“ਸਾਡੇ ਨੇਤਾ ਵੱਡੀਆਂ ਵੱਡੀਆਂ ਪੈਨਸ਼ਨਾਂ ਨਾਲ ਐਸ਼ ਕਰਦੇ ਹਨ ਤੇ ਆਮ ਬਜ਼ੁਰਗ ਲੋਕਾਂ ...”
(26 ਜਨਵਰੀ 2019)
ਗਣਤੰਤਰ ਦਿਵਸ ਦੇ ਮੌਕੇ ’ਤੇ ਕੌਮੀ ਕਵੀ ਦਰਬਾਰ ਦੌਰਾਨ ਜਗਸੀਰ ਨੂੰ ਸੁਣਨ ਲਈ ਇੱਥੇ ਕਰੋ:
https://www.facebook.com/425307160891414/videos/950522498669240/
26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ। ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਣ ਉਪਰੰਤ ਇਸੇ ਦਿਨ ਹੀ 1950 ਨੂੰ ਭਾਰਤ ਵਿਸ਼ਵ ਦੇ ਨਕਸ਼ੇ ’ਤੇ ਇੱਕ ਪ੍ਰਭੂਸੱਤਾ ਸੰਪਨ ਗਣਰਾਜ ਬਣਿਆ ਸੀ। ਸੰਵਿਧਾਨ ਹੀ ਕਿਸੇ ਦੇਸ਼ ਦਾ ਉਹ ਮੁੱਖ ਕਿਤਾਬਚਾ ਹੁੰਦਾ ਹੈ ਜਿਸਦੇ ਅਧਾਰ ’ਤੇ ਦੇਸ਼ ਦੇ ਕਨੂੰਨ ਬਣਦੇ ਹਨ ਤੇ ਲਾਗੂ ਹੁੰਦੇ ਹਨ। ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੀ ਸੰਵਿਧਾਨ ਦਾ ਸਾਰ ਲਿਖਿਆ ਹੈ ਜੋ ਸਾਨੂੰ ਸੰਵਿਧਾਨ ਦੀ ਰੂਪਰੇਖਾ ਬਾਰੇ ਮੋਟੇ ਤੌਰ ’ਤੇ ਜਾਣੂ ਕਰਵਾ ਦਿੰਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਪੜ੍ਹਦੇ ਹਾਂ ਕਿ “ਅਸੀਂ ਭਾਰਤ ਦੇ ਲੋਕ ਭਾਰਤ ਨੂੰ ਸੱਚੇ ਦਿਲੋਂ ਪ੍ਰਭੂਸੱਤਾ ਸੰਪਨ, ਸਮਾਜਿਕ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਦਾ ਸੰਕਲਪ ਕਰਦੇ ਹਾਂ …” ਤਾਂ ਸਾਨੂੰ ਸਮਾਜ ਤੇ ਰਾਸ਼ਟਰ ਪ੍ਰਤੀ ਸਾਡੇ ਨੇਕ ਇਰਾਦੇ ਸਪਸ਼ਟ ਹੋ ਜਾਂਦੇ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਅਜ਼ਾਦ ਭਾਰਤ ਵਜੋਂ ਬੀਤੇ 69 ਸਾਲਾਂ ਵਿੱਚ ਅਸੀਂ ਮਿਥੇ ਹੋਏ ਟੀਚਿਆਂ ਦੀ ਕਿੰਨੀ ਕੁ ਪ੍ਰਾਪਤੀ ਕੀਤੀ ਹੈ?
ਹਰ ਸਾਲ 26 ਜਨਵਰੀ ਦਾ ਤਿਉਹਾਰ ਅਸੀਂ ਦੇਸ਼ ਦੀ ਰਾਜਧਾਨੀ ਦਿਲੀ ਵਿਖੇ ਇੰਡੀਆ ਗੇਟ ’ਤੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਹਾਂ। ਉੱਥੇ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਮੁੱਖ ਮਹਿਮਾਨ ਵਜੋਂ ਸੁਭਾਏਮਾਨ ਹੁੰਦਾ ਹੈ। ਦੇਸ਼ ਦੀਆਂ ਤਿੰਨਾਂ ਸੈਨਾਵਾਂ ਦੇ ਮੁਖੀ ਉੱਥੇ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹਨ। ਰੱਖਿਆ ਦੇ ਖੇਤਰ ਵਿੱਚ ਦੇਸ਼ ਦੇ ਪ੍ਰਮੱਖ ਸ਼ਾਸਤਰਾਂ, ਫੌਜੀ ਵਾਹਨਾਂ ਤੇ ਹੋਰ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ। ਦੇਸ਼ ਦੇ ਖੇਤੀਬਾੜੀ ਖੇਤਰ ਅਤੇ ਵੱਖ ਵੱਖ ਹੋਰ ਖੇਤਰਾਂ ਦੀਆਂ ਪ੍ਰਾਪਤੀਆਂ ਦੇ ਨਮੂੰਨੇ ਵੀ ਨੁਮਾਇਸ਼ ਦਾ ਹਿੱਸਾ ਬਣਦੇ ਹਨ ਤਾਂ ਜੋ ਦੇਸ਼ ਵਾਸੀ ਦੇਸ਼ ਦੇ ਵਿਕਾਸ ਉੱਤੇ ਮਾਣ ਮਹਿਸੂਸ ਕਰ ਸਕਣ। ਜਦੋਂ 1947 ਵਿੱਚ ਸਾਡਾ ਦੇਸ਼ ਅਜ਼ਾਦ ਹੋਇਆ ਸੀ ਤਾਂ ਦੇਸ਼ ਦੀ ਅਬਾਦੀ ਮਹਿਜ਼ 32 ਕੁ ਕਰੋੜ ਸੀ। ਸਿੱਖਿਆ, ਸਿਹਤ ਸਹੂਲਤਾਂ ਤੇ ਬਿਜਲੀ ਆਦਿ ਦੀ ਬਹੁਤ ਘਾਟ ਸੀ। ਦੇਸ਼ ਦੀ ਆਪਣੀ ਸਰਕਾਰ ਨੇ ਬੜੇ ਸੁਚੱਜੇ ਢੰਗ ਨਾਲ ਰਾਜਪ੍ਰਬੰਧ ਚਲਾਉਣਾ ਸ਼ੁਰੂ ਕੀਤਾ ਤੇ ਨੀਤੀਆਂ ਤੇ ਪ੍ਰੋਗਰਾਮ ਉਲੀਕਣੇ ਸ਼ੁਰੂ ਕੀਤੇ। ਪਣਬਿਜਲੀ ਪੈਦਾ ਕਰਨ ਲਈ ਭਾਖੜਾ ਡੈਮ ਵਰਗੇ ਕਈ ਬੰਧ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਬਣਾਏ ਗਏ। ਅਨਾਜ ਉਤਪਾਦਨ ਲਈ ਦੇਸ਼ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਸ਼ੁਰੂ ਕੀਤੀਆਂ।
1948, 1962, 1965, 1971 ਅਤੇ 1999 ਵਿੱਚ ਦੇਸ਼ ਨੂੰ ਦਰਪੇਸ਼ ਯੁੱਧਾਂ ਦਾ ਸਾਹਮਣਾ ਵੀ ਕੀਤਾ। ਜੈ ਜਵਾਨ ਜੈ ਕਿਸਾਨ ਤੇ ਜੈ ਵਿਗਿਆਨ ਵਰਗੇ ਨਾਅਰੇ ਵੀ ਪ੍ਰਚੱਲਤ ਹੋਏ। ਅੱਜ ਦੇਸ਼ ਦੀ ਅਬਾਦੀ 130 ਕਰੋੜ ਤੋਂ ਵੀ ਵਧਕੇ ਖਤਰਨਾਕ ਮੋੜ ’ਤੇ ਪਹੁੰਚ ਚੁੱਕੀ ਹੈ। ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ ਸਹੂਲਤਾਂ ਦੀ ਘਾਟ, ਵਾਤਾਵਰਣ ਦਾ ਪ੍ਰਦੂਸ਼ਣ, ਮਿਲਾਵਟ ਅਤੇ ਭ੍ਰਿਸ਼ਟਾਚਾਰ ਵਿੱਚ ਬੇਹਿਸਾਬ ਵਾਧਾ ਸਾਡੇ ਦੇਸ਼ ਦਾ ਮੂੰਹ ਚਿੜਾ ਰਹੇ ਹਨ। ਲੋਕ, ਨੇਤਾ ਅਤੇ ਰਾਜਨੀਤਕ ਪਾਰਟੀਆਂ ਸਭ ਸਵਾਰਥ, ਲਾਲਚ ਅਤੇ ਚੌਧਰ ਵਿੱਚ ਗ੍ਰਸ ਗਏ ਹਨ। ਮੌਲਿਕ ਅਧਿਕਾਰ, ਜੋ ਸਾਨੂੰ ਸੰਵਿਧਾਨ ਨੇ ਸੌਂਪੇ ਹਨ ਉਹਨਾਂ ਦੀ ਪ੍ਰਾਪਤੀ ਦਾ ਅਹਿਸਾਸ ਤਾਂ ਸਾਰਿਆਂ ਨੂੰ ਹੈ, ਪਰ ਦੇਸ਼ ਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਸਾਰੇ ਹੀ ਕੰਨੀ ਕਤਰਾਉਂਦੇ ਹਨ। ਦੇਸ਼ ਕੋਲੋਂ ਸਹੂਲਤਾਂ ਤਾਂ ਸਾਰੇ ਹੀ ਭਾਲਦੇ ਹਨ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਸਾਰੇ ਹੀ ਭੱਜਦੇ ਹਨ। ਕਿੱਥੇ ਗਏ ਉਹ ਸਮੇਂ ਜਦੋਂ ਹਰ ਨਾਗਰਿਕ ਪਹਿਲਾਂ ਆਪਣੇ ਦੇਸ਼ ਲਈ ਫਰਜ਼ਾਂ ਦੀ ਪਾਲਣਾ ਲਈ ਉਤਸਕ ਹੁੰਦਾ ਸੀ। ਅੱਜ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਊਧਮ ਸਿੰਘ ਨਜ਼ਰ ਨਹੀਂ ਆਉਂਦੇ। ਕਿਸੇ ਸਮੇਂ ਚੀਨ ਵਿੱਚ ਹਰਲ ਹਰਲ ਕਰਦੇ ਅਫੀਮ ਦੇ ਅਮਲੀਆਂ ਵਾਂਗ ਸਾਡੇ ਦੇਸ਼ ਦੇ ਨੌਜਵਾਨ ਸਿੰਥੈਟਿਕ ਨਸ਼ਿਆਂ ਨੇ ਨਕਾਰਾ ਕਰ ਦਿੱਤੇ ਹਨ।
ਮਹਿੰਗਾਈ ਤੇ ਖੇਤੀ ਖਰਚਿਆਂ ਦੇ ਸ਼ਿਕਾਰ ਅਤੇ ਵਿੱਤ ਤੋਂ ਵਾਧੂ ਬੇਹਿਸਾਬ ਖਰਚਿਆਂ ਕਾਰਨ ਦੇਸ਼ ਦੇ ਅਨੇਕਾਂ ਕਿਸਾਨ ਲਾਚਾਰੀ ਅਤੇ ਕਾਇਰਤਾ ਕਾਰਨ ਖੁਦਕੁਸ਼ੀਆਂ ਦਾ ਸਹਾਰਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਹਨ। ਚਾਹੇ ਕੁਝ ਸਰਕਾਰਾਂ ਨੇ ਹੁਣ ਕਿਸਾਨਾਂ ਦੇ ਕਰਜ਼ਿਆਂ ਤੋਂ ਕੁਝ ਰਾਹਤ ਦਿਵਾਉਣ ਦੇ ਕਦਮ ਵੀ ਚੁੱਕੇ ਹਨ ਪਰ ਹਾਲਾਤ ਅਨੁਸਾਰ ਇਹ ਨਾਕਾਫੀ ਸਾਬਤ ਹੋਏ ਹਨ। ਦੇਸ਼ ਵਿੱਚ ਪ੍ਰਚਲਤ 7 ਕੌਮੀ ਰਾਜਨੀਤਕ ਪਾਰਟੀਆਂ ਅਤੇ ਪ੍ਰਾਂਤਕ ਪੱਧਰ ਦੀਆਂ 24 ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨਾਲ ਨਾਲ 20-30 ਦੇ ਕਰੀਬ ਗੈਰਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦਾ ਹੜ੍ਹ ਆਇਆ ਹੋਇਆ ਹੈ। ਇਹ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀ ਰਾਜਨੀਤਕ ਚੜ੍ਹਤ ਲਈ ਭੋਲੇਭਾਲੇ ਵੋਟਰਾਂ ਨੂੰ ਵਰਗਲਾਉਣ ਤੇ ਭਰਮਾਉਣ ਤੋਂ ਇਲਾਵਾ ਅਜਿਹਾ ਕੁਝ ਵੀ ਤੈਅ ਦਿਲੋਂ ਨਹੀਂ ਕਰਦੀਆਂ ਜਿਸ ਨਾਲ ਲੋਕਾਂ ਦੀ ਜੂਨ ਸੁੱਧਰ ਸਕੇ। ਜੇ ਇਹ ਰਾਜਨੀਤਕ ਪਾਰਟੀਆਂ ਦਿਲੋਂ ਮਨੋਂ ਸੁਹਿਰਦ ਹੋ ਕੇ ਦੇਸ਼ ਤੇ ਸਮਾਜ ਦੀ ਕਾਇਆ ਕਲਪ ਕਰਨ ਲਈ ਜੁਟਦੀਆਂ ਤਾਂ ਕੋਈ ਕਾਰਨ ਨਹੀਂ ਸੀ ਕਿ ਅੱਜ ਤੱਕ ਦੇਸ਼ ਪੱਛੜਿਆ ਹੀ ਹੁੰਦਾ। ਵਿਸ਼ਵ ਦਾ ਛੋਟਾ ਜਿਹਾ ਦੇਸ਼ ਇਸਰਾਈਲ ਸਾਥੋਂ ਬਾਦ ਅਜ਼ਾਦ ਹੋ ਕੇ ਵਿਸ਼ਵ ਦਾ ਰਾਹ ਦਸੇਰਾ ਬਣਿਆ ਹੋਇਆ ਹੈ ਤੇ ਅਸੀਂ ਅਜੇ ਵੀ ਗਲੀਆਂ, ਨਾਲੀਆਂ ਦੇ ਕੁਚੱਕਰ ਵਿੱਚ ਫਸੇ ਹੋਏ ਹਾਂ।
ਪਾਣੀ ਸਾਡਾ ਪੀਣਯੋਗ ਨਹੀਂ ਰਿਹਾ। ਹਵਾ ਅਸੀਂ ਪ੍ਰਦੂਸ਼ਿਤ ਕਰ ਚੁੱਕੇ ਹਾਂ। ਫਸਲਾਂ ਤੇ ਸਬਜੀਆਂ ਸਾਡੀਆਂ ਕੀੜੇਮਾਰ ਜ਼ਹਿਰਾਂ ਨੇ ਗ੍ਰਸ ਲਈਆਂ ਹਨ। ਖਾਣ ਵਾਲੀਆਂ ਚੀਜਾਂ ਦੁੱਧ ਸਮੇਂਤ ਮਿਲਾਵਟ ਨਾਲ ਭਰਪੂਰ ਹਨ। ਹਾਲਾਂਕਿ ਅਸੀਂ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਦੇ ਵਾਸੀ ਹਾਂ ਪਰ ਅਸੀਂ ਮੌਲਿਕਤਾ ਵਾਲੇ ਸ਼ੁੱਧ ਵਾਤਾਵਰਣ ਤੋਂ ਵੀ ਸੱਖਣੇ ਹੋ ਗਏ ਹਾਂ। ਸਵਾਰਥ ਸਾਡੇ ਲਹੂ ਵਿੱਚ ਰਚ ਗਿਆ ਹੈ। ਭ੍ਰਿਸ਼ਟਾਚਾਰ ਸਾਡੇ ਹੱਡਾਂ ਵਿੱਚ ਇੰਜ ਰਚ ਗਿਆ ਹੈ ਜਿਵੇਂ ਇਸ ਨਾਲ ਸਾਡਾ ਚੋਲੀ ਦਾਮਨ ਦਾ ਸਾਥ ਹੋਵੇ? ਸਾਡੀਆਂ ਰਾਜਨੀਤਕ ਪਾਰਟੀਆਂ ਪ੍ਰੀਵਾਰ ਤੇ ਪੁੱਤਰ ਮੋਹ ਦੀ ਦਲਦਲ ਵਿੱਚ ਧਸ ਗਈਆਂ ਹਨ। ਵਿਚਾਰੇ ਆਮ ਆਦਮੀ ਦੀ ਹਾਲਤ ਤਾਂ ਦਿਨੋ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਪਹਿਲਾਂ ਤਾਂ ਪੜ੍ਹਾਈ ਦਾ ਬੁਨਿਆਦੀ ਹੱਕ ਹੀ ਉਚੇਰੀ ਸਿੱਖਿਆ ਮਹਿੰਗੀ ਤੇ ਨਿੱਜੀ ਹੱਥਾਂ ਵਿੱਚ ਸੌਂਪ ਕੇ ਖੋਹ ਲਿਆ ਹੈ। ਫਿਰ ਜੇਕਰ ਕੋਈ ਉਚੇਚੇ ਯਤਨ ਕਰਕੇ ਪੜ੍ਹ ਹੀ ਜਾਂਦਾ ਹੈ ਤਾਂ ਫਿਰ ਉਸ ਨੂੰ ਰੋਜ਼ਗਾਰ ਨਹੀਂ ਮਿਲਦਾ। ਜੇ ਕਿਧਰੇ ਮਿਲਦਾ ਵੀ ਹੈ ਤਾਂ ਉਹ 10-12 ਹਜ਼ਾਰ ਰੁਪਏ ਵਾਲੀ ਠੇਕਾ ਅਧਾਰਿਤ ਨੌਕਰੀ ਹੀ ਮਿਲਦੀ ਹੈ, ਹਾਲਾਂਕਿ ਇਸ ਵੇਲੇ ਦੇਸ਼ ਵਿੱਚ ਵੱਖ ਵੱਖ ਅਦਾਰਿਆਂ ਵਿੱਚ 30 ਲੱਖ ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ। ਦਫਤਰ ਖਾਲੀ ਭਾਂ ਭਾਂ ਕਰ ਰਹੇ ਹਨ, ਬੇਰੁਜ਼ਗਾਰ ਨੌਜਵਾਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਪਈਆਂ ਹਨ। ਦੂਜੇ ਪਾਸੇ ਸਰਕਾਰਾਂ ਵਿਕਾਸ ਦੇ ਸੋਹਿਲੇ ਗਾਉਣੋਂ ਨਹੀਂ ਹਟਦੀਆਂ। ਪਤਾ ਨਹੀਂ ਵਿਕਾਸ ਹੋਇਆ ਕਿਹੜੀ ਚੀਜ਼ ਦਾ ਹੈ?
ਹਾਲੋਂ ਬੇਹਾਲ ਹੋਇਆ ਨੌਜਵਾਨ ਪਿਉ ਦਾਦੇ ਦੀ ਜਾਇਦਾਦ ਵੇਚ ਵੱਟ ਕੇ ਭਵਿੱਖ ਸੁਰੱਖਿਅਤ ਕਰਨ ਲਈ, ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਵੱਲ ਦੌੜ ਰਿਹਾ ਹੈ। ਦੇਸ਼ ਦਾ ਕੀਮਤੀ ਸਰਮਾਇਆ ਧੜਾਧੜ ਬਾਹਰ ਜਾ ਰਿਹਾ ਹੈ। ਮਹਿੰਗਾਈ ਵਧਦੀ ਜਾ ਰਹੀ ਹੈ ਤੇ ਨੇਤਾ ਕਹਿ ਰਹੇ ਹਨ ਕਿ ਬਹੁਤ ਵਿਕਾਸ ਹੋ ਗਿਆ ਹੈ। ਸਟੈਚੂ ਆਫ ਲਿਬਰਟੀ ਦੇ ਅਧਾਰ ’ਤੇ ਸਰਕਾਰਾਂ ਤਿੰਨ ਹਜ਼ਾਰ ਕਰੋੜ ਰੁਪਇਆ ਲਾਕੇ ਸਟੈਚੂ ਆਫ ਯੂਨਿਟੀ ਤਾਂ ਬਣਾ ਦੇਂਦੀਆਂ ਹਨ ਪਰ ਲੋਕਾਂ ਦੇ ਪੜ੍ਹਨ ਲਈ ਸਕੂਲ ਜਾਂ ਫਿਰ ਇਲਾਜ ਲਈ ਹਸਪਤਾਲ ਬਣਾਉਣ ਤੋਂ ਹੱਥ ਪਿੱਛੇ ਖਿੱਚ ਰਹੀਆਂ ਹਨ। ਨਿੱਜੀ ਖੇਤਰ ਨੂੰ ਉਤਸ਼ਾਹਤ ਕਰਨ ਲਈ ਤੇ ਗਰੀਬਾਂ ਦਾ ਲਹੂ ਨਿਚੋੜਨ ਲਈ ਹਸਪਤਾਲਾਂ ਦਾ ਨਿੱਜੀਕਰਣ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਦੇਸ਼ ਦੀ ਅੱਧੇ ਤੋਂ ਵੀ ਵੱਧ ਗਰੀਬ ਜਨਤਾ, ਜੋ ਸਰਕਾਰ ਵੱਲ ਹੀ ਆਸ ਭਰੀਆਂ ਨਜ਼ਰਾਂ ਨਾਲ ਵੇਖਦੀ ਹੈ, ਉਸਦਾ ਕੀ ਬਣੂੰ? ਸਰਬ ਸ਼ਕਤੀਮਾਨ ਪ੍ਰਮਾਤਮਾ ਨੇ ਇੱਕ ਹੀ ਤਰ੍ਹਾਂ ਦਾ ਮਨੁੱਖ ਪੈਦਾ ਕੀਤਾ ਸੀ ਪਰ ਸਾਡੀਆਂ ਰਾਜਨੀਤਕ ਪਾਰਟੀਆਂ ਤੇ ਸਰਕਾਰਾਂ ਨੇ ਉਸਦੀ ਧਰਮਾਂ, ਜਾਤਾਂ ਤੇ ਵਰਗਾਂ ਵਿੱਚ ਵੰਡ ਕਰਕੇ ਏਕਤਾ ਦੀ ਬਜਾਏ ਵਖਰੇਵਾਂ ਪੈਦਾ ਕਰ ਦਿੱਤਾ ਹੈ। ਉਂਜ ਸਾਡੇ ਨੇਤਾ ਬਾਹਰਲੇ ਦੇਸ਼ਾਂ ਦੀਆਂ ਉਦਾਰਹਣਾਂ ਦਿੰਦੇ ਨਹੀਂ ਥੱਕਦੇ ਪਰ ਇੱਕ ਗੱਲ ਮੁਢੋਂ ਹੀ ਭੁੱਲ ਜਾਂਦੇ ਹਨ ਕਿ ਉਹਨਾਂ ਦੇਸ਼ਾਂ ਵਿੱਚ ਨਾਂ ਤਾਂ ਕੋਈ ਜਾਤਾਂ ਦਾ ਬਖੇੜਾ ਹੈ ਤੇ ਨਾ ਹੀ ਧਰਮਾਂ ਦਾ। ਉੱਥੇ ਤਾਂ ਕੇਵਲ ਕੰਮ ਦੀ ਹੀ ਪੂਜਾ ਹੁੰਦੀ ਹੈ। ਉੱਥੇ ਕੋਈ ਵੀ ਵੱਡਾ ਛੋਟਾ ਨਹੀਂ ਸਮਝਿਆ ਜਾਂਦਾ ਜਿਵੇਂ ਸਾਡੇ ਗੁਰੂਆਂ ਨੇ ਲੰਗਰ ਦੀ ਪ੍ਰਥਾ ਚਲਾ ਕੇ ਕੀਤਾ ਸੀ।
ਉੱਥੇ ਨੇਤਾ ਖੁਦ ਚੱਲ ਕੇ ਸਦਨ ਵਿੱਚ ਜਾਂਦੇ ਹਨ, ਕੋਈ ਨੌਕਰ ਚਾਕਰ ਨਹੀਂ ਹੁੰਦੇ। ਸਾਡੇ ਵੱਡੀ ਗਿਣਤੀ ਨੌਕਰਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਨੇਤਾ ਹੀ ਸਾਂਭੀ ਫਿਰਦੇ ਹਨ। ਉੱਥੇ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਓਬਾਮਾ ਵਰਗੇ ਨੇਤਾ ਵੀ ਰਿਟਾਇਰਮੈਂਟ ਉਪਰੰਤ ਨੌਕਰੀ ਕਰਦੇ ਹਨ। ਪਰ ਸਾਡੇ ਨੇਤਾ ਵੱਡੀਆਂ ਵੱਡੀਆਂ ਪੈਨਸ਼ਨਾਂ ਨਾਲ ਐਸ਼ ਕਰਦੇ ਹਨ ਤੇ ਆਮ ਬਜ਼ੁਰਗ ਲੋਕਾਂ ਦੇ ਮੂੰਹਾਂ ਵਿੱਚ 250 ਰੁਪਏ ਮਹੀਨਾ ਬਾਢਾਪਾ ਪੈਨਸ਼ਨ ਦਾ ਲੌਲੀ ਪੌਪ ਦਿੱਤਾ ਹੋਇਆ ਹੈ, ਉਹ ਵੀ ਪਤਾ ਨਹੀਂ ਲੱਗਦਾ ਉੱਠ ਦੇ ਬੁੱਲ੍ਹ ਵਾਂਗ ਕਦੋਂ ਡਿੱਗਦਾ ਹੈ। ਘਪਲੇ-ਘੋਟਾਲਿਆਂ ਦੀ ਲਿਸਟ ਇੱਥੇ ਦਿਨ ਪ੍ਰਤੀਦਿਨ ਵਧਦੀ ਹੀ ਜਾਂਦੀ ਹੈ। ਇੰਜ ਲੱਗਦਾ ਹੈ ਜਿਵੇਂ ਇਹ ਘਪਲੇ ਵੀ ਪ੍ਰਾਪਤੀ ਦਾ ਹੀ ਚਿੰਨ੍ਹ ਮਾਤਰ ਹੋਣ। ਵਿਜੇ ਮਾਲਵੀਆ, ਨੀਰਵ ਮੋਦੀ ਤੇ ਲਲਿਤ ਮੋਦੀ ਵਰਗੇ ਵੱਡੇ ਵੱਡੇ ਠੱਗ ਸਾਡੇ ਦੇਸ਼ ਦੇ ਕਰੋੜਾਂ ਰੁਪਇਆ ਡਕਾਰ ਕੇ ਐਸ਼ ਕਰ ਰਹੇ ਹਨ। ਦੇਸ਼ ਦਾ ਸਰਮਾਇਆ ਕੇਵਲ 5 ਤੋਂ 10 ਫੀਸਦੀ ਲੋਕਾਂ ਦੇ ਹੱਥਾਂ ਵਿੱਚ ਇਕੱਠਾ ਹੋ ਗਿਆ ਹੈ, ਜਿਨ੍ਹਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਵਿੱਚ ਵਿਦੇਸ਼ੀ ਮਹਿਮਾਨ ਸ਼ਿਰਕਤ ਕਰਦੇ ਹਨ ਤੇ ਦੂਜੇ ਪਾਸੇ ਦੇਸ਼ ਦੀ 40 ਕਰੋੜ ਦੇ ਕਰੀਬ ਅਬਾਦੀ ਅਜੇ ਵੀ ਅਜਿਹੀ ਹੈ, ਜਿਸਨੂੰ ਦੋ ਵੇਲੇ ਪੇਟ ਭਰ ਰੋਟੀ ਨਸੀਬ ਨਹੀਂ ਹੁੰਦੀ।
ਕਦੇ ਵੇਲਾ ਸੀ ਜਦੋਂ ਬਾਬੇ ਨਾਨਕ ਨੇ ਮਲਿਕ ਭਾਗੋ ਦੇ ਪਕਵਾਨਾਂ ਵਿੱਚੋਂ ਖੂਨ ਕੱਢ ਕੇ ਉਸਨੂੰ ਹੱਕ ਹਲਾਲ ਦੀ ਮਿਹਨਤ ਕਰਨ ਲਈ ਪ੍ਰੇਰਿਆ ਸੀ ਪਰ ਹੁਣ ਤਾਂ ਥਾਂ ਥਾਂ ਮਲਿਕ ਭਾਗੋ ਬੜੇ ਮਾਣ ਨਾਲ ਢਿੱਡ ’ਤੇ ਹੱਥ ਫੇਰ ਕੇ ਲਾਲੋਆਂ ਨੂੰ ਚਿੜਾਉਂਦੇ ਨਜ਼ਰ ਆਉਂਦੇ ਹਨ। ਕਦੇ ਰਫੇਲ ਸੌਦੇ ਦਾ ਰੌਲਾ ਪੈਣ ਲੱਗ ਜਾਂਦਾ ਹੈ ਤੇ ਕਦੇ ਈਵੀਐੱਮ ਮਸ਼ੀਨਾਂ ਦੀ ਹੈਕਿੰਗ ਦਾ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਪਣੇ ਮਨ ਕੀ ਬਾਤ ’ਤੇ ਹੀ ਜ਼ੋਰ ਦਿੰਦੇ ਹਨ, ਇਹੋ ਜਿਹੇ ਮਾਮਲਿਆਂ ਪ੍ਰਤੀ ਜਨਤਾ ਦੇ ਤੌਖਲੇ ਦੂਰ ਨਹੀਂ ਕਰਦੇ। ਸਮਾਂ ਬਹੁਤ ਬਦਲ ਚੁੱਕਾ ਹੈ। ਹੁਣ ਵੋਟਰ ਵੀ ਲੀਡਰਾਂ ਵਾਂਗ ਚਲਾਕ ਤੇ ਸਮਝਦਾਰ ਹੋ ਗਿਆ ਹੈ। ਰਾਂਖਵੇਂਕਰਣ ਵਰਗੇ ਕਈ ਲੌਲੀ ਪੌਪ ਲੀਡਰ ਚੌਣਾਂ ਨੇੜੇ ਹੀ ਲੋਕਾਂ ਦੇ ਮੂੰਹਾਂ ਵਿੱਚ ਥਮ੍ਹਾਉਣ ਦਾ ਯਤਨ ਕਰਦੇ ਹਨ। ਪਹਿਲੇ ਚਾਰ, ਸਾਢੇ ਚਾਰ ਸਾਲ ਉਹਨਾਂ ਨੂੰ ਵੋਟਰਾਂ ਦੀ ਯਾਦ ਕਿਉਂ ਨਹੀਂ ਆਉਂਦੀ। ਬੜਾ ਸਪਸ਼ਟ ਨਜ਼ਰ ਆਉਂਦਾ ਹੈ ਕਿ ‘ਆਇਆ ਰਾਮ ਤੇ ਗਿਆ ਰਾਮ’ ਦੀ ਨੀਤੀ ਅਜੇ ਵੀ ਬਰਕਰਾਰ ਹੈ। ਚੌਧਰ ਤੇ ਤਾਕਤ ਦੀ ਭਾਲ ਵਿੱਚ ਨੇਤਾ ਕਦੋਂ ਕਿਧਰੇ ਟਪੂਸੀ ਮਾਰ ਜਾਣ, ਪਤਾ ਹੀ ਨਹੀਂ ਲੱਗਦਾ। ਨਵੀਆਂ ਪਾਰਟੀਆਂ, ਨਵੇਂ ਨੇਤਾ ਤੇ ਨਵੇਂ ਭਰਮਜਾਲ਼ ਇਸ ਦੇਸ਼ ਦੀ ਕਿਸਮਤ ਬਣ ਗਏ ਜਾਪਦੇ ਹਨ ਤੇ ਵਿਚਾਰਾ ਆਮ ਆਦਮੀ ਜਾਂ ਵੋਟਰ ਤਾਂ ਇੱਕ ਕਠਪੁਤਲੀ ਜਾਂ ਖਰਬੂਜੇ ਦੀ ਭਾਂਤੀ ਵਿਚਰਨ ਨੂੰ ਮਜਬੂਰ ਹੋ ਗਿਆ ਹੈ। ਨੇਤਾ ਜਿਵੇਂ ਚਾਹੁਣ ਉਸਨੂੰ ਨਚਾਈ ਜਾਂਦੇ ਹਨ। ਲੱਗਦਾ ਹੈ ਕਿ ਪਿਛਲੇ ਸਾਲਾਂ ਵਾਂਗ ਹੀ 26 ਜਨਵਰੀ ਦਾ ਇਤਿਹਾਸਕ ਦਿਨ ਇਸ ਵਾਰ ਫਿਰ ਵਾਅਦਿਆਂ, ਲਾਰਿਆਂ ਤੇ ਸਬਜ਼ਬਾਗਾਂ ਦੀ ਭੇਟ ਚੜ੍ਹ ਕੇ ਇਤਿਹਾਸ ਦੀ ਲੜੀ ਵਿੱਚ ਇੱਕ ਹੋਰ ਮਣਕਾ ਪਰੋ ਦੇਵੇਗਾ?
ਇਹੋ ਜਿਹੇ ਇਤਿਹਾਸਕ ਦਿਨ ਕੇਵਲ ਪ੍ਰੋਗਰਾਮ ਬਣਾ ਕੇ, ਝਾਕੀਆਂ ਸਜਾਕੇ ਤੇ ਕੁਝ ਲੋਕਾਂ ਨੂੰ ਸਨਮਾਨਤ ਕਰਨ ਨਾਲ ਹੀ ਨਹੀਂ ਸਿਰੇ ਚੜ੍ਹਦੇ। ਲੋੜ ਹੈ ਇਨ੍ਹਾਂ ਦਿਨਾਂ ਨੂੰ ਲੋਕਾਂ ਦੇ ਚੇਤਿਆਂ ਵਿੱਚ ਉਭਾਰਨ ਦੀ। ਲੋਕ ਕਿਵੇਂ ਅਜਿਹੇ ਦਿਨਾਂ ਨੂੰ ਆਪਣੀ ਜਵਿਨ ਸ਼ੈਲੀ ਦਾ ਹਿੱਸਾ ਬਣਾਉਣ ਇਹ ਯਤਨ ਹੋਣੇ ਚਾਹੀਦੇ ਹਨ। ਮਹਿਜ਼ ਫੋਟੋਆਂ ਲੁਹਾ ਕੇ ਤੇ ਮੀਡੀਆ ਰਾਹੀਂ ਪਰਚਾਰ ਕੇ ਇਤਿਹਾਸਕ ਯਾਦਗਾਰਾਂ ਲੋਕਾਂ ਦੀ ਯਾਦਾਸ਼ਤ ਦਾ ਹਿੱਸਾ ਨਹੀਂ ਬਣ ਜਾਂਦੀਆਂ। ਜਿੰਨਾ ਚਿਰ ਤੱਕ ਨੇਤਾ ਤੇ ਲੋਕ ਅਜਿਹੇ ਵਕਤਾਂ ਦੀ ਸਿੱਖਿਆ ਨੂੰ ਖੁਦ ਨਹੀਂ ਅਪਣਾਉਂਦੇ ਤੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦੇ, ਮਕਸਦ ਸਫਲ ਹੋਣਾ ਮੁਸ਼ਕਿਲ ਹੈ। ਕਹਿਣੀ ਤੇ ਕਰਨੀ ਵਿੱਚ ਸੁਮੇਲ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
*****
(1464)
ਕੌਮੀ ਕਵੀ ਦਰਬਾਰ ਦਾ ਲਿੰਕ: https://www.facebook.com/425307160891414/videos/950522498669240/
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)