DarshanSRiar7ਯੂਰੀਆ ਖਾਦ, ਡਿਟਰਜੈਂਟ ਪਾਊਡਰ ਤੇ ਈਜੀ ਵਰਗੇ ਕੈਮੀਕਲ ਵਰਤ ਕੇ ...
(20 ਜਨਵਰੀ 2020)

 

ਪੰਜਾਬੀ ਸੱਭਿਆਚਾਰ ਵਿੱਚ ਦੁੱਧ ਅਤੇ ਪੁੱਤ ਬੜੇ ਹੀ ਸੰਜੀਦਾ ਵਿਸ਼ੇ ਹਨਜੇ ਵੰਸ਼ ਚਲਾਉਣ ਲਈ ਪੁੱਤ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਤਾਂ ਸਰੀਰਕ ਤੰਦਰੁਸਤੀ ਤੇ ਤਾਕਤ ਲਈ ਦੁੱਧ ਦੀ ਵੀ ਅਹਿਮ ਥਾਂ ਹੈਇੱਥੋਂ ਤੱਕ ਕਿ ਪੁਰਾਤਨ ਸਮਿਆਂ ਵਿੱਚ ਲੋਕ ਦੁੱਧ ਵੇਚਣ ਤੋਂ ਬਹੁਤ ਗੁਰੇਜ਼ ਕਰਦੇ ਸਨਕੰਮ ਚਲਾਉਣ ਜਾਂ ਡੰਗ ਟਪਾਉਣ ਲਈ ਉਧਾਰ ਦੁੱਧ ਦੇਣ ਦਾ ਤਾਂ ਪ੍ਰਾਵਧਾਨ ਸੀ ਪਰ ਪਿੰਡਾਂ ਥਾਂਵਾਂ ਵਿੱਚ ਲੋਕ ਦੁੱਧ ਨਹੀਂ ਸਨ ਵੇਚਦੇਜੇ ਕੋਈ ਫਿਰ ਵੀ ਪਿੰਡ ਵਾਲਿਆਂ ਤੋਂ ਬਾਹਰਾ ਹੋ ਕੇ ਦੁੱਧ ਵੇਚਦਾ ਸੀ ਤਾਂ ਉਸਦਾ ਬਾਈਕਾਟ ਤੱਕ ਹੋ ਜਾਂਦਾ ਤੇ ਪਿੰਡ ਵਾਲੇ ਉਸ ਨੂੰ ਨਫਰਤ ਨਾਲ ਵੇਖਣ ਲੱਗ ਜਾਂਦੇ ਸਨਵਿਆਹਾਂ ਸ਼ਾਦੀਆਂ ਵੇਲੇ ਲੋੜ ਪੂਰੀ ਕਰਨ ਲਈ ਵੀ ਘਰ ਪ੍ਰਤੀ ਬਾਂਧ ਲਗਾਈ ਹੁੰਦੀ ਸੀ ਤਾਂ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇਸ਼ਹਿਰਾਂ ਵਿੱਚ ਤਾਂ ਭਾਵੇਂ ਵਪਾਰੀਕਰਣ ਕਾਫੀ ਪਹਿਲਾਂ ਆ ਚੁੱਕਾ ਸੀ ਪਰ ਪਿੰਡਾਂ ਵਿੱਚ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ

ਵਕਤ ਦੇ ਬਦਲਣ ਨਾਲ ਬੜਾ ਕੁਝ ਬਦਲ ਗਿਆ ਹੈਹੁਣ ਦੁੱਧ ਪਿੰਡਾਂ ਵਿੱਚ ਵੀ ਆਮ ਵਿਕਣ ਲੱਗ ਪਿਆ ਹੈਇੱਥੋਂ ਤੱਕ ਕਿ ਹੁਣ ਇਹ ਰੋਟੀ ਰੋਜ਼ੀ ਦਾ ਸਾਧਨ ਜਾਂ ਫਿਰ ਕਮਾਈ ਦਾ ਵੱਡਾ ਕਿੱਤਾ ਬਣ ਗਿਆ ਹੈਡੇਅਰੀ ਫਾਰਮ ਤੇ ਮਿਲਕਫੈੱਡ ਵਰਗੇ ਅਦਾਰੇ ਹੋਂਦ ਵਿੱਚ ਆ ਗਏ ਹਨਗੱਡੀਆਂ, ਮੋਟਰਾਂ ਤੇ ਹੋਰ ਵੱਖ ਵੱਖ ਸਾਧਨਾਂ ਰਾਹੀਂ ਅੱਜ ਦੁੱਧ ਦੇਸ਼ ਦੇ ਦੂਰ ਦੁਰਾਢੇ ਹਿੱਸਿਆਂ ਵਿੱਚ ਪਹੁੰਚ ਜਾਂਦਾ ਹੈਦੁੱਧ ਦੇ ਨਾਲ ਨਾਲ ਅੱਜਕੱਲ ਲਾਲਚੀ ਲੋਕਾਂ ਨੇ ਪੁੱਤ ਵੀ ਵਿਕਾਊ ਲਾ ਦਿੱਤੇ ਹਨਮਾਲਵਾ ਖਿੱਤਾ ਇਸ ਕੁਰੀਤੀ ਲਈ ਕੁਝ ਜ਼ਿਆਦਾ ਹੀ ਬਦਨਾਮ ਹੋ ਗਿਆ ਹੈਮੁਸ਼ਕਲ ਭਾਂਪ ਕੇ ਸਰਕਾਰ ਨੂੰ ਦਹੇਜ ਪ੍ਰਥਾ ਰੋਕਣ ਲਈ ਕਾਨੂੰਨ ਵੀ ਬਣਾਉਣਾ ਪਿਆ ਹੈ ਪਰ ਲੋਕ ਹਾਲੇ ਵੀ ਚੋਰ ਮੋਰੀਆਂ ਰਾਹੀਂ ਹਵਸ ਪੂਰੀ ਕਰਨ ਲਈ ਪੂਰੀ ਵਾਹ ਲਾਉਂਦੇ ਹਨਅਸਲ ਵਿੱਚ ਕਾਨੂੰਨ ਤਾਂ ਡਰ ਪੈਦਾ ਕਰਨ ਲਈ ਹੁੰਦੇ ਹਨ ਪਰ ਜਿਹੜੇ ਲੋਕ ਡਰ ਅਤੇ ਸ਼ਰਮ ਲਾਹ ਲੈਣ ਉਹਨਾਂ ਉੱਤੇ ਕਾਨੂੰਨਾਂ ਦਾ ਵੀ ਉੰਨਾ ਅਸਰ ਨਹੀਂ ਹੁੰਦਾ

ਦੁੱਧ ਦੀ ਖਪਤ ਦਿਨ ਬਦਿਨ ਵਧਦੀ ਜਾਂਦੀ ਹੈ ਪਰ ਪੈਦਾਵਾਰ ਉਸ ਅਨੁਪਾਤ ਵਿੱਚ ਨਹੀਂ ਵਧ ਰਹੀਵਾਧੂ ਲੋੜ ਨੇ ਗਲਤ ਅਨਸਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਤੇ ਉਹਨਾਂ ਨੇ ਮਿਲਾਵਟ ਦਾ ਸਹਾਰਾ ਲੈ ਕੇ, ਨਕਲੀ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈਇੱਕ ਅੰਦਾਜ਼ੇ ਮੁਤਾਬਕ ਸਾਡੇ ਦੇਸ਼ ਵਿੱਚ ਰੋਜ਼ਾਨਾ ਦੁੱਧ ਦੀ ਖਪਤ 64 ਲੱਖ ਕਰੋੜ ਲਿਟਰ ਹੈ ਪਰ ਉਤਪਾਦਨ 15 ਤੋਂ 16 ਲੱਖ ਕਰੋੜ ਲਿਟਰ ਹੈਸਪਸ਼ਟ ਹੈ ਕਿ ਲੋੜ ਪੂਰੀ ਕਰਨ ਲਈ ਨਕਲੀ ਦੁੱਧ ਤਿਆਰ ਹੁੰਦਾ ਹੈਅਬਾਦੀ ਤਾਂ ਧੜਾਧੜ ਵਧਦੀ ਜਾਂਦੀ ਹੈ ਤੇ ਉਪਜਾਊ ਜਮੀਨ ਘਟਦੀ ਜਾਂਦੀ ਹੈਦੁਧਾਰੂ ਪਸ਼ੂ ਵੀ ਤੇਜ਼ੀ ਨਾਲ ਘਟ ਰਹੇ ਹਨਖਰਚੇ ਲਗਾਤਾਰ ਵਧ ਰਹੇ ਹਨਫਿਰ ਦੁੱਧ ਦਾ ਉਤਪਾਦਨ ਕਿਵੇਂ ਪੂਰਾ ਹੋਵੇ? ਇਸ ਪ੍ਰਵਿਰਤੀ ਨੇ ਗਲਤ ਸੋਚ ਵਾਲੇ ਲੋਕਾਂ ਨੂੰ ਉਤਸ਼ਾਹਤ ਕੀਤਾ ਹੈ ਤੇ ਉਹਨਾਂ ਨੇ ਲੋਕਾਂ ਦੀ ਸਿਹਤ ਨੂੰ ਛਿੱਕੇ ਟੰਗ ਕੇ ਹਰ ਹੀਲੇ ਲਾਭ ਕਮਾਉਣ ਦੇ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ ਹਨਪਹਿਲਾਂ ਪਹਿਲ ਦੋਧੀ ਲੋਕ ਦੁੱਧ ਵਿੱਚ ਕੇਵਲ ਪਾਣੀ ਮਿਲਾ ਕੇ ਹੀ ਉਸਦੀ ਮਾਤਰਾ ਵਿੱਚ ਵਾਧਾ ਕਰਦੇ ਸਨ ਪਰ ਜਦੋਂ ਪਤਲਾ ਹੋ ਜਾਣ ਕਾਰਨ ਅਤੇ ਗੰਦੇ ਥਾਂਵਾਂ, ਛੱਪੜਾਂ ਆਦਿ ਦਾ ਪਾਣੀ ਮਿਲਾਉਣ ਕਾਰਨ ਦੁੱਧ ਦੇ ਮਿਆਰ ਵਿੱਚ ਗਿਰਾਵਟ ਆਈ ਤਾਂ ਮਿਲਾਵਟ ਦਾ ਇਹ ਢੰਗ ਨਕਾਰਾ ਹੋ ਗਿਆ

ਫਿਰ ਦੁੱਧ ਦੀ ਘਣਤਾ ਵਧਾਉਣ ਲਈ ਸਟਾਰਚ ਅਤੇ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਮਿਲਾਉਣ ਦੇ ਚਰਚੇ ਸ਼ੁਰੂ ਹੋ ਗਏਪਿੰਡਾਂ ਤੋਂ ਆਉਂਦੇ ਦੋਧੀ ਕਰੀਮ ਕੱਢਣ ਵਾਲੇ ਸੈਂਟਰਾਂ ਤੇ ਮਖੀਲ ਦੀਆਂ ਮੱਖੀਆਂ ਵਾਂਗ ਜਮ੍ਹਾਂ ਹੋਣ ਲੱਗੇਪਹਿਲਾਂ ਕਰੀਮ ਕਢਵਾ ਕੇ ਦੁੱਧ ਨੂੰ ਪਾਣੀ ਵਰਗਾ ਪਤਲਾ ਬਣਾ ਲੈਣਾ ਤੇ ਫਿਰ ਉਸ ਵਿੱਚ ਪਾਊਡਰ ਘੋਲ ਕੇ ਉਸਨੂੰ ਸੰਘਣਾ ਅਤੇ ਸੁਆਦੀ ਬਣਾਉਣਾ ਦੁੱਧ ਸਪਲਾਈ ਕਰਨ ਵਾਲਿਆਂ ਦੀ ਹੱਥ ਦੀ ਸਫਾਈ ਬਣ ਗਈਪਰ ਇਸ ਤੋਂ ਵੀ ਘਟੀਆ ਕਿਸਮ ਦੀ ਮਿਲਾਵਟ ਤਾਂ ਸਿੰਥੈਟਿਕ ਅਤੇ ਜ਼ਹਿਰੀਲਾ ਦੁੱਧ ਸਪਲਾਈ ਕਰਕੇ ਕੈਂਸਰ ਦੀ ਨਾਮੁਰਾਦ ਬੀਮਾਰੀ ਦਾ ਪ੍ਰਸਾਰ ਕਰਨਾ ਹੈਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿੱਥੇ ਮਨੁੱਖਤਾ ਨਾਲ ਖੇਡਣ ਵਾਲੇ ਵਣਜਾਰੇ ਡੁਪਲੀਕੇਟ ਅਥਵਾ ਸਿੰਥੈਟਿਕ ਦੁੱਧ ਦੇ ਉਤਪਾਦਨ ਬਾਰੇ ਚਾਨਣਾ ਪਾਉਂਦੇ ਹਨਯੂਰੀਆ ਖਾਦ, ਡਿਟਰਜੈਂਟ ਪਾਊਡਰ ਤੇ ਈਜੀ ਵਰਗੇ ਕੈਮੀਕਲ ਵਰਤ ਕੇ ਮਨੁੱਖਤਾ ਦੇ ਵਣਜਾਰੇ ਮਨੁੱਖੀ ਜਾਨਾਂ ਨਾਲ ਧ੍ਰੋਹ ਕਮਾਉਂਦੇ ਹਨਡਿਟਰਜੈਂਟ ਪਾਊਡਰ ਵਰਤ ਕੇ ਦੁੱਧ ਵਰਗਾ ਹੀ ਚਿੱਟਾ, ਗਾੜ੍ਹਾ ਤੇ ਸੰਘਣਾ ਦੁੱਧ ਤਿਆਰ ਕਰਕੇ, ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ, ਦੁੱਧ ਦੇ ਵਣਜਾਰੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਕਰ ਜਾਂਦੇ ਹਨ ਤੇ ਲਾਭ ਵੀ ਕਮਾ ਲੈਂਦੇ ਹਨਅਜਿਹੇ ਸਿੰਥੈਟਿਕ ਦੁੱਧ ਤੋਂ ਤਿਆਰ ਖੋਆ ਅਤੇ ਪਨੀਰ ਬਣਾ ਕੇ ਮਾਰਕੀਟ ਵਿੱਚ ਲੋਕਾਂ ਦੇ ਮਰਨ ਤੇ ਬੀਮਾਰੀਆਂ ਦਾ ਸ਼ਿਕਾਰ ਹੋਣ ਲਈ ਸਪਲਾਈ ਕਰ ਦਿੱਤਾ ਜਾਂਦਾ ਹੈ

ਤਿਉਹਾਰਾਂ ਦੇ ਨੇੜੇ ਤਾਂ ਅਜਿਹੇ ਮਿਲਾਵਟੀ ਅਨਸਰ ਜ਼ਿਆਦਾ ਹਰਕਤ ਵਿੱਚ ਆਉਂਦੇ ਹਨਅਸਲੀ ਦੁੱਧ ਦੀ ਕਮੀ ਮਿਲਾਵਟ ਨੂੰ ਜ਼ਿਆਦਾ ਉਤਸ਼ਾਹਿਤ ਕਰਦੀ ਹੈਭਾਵੇਂ ਮਿਲਾਵਟ ਰੋਕਣ ਲਈ ਦੁੱਧ ਦੀ ਸ਼ੁੱਧਤਾ ਚੈੱਕ ਕਰਨ ਲਈ ਵੀ ਸਿਹਤ ਵਿਭਾਗ ਦਾ ਵੱਡਾ ਅਮਲਾ ਫੈਲਾ ਤਾਇਨਾਤ ਹੈ ਤੇ ਤਿਉਹਾਰਾਂ ਦੇ ਨੇੜੇ ਅਕਸਰ ਛਾਪੇਮਾਰੀ ਦੀਆਂ ਘਟਨਾਵਾਂ ਵਿੱਚ ਵੀ ਤੇਜ਼ੀ ਆਉਂਦੀ ਹੈ ਪਰ ਜਿਸ ਪੱਧਰ ਤੇ ਮਿਲਾਵਟ ਕਰਨ ਵਾਲੇ, ਦੁੱਧ ਵੇਚਣ ਵਾਲਿਆਂ ਤੇ ਮਠਿਆਈਆਂ ਬਣਾ ਕੇ ਵੇਚਣ ਵਾਲਿਆਂ ਦੀ ਗਿਣਤੀ ਹੈ, ਉਸ ਪੱਧਰ ਉੱਤੇ ਚੈੱਕ ਕਰਨ ਵਾਲੇ ਮੌਜੂਦ ਹੀ ਨਹੀਂ ਹਨਫਿਰ ਮਿਲਾਵਟ ਕਰਨ ਵਾਲੇ ਹੋਰ ਹੁੰਦੇ ਹਨ ਤੇ ਸਪਲਾਈ ਕਰਨ ਵਾਲੇ ਹੋਰਚੋਰੀ ਕਰਨ ਵਾਲੇ ਉਂਝ ਵੀ ਚੋਰੀ ਫੜਨ ਵਾਲਿਆਂ ਨਾਲੋਂ ਜ਼ਿਆਦਾ ਸਤਰਕ ਹੁੰਦੇ ਹਨਹੁਣ ਤਾਂ ਇਹ ਰੋਜ਼ਮਰਾ ਦਾ ਹੀ ਕੰਮ ਬਣ ਗਿਆ ਹੈਜਦੋਂ ਮੰਗ ਅਤੇ ਸਪਲਾਈ ਵਿੱਚ ਅੱਧੋ ਅੱਧ ਦਾ ਫਰਕ ਹੋਵੇਗਾ ਤਾਂ ਹੇਰਾਫੇਰੀ ਹੋਵੇਗੀ ਹੀਜਾਂ ਤਾਂ ਲੋਕਾਂ ਦਾ ਨੈਤਿਕ ਪੱਧਰ ਬਹੁਤ ਉੱਚਾ, ਸੁੱਚਾ ਤੇ ਸਾਫ ਹੋਵੇਲੋਕ ਨੇਤਿਕ ਕਦਰਾਂ ਕੀਮਤਾਂ ਦਾ ਸਨਮਾਨ ਕਰਨ ਵਾਲੇ ਅਤੇ ਅਨੁਸ਼ਾਸਿਤ ਹੋਣਹੱਕ ਸੱਚ ਉੱਤੇ ਪਹਿਰਾ ਦੇਣਾ ਮਾਣ ਸਮਝਦੇ ਹੋਣਪਰ ਸਾਡੇ ਇੱਥੇ ਲੋਕ ਬਾਬੇ ਨਾਨਕ ਦੀਆਂ ਜਨਮ ਸ਼ਤਾਬਦੀਆਂ ਮਨਾਉਣ ਲਈ ਤਾਂ ਬੜੀ ਉਚੇਚ ਦਾ ਵਿਖਾਵਾ ਕਰਦੇ ਹਨ ਪਰ ਉਸ ਮਹਾਨ ਸ਼ਖਸੀਅਤ ਦੀਆਂ ਸਿੱਖਿਆਵਾਂ ਦੇ ਨੇੜਿਉਂ ਵੀ ਨਹੀਂ ਲੰਘਦੇਜਿੱਥੇ ਲੁੱਟ-ਖੋਹ ਹਾਵੀ ਹੋਵੇ, ਧੀਆਂ ਭੈਣਾਂ ਦੀ ਇੱਜ਼ਤ ਆਬਰੂ ਮਹਿਫੂਜ ਨਾ ਹੋਵੇ, ਉੱਥੇ ਮਿਲਾਵਟ ਨੂੰ ਨੈਤਿਕਤਾ ਨਾਲ ਜੋੜਨ ਦੀ ਕੋਈ ਤੁਕ ਨਜ਼ਰ ਨਹੀਂ ਆਉਂਦੀਜਿਸ ਵੀ ਕਿੱਤੇ ਰਾਹੀਂ ਕੋਈ ਆਪਣੀ ਉਪਜੀਵਕਾ ਕਮਾਉਂਦਾ ਹੈ, ਉਹ ਉਸ ਲਈ ਬਹੁਤ ਪਵਿੱਤਰ ਹੁੰਦਾ ਹੈਪਰ ਸਾਡੇ ਇੱਥੇ ਤਾਂ ਬੇਈਮਾਨੀ ਮੁੱਢ ਤੋਂ ਹੀ ਸ਼ੁਰੂ ਹੋ ਜਾਂਦੀ ਹੈਨੌਕਰੀ ਰੁਜ਼ਗਾਰ ਦੀ ਗੱਲ ਛਿੜੇ ਤਾਂ ਪਹਿਲਾਂ ਸਵਾਲ ਉੱਪਰਲੀ ਕਮਾਈ ਦਾ ਪੁੱਛਿਆ ਜਾਂਦਾ ਹੈਇਹ ਉੱਪਰਲੀ ਕਮਾਈ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈਜਿੰਨਾ ਚਿਰ ਤੱਕ ਇਹ ਸਾਡੀ ਸੋਚ ਵਿੱਚੋਂ ਮਨਫੀ ਨਹੀਂ ਹੁੰਦੀ, ਸ਼ੁੱਧਤਾ ਆਉਣੀ ਅਸੰਭਵ ਹੈ

ਸਿਧਾਂਤ ਅਤੇ ਵਿਹਾਰ ਵਿੱਚ ਜਦ ਤੱਕ ਸੁਮੇਲ ਨਹੀਂ ਆਉਂਦਾ, ਟੀਚਾ ਪ੍ਰਾਪਤ ਨਹੀਂ ਹੋ ਸਕਦਾਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਵਿੱਚ ਵੀ ਪੁਲਸ ਹੈ ਤੇ ਚੰਡੀਗੜ੍ਹ ਵਿੱਚ ਵੀ ਪੁਲਸ ਹੈਚੰਡੀਗੜ੍ਹ ਦੀ ਹੱਦ ਅੰਦਰ ਦਾਖਲ ਹੁੰਦਿਆਂ ਹੀ ਟਰੈਫਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਸ਼ੁਰੂ ਹੋ ਜਾਂਦੀ ਹੈ ਜੋ ਪੰਜਾਬ ਦੀ ਹੱਦ ਅੰਦਰ ਰੜਕਦੀ ਹੈ, ਕਿਉਂ? ਜੇ ਸਾਰੇ ਲੋਕ ਆਪੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਸ਼ੁਰੂ ਕਰ ਦੇਣ, ਅਧਿਕਾਰਾਂ ਅਤੇ ਫਰਜ਼ਾਂ ਉੱਤੇ ਈਮਾਨਦਾਰੀ ਨਾਲ ਪਹਿਰਾ ਦੇਣ ਲੱਗ ਜਾਣ ਤਾਂ ਪੰਜਾਹ ਫੀਸਦੀ ਦੁਰਘਟਨਾਵਾਂ ਆਪਣੇ ਆਪ ਖਤਮ ਹੋ ਜਾਣਗੀਆਂਚੰਗਾ-ਮਾੜਾ ਤੇ ਨੈਤਿਕਤਾ ਦਾ ਅਹਿਸਾਸ ਜੇ ਸਾਰਿਆਂ ਨੂੰ ਹੋ ਜਾਵੇ ਤਾਂ ਪੰਜਾਹ ਫੀਸਦੀ ਜੁਲਮਾਂ ਨੂੰ ਵੀ ਆਪਣੇ ਆਪ ਠੱਲ੍ਹ ਪੈ ਸਕਦੀ ਹੈਚੈੱਕ ਕਰਨ ਵਾਲੇ ਅਤੇ ਰੋਕਣ ਵਾਲੇ ਵੀ ਜੇ ਤਨੋ ਮਨੋ ਸਤਰਕ ਤੇ ਜ਼ਿੰਮੇਵਾਰ ਹੋ ਜਾਣ, ਸਵਾਰਥ, ਸਿਫਾਰਸ਼ ਤੇ ਲਾਲਚ ਦਰਕਿਨਾਰ ਕਰ ਦੇਣ ਤਾਂ ਇਹ ਭਾਰਤ ਅਤੇ ਪੰਜਾਬ ਕੈਨੇਡਾ ਤੇ ਇੰਗਲੈਂਡ ਵਰਗੇ ਅਗਾਂਹਵਧੂ ਦੇਸ਼ਾਂ ਨਾਲੋਂ ਕਿਤੇ ਅੱਗੇ ਨਿਕਲ ਜਾਵੇਗਾਪਰ ਇਹ “ਜੇ” ਦੀ ਸ਼ਰਤ ਤਾਂ ਹੀ ਪੂਰੀ ਹੋਵੇਗੀ ਜੇ ਅਸੀਂ ਵਰਕ ਕਲਚਰ ਨੂੰ ਅਪਣਾਵਾਂਗੇਬਾਬੇ ਨਾਨਕ ਦੀ ਕ੍ਰਿਤ ਕਰਨ ਦੀ ਭਾਵਨਾ ਉੱਤੇ ਪਹਿਰਾ ਦੇਵਾਂਗੇ ਤੇ ਉਸ ਨੂੰ ਅਪਣਾਵਾਂਗੇਜੇ ਅਸੀਂ ਦੂਜਿਆਂ ਨੂੰ ਉਪਦੇਸ਼ ਦੇਣੇ ਜਾਰੀ ਰੱਖਾਂਗੇ ਤੇ ਸਾਡੇ ਆਪਣੇ ਅੰਦਰੋਂ ਮਲਿਕ ਭਾਗੋ ਵਾਲੀ ਬਿਰਤੀ ਖਤਮ ਹੀ ਨਹੀਂ ਹੋਵੇਗੀ, ਚੌਧਰ ਤੇ ਲਾਲਸਾ ਖਤਮ ਨਹੀਂ ਹੋਵੇਗੀ, ਆਪਣੇ ਤੇ ਪਰਾਏ ਦਾ ਫਰਕ ਖਤਮ ਨਹੀਂ ਹੋਵੇਗਾ, ਜਿੰਨੇ ਮਰਜ਼ੀ ਵੱਡੇ ਪੱਧਰ ਉੱਤੇ ਅਸੀਂ ਦਿਨ ਤਿਉਹਾਰ ਮਨਾ ਲਈਏ, ਲੋਕ ਮਨਾਂ ਉੱਤੇ ਉਹ ਕੋਈ ਛਾਪ ਨਹੀਂ ਛੱਡਣਗੇ

ਨਿਊਜ਼ੀਲੈਂਡ, ਆਸਟਰੇਲੀਆ ਜਾਂ ਕੈਨੇਡਾ ਵਰਗੇ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਆਪ ਮੁਹਾਰੇ ਅੱਖਾਂ ਖੁੱਲ੍ਹ ਜਾਣਗੀਆਂਉਹਨਾਂ ਦੇਸ਼ਾਂ ਵਿੱਚ ਦੁੱਧ ਉਤਪਾਦਨ ਲਈ ਵੱਡੇ ਵੱਡੇ ਡੇਅਰੀ ਫਾਰਮਜ਼ ਹਨਦੁਧਾਰੂ ਪਛੂ ਉੱਥੇ ਵੀ ਬੀਮਾਰ ਹੁੰਦੇ ਹਨਪਰ ਉੱਥੇ ਜਦ ਕਿਸੇ ਵੀ ਪਸ਼ੂ ਨੂੰ ਕੋਈ ਐਂਟੀਬਾਇਟਕ ਦਵਾਈ ਦਿੱਤੀ ਜਾਂਦੀ ਹੈ, ਜਿੰਨੇ ਦਿਨ ਤੱਕ ਉਸਦੇ ਅੰਦਰ ਦਵਾਈ ਦੇ ਅੰਸ਼ ਆਉਂਦੇ ਹਨ, ਉਂਨੇ ਦਿਨ ਤੱਕ ਉਸਦਾ ਦੁੱਧ ਵਰਤਿਆ ਨਹੀਂ ਜਾਂਦਾ, ਰੋੜ੍ਹ ਦਿੱਤਾ ਜਾਂਦਾ ਹੈਪਰ ਸਾਡੇ ਇੱਥੇ ਤਾਂ ਬਹੁਤੇ ਉਤਪਾਦਕ ਦੁੱਧ ਚੋਂਦੇ ਹੀ ਟੀਕਿਆਂ ਦੀ ਬਦੌਲਤ ਹਨਉਹ ਸਾਰਾ ਕੈਮੀਕਲ ਮਨੁੱਖਾਂ ਦੇ ਅੰਦਰ ਹੀ ਜਾਂਦਾ ਹੈਇਸ ਨਾਲ ਜਣਨ ਅੰਗ ਪ੍ਰਭਾਵਤ ਹੁੰਦੇ ਹਨਇੱਥੇ ਹੀ ਬੱਸ ਨਹੀਂ, ਪਸ਼ੂਆਂ ਨੂੰ ਪਾਏ ਜਾਣ ਵਾਲੇ ਚਾਰੇ ਅਤੇ ਵੀ ਖਾਦਾਂ ਤੇ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਹੁੰਦੀ ਹੈਜਿਹੜੇ ਰਸਾਇਣ ਖੁਰਾਕੀ ਤੱਤਾਂ ਰਾਹੀਂ ਪਸ਼ੂਆਂ ਦੇ ਅੰਦਰ ਜਾਣਗੇ, ਨਿਸਚੇ ਹੀ ਉਹ ਦੁੱਧ ਵਿੱਚ ਵੀ ਆਉਣਗੇ ਤੇ ਮਨੁੱਖਾਂ ਅੰਦਰ ਵੀ ਜਾਣਗੇਫਿਰ ਸ਼ੁੱਧਤਾ ਕਿੱਥੋਂ ਆਵੇਗੀ? ਦੁੱਧ ਮਨੁੱਖਤਾ ਦੇ ਹਰ ਵਰਗ ਲਈ ਜ਼ਰੂਰੀ ਖੁਰਾਕੀ ਤੱਤ ਹੈਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਸਾਰਿਆਂ ਲਈ ਇਸਦੀ ਬਹੁਤ ਅਹਿਮੀਅਤ ਹੈਇੱਕ ਸਾਲ ਤੱਕ ਦੀ ਉਮਰ ਵਾਲੇ ਬੱਚੇ, ਜਿਹੜੇ ਬਿਲਕੁਲ ਦੁੱਧ ਉੱਤੇ ਨਿਰਭਰ ਕਰਦੇ ਹਨ ਤੇ ਅਜੋਕੀਆਂ ਮਾਵਾਂ ਆਪਣਾ ਦੁੱਧ ਪਿਲਾਉਣ ਤੋਂ ਬਿਲਕੁਲ ਹਿਚਕਚਾਉਂਦੀਆਂ ਹਨ ਜੇ ਉਹਨਾਂ ਨੂੰ ਸ਼ੁੱਧ ਦੁੱਧ ਨਹੀਂ ਮਿਲਦਾ, ਉਹਨਾਂ ਦੀ ਸ਼ੁਰੂਆਤ ਹੀ ਮਿਲਾਵਟੀ ਖੁਰਾਕ ਨਾਲ ਹੋਵੇਗੀਉਹ ਕਿੰਨੇ ਕੁ ਸਿਹਤਮੰਦ ਤੇ ਨਿਰੋਗ ਹੋਣਗੇ? ਬੀਮਾਰੀਆਂ ਸ਼ੁਰੂ ਤੋਂ ਹੀ ਉਹਨਾਂ ਨੂੰ ਘੇਰ ਲੈਣਗੀਆਂਫਿਰ ਨੌਜਵਾਨ ਕਿਹੋ ਜਿਹੇ ਹੋਣਗੇ ਤੇ ਬਜ਼ੁਰਗ ਹਸਪਤਾਲਾਂ ਤੋਂ ਕਿੰਨਾ ਕੁ ਬਚ ਸਕਣਗੇ?

ਇਸ ਲਈ ਮਨੁੱਖ ਦੀ ਪ੍ਰਮੁੱਖ ਖੁਰਾਕ, ਦੁੱਧ ਦੀ ਸ਼ੁੱਧਤਾ ਲਈ ਜਗਤ ਗੁਰੂ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਦ੍ਰਿੜ੍ਹਤਾ ਨਾਲ ਆਪਣੇ ਜੀਵਨ ਦਾ ਮੁੱਖ ਹਿੱਸਾ ਬਣਾ ਕੇ ਕਿਰਤ ਕਰਨ ਅਤੇ ਵੰਡ ਛਕਣ ਨੂੰ ਸਿਧਾਂਤਕ ਤੇ ਵਿਹਾਰਕ ਤੌਰ ਉੱਤੇ ਅਪਣਾ ਕੇ ਆਪਣੀ ਜੀਵਨ ਜਾਂਚ ਨੂੰ ਬਦਲਣਾ ਬਹੁਤ ਜ਼ਰੂਰੀ ਹੈਤੇਜ਼ੀ ਨਾਲ ਵਧ ਰਹੀ ਅਬਾਦੀ ਸਾਰੀਆਂ ਸਮੱਸਿਆਵਾਂ ਦੀ ਵੱਡੀ ਜੜ੍ਹ ਹੈਨੈਤਿਕ ਕਦਰਾਂ ਕੀਮਤਾਂ ਉੱਤੇ ਡਟ ਕੇ ਪਹਿਰਾ ਦੇਣ ਤੇ ਲਾਲਚ, ਭੈਅ, ਸਵਾਰਥ ਤੋਂ ਬਚ ਕੇ ਈਮਾਨਦਾਰੀ ਨਾਲ ਅਨੁਸ਼ਾਸਤ ਹੋ ਕੇ ਆਪਣੀ ਰੋਟੀ ਰੋਜ਼ੀ ਨੂੰ ਵੀ ਪਾਕ ਪਵਿੱਤਰ ਬਣਾਇਆ ਜਾਵੇ ਤੇ ਹੱਕ ਸੱਚ ਉੱਤੇ ਡਟ ਕੇ ਪਹਿਰਾ ਦਿੱਤਾ ਜਾਵੇ ਤਾਂ ਹੀ ਮਿਲਾਵਟ ਅਤੇ ਭ੍ਰਿਸ਼ਟਾਚਾਰ ਵਰਗਾ ਜਿੰਨ ਕਾਬੂ ਹੋ ਸਕੇਗਾਨੈਤਿਕ ਕਦਰਾਂ ਕੀਮਤਾਂ ਵਿੱਚ ਖੋਰਾ ਅਤੇ ਲਾਲਚ ਨੇ ਸਾਡੀ ਸੋਚ ਤੇ ਵਿਹਾਰ ਨੂੰ ਬਹੁਤ ਗਲਤ ਲੀਹੇ ਪਾ ਦਿੱਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1900)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author