੀ ਨਾਲ ਸਬੰਧਤ ਕਾਰੋਬਾਰ ਕਰਨ ਵਾਲਿਆਂ ਨੂੰ ਘੱਟ ਤੋਂ ਘੱਟ ਛੇ ਮਹੀਨੇ ਪਹਿਲਾਂ ਸੁਚੇਤ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਵਿੱਚ ਤਬਦੀਲੀ ਕਰ ਲੈਣ ਅਤੇ ਉਹਨਾਂ ਕੋਲ ਕੋਈ ਬਹਾਨਾ ਨਾ ਰਹੇ। ਸਵੱਬ ਨਾਲ ਹੀ ਸਿੱਖ ਇਤਿਹਾਸ ਵਿੱਚ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਸਮੇਤ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ ਰਿਹਾ ਹੋ ਕੇ ਅਮ੍ਰਿਤਸਰ ਪੁੱਜੇ ਸਨ। ਖੁਸ਼ੀ ਦਾ ਇੱਕ ਹੋਰ ਮੌਕਾ ਬੰਦੀ ਛੋੜ ਵਜੋਂ ਇਸ ਤਿਉਹਾਰ ਨਾਲ ਜੁੜ ਜਾਣ ਕਾਰਨ ਇਸਦੀ ਮਹੱਤਤਾ ਹੋਰ ਵਧ ਗਈ, ਦੀਵਿਆਂ ਦੀ ਰੋਸ਼ਨੀ ਅਤੇ ਆਤਿਸ਼ਬਾਜ਼ੀ ਦਾ ਜਲੌਅ ਸਿੱਖਰ ਤੇ ਪੁੱਜ ਗਿਆ। ਫਿਰ ਅਮ੍ਰਿਤਸਰ ਦੀ ਦੀਵਾਲੀ ਨਾਲ ਇੱਕ ਮੁਹਾਵਰਾ ਹੀ ਪ੍ਰਚੱਲਤ ਹੋ ਗਿਆ ਸੀ, “ਦੀਵਾਲੀ ਅਮ੍ਰਿਤਸਰ ਦੀ ਤੇ ਰੋਟੀ ਆਪਣੇ ਘਰ ਦੀ।”
ਸਮਾਂ ਬੜਾ ਤਾਕਤਵਰ ਹੁੰਦਾ ਹੈ। ਚੰਗੇ ਮੰਦੇ ਤੱਤ ਇਸਦਾ ਲਾਭ ਲੈਣ ਦੀ ਤਾਕ ਵਿੱਚ ਰਹਿੰਦੇ ਹਨ। ਖੁਸ਼ੀ ਦੇ ਇਜਹਾਰ ਵਜੋਂ ਸ਼ੁਰੂ ਹੋਈ ਰੋਸ਼ਨੀ ਤੇ ਆਤਿਸ਼ਬਾਜ਼ੀ ਦੀ ਪ੍ਰੰਪਰਾ ਤਿਉਹਾਰ ਬਣ ਗਈ। ਹੌਲੀ ਹੌਲੀ ਰਿਸ਼ਵਤ ਰੂਪੀ ਬੁਰਾਈ ਦਾ ਇਸ ਨਾਲ ਮੇਲ ਹੋ ਗਿਆ ਹਾਲਾਂਕਿ ਦੀਵਾਲੀ ਨਾਲ ਇਸਦਾ ਕੋਈ ਸਬੰਧ ਨਹੀਂ ਹੈ। ਮੂਲ ਰੂਪ ਵਿੱਚ ਤਾਂ ਇਹ ਰਾਵਣ ਰੂਪੀ ਬਦੀ ਅਤੇ ਬੁਰਾਈ ਦੇ ਖਾਤਮੇ ਨਾਲ ਸਬੰਧਤ ਸੀ। ਰਾਵਣ ਦੀ ਲੰਕਾ ਤੋਂ ਅਯੁੱਧਿਆ ਵਾਪਸੀ ਦੇ ਸਮੇਂ ’ਤੇ ਇਸਦਾ ਜਨਮ ਹੋਇਆ। ਪਰ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ’ਤੇ ਦਫਤਰਾਂ ਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਤੇ ਠੇਕੇਦਾਰਾਂ ਨੇ ਅਫਸਰਾਂ ਕੋਲੋਂ ਆਪਣੇ ਕੰਮ ਕਢਵਾਉਣ ਲਈ ਦੀਵਾਲੀ ਦੇ ਪਵਿੱਤਰ ਤਿਉਹਾਰ ਦਾ ਆਸਰਾ ਲੈਣਾ ਸ਼ੁਰੂ ਕਰ ਦਿੱਤਾ। ਤੋਹਫਿਆਂ ਦੇ ਆਦਾਨ ਪ੍ਰਦਾਨ ਹੋਣ ਲੱਗੇ। ਬਦਲੇ ਵਿੱਚ ਠੀਕ ਕੰਮਾਂ ਦੇ ਨਾਲ ਨਾਲ ਗਲਤ ਵੀ ਸਿਰੇ ਚੜ੍ਹਨ ਲੱਗ ਪਏ। ਇੱਕ ਬੁਰਾਈ ਦੁਸਹਿਰੇ ਨਾਲ ਖਤਮ ਕਰਨ ਦਾ ਸੁਪਨਾ ਸਿਰਜਿਆ ਗਿਆ ਸੀ ਪਰ ਇੱਕ ਹੋਰ ਸ਼ੁਰੂ ਹੋ ਗਈ। ਦੀਵਾਲੀ ਦੀ ਹਨੇਰੀ ਰਾਤ ਦੀ ਆੜ ਵਿੱਚ ਜੂਏ ਵਰਗੀ ਬਦਨਾਮ ਆਦਤ ਵੀ ਕਾਫੀ ਤੂਲ ਫੜ ਗਈ।
ਬਰੀਕੀ ਨਾਲ ਵੇਖੀਏ ਤਾਂ ਕੋਈ ਵੀ ਦਿਨ ਜਾਂ ਤਿਉਹਾਰ ਮਾੜਾ ਨਹੀਂ ਹੁੰਦਾ, ਉਸਦੀ ਵਰਤੋਂ ਕਿਵੇਂ ਹੁੰਦੀ ਹੈ, ਉਹ ਉਸ ਤਿਉਹਾਰ ਨੂੰ ਅਸਲੀ ਰੂਪ ਪ੍ਰਦਾਨ ਕਰਦੀ ਹੈ। ਪਰ ਅਸੀਂ ਤਿਉਹਾਰਾਂ ਨਾਲ ਪੱਕੇ ਲੇਬਲ ਜੋੜ ਦਿੰਦੇ ਹਾਂ। ਜਿਵੇਂ ਦੁਸਹਿਰੇ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਦਾ ਲੇਬਲ ਲੱਗ ਗਿਆ ਤੇ ਰਾਵਣ ਨੂੰ ਇੱਕ ਬਦਨਾਮ ਵਜੋਂ ਪੇਸ਼ ਕਰ ਦਿੱਤਾ। ਹਾਲਾਂਕਿ ਉਹ ਵੇਦਾਂ ਦਾ ਗਿਆਤਾ ਵੀ ਸੀ ਪਰ ਉਹ ਪੱਖ ਕਦੇ ਕਿਸੇ ਨੇ ਉਭਾਰਿਆ ਹੀ ਨਹੀਂ? ਇਸੇ ਤਰ੍ਹਾਂ ਦੀਵਾਲੀ ਨਾਲ ਜੂਏ ਅਤੇ ਤੋਹਫਿਆਂ ਦੇ ਰੂਪ ਵਿੱਚ ਰਿਸ਼ਵਤ ਨੂੰ ਨਰੜ ਦਿੱਤਾ ਗਿਆ ਹੈ। ਲੋੜ ਹੈ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਵਿੱਚ ਬਦਲਾਵ ਲਿਆਉਣ ਅਤੇ ਇੱਛਾ ਸ਼ਕਤੀ ਨੂੰ ਉਭਾਰਨ ਦੀ। ਧਾਰਮਿਕ ਜਾਂ ਸਮਾਜਿਕ, ਜੋ ਵੀ ਤਿਉਹਾਰ ਬਣੇ ਹਨ ਉਹ ਮਨੁੱਖ ਮਾਤਰ ਨੂੰ ਕੋਈ ਨਾ ਕੋਈ ਸੇਧ ਦੇਣ ਲਈ ਹੀ ਬਣੇ ਹਨ, ਬਸ਼ਰਤੇ ਕਿ ਉਹਨਾਂ ਦੀ ਵਰਤੋਂ ਸੁਚਾਰੂ ਢੰਗ ਨਾਲ ਹੋਵੇ। ਸੋ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ, ਹਨੇਰੇ ਵਿੱਚ ਚਾਨਣ ਕਰਨ ਦਾ ਪ੍ਰਤੀਕ ਹੈ। ਬਾਕੀ ਮਿੱਥਾਂ ਨਾਲੋਂ ਵੱਖ ਕਰਕੇ ਇਸ ਨੂੰ ਰੋਸ਼ਨੀ ਦਾ ਪ੍ਰਤੀਕ ਸਮਝ ਕੇ ਹੀ ਜੇ ਜੀਵਨ ਨੂੰ ਸੁਧਾਰਨ ਦੇ ਉਪਰਾਲੇ ਹੋਣ ਤਾਂ ਲਾਹੇਵੰਦ ਹੋਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3123)
(ਸਰੋਕਾਰ ਨਾਲ ਸੰਪਰਕ ਲਈ: