“ਸਿਆਸੀ ਲੋਕ ਇੰਨੇ ਤਿਕੜਮਬਾਜ਼ ਬਣ ਗਏ ਹਨ ਕਿ ਹਰੇਕ ਥਾਂ ਉਹਨਾਂ ਨੂੰ ਵੋਟ ਬੈਂਕ ਅਤੇ ਮਾਇਆ ...”
(24 ਅਕਤੂਬਰ 2018)
ਜ਼ਿੰਦਗੀ ਵਿੱਚ ਹਰੇਕ ਚੀਜ਼ ਚੰਗੀ ਤੇ ਮਾੜੀ ਦੋ ਕਿਸਮਾਂ ਦੀ ਹੁੰਦੀ ਹੈ। ਚੰਗੀ ਵਸਤੂ ਦਾ ਅਸਰ ਚੰਗਾ ਹੁੰਦਾ ਹੈ ਅਤੇ ਮਾੜੀ ਦਾ ਮਾੜਾ। ਲਿਹਾਜ਼ਾ ਚੰਗੇ ਅਸਰ ਵਾਲੀ ਚੀਜ਼ ਸਲਾਹੀ ਵੀ ਜਾਂਦੀ ਹੈ ਅਤੇ ਉਸਦੀ ਮੰਗ ਦਾ ਵਧਣਾ ਜਾਇਜ਼ ਹੁੰਦਾ ਹੈ ਪਰ ਜਦੋਂ ਕਿਸੇ ਮਾੜੇ ਅਸਰ ਵਾਲੀ ਵਸਤੂ ਦੀ ਮੰਗ ਵੀ ਵਧਣ ਲੱਗ ਜਾਵੇ ਤੇ ਉਹਦਾ ਨੁਕਸਾਨ ਵੀ ਸਾਹਮਣੇ ਆਉਣ ਲੱਗ ਜਾਵੇ, ਇੱਥੋਂ ਤੱਕ ਕਿ ਮੌਤਾਂ ਵੀ ਹੋਣ ਲੱਗ ਜਾਣ ਤਾਂ ਚਿੰਤਾ ਹੋਣੀ ਸੁਭਾਵਿਕ ਹੈ। ਮੁੱਢਲੇ ਤੌਰ ’ਤੇ ਅਫੀਮ, ਅਲਕੋਹਲ ਅਤੇ ਭੰਗ ਨਸ਼ੇ ਵਾਲੀਆਂ ਵਸਤਾਂ ਹਨ। ਇਹ ਮਨੁੱਖੀ ਭਲਾਈ ਲਈ ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਹਨ। ਪਰ ਮਨੁੱਖਤਾ ਦੇ ਵਣਜਾਰਿਆਂ ਨੇ ਇਹਨਾਂ ਨਸ਼ੀਲੀਆਂ ਵਸਤਾਂ ਦੀ ਗਲਤ ਵਰਤੋਂ ਸ਼ੁਰੂ ਕਰਕੇ ਇਹਨਾਂ ਵਿੱਚ ਸਿੰਥੈਟਿਕ ਪਦਾਰਥ ਮਿਲਾ ਕੇ, ਸਿੰਥੈਟਿਕ ਨਸ਼ੇ ਬਣਾ ਕੇ ਜਵਾਨੀਆਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਪ ਮਾਲਾਮਾਲ ਹੋ ਰਹੇ ਹਨ।
ਵਿਸ਼ਵ ਭਰ ਵਿੱਚ ਪਹਿਲਾਂ ਚੀਨ ਨਸ਼ਿਆਂ ਦੀ ਮਾਰ ਹੇਠ ਆਇਆ ਸੀ। ਉਹਨਾਂ ਨੇ ਬੜਾ ਸਖਤ ਅਪਰੇਸ਼ਨ ਕਰਕੇ ਇਸ ਅਲਾਮਤ ਤੋਂ ਖਹਿੜਾ ਛੁਡਾਇਆ ਸੀ। ਅਫਗਾਨਿਸਤਾਨ ਇਨ੍ਹਾਂ ਨਸ਼ਿਆਂ ਦਾ ਵੱਡਾ ਉਤਪਾਦਕ ਹੈ। ਅਫਗਾਨੀ ਲੋਕ ਅਕਸਰ ਇਹਨਾਂ ਨਸ਼ਿਆਂ ਦੇ ਆਦੀ ਹੁੰਦੇ ਹਨ। ਅੱਜਕੱਲ ਅੰਤਰਰਾਸ਼ਟਰੀ ਮੰਡੀ ਵਿੱਚ ਸਮੈਕ ਅਤੇ ਹੈਰੋਇਨ ਵਰਗੇ ਸਿੰਥੈਟਿਕ ਨਸ਼ਿਆਂ ਦੀ ਭਰਮਾਰ ਹੈ।
ਭਾਰਤ ਅਤੇ ਖਾਸਕਰ ਪੰਜਾਬ ਵਿੱਚ ਇਹਨਾਂ ਨਸ਼ਿਆਂ ਨੇ ਆਪਣੀਆਂ ਜੜ੍ਹਾਂ ਲਾ ਕੇ ਪਿਛਲੇ ਕੁਝ ਅਰਸੇ ਤੋਂ ਜਵਾਨੀ ਦਾ ਬਹੁਤ ਘਾਣ ਕੀਤਾ ਹੈ। ਪਿਛਲੀ ਅਕਾਲੀਭਾਜਪਾ ਸਰਕਾਰ ਵੇਲੇ ਵੀ ਇਹਨਾਂ ਵਿਰੁੱਧ ਕਾਫੀ ਅਵਾਜ਼ ਉੱਠੀ ਸੀ ਪਰ ਫੇਰ ਇਸ ’ਤੇ ਸਿਆਸਤ ਵੀ ਗਰਮਾਉਣ ਲੱਗ ਪਈ ਸੀ। ਸਾਡੇ ਦੇਸ਼ ਦੀ ਵੱਡੀ ਬਦਕਿਸਮਤੀ ਇਹੀ ਹੈ ਕਿ ਇੱਥੇ ਮਾੜੇ ਚੰਗੇ ਹਰ ਕੰਮ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਜਲਦੀ ਸ਼ੁਰੂ ਹੋ ਜਾਂਦੀ ਹੈ। ਸਿਆਸੀ ਲੋਕ ਇੰਨੇ ਤਿਕੜਮਬਾਜ਼ ਬਣ ਗਏ ਹਨ ਕਿ ਹਰੇਕ ਥਾਂ ਉਹਨਾਂ ਨੂੰ ਵੋਟ ਬੈਂਕ ਅਤੇ ਮਾਇਆ ਨਜ਼ਰ ਆਉਣ ਲੱਗ ਜਾਂਦੀ ਹੈ। ਅੰਗਰੇਜ਼ੀ ਦੀ ਇੱਕ ਕਹਾਵਤ ਹੈ, “ਮਨੀ ਮੇਕਸ ਦਾ ਮੇਅਰ ਗੋ।” ਬੱਸ ਇਹ ਮਨੀ ਯਨੀ ਪੈਸਾ ਜ਼ਿੰਦਗੀ ਵਿੱਚ ਸਭ ਕਾਸੇ ਤੋਂ ਵੱਧ ਮਹੱਤਤਾ ਪ੍ਰਾਪਤ ਕਰ ਚੁੱਕਿਆ ਹੈ। ਹਰ ਕੋਈ ਵਿੰਗੇ ਟੇਢੇ ਢੰਗ ਤਰੀਕੇ ਵਰਤ ਕੇ ਵਗਦੀ ਗੰਗਾ ਵਿੱਚ ਹੱਥ ਧੋਣਾ ਚੁਹੰਦਾ ਹੈ। ਨਸ਼ਿਆਂ ਦੇ ਫੈਲਾਅ ਲਈ ਵੀ ਇਹ ਇੱਕ ਵੱਡਾ ਕਾਰਨ ਹੈ। ਦੁਸ਼ਮਣ ਦੇਸ਼ ਦੀ ਵੀ ਅਕਸਰ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਦੂਜੇ ਦੇਸ਼ ਦੀ ਜਵਾਨੀ ਤਬਾਹ ਕੀਤੀ ਜਾਵੇ। ਬੇਰੋਜ਼ਗਾਰੀ, ਅਨਪੜ੍ਹਤਾ ਅਤੇ ਗਰੀਬੀ ਵੀ ਇਸਦਾ ਇੱਕ ਵੱਡਾ ਕਾਰਨ ਹੁੰਦਾ ਹੈ।
ਸ਼ਾਡਾ ਦੇਸ਼ ਕਿਉਂਕਿ ਅਬਾਦੀ ਅਨੁਸਾਰ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ, ਅਨਪੜ੍ਹਤਾ ਅਤੇ ਬੇਰੋਜ਼ਗਾਰੀ ਦੂਰ ਕਰਨ ਵਿੱਚ ਵੀ ਸਾਡੀਆਂ ਸਰਕਾਰਾਂ ਨਾਕਾਮ ਰਹੀਆਂ ਹਨ। ਨੌਜਵਾਨਾਂ ਦੀ ਉਮਰ ਕੱਚੀ ਹੁੰਦੀ ਹੈ। ਵਿਹਲਾ ਮਨ ਵੈਸੇ ਵੀ ਸ਼ੈਤਾਨ ਦਾ ਚਰਖਾ ਕਿਹਾ ਜਾਂਦਾ ਹੈ। ਬੇਰੋਜ਼ਗਾਰ ਹੋਣ ਕਾਰਨ ਇਹ ਵਰਗ ਗਲਤ ਅਨਸਰਾਂ ਦੁਆਰਾ ਜਲਦੀ ਗੁਮਰਾਹ ਹੋ ਜਾਂਦਾ ਹੈ। ਜੈਸੀ ਸੰਗਤ ਵੈਸੀ ਰੰਗਤ। ਇਸ ਉਮਰ ਦੇ ਲੋਕ ਜੇ ਵਿਹਲੇ ਲੋਕਾਂ ਨਾਲ ਰਹਿਣ ਲੱਗ ਜਾਣ ਤਾਂ ਅਵਾਰਾ ਹੋ ਜਾਂਦੇ ਹਨ। ਚੋਰਾਂ ਨਾਲ ਰਹਿਣ ਲੱਗ ਜਾਣ ਤਾਂ ਚੋਰ ਤੇ ਜੇ ਨਸ਼ੇੜੀਆਂ ਨਾਲ ਰਹਿਣ ਲੱਗ ਜਾਣ ਤਾਂ ਨਸ਼ੇੜੀ ਬਣ ਜਾਂਦੇ ਹਨ। ਸ਼ੁੱਧ ਚੀਜ਼ਾਂ ਲੱਭਣ ਲਈ ਤਾਂ ਇੱਥੇ ਦਿਨੇ ਦੀਵੇ ਬਾਲਣ ਦੀ ਲੋੜ ਪੈਂਦੀ ਹੈ। ਜੇ ਦੁੱਧ, ਮਠਿਆਈਆਂ ਤੇ ਫਲ ਸਬਜ਼ੀਆਂ ਸ਼ੁੱਧ ਨਹੀਂ ਮਿਲਦੀਆਂ ਤਾਂ ਇਹ ਮਹਿੰਗੇ ਮੁੱਲ ਵਾਲੇ ਨਸ਼ੇ ਕਦੋਂ ਸ਼ੁੱਧ ਮਿਲਦੇ ਹੋਣਗੇ? ਇਹਨਾਂ ਦੀ ਵੱਧ ਘੱਟ ਮਿਕਦਾਰ ਨਾਲ ਵੀ ਅਣਗਿਣਤ ਹੀ ਮੌਤਾਂ ਹੋ ਚੁੱਕੀਆਂ।
ਨਸ਼ੇੜੀ ਨਾ ਘਰ ਦਾ ਰਹਿੰਦਾ ਹੈ ਤੇ ਨਾ ਹੀ ਸਮਾਜ ਅਤੇ ਦੇਸ਼ ਦਾ। ਆਦਤ ਪੂਰੀ ਕਰਨ ਲਈ ਉਹ ਸਭ ਕੁਝ ਦਾਅ ’ਤੇ ਲਾ ਦਿੰਦਾ ਹੈ। ਚੋਰੀ, ਹੇਰਾਫੇਰੀ ਅਤੇ ਅਨੈਤਿਕਤਾ ਉਸ ਲਈ ਕੋਈ ਮਾਅਨੇ ਨਹੀਂ ਰੱਖਦੀ। ਨਸ਼ਾ ਕੇਵਲ ਬੇਰੋਜ਼ਗਾਰਾਂ ਤੱਕ ਹੀ ਸੀਮਤ ਨਹੀਂ ਰਿਹਾ। ਇਸਨੇ ਕਾਲਜ ਅਤੇ ਯੂਨੀਵਰਸਿਟੀਆਂ ਤੱਕ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਿਆਂ ਦੀ ਇਸ ਜਿੱਲ੍ਹਣ ਵਿੱਚੋਂ ਪੰਜਾਬ ਨੂੰ ਕੱਢਣ ਲਈ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਅਹਿਦ ਲਿਆ ਸੀ। ਹੁਣ ਡੇਢ ਸਾਲ ਬੀਤ ਜਾਣ ਬਾਦ ਵੀ ਨਸ਼ੇ ਦਾ ਖਾਤਮਾ ਨਹੀਂ ਹੋਇਆ। ਪਿੱਛੇ ਜਿਹੇ ਲੋਕਾਂ ਦੇ ਸਰਗਰਮ ਹੋ ਕੇ ਸੜਕਾਂ ’ਤੇ ਉਤਰਨ ਸਦਕਾ ਕੁਛ ਠੱਲ੍ਹ ਜ਼ਰੂਰ ਪਈ ਹੈ। ਨਸ਼ਾ ਮਨੁੱਖਤਾ ਲਈ ਸੱਭ ਤੋਂ ਵੱਡੀ ਗਾਲ ਦੇ ਤੁੱਲ ਹੈ। ਨਸ਼ੇੜੀ ਨਾ ਔਲਾਦ ਪੈਦਾ ਕਰਨ ਯੋਗ ਰਹਿੰਦੇ ਹਨ ਤੇ ਨਾ ਪਾਲਣ ਯੋਗ। ਸਿਤਮ ਦੀ ਗੱਲ ਤਾਂ ਇਹ ਹੈ ਕਿ ਨਸ਼ਾ ਹੁਣ ਕੇਵਲ ਲੜਕਿਆਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਪੜ੍ਹੀਆਂ ਲਿਖੀਆਂ ਲੜਕੀਆਂ ਵੀ ਇਸਦੀ ਗ੍ਰਿਫਤ ਵਿੱਚ ਆਉਣ ਲੱਗ ਪਈਆਂ ਹਨ। ਚੋਣਾਂ ਵੇਲੇ ਤਾਂ ਸਿਆਸੀ ਲੋਕ ਵੀ ਨਸ਼ਿਆਂ ਦਾ ਸਹਾਰਾ ਲੈਕੇ ਵੋਟਾਂ ਬਟੋਰਦੇ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤੀ ਦਾ ਕੌਣ ਵਾਲੀਵਾਰਸ?
ਹੁਣ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਕੁਝ ਹੋਰ ਨੇਤਾਵਾਂ ਨੇ ਪੰਜਾਬ ਵਿੱਚ ਰਵਾਇਤੀ ਨਸ਼ਿਆਂ ਦੀ ਖੇਤੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕ ਸਿੰਥੈਟਿਕ ਨਸ਼ਿਆਂ ਦੀ ਮਾਰ ਤੋਂ ਬਚ ਸਕਣ। ਇਹ ਉਹਨਾਂ ਦੀ ਸੋਚ ਹੋ ਸਕਦੀ ਹੈ। ਅਸਲ ਵਿੱਚ ਨਸ਼ਾ ਤਾਂ ਨਸ਼ਾ ਹੀ ਹੈ, ਇਸ ਤੋਂ ਤਾਂ ਤੋਬਾ ਹੀ ਭਲੀ ਹੈ। ਲੋਕਾਂ ਨੂੰ ਸਿੱਖਿਆ ਅਤੇ ਨੈਤਿਕ ਸਿੱਖਿਆ ਦੀ ਸਖਤ ਲੋੜ ਹੈ ਤਾਂ ਜੋ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਿਆ ਜਾ ਸਕੇ। ਜਿਹੜੇ ਅਸਲ ਨਸ਼ੇ ਦੀ ਮਨੁੱਖ ਨੂੰ ਲੋੜ ਹੈ ਉਹ ਤਾਂ ਹੈ ਨਾਮ ਦਾ ਨਸ਼ਾ। ਗੁਰੂ ਨਾਨਕ ਦੇਵ ਜੀ ਨੇ ਇਸ ਦੇ ਸਬੰਧ ਵਿੱਚ ਬਹੁਤ ਸੋਹਣਾ ਲਿਖਿਆ ਹੈ:
“ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।”
ਫਿਰ ਇਹ ਮਨੁੱਖ ਸਭ ਕੁਝ ਜਾਣਦਾ ਅਤੇ ਸਮਝਦਾ ਹੋਇਆ ਕਿ ਇਹ ਦੁਨੀਆਂ ਨਾਸ਼ਵਾਨ ਹੈ ਅਤੇ ਇੱਥੇ ਕੁਝ ਵੀ ਸਥਿਰ ਨਹੀਂ ਹੈ, ਇਨ੍ਹਾਂ ਭੰਬਲਭੂਸਿਆਂ ਵਿੱਚ ਫਸਿਆ ਹੋਇਆ ਹੈ। ਮਨੁੱਖ ਨੂੰ ਇਸ ਧਰਤੀ ਉੱਤੇ ਮੌਜੂਦ ਸਭ ਜੀਵਾਂ ਤੋਂ ਉੱਤਮ ਹੋਣ ਦਾ ਮਾਣ ਪ੍ਰਾਪਤ ਹੈ। ਪਰ ਪਤਾ ਨਹੀਂ ਇਸਦੀ ਸੋਚਣ ਸ਼ਕਤੀ ਉਦੋਂ ਕਿੱਥੇ ਗਈ ਹੁੰਦੀ ਹੈ ਜਦੋਂ ਇਹ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਨਸ਼ੇ ਅਤੇ ਜੂਆ ਦੋ ਅਜਿਹੇ ਰੋਗ ਹਨ ਜੋ ਰੱਬ ਵੈਰੀ ਦੁਸ਼ਮਣ ਨੂੰ ਵੀ ਨਾ ਲਗਾਵੇ? ਹਾਲੇ ਜੂਏ ਨਾਲ ਤਾਂ ਜਰ ਜਾਇਦਾਦ ਨੂੰ ਹੀ ਨੁਕਸਾਨ ਪਹੁੰਚਦਾ ਹੈ ਪਰ ਨਸ਼ੇ ਨਾਲ ਤਾਂ ਸਿਹਤ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਧਨ ਮਾਲ ਦੇ ਨਾਲ ਨਾਲ ਨੈਤਿਕਤਾ ਵੀ ਜਾਂਦੀ ਰਹਿੰਦੀ ਹੈ। ਨਸ਼ੇੜੀ ਲੋਕ ਘਰ ਦੀ ਜ਼ਮੀਨ ਜਾਇਦਾਦ ਖੁਰਦ ਬੁਰਦ ਕਰਨ ਦੀ ਵੀ ਪ੍ਰਵਾਹ ਨਹੀਂ ਕਰਦੇ ਤੇ ਕੁੱਟ ਮਾਰ ਤੋਂ ਵੀ ਪ੍ਰਹੇਜ਼ ਨਹੀਂ ਕਰਦੇ। ਉਹਨਾਂ ਨੂੰ ਤਾਂ ਕੇਵਲ ਝੱਸ ਪੂਰਾ ਕਰਨ ਲਈ ਨਸ਼ਾ ਚਾਹੀਦਾ ਹੈ, ਨਸ਼ੇ ਦੇ ਬਦਲੇ ਉਹ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਖੁਦਾ ਨਾ ਖਾਸਤਾ ਜੇ ਅਜਿਹਾ ਕੋਈ ਆਦੀ ਕਿਸੇ ਜ਼ਿੰਮੇਵਾਰੀ ਵਾਲੀ ਪੋਸਟ ’ਤੇ ਤਇਨਾਤ ਹੋਵੇ ਤਾਂ ਉਸ ਕੋਲੋਂ ਉਸ ਅਹੁਦੇ ਦੀ ਮਰਿਆਦਾ ਰੱਖਣ ਦੀ ਵੀ ਆਸ ਨਹੀਂ ਰਹਿੰਦੀ। ਅਜਿਹੇ ਲੋਕ ਤਾਂ ਸਮਾਜ ਉੱਤੇ ਅਣਚਾਹਿਆ ਬੋਝ ਬਣ ਜਾਂਦੇ ਹਨ। ਜਦੋਂ ਅਜਿਹੇ ਲੋਕਾਂ ਦੇ ਨਸ਼ੇ ਦੇ ਸਾਰੇ ਰਾਹ ਬੰਦ ਹੋ ਜਾਂਦੇ ਹਨ, ਫਿਰ ਇਹ ਲੋਕ ਜਾਂ ਤਾਂ ਅਣਿਆਈ ਮੌਤ ਮਰ ਜਾਂਦੇ ਹਨ ਜਾਂ ਫਿਰ ਆਤਮ ਹੱਤਿਆ ਕਰ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਨੌਜਵਾਨ ਦੀ ਮੌਤ ਕਾਰਨ ਉਹਦੀ ਅਰਥੀ ਬਾਪ ਦੇ ਮੋਢੇ ’ਤੇ ਉੱਠਦੀ ਹੈ ਤਾਂ ਉਸ ਬਾਪ ਦਾ ਦਿਲ ਕਿਸ ਹਾਲਤ ਵਿੱਚੋਂ ਗੁਜ਼ਰਦਾ ਹੈ, ਇਹ ਤਾਂ ਉਹੀ ਅਭਾਗਾ ਜਾਣਦਾ ਹੈ।
ਜੂਏ ਦੀ ਮਾੜੀ ਆਦਤ ਦਾ ਸ਼ਿਕਾਰ ਹੋਏ ਪਾਂਡਵਾਂ ਨੇ ਘਰ ਦੀ ਇਜ਼ਤ ਯਾਨੀ ਆਪਣੀ ਪਤਨੀ ਹੀ ਦਾਅ ’ਤੇ ਲਗਾ ਦਿੱਤੀ ਸੀ ਜਿਸ ਦਾ ਨਤੀਜਾ ਮਹਾਂਭਾਰਤ ਦੇ ਯੁੱਧ ਦੇ ਰੂਪ ਵਿੱਚ ਨਿਕਲਿਆ। ਇਸੇ ਹੀ ਤਰ੍ਹਾਂ ਨਸ਼ੇ ਦੇ ਮਾਰੂ ਪ੍ਰਭਾਵ ਦਾ ਨਤੀਜਾ ਪੰਜਾਬ ਦੀ ਨੌਜਵਾਨੀ ਦਾ ਬਹੁਤ ਨੁਕਸਾਨ ਹੋਇਆ ਹੈ। ਘਰਾਂ ਦੇ ਘਰ ਖਾਲੀ ਹੋ ਗਏ ਹਨ। ਘਰ ਘਰ ਮਾਂਵਾਂ ਦੇ ਵੈਣ ਪੈਂਦੇ ਹਨ। ਦ੍ਰਿੜ੍ਹ ਇੱਛਾ ਸ਼ਕਤੀ ਤੋਂ ਬਿਨਾਂ ਇਹ ਮਾਰੂ ਬਿਮਾਰੀ ਖਤਮ ਨਹੀਂ ਹੋਣੀ। ਸਵਾਰਥ, ਲਾਲਚ ਅਤੇ ਲਾਲਸਾ ਇਹਨਾਂ ਬੀਮਾਰੀਆਂ ਦੀ ਮੁੱਖ ਜੜ੍ਹ ਹੁੰਦੀ ਹੈ। ਸਮਾਜ, ਦੇਸ਼ ਤੇ ਮਨੁੱਖਤਾ ਦੇ ਭਲੇ ਲਈ ਹਰ ਕਿਸਮ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਹੀ ਅਜਿਹੇ ਮਸਲੇ ਹੱਲ ਹੁੰਦੇ ਹਨ। ਅੱਗੇ ਇਕ ਕਹਾਵਤ ਮਸ਼ਹੂਰ ਹੋਈ ਸੀ, ਜਦੋਂ ਕੁੱਖ ਵਿੱਚ ਮਾਦਾ ਭਰੂਣਾਂ ਦੀ ਹੱਤਿਆ ਦੇ ਮਸਲੇ ਨੇ ਜ਼ੋਰ ਫੜਿਆ ਸੀ:
“ਕੁੱਖ ਵਿੱਚੋਂ ਧੀ, ਧਰਤ ਵਿੱਚੋਂ ਪਾਣੀ, ਦੋਵੇਂ ਮੁੱਕ ਗਏ ਖਤਮ ਕਹਾਣੀ।”
ਪਰ ਹੁਣ ਇਸ ਨਸ਼ੇ ਦੀ ਮਾਰ ਨੇ ਤਾਂ ਬੁੱਧੀਜੀਵੀਆਂ ਨੂੰ ਹੋਰ ਵੀ ਗੰਭੀਰ ਸੋਚ ਵਿੱਚ ਡੋਬ ਦਿੱਤਾ ਹੈ। ਜਿਹੜੇ ਪਰਿਵਾਰ ਦੇ ਵਾਰਸਾਂ ਲਈ ਲੋਕ ਭਰੂਣ ਹੱਤਿਆ ਵਰਗੇ ਪਾਪ ਕਰਦੇ ਸਨ, ਖੌਰੇ ਉਸੇ ਦਾ ਹੀ ਸਰਾਪ ਹੈ ਕਿ ਨੌਜਵਾਨ ਨਸ਼ੇ ਦੀ ਵਰਤੋਂ ਕਰਕੇ ਇਸ ਕਦਰ ਬਰਬਾਦ ਹੋ ਚੁੱਕੇ ਹਨ ਕਿ ਉਹਨਾਂ ਨੇ ਬੱਚੇ ਪੈਦਾ ਕਰਨ ਦੇ ਯੋਗ ਹੀ ਨਹੀਂ ਰਹਿਣਾ। ਸਾਡੇ ਖਾਣ ਪੀਣ ਦੇ ਢੰਗ ਤਰੀਕੇ, ਮਿਲਾਵਟ ਅਤੇ ਖੇਤਾਂ ਵਿੱਚ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨਿਕਟ ਭਵਿੱਖ ਵਿੱਚ ਗੰਭੀਰ ਨਤੀਜੇ ਦਿਖਾਉਣ ਜਾ ਰਹੀ ਹੈ। ਜੇ ਅਜੇ ਵੀ ਨਾ ਸੰਭਲੇ ਤਾਂ ਇਹ ਨਤੀਜੇ ਬੜੇ ਭਿਆਨਕ ਹੋਣਗੇ।
*****
(1360)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)
				
				
				
				
				
		
						




 






















 










 















 



















 



























