DarshanSRiar7ਫਿਰ ਭੀੜਾਂ ਇਕੱਠੀਆਂ ਕਰਨ ’ਤੇ ਧਨ ਰੋੜ੍ਹਨ ਦਾ ਕੀ ਫਾਇਦਾ?  ਜੇ ਚੰਗੀ ਕਾਰਗੁਜ਼ਾਰੀ ...
(20 ਜਨਵਰੀ 2019)

 

ਲੋਕਰਾਜੀ ਪ੍ਰਬੰਧ ਨੇ ਸਾਨੂੰ ਭਾਰਤ ਵਾਸੀਆਂ ਨੂੰ ਵੋਟ ਅਤੇ ਚੋਣਾਂ ਦਾ ਬਹੁਤ ਵੱਡਾ ਅਧਿਕਾਰ ਪ੍ਰਦਾਨ ਕੀਤਾ ਹੈਇਸ ਲੋਕਤੰਤਰੀ ਪ੍ਰਬੰਧ ਅਧੀਨ ਭਾਰਤ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤੰਤਰ ਬਣਨ ਦਾ ਮਾਣ ਪ੍ਰਾਪਤ ਕਰ ਚੁੱਕਾ ਹੈਸਿਧਾਂਤਕ ਤੌਰ ’ਤੇ ਇਹ ਪ੍ਰਬੰਧ ਦੇਸ਼ ਦੇ ਸਾਰੇ ਬਾਲੱਗ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੇ ਹਾਕਮ ਆਪ ਚੁਣਨ ਦਾ ਰਾਹ ਪੱਧਰਾ ਕਰਦਾ ਹੈਇਸੇ ਕਾਰਨ ਹੀ ਲੋਕਤੰਤਰ ਨੂੰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਕਿਹਾ ਜਾਂਦਾ ਹੈਪੱਛਮੀ ਵਿਕਸਤ ਦੇਸ਼ ਇੰਗਲੈਂਡ, ਅਮਰੀਕਾ ਤੇ ਕੈਨੇਡਾ ਆਦਿ ਇਸ ਹਕੀਕਤ ਦੀ ਤਰਜ਼ਮਾਨੀ ਵੀ ਕਰਦੇ ਹਨ ਪ੍ਰੰਤੂ ਸਾਡਾ ਦੇਸ਼ ਅਜੇ ਤੱਕ ਇਸ ਧਾਰਨਾ ਦਾ ਲੋਕ ਭਾਵਨਾ ਅਨੁਸਾਰ ਪਾਲਣ ਨਹੀਂ ਕਰ ਸਕਿਆਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਇੱਥੇ ਵੀ ਬਕਾਇਦਾ ਚੋਣਾਂ ਵੋਟਾਂ ਰਾਹੀਂ ਹੀ ਹੁੰਦੀਆਂ ਹਨ ਪਰ ਸਾਡੇ ਨੇਤਾ ਲੋਕ ਚੋਣਾਂ ਜਿੱਤਣ ਬਾਦ ਲੋਕਾਂ ਦੀਆਂ ਖਾਹਿਸ਼ਾਂ ’ਤੇ ਉਸ ਕਦਰ ਪੂਰੇ ਨਹੀਂ ਉੱਤਰਦੇ ਜਿਵੇਂ ਪੱਛਮੀ ਦੇਸ਼ਾਂ ਦੇ ਨੇਤਾ ਉੱਤਰਦੇ ਹਨਪੱਛਮੀ ਦੇਸ਼ਾਂ ਦੇ ਲੋਕ ਨਿਰੋਲ ਸੇਵਾ ਭਾਵਨਾ ਨਾਲ ਸਿਆਸਤ ਵਿੱਚ ਦਾਖਲ ਹੁੰਦੇ ਹਨ ਜਦੋਂ ਕਿ ਸਾਡੇ ਨੇਤਾ ਚੌਧਰ, ਤਾਕਤ ਅਤੇ ਕਮਾਈ ਲਈ ਸਿਆਸਤ ਵਿੱਚ ਦਾਖਲ ਹੁੰਦੇ ਹਨਹੋਰ ਤਾਂ ਹੋਰ ਇਸ ਦੌਰ ਵਿੱਚ ਵੀ ਇਹਨੂੰ ਪਰਿਵਾਰਕ ਅਜਾਰੇਦਾਰੀ ਵਿੱਚ ਬਦਲਣ ਦੀਆਂ ਭਰਪੂਰ ਕੋਸ਼ਿਸ਼ਾਂ ਜਾਰੀ ਹਨ

ਲੋਕਰਾਜ ਦਾ ਮੁੱਢਲਾ ਥੰਮ੍ਹ ਤਾਂ ਭਾਵੇਂ ਇੰਗਲੈਂਡ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਹੋਣ ਦਾ ਦਮ ਅਮਰੀਕਾ ਭਰਦਾ ਹੈ ਪਰ ਜੋ ਸੁਖ ਸਹੂਲਤਾਂ ਕੈਨੇਡਾ ਦੀ ਸਰਕਾਰ ਨਾਗਰਿਕਾਂ ਨੂੰ ਪ੍ਰਦਾਨ ਕਰ ਰਹੀ ਹੈ, ਉਹ ਸ਼ਾਇਦ ਹੋਰ ਕਿਧਰੇ ਵੀ ਨਹੀਂ ਹਨਇਸੇ ਲਈ ਲੋਕਾਂ ਦਾ ਰੁਝਾਨ ਕੈਨੇਡਾ ਵੱਲ ਪ੍ਰਵਾਸ ਨੂੰ ਵਧੇਰੇ ਹੈਚਾਹੇ ਸਟੱਡੀ ਵੀਜ਼ਾ ਲੈ ਕੇ ਜਾਣ ਦਾ ਰਸਤਾ ਅਖਤਿਆਰ ਕਰਨ ਜਾਂ ਫਿਰ ਮਾਪਿਆਂ ਨੂੰ ਸੈੱਟ ਕਰਨ ਦਾ, ਹਰ ਹੀਲੇ ਸੁਖ ਸਹੂਲਤਾਂ ਮਾਨਣ ਦੀ ਚਾਹਨਾ ਹੁੰਦੀ ਹੈਕਨੂੰਨ ਤੇ ਨਿਯਮਾਂ ਦੀ ਪਾਲਣਾ ਜਿੰਨੀ ਸੰਜੀਦਗੀ ਨਾਲ ਕੈਨੇਡਾ ਵਰਗੇ ਦੇਸ਼ਾਂ ਵਿੱਚ ਹੁੰਦੀ ਹੈ ਜੇ ਕਿਧਰੇ ਸਾਡੇ ਦੇਸ਼ ਵਿੱਚ ਹੋਣ ਲੱਗ ਜਾਵੇ ਤਾਂ ਇਸ ਦੇਸ਼ ਵਰਗਾ ਕੋਈ ਦੇਸ਼ ਹੀ ਨਹੀਂ? ਕਹਿਣ ਨੂੰ ਤਾਂ ਸਾਡੇ ਦੇਸ਼ ਨੂੰ ਗੁਰੂਆਂ ਪੀਰਾਂ ਦਾ ਦੇਸ਼ ਕਿਹਾ ਜਾਂਦਾ ਹੈ ਅਤੇ ਲੀਡਰ ਲੋਕ ਵੀ ਗੁਰੂਆਂ ਪੀਰਾਂ ਦੇ ਦਿਨ ਦਿਹਾੜੇ ਬੜੇ ਜ਼ੋਰ ਸ਼ੋਰ ਨਾਲ ਮਨਾਉਣ ਦੇ ਅਡੰਬਰ ਕਰਨ ਲੱਗ ਪਏ ਹਨ ਪਰ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਮੁਹਾਵਰ੍ਹੇ ਵਾਂਗ ਉਹਨਾਂ ਦੇ ਮਨਾਂ ਵਿੱਚ ਉਹ ਸ਼ਰਧਾ ਜਾਂ ਨੈਤਿਕਤਾ ਨਹੀਂ ਹੁੰਦੀ ਜੋ ਸਧਾਰਨ ਮਨੁੱਖ ਦੇ ਮਨ ਵਿੱਚ ਹੁੰਦੀ ਹੈਉਹ ਤਾਂ ਹਰ ਵੇਲੇ ਵੋਟਾਂ ਦੀ ਕਰਦੇ ਹਨਹਰ ਹੀਲੇ ਵੋਟਾਂ ਦੀ ਝਾਕ ਕਾਰਨ ਸਾਡੇ ਦੇਸ਼ ਦਾ ਅਰਥਚਾਰਾ ਬੜਾ ਹੀ ਅਜੀਬ ਜਿਹਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ

ਖੈਰ! ਇਸ ਦੁਨੀਆ ਦਾ ਦਸਤੂਰ ਹੀ ਅਜਿਹਾ ਬਣ ਗਿਆ ਹੈ ਕਿ ਇੱਕ ਪਾਸੇ ਤਾਂ ਇਹ ਮਨੁੱਖ ਨੂੰ ਬ੍ਰਹਿਮੰਡ ਦਾ ਸੱਭ ਤੋਂ ਉੱਤਮ ਜੀਵ ਕਹਿੰਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਇਹ ਇਨਸਾਨ ਨਾਸ਼ਵਾਨ ਹੈ, ਇਸਦੇ ਨਾਲ ਕੁਝ ਵੀ ਜਾਣ ਵਾਲਾ ਨਹੀਂ ਹੈਫਿਰ ਵੀ ਲਾਲਚ, ਸਵਾਰਥ, ਹਊਮੈਂ ਮਨੁੱਖ ਦਾ ਖਹਿੜਾ ਨਹੀਂ ਛੱਡਦੀ ਜਾਂ ਫਿਰ ਲਾਲਸਾ ਮਨੁੱਖ ਨੂੰ ਅੰਨ੍ਹਾ ਬੋਲਾ ਕਰ ਦਿੰਦੀ ਹੈ ਤੇ ਉਸਦੀ ਮੱਤ ਮਾਰੀ ਜਾਂਦੀ ਹੈ

ਸਿਕੰਦਰ ਮਹਾਨ ਦੇ ਕੱਫਣ ਵਿੱਚੋਂ ਖਾਲੀ ਹੱਥ ਬਾਹਰ ਰੱਖਣ ਦੀਆਂ ਕਹਾਣੀਆਂ ਤਾਂ ਜਰੂਰ ਸੁਣਾਈਆਂ ਜਾਂਦੀਆਂ ਹਨ ਪਰ ਉਹਨਾਂ ਉੱਤੇ ਅਮਲ ਬਿਲਕੁਲ ਵੀ ਨਹੀਂ ਕੀਤਾ ਜਾਂਦਾਸੇਵਕ ਬਣ ਕੇ ਵਿਚਰਨ ਵਾਲੇ ਸਾਡੇ ਨੇਤਾਵਾਂ ਦੀਆਂ ਜਾਇਦਾਦਾਂ ਤੇ ਢਿੱਡ ਬੇਰੋਕ ਵਧ ਜਾਂਦੇ ਹਨ ਤੇ ਵਿਚਾਰੇ ਆਮ ਲੋਕ ਫਿਕਰਾਂ ਵਿੱਚ ਸੁੱਕ ਕੇ ਤੀਲਾ ਹੋ ਜਾਂਦੇ ਹਨਮਜਬੂਰੀਆਂ ਵਿੱਚ ਘਿਰ ਕੇ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਲੋਕ ਬਹੁਤੀ ਵਾਰ ਖੁਦਕੁਸ਼ੀਆਂ ਦਾ ਸਹਾਰਾ ਲੈਕੇ ਸੁਰਖਰੂ ਹੋਣ ਦੇ ਅਸਫਲ ਯਤਨਾਂ ਰਾਹੀਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਬਹਿੰਦੇ ਹਨਵੱਡੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਨੇਤਾ ਅਜਿਹੇ ਮਜਬੂਰ ਲੋਕਾਂ ਦੇ ਜ਼ਖਮਾਂ ਤੇ ਮਰ੍ਹਮਪੱਟੀ ਕਰਨ ਦੀ ਬਜਾਏ ਸਿਆਸਤ ਲਾਹਾ ਲੈਣ ਲੱਗ ਜਾਂਦੇ ਹਨ

ਚਾਹੀਦਾ ਤਾਂ ਇਹ ਹੈ ਕਿ ਇਸ ਸੰਸਾਰ ਵਿੱਚ ਉੱਤਮ ਅਵਸਥਾ ਵਾਲਾ ਇਹ ਮਨੁੱਖ ਅਜਿਹਾ ਪ੍ਰਬੰਧ ਸਿਰਜੇ ਜਿਸ ਨਾਲ ਲੋਕਾਂ ਦਾ ਜੀਵਨ ਸੁਧਰੇ ਤੇ ਮੁਸ਼ਕਲਾਂ ਖਤਮ ਹੋਣ ਪਰ ਹੁੰਦਾ ਉਲਟ ਹੈਇਹ ਬੂਧੀਮਾਨ ਮਨੁੱਖ ਹਊਮੈ ਦਾ ਸ਼ਿਕਾਰ ਹੋ ਕੇ ਧਨ ਤੇ ਤਾਕਤ ਦਾ ਸੰਤੁਲਿਨ ਆਪਣੇ ਹੀ ਹੱਥਾਂ ਵਿੱਚ ਕੇਂਦਰਤ ਕਰਨ ਦੀ ਹੋੜ ਵਿੱਚ ਜ਼ਿੰਦਗੀ ਗਵਾ ਲੈਂਦਾ ਹੈਇਹ ਲੜਾਈਆਂ ਵੀ ਕਰਦਾ ਹੈ ਤੇ ਚੋਰੀਆਂ ਚਕਾਰੀਆਂ ਵੀ

ਉਂਜ ਦੋ ਗੱਲਾਂ ਬੜੀਆਂ ਮਕਬੂਲ ਹਨ। ਇੱਕ ਇਹ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਬਿਲਕੁਲ ਨਹੀਂ ਤੇ ਦੂਜਾ ਤਪੋਂ ਰਾਜ ਤੇ ਰਾਜੋਂ ਨਰਕਫਿਰ ਵੀ ਜੇ ਬੰਦਾ ਨਾ ਸਮਝੇ ਤਾਂ ਕੋਈ ਕੀ ਆਖੇ? ਚੋਣਾਂ ਸਾਡੇ ਦੇਸ਼ ਵਿੱਚ ਚੋਲੀ ਦਾਮਨ ਦਾ ਸਾਥ ਬਣ ਗਈਆਂ ਹਨਸਾਰਾ ਸਾਲ ਕਿਤੇ ਨਾ ਕਿਤੇ ਚੋਣਾਂ ਦਾ ਬਿਗੱਲ ਵੱਜਿਆ ਹੀ ਰਹਿੰਦਾ ਹੈਕਦੇ ਪੰਚਾਇਤਾਂ ਦੀਆਂ ਚੋਣਾਂ ਤੇ ਕਦੇ ਨਗਰ ਪਾਲਿਕਾ ਦੀਆਂ ਚੋਣਾਂਕਦੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਤੇ ਕਦੇ ਪੰਚਾਇਤ ਸੰਮਤੀਆਂ ਦੀਆਂ ਚੋਣਾਂਤੇ ਫਿਰ ਵਿਧਾਨ ਸਭਾਵਾਂ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਦਾ ਮਹਾਂਕੁੰਭ

ਸਾਡੇ ਲੀਡਰਾਂ ਨੇ ਸਿਸਟਮ ਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਹੈ ਕਿ ਚੋਣਾਂ ਨਾਲ ਸਬੰਧਤ ਖਰਚੇ, ਜਲਸੇ ਰੈਲੀਆਂ ਵਿੱਚ ਜਮ੍ਹਾਂ ਕੀਤੀਆਂ ਜਾਂਦੀਆਂ ਭੀੜਾਂ ਤੇ ਉਹਨਾਂ ਦਾ ਖਰਚ ਦੇਸ਼ ਦੇ ਸਰਮਾਏ ਦਾ ਵੱਡਾ ਹਿੱਸਾ ਹੜੱਪ ਕੇ ਲੈ ਜਾਂਦਾ ਹੈਇਸ ਤੋਂ ਪਿੱਛੋਂ ਚੁਣੇ ਗਏ ਨੁਮਾਇੰਦਿਆਂ, ਮੰਤਰੀਆਂ ਦੇ ਖਰਚੇ ਤੇ ਸਹੂਲਤਾਂ ਦੇਸ਼ ਦੇ ਬਜ਼ਟ ਦਾ ਵੱਡਾ ਹਿੱਸਾ ਡਕਾਰ ਜਾਂਦੇ ਹਨਹੜਤਾਲਾਂ ਮੁਜਾਹਰੇ ਕਰਕੇ ਮੁਲਾਜਮ ਵੀ ਕੁਝ ਨਾ ਕੁਝ ਪ੍ਰਾਪਤ ਕਰ ਲੈਂਦੇ ਹਨ ਤੇ ਜਦੋਂ ਵਿਚਾਰੇ ਆਮ ਆਦਮੀ ਦੀ ਵਾਰੀ ਆਉਂਦੀ ਹੈ, ਉਦੋਂ ਖਜ਼ਾਨਾ ਠੁਣ ਠੁਣ ਗੋਪਾਲ ਹੋ ਜਾਂਦਾ ਹੈਆਮ ਆਦਮੀਦੇ ਪੱਲੇ ਪੈਂਦੇ ਹਨ ਲਾਰੇ, ਵਾਅਦੇ ਤੇ ਸਬਜ਼ਬਾਗਜਿਹੜੀ ਪਾਰਟੀ ਵੱਡੇ ਲਾਰੇ ਲਗਾ ਕੇ ਜਾਂ ਫਿਰ ਸਬਜ਼ਬਾਗ ਦਿਖਾ ਕੇ ਆਪਣੇ ਲੀਡਰਾਂ ਦੇ ਬਲਬੂਤੇ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ, ਉਹ ਬਾਜੀ ਮਾਰ ਜਾਂਦੀ ਹੈ ਤੇ ਦੂਜੀਆਂ ਲੋਕਾਂ ਦੇ ਅਸਲ ਹਮਦਰਦ ਹੋਣ ਦੇ ਦਾਅਵੇ ਲੈ ਕੇ ਲੋਕਾਂ ਦੇ ਜਖਮ ਕੁਰੇਦਣ ਲੱਗ ਜਾਂਦੀਆਂ ਹਨਇਸ ਸਿਲਸਲੇ ਨੂੰ ਵੇਖਦੇ ਵੇਖਦੇ ਦੇਸ਼ ਵਿੱਚ ਬੇਰੁਜ਼ਗਾਰੀ, ਗਰੀਬੀ, ਪੱਛੜੀਆਂ ਹੋਈਆਂ ਸਿੱਖਿਆ ਤੇ ਸਿਹਤ ਸਹੂਲਤਾਂ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਰਹੀਆਂ ਹਨ ਕਿ ਸਾਡੇ ਦੇਸ਼ ਦੇ ਲੋਕਾਂ ਦੀ ਜੂਨ ਕਿਉਂ ਨਹੀਂ ਸੁਧਰਦੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਵਿਖੇ ਪਲੇਠੀ ਚੋਣ ਰੈਲੀ ਕਰਕੇ ਸ਼ੁਰੂਆਤ ਕਰ ਦਿੱਤੀ ਹੈਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਉਹ ਦੇਸ਼ ਭਰ ਵਿੱਚ 100 ਦੇ ਕਰੀਬ ਰੈਲੀਆਂ ਕਰਨਗੇਇੰਜ ਹੀ ਬਾਕੀ ਪਾਰਟੀਆਂ ਵੀ ਕਰਨਗੀਆਂਇੰਜ ਅਜਿਹੀਆਂ ਰੈਲੀਆਂ ਵਿੱਚ ਭੀੜਾਂ ਢੋਅ ਕੇ ਜਿਹੜਾ ਸਰਮਾਇਆ ਰੋੜ੍ਹਨਾ ਹੈ, ਜੇ ਉਹ ਹੀ ਦੇਸ਼ ਦੇ ਹਿਤ ਵਿੱਚ ਵਿਕਾਸ ਦੇ ਲੇਖੇ ਲੱਗੇ ਤਾਂ ਦੇਸ਼ ਦੀ ਹਾਲਤ ਸੁਧਰ ਸਕਦੀ ਹੈਚੋਣ ਪ੍ਰਚਾਰ ਕਰਨ ਦੇ ਤਾਂ ਹੋਰ ਵੀ ਬੜੇ ਸਾਧਨ ਹਨਅਖਬਾਰਾਂ, ਰਸਾਲੇ, ਟੀਵੀ, ਸੋਸ਼ਲ ਮੀਡੀਆਫਿਰ ਭੀੜਾਂ ਇਕੱਠੀਆਂ ਕਰਨ ’ਤੇ ਧਨ ਰੋੜ੍ਹਨ ਦਾ ਕੀ ਫਾਇਦਾ? ਜੇ ਚੰਗੀ ਕਾਰਗੁਜ਼ਾਰੀ ਕੀਤੀ ਹੋਵੇ ਤਾਂ ਕੀਤੇ ਕੰਮ ਬੋਲਦੇ ਹਨ, ਅਡੰਬਰ ਕਰਨ ਦੀ ਲੋੜ ਨਹੀਂ ਪੈਂਦੀਦਰਅਸਲ ਲੀਡਰ ਲੋਕ ਸਮਝਦੇ ਹਨ ਕਿ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰਕੇ ਤਾਕਤ ਦਾ ਵਿਖਾਵਾ ਹੁੰਦਾ ਹੈ ਤੇ ਵਧੇਰੇ ਪ੍ਰਭਾਵ ਪੈਂਦਾ ਹੈਸਮਾਂ ਹੁਣ ਬਹੁਤ ਬਦਲ ਗਿਆ ਹੈਜੇ ਲੀਡਰ ਚਲਾਕ ਹਨ ਤਾਂ ਲੋਕ ਵੀ ਸਿਆਣੇ ਹੋ ਗਏ ਹਨਲੋਕ ਸਮਝਣ ਲੱਗ ਪਏ ਹਨ ਕਿ ਲੀਡਰਾਂ ਨੂੰ ਚੋਣਾਂ ਨੇੜੇ ਹੀ ਲੋਕਾਂ ਦਾ ਹੇਜ ਕਿਉਂ ਜਾਗਦਾ ਹੈ?

ਦੇਸ਼ ਦੀ ਵੱਡੀ ਮੁਸ਼ਕਲ ਤਾਂ ਗਰੀਬੀ, ਬੇਰੁਜ਼ਗਾਰੀ ਤੇ ਬੇਲੋੜੀ ਵਧਦੀ ਅਬਾਦੀ ਹੈਰਾਖਵਾਂਕਰਣ ਤਾਂ ਪਹਿਲਾਂ ਹੀ ਹੱਦਾਂ ਬੰਨੇ ਟੱਪ ਚੁੱਕਾ ਹੈਜੇ ਸਰਕਾਰ ਨੇ ਆਰਥਿਕ ਅਧਾਰ ’ਤੇ ਰਾਖਵਾਂਕਰਨ ਦੇਣਾ ਸੀ ਤਾਂ ਚਾਰ ਸਾਲ ਪਹਿਲਾਂ ਦੇਂਦੀਹੁਣ ਵਿਹੜੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ ਵਾਂਗ ਹੀ ਇਹ ਚੋਣ ਸ਼ੋਸ਼ਾ ਹੋ ਨਿੱਬੜਨ ਦਾ ਖਦਸ਼ਾ ਹੈ, ਜਿਵੇਂ ਕਾਲਾ ਧਨ ਲਿਆ ਕੇ ਹਰੇਕ ਦੇ ਖਾਤੇ ਵਿੱਚ ਪੰਦਰਾਂ ਲੱਖ ਰੁਪਇਆ ਪਾਉਣਾ ਸੀਦੇਸ਼ ਦੇ ਲੋਕ ਸਹੂਲਤਾਂ ਭਾਲਦੇ ਹਨਗਲੋਬਲਾਈਜੇਸ਼ਨ ਨੇ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚਲੀਆਂ ਸਹੂਲਤਾਂ ਬਾਰੇ ਜਾਣੂ ਕਰਵਾ ਦਿੱਤਾ ਹੈਸਾਡੇ ਦੇਸ਼ ਵਿੱਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਏ ਸਰਕਾਰਾਂ ਆਪਣੇ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਦੀਆਂ ਸਹੂਲਤਾਂ ਵੱਲ ਜ਼ਿਆਦਾ ਧਿਆਨ ਦਿੰਦੀਆਂ ਹਨ ਇਸੇ ਲਈ ਤਾਂ ਚੋਣਾਂ ਜਿੱਤਣ ਲਈ ਅਥਾਹ ਖਰਚ ਕੀਤਾ ਜਾਂਦਾ ਹੈਦੇਸ਼ ਦੇ ਨਾਗਰਿਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜਿਮੇਵਾਰੀ ਹੁੰਦੀ ਹੈਅਜਿਹਾ ਕਰਕੇ ਕੋਈ ਵੀ ਸਰਕਾਰ ਆਪਣੇ ਨਾਗਰਿਕਾਂ ਤੇ ਕੋਈ ਅਹਿਸਾਨ ਨਹੀਂ ਕਰਦੀ ਸਗੋਂ ਆਪਣੀ ਜਿਮੇਵਾਰੀ ਪੂਰੀ ਕਰਦੀ ਹੈਪਰ ਸਾਡੇ ਨੇਤਾ ਜਦੋਂ ਵੀ ਕੋਈ ਜਨ ਸਧਾਰਨ ਨਾਲ ਸਬੰਧਤ ਕਾਰਜ ਕਰਦੇ ਹਨ ਤਾਂ ਉਸਦਾ ਢੰਡੋਰਾ ਇੰਜ ਪਿੱਟਿਆ ਜਾਂਦਾ ਹੈ ਜਿਵੇਂ ਉਹ ਕੋਈ ਬਹੁਤ ਵੱਡਾ ਅਹਿਸਾਨ ਕਰ ਰਹੇ ਹੋਣ? ਸਰਕਾਰਾਂ ਨੂੰ ਇਸ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ

ਇੱਥੇ ਉਹ ਵੀ ਦਿਨ ਰਹੇ ਹਨ ਜਦੋਂ ਮੁਗੱਲ ਕਾਲ ਸਮੇਂ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਹਮਲੇ ’ਤੇ ਹਮਲਾ ਕਰਕੇ ਸਭ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਸਨ ਤੇ ਇੱਕ ਕਹਾਵਤ ਹੀ ਲੋਕਾਂ ਵਿੱਚ ਘਰ ਕਰ ਗਈ ਸੀ; ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹੇ ਦਾਸੁੱਖ ਨਾਲ ਹੁਣ ਤਾਂ ਲੋਕ ਰਾਜ ਹੈ ਤੇ ਅਸੀਂ ਆਪਣੀ ਆਂ ਸਰਕਾਰਾਂ ਆਪ ਚੁਣਦੇ ਹਾਂਸਰਕਾਰਾਂ ਨੂੰ ਪਾਂਡੀ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਰੋਲ ਨੂੰ ਯਾਦ ਕਰਨਾ ਚਾਹੀਦਾ ਹੈਜੇ ਜਨਤਾ ਸੁਖੀ ਹੋਵੇਗੀ, ਉਹਨਾਂ ਨੂੰ ਪੜ੍ਹਾਈ ਲਿਖਾਈ ਦੀਆਂ ਮਹਿੰਗੀਆਂ ਫੀਸਾਂ ਦੀ ਚਿੰਤਾ ਨਹੀਂ ਹੋਵੇਗੀ, ਹਰ ਕਿਸਮ ਦੇ ਇਲਾਜ ਮੁਫਤ ਜਾਂ ਫਿਰ ਬਹੁਤ ਸਸਤੇ ਦਰਾਂ ਤੇ ਹੋਣਗੇ, ਉਹਨਾਂ ਨੂੰ ਰੁਜ਼ਗਾਰ ਢੂੰਡਣ ਦੀ ਚਿੰਤਾ ਨਹੀਂ ਸਤਾਏਗੀ ਤਾਂ ਖੁਦ ਬਖੁਦ ਉਹ ਸਰਕਾਰ ਦੇ ਸੋਹਿਲੇ ਗਾਉਣਗੇਫਿਰ ਭਲਾ ਕੀ ਲੋੜ ਹੈ ਪਾਰਟੀਆਂ ਜਾਂ ਸਰਕਾਰਾਂ ਨੂੰ ਲਭਾਊ ਲਾਰੇ ਲਾਉਣ ਦੀ

ਲੋਕ ਰਾਜ ਦੀ ਚੋਣ ਪ੍ਰਕਿਰਿਆ ਬੜੀ ਮਹੱਤਵਪੂਰਨ ਹੈਚਾਹੀਦਾ ਹੈ ਇਸ ਨੂੰ ਇਸ ਤਰੀਕੇ ਨਾਲ ਸਿਰੇ ਚੜ੍ਹਾਇਆ ਜਾਵੇ ਕਿ ਲੋਕਾਂ ਵਿੱਚ ਪਿਆਰ ਮੁਹੱਬਤ ਬਣਿਆ ਰਹੇਸਵਾਰਥੀ, ਲਾਲਚੀ ਤੇ ਭ੍ਰਿਸ਼ਟ ਵਾਤਾਵਰਣ ਤੋਂ ਬਚਿਆ ਜਾਵੇਸਾਡਾ ਦੇਸ਼ ਗੁਰੂਆਂ ਪੀਰਾਂ ਦਾ ਦੇਸ਼ ਹੈ ਜਿੱਥੇ ਗੁਰੂ ਤੇਗ ਬਹਾਦਰ ਵਰਗੇ ਮਹਾਂਪੁਰਸ਼ਾਂ ਨੇ ਮਨੁੱਖਤਾ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਹਿੰਦ ਦੀ ਚਾਦਰ ਬਣੇਜਦੋਂ ਸਾਡਾ ਵਿਰਸਾ ਇੰਨਾ ਮਹਾਨ ਹੈ ਤਾਂ ਫਿਰ ਹੁਣ ਸਾਡੇ ਨੇਤਾ ਕੈਨੇਡਾ ਵਰਗੇ ਦੇਸ਼ਾਂ ਦੀ ਤਰ੍ਹਾਂ ਤਹਿ ਦਿਲੋਂ ਲੋਕ ਸੇਵਕ ਬਣ ਕੇ ਸਮਰਪਤ ਕਿਉਂ ਨਹੀਂ ਹੁੰਦੇ? ਜਦੋਂ ਇਹ ਪਤਾ ਹੈ ਕਿ ਕੁਝ ਵੀ ਕਿਸੇ ਦੇ ਨਾਲ ਜਾਣ ਵਾਲਾ ਨਹੀਂ ਤਾਂ ਫਿਰ ਪ੍ਰਮਾਤਮਾ ਦੀ ਬਖਸ਼ਿਸ਼ ਮਨੁੱਖਤਾ ਦੀ ਭਲਾਈ ਲਈ ਤਨ, ਮਨ ਤੇ ਧਨ ਨਾਲ ਸਮਰਪਣ ਤੋਂ ਹਿਚਕਚਾਹਟ ਕਿਉਂ? ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਚਾਹੀਦਾ ਹੈ ਕਿ ਸਮੂਹ ਵੋਟਰ, ਰਾਜਨੀਤਕ ਪਾਰਟੀਆਂ ਤੇ ਲੀਡਰ ਇਸ ਤਰ੍ਹਾਂ ਵਿਚਰਣ ਕਿ ਇੱਥੇ ਸਵਾਰਥ, ਲਾਲਚ, ਭ੍ਰਿਸ਼ਟਾਚਾਰ ਲਈ ਕੋਈ ਥਾਂ ਹੀ ਨਾ ਰਹੇਇੰਜ ਭਰਾਤਰੀ ਭਾਵ ਤੇ ਭਾਈਚਾਰੇ ਵਿੱਚ ਵੀ ਵਾਧਾ ਹੋਵੇਗਾ ਫਜੂਲ ਖਰਚੀ ਵੀ ਰੁਕੇਗੀਜੇ ਸਰਕਾਰਾਂ ਸਹੀ ਤਰੀਕੇ ਨਾਲ ਵਚਨਬੱਧ ਹੋ ਕੇ ਦੇਸ਼, ਸਮਾਜ ਤੇ ਮਨੁੱਖਤਾ ਦੇ ਹਿਤ ਵਿੱਚ ਕੰਮ ਕਰਨ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਭਾਰਤ ਮੁੜ ਤੋਂ ਸੋਨੇ ਦੀ ਚਿੜੀ ਨਾ ਬਣੇ? ਜੇ ਅਜਿਹਾ ਹੋ ਜਾਂਦਾ ਹੈ, ਲੀਡਰਾਂ ਦੀ ਕਹਿਣੀ ਤੇ ਕਰਨੀ ਇੱਕ ਹੋ ਜਾਂਦੀ ਹੈ ਤਾਂ ਜਿਹੜੇ ਨੌਜਵਾਨ ਵਹੀਰਾਂ ਘੱਤ ਕਿ ਵਿਦੇਸ਼ਾਂ ਵੱਲ ਦੌੜ ਰਹੇ ਹਨ, ਇੱਥੇ ਰਹਿ ਕੇ ਦੇਸ਼ ਦੀ ਸੇਵਾ ਵਿੱਚ ਜੁਟਣ ਲਈ ਮਜਬੂਰ ਹੋ ਜਾਣਗੇ

*****

(1466)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਦਰਸ਼ਨ ਸਿੰਘ ਰਿਆੜ

ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author