“ਉੱਤਮ ਮਨੁੱਖ ਹੁਣ ਉੱਤਮ ਨਾ ਰਹਿ ਕੇ ਚਲਾਕ, ਵਪਾਰੀ ਅਤੇ ਸ਼ਾਤੁਰ ...”
(9 ਮਈ 2021)
ਨੌਂ ਮਈ ਦਾ ਦਿਨ ‘ਮਦਰ-ਡੇ’ ਦੇ ਨਾਮ ਨਾਲ ਮਾਂਵਾਂ ਨੂੰ ਸਮਰਪਿਤ ਹੋ ਚੁੱਕਾ ਹੈ। ਪੱਛਮੀ ਦੇਸ਼ਾਂ ਦੀ ਨਕਲ ਕਰਦੇ ਹੋਏ ਹੁਣ ਏਸ਼ੀਆ ਦੇ ਬਾਕੀ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਅਜਿਹੇ ਦਿਨ ਉਤਸੁਕਤਾ ਨਾਲ ਮਨਾਏ ਜਾਣ ਲੱਗ ਪਏ ਹਨ। ਚੌਦਾਂ ਫਰਵਰੀ ਦਾ ਵੈਲੇਨਟਾਈਨ ਡੇ ਪਹਿਲਾਂ ਇੱਥੇ ਕੋਈ ਜਾਣਦਾ ਹੀ ਨਹੀਂ ਸੀ। ਕੱਟੜਪੰਥੀ ਅਜੇ ਵੀ ਇਸਦਾ ਵਿਰੋਧ ਕਰਦੇ ਹਨ। ਪਰ ਜਿਵੇਂ ਜਿਵੇਂ ਗਲੋਬਲਾਈਜੇਸ਼ਨ ਹੋ ਰਿਹਾ ਹੈ, ਸਾਰੇ ਦੇਸ਼ ਇੱਕ ਦੂਜੇ ਦੇ ਨੇੜੇ ਆ ਰਹੇ ਹਨ ਤੇ ਮੇਲਜੋਲ਼ ਵਾਲੇ ਤਿਉਹਾਰ ਵੀ ਅਪਣਾ ਰਹੇ ਹਨ। ਹੁਣ ਫਾਦਰਜ਼ ਡੇ, ਧਰਤੀ ਦਿਵਸ, ਵਾਤਾਵਰਣ ਦਿਵਸ ਆਦਿ ਕਈ ਸਾਂਝ ਵਧਾਉਣ ਵਾਲੇ ਤਿਉਹਾਰ ਬਣ ਗਏ ਹਨ। ਸਾਰਿਆਂ ਦਾ ਮੁੱਖ ਉਦੇਸ਼ ਭਰਾਤਰੀ ਭਾਵ ਅਤੇ ਪ੍ਰੇਮ ਪਿਆਰ ਵਿੱਚ ਵਾਧਾ ਕਰਨਾ ਹੈ। ਉਂਜ ਤਾਂ ਮਨੁੱਖ ਹੁਣ ਪੈਸਾ ਕਮਾਉਣ ਵਾਲੀ ਮਸ਼ੀਨ ਹੀ ਬਣ ਕੇ ਰਹਿ ਗਿਆ ਸੀ, ਦੂਜਿਆਂ ਲਈ ਕਿਸੇ ਕੋਲ ਵਕਤ ਹੀ ਕਿੱਥੇ ਸੀ? ਇਹ ਤਾਂ ਹੁਣ ਕਰੋਨਾ ਕਾਲ ਨੇ ਫਿਰ ਲੋਕਾਂ ਲਈ ਮੇਲ ਜੋਲ ਦਾ ਰਾਹ ਪੱਧਰਾ ਕੀਤਾ ਹੈ। ਭਾਵੇਂ ਹਾਲ ਦੀ ਘੜੀ ਸਮਾਜਿਕ ਦੂਰੀ ਬਣਾਈ ਰੱਖਣਾ ਬਹੁਤ ਜ਼ਰੂਰੀ ਬਣਿਆ ਹੋਇਆ ਹੈ ਪਰ ਮਨੁੱਖ ਨੂੰ ਮਨੁੱਖ ਦੀ ਅਹਿਮੀਅਤ ਦਾ ਪਤਾ ਜ਼ਰੂਰ ਲੱਗਾ ਹੈ।
ਮਾਂ, ਤਾਂ ਉਂਜ ਹੀ ਰੱਬ ਦਾ ਦੂਜਾ ਨਾਮ ਹੈ। ਜੱਗ ਦੀ ਜਣਨੀ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਥੋੜ੍ਹੀ ਹੈ। ਮਾਂ ਦੇ ਪੈਰਾਂ ਨੂੰ ਜੰਨਤ ਦਾ ਨਾਮ ਵੀ ਦਿੱਤਾ ਜਾਂਦਾ ਹੈ। ਬਹੁਤ ਦੇਰ ਤਕ ਮਾਂ ਦੇ ਰੂਪ ਵਿੱਚ ਵੀ ਔਰਤ ਦੁਸ਼ਾਵਰੀਆਂ ਦਾ ਸ਼ਿਕਾਰ ਹੁੰਦੀ ਰਹੀ ਹੈ। ਇਹਨੂੰ ਗੁੱਤ ਪਿੱਛੇ ਮੱਤ ਵਾਲੀ ਵੀ ਕਿਹਾ ਜਾਂਦਾ ਰਿਹਾ ਹੈ ਅਤੇ ਪੈਰ ਦੀ ਜੁੱਤੀ ਵੀ। ਜਬਰਨ ਸਤੀ ਦੀ ਤਲਵਾਰ ਵੀ ਸਦੀਆਂ ਤਕ ਇਸਦੇ ਸਿਰ ਉੱਪਰ ਲਟਕਦੀ ਰਹੀ ਹੈ। ਮੰਦਰਾਂ ਵਿੱਚ ਦਾਸੀ ਬਣ ਕੇ ਜ਼ਿੰਦਗੀ ਬਿਤਾਉਣਾ ਅਤੇ ਵਿਧਵਾ ਹੋ ਜਾਣ ਸਮੇਂ ਨਰਕ ਵਾਲੀ ਜ਼ਿੰਦਗੀ ਜੀਊਣਾ ਬੜੀ ਦੇਰ ਤਕ ਇਸਦਾ ਦਸਤੂਰ ਬਣਿਆ ਰਿਹਾ। ਗੁਰੂਆਂ, ਪੀਰਾਂ ਅਤੇ ਰਿਸ਼ੀਆਂ ਮੁਨੀਆਂ ਦੇ ਸਾਡੇ ਦੇਸ਼ ਭਾਰਤ ਵਿੱਚ ਜੇ ਇਸਦਾ ਇਹ ਹਾਲ ਸੀ ਤਾਂ ਦੂਜੇ ਦੇਸ਼ਾਂ ਵਿੱਚ ਕੀ ਹਸ਼ਰ ਹੁੰਦਾ ਰਿਹਾ ਹੋਵੇਗਾ, ਜਾਣਨਾ ਔਖਾ ਨਹੀਂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਤੇ ਕਿਹਾ, “ਸੋ ਕਿਉਂ ਮੰਦਾ ਆਖੀਐ ਜਿਤਿ ਜੰਮਿਹ ਰਾਜਾਨ।” ਫਿਰ ਵਿਲੀਅਮ ਬੈਂਟਿਕ ਤੇ ਰਾਜਾ ਰਾਮ ਮੋਹਨ ਰਾਏ ਵਰਗੇ ਸਮਾਜ ਸੁਧਾਰਕਾਂ ਨੇ ਔਰਤ ਦੇ ਹੱਕ ਵਿੱਚ ਲਹਿਰਾਂ ਸ਼ੁਰੂ ਕਰਕੇ ਇਸ ਨੂੰ ਸਨਮਾਨਜਨਕ ਅਹੁਦਾ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ।
ਪੱਛਮੀ ਦੇਸ਼ਾਂ ਵਿੱਚ ਭਾਵੇਂ ਔਰਤ ਨੂੰ ਮਨੁੱਖ ਦੇ ਬਰਾਬਰ ਦਾ ਦਰਜ਼ਾ ਪਹਿਲਾਂ ਹੀ ਮਿਲ ਗਿਆ ਸੀ ਪਰ ਭਾਰਤ ਵਿੱਚ ਅਜ਼ਾਦੀ ਤੋਂ ਪਿੱਛੋਂ ਹੀ ਇਸ ਨੂੰ ਬੂਰ ਪੈਣਾ ਸ਼ੁਰੂ ਹੋਇਆ। ਹੁਣ ਔਰਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਮੋਹਰੀ ਬਣ ਕੇ ਵਿਚਰ ਰਹੀ ਹੈ। ਸੁਰੱਖਿਆ ਸੈਨਾਵਾਂ, ਰਾਜਨੀਤੀ, ਪੁਲਾੜ, ਵਿਗਿਆਨ ਕੋਈ ਖੇਤਰ ਵੀ ਇਸਨੇ ਅਛੁਹਿਆ ਨਹੀਂ ਛੱਡਿਆ। ਪਰ ਭਾਰਤ ਸਰਕਾਰ ਨੇ ਹਾਲੇ ਤਕ ਆਪਣੀ ਰਾਜ ਸਭਾ ਅਤੇ ਲੋਕ ਸਭਾ ਵਿੱਚ ਔਰਤ ਨੂੰ ਬਰਾਬਰਤਾ ਵਾਲਾ ਹਿੱਸਾ ਪ੍ਰਦਾਨ ਨਹੀਂ ਕੀਤਾ। ਪਿਛਾਂਹ ਖਿੱਚੂ ਲੋਕ ਅਜੇ ਵੀ ਔਰਤ ਨੂੰ ਬੱਚੇ ਪੈਦਾ ਕਰਕੇ ਪਰਿਵਾਰ ਚਲਾਉਣ ਤਕ ਸੀਮਤ ਰੱਖਣਾ ਚਾਹੁੰਦੇ ਹਨ। ਕੈਰਲਾ ਰਾਜ ਦੇ ਸਬਰੀਮਾਲਾ ਮੰਦਰ ਵਿੱਚ ਮਨਾਹੀ ਰੋਕਣ ਲਈ ਅਖੀਰ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਔਰਤ ਅਤੇ ਮਰਦ ਦੋਵੇਂ ਇੱਕ ਦੂਜੇ ਦੇ ਪੂਰਕ ਹੁੰਦੇ ਹਨ। ਜਿਹੜਾ ਮਰਦ ਔਰਤ ਦੁਆਰਾ ਪੈਦਾ ਕੀਤਾ ਜਾਂਦਾ ਹੈ, ਉਸ ਨੂੰ ਕੀ ਹੱਕ ਹੈ ਕਿ ਉਹ ਆਪਣੀ ਜਨਮਦਾਤੀ ਉੱਪਰ ਹੀ ਪਾਬੰਦੀਆਂ ਠੋਸੇ?
ਪੱਛਮੀ ਦੇਸ਼ਾਂ ਵਿੱਚ ਤਾਂ ਵਿਵਾਹਕ ਸਬੰਧ ਸੁਖਾਂਵੇ ਨਾ ਹੋਣ ਕਾਰਨ ਤਲਾਕ ਦਾ ਪ੍ਰਾਵਧਾਨ ਬਹੁਤ ਪਹਿਲਾਂ ਤੋਂ ਪ੍ਰਚੱਲਤ ਸੀ। ਹੁਣ ਸਾਡੇ ਦੇਸ਼ ਵਿੱਚ ਵੀ ਇਸਨੇ ਕਾਫੀ ਜ਼ੋਰ ਫੜ ਲਿਆ ਹੈ। ਮੁਸਲਮਾਨ ਔਰਤਾਂ ਨੂੰ ਤਿੰਨ ਤਲਾਕ ਤੋਂ ਨਿਜਾਤ ਦਿਵਾਉਣ ਲਈ ਵੀ ਹੁਣ ਕਾਨੂੰਨ ਬਣ ਚੁੱਕਾ ਹੈ। ਦਾਜ-ਦਹੇਜ਼ ਅਤੇ ਕੁੱਖ ਵਿੱਚ ਮਾਦਾ ਭਰੂਣ ਦੀ ਹੱਤਿਆ ਵੀ ਕਾਫੀ ਹੱਦ ਤਕ ਔਰਤ ਲਈ ਨੁਕਸਾਨਦੇਹ ਹਨ। ਹਾਲਾਂਕਿ ਇਹਨਾਂ ਕੁਰੀਤੀਆਂ ਵਿੱਚ ਔਰਤਾਂ ਦੀ ਭੂਮਿਕਾ ਵੀ ਕਾਫੀ ਹੱਦ ਤਕ ਛੱਕੀ ਹੁੰਦੀ ਹੈ। ਇਨ੍ਹਾਂ ਬਿਮਾਰੀਆਂ ਨੂੰ ਕਾਨੂੰਨ ਨੇ ਕਾਫੀ ਰੋਕ ਤਾਂ ਲਗਾਈ ਹੈ ਪਰ ਜਿੰਨਾ ਚਿਰ ਤਕ ਸਮਾਜ ਵਿੱਚ ਔਰਤਾਂ ਪ੍ਰਤੀ ਨਿਰਾਦਰ, ਬਲਾਤਕਾਰ ਤੇ ਗੈਂਗਰੇਪ ਵਰਗੀ ਸਨਸਨੀਖੇਜ਼ ਸੋਚ ਕਾਇਮ ਹੈ ਅਸਲ ਇਨਸਾਫ ਨਹੀਂ ਮਿਲ ਸਕਦਾ। ਧਰਮ-ਕਰਮ ਦੀਆਂ ਰਵਾਇਤਾਂ ਨਾਲ ਲਬਰੇਜ਼ ਸਾਡੇ ਦੇਸ਼ ਵਿੱਚ ਬਲਾਤਕਾਰ ਅਤੇ ਗੈਂਗਰੇਪ ਵਰਗੇ ਘਿਨਾਉਣੇ ਜੁਰਮ ਤਾਂ ਹੋਣੇ ਹੀ ਨਹੀਂ ਸਨ ਚਾਹੀਦੇ। ਬਾਬਿਆਂ, ਧਾਰਮਿਕ ਸੰਸਥਾਵਾਂ ਅਤੇ ਉਪਦੇਸ਼ ਦੇਣ ਵਾਲਿਆਂ ਨਾਲ ਸਾਡਾ ਦੇਸ਼ ਭਰਿਆ ਪਿਆ ਹੈ। ਕਈ ਕਥਿਤ ਬਾਬਿਆਂ ਦੇ ਨਾਂਵਾਂ ਨਾਲ ਵੀ ਨੈਤਿਕ ਕਦਰਾਂ ਕੀਮਤਾਂ ਤੋਂ ਖੋਖਲੇਪਣ ਦੀਆਂ ਸੁਰਖੀਆਂ ਜੁੜਦੀਆਂ ਰਹੀਆਂ ਹਨ। ਬਦਕਿਸਮਤੀ ਨਾਲ ਇਨ੍ਹਾਂ ਵਿੱਚੋਂ ਕਈ ਬਾਬੇ ਹੁਣ ਸੁਲਾਖਾਂ ਪਿੱਛੇ ਆਪਣੇ ਕੀਤੇ ਦੀ ਸਜ਼ਾ ਵੀ ਭੁਗਤ ਰਹੇ ਹਨ।
ਵਿੱਦਿਆ ਦਾ ਵੀ ਸਾਡੇ ਦੇਸ਼ ਵਿੱਚ ਲੋੜੀਂਦਾ ਮੁਕੱਦਸ ਸਥਾਨ ਨਹੀਂ ਬਣਿਆ। ਇਹਦਾ ਵਪਾਰੀਕਰਣ ਹੋਣ ਨਾਲ ਇਹ ਆਪਣੇ ਮਕਸਦ ਤੋਂ ਭਟਕ ਗਈ ਹੈ। ਨੈਤਿਕ ਸਿੱਖਿਆ ਅਤੇ ਕਦਰਾਂ ਕੀਮਤਾਂ ਹੋਂਦ ਵਿਹਾ ਚੁੱਕੀਆਂ ਹਨ। ਰਾਜਨੀਤੀਕ ਹਸਤੀਆਂ ਨੇ ਹਰ ਖੇਤਰ ਵਿੱਚ ਆਪਣੇ ਸ਼ਤਰੰਜ ਦੇ ਮੋਹਰੇ ਫਿੱਟ ਕਰ ਲਏ ਹਨ। ਹਰ ਪਾਸੇ ਵੋਟਬੈਂਕ ਪੱਕਾ ਕਰਨ ਦੀ ਚਿੰਤਾ ਪ੍ਰਬਲ ਹੈ। ਸਹੂਲਤਾਂ, ਅਧਿਕਾਰ ਅਤੇ ਫਰਜ਼, ਹਰ ਥਾਂ ਸਿਆਸਤ ਅਤੇ ਵੋਟ ਬੈਂਕ ਦੀ ਖੇਡ ਖੇਡੀ ਜਾਂਦੀ ਹੈ। ਉੱਤਮ ਮਨੁੱਖ ਹੁਣ ਉੱਤਮ ਨਾ ਰਹਿ ਕੇ ਚਲਾਕ, ਵਪਾਰੀ ਅਤੇ ਸ਼ਾਤੁਰ ਬਣ ਗਿਆ ਹੈ। ਅਜਿਹੇ ਵਾਤਾਵਰਣ ਵਿੱਚ ਕਲਿਆਣਕਾਰੀ ਲਫਜ਼ ਤਾਂ ਉਂਜ ਹੀ ਗੁੰਮ ਹੋ ਜਾਂਦੇ ਹਨ।
ਔਰਤ ਦਾ ਮਾਂ ਬਣਨਾ ਕੁਦਰਤ ਦੀ ਬਹੁਤ ਵੱਡੀ ਨਿਆਮਤ ਹੈ। ਮਾਂ ਬਾਰੇ ਬੁੱਧੀਜੀਵੀਆਂ ਨੇ ਬਹੁਤ ਕੁਝ ਲਿਖਿਆ ਹੈ। ਪ੍ਰੋ. ਮੋਹਨ ਸਿੰਘ ਦੇ ਗਿਣਵੇਂ ਮਿੱਥੇ ਲਫ਼ਜ਼ “ਮਾਂ ਵਰਗਾ ਘਣਛਾਂਵਾਂ ਬੂਟਾ ਮੈਂਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ …।” ਕਲੀਆਂ ਦੇ ਬਾਦਸ਼ਾਹ, ਮਰਹੂਮ ਕੁਲਦੀਪ ਮਾਣਕ ਦੇ ਲ਼ਫ਼ਜ਼ “ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਉ। ਮਾਂ ਏ ਰੱਬ ਦਾ ਨਾਂ ਉਏ ਦੁਨੀਆਂ ਵਾਲਿਉ।” ਮਾਂ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੀ ਬਲਕਿ ਉਸ ਨੂੰ ਆਪਣੇ ਖੂਨ ਨਾਲ ਸਿੰਞ ਕੇ ਵੱਡਾ ਦਰਖ਼ਤ ਬਣਾਉਂਦੀ ਹੈ। ਆਪ ਗਿੱਲੇ ਥਾਂ ਪੈ ਕੇ ਵੀ ਬੱਚੇ ਨੂੰ ਸੁੱਕਾ ਬਿਸਤਰ ਮੁਹਈਆ ਕਰਵਾਉਂਦੀ ਹੈ। ਬੱਚਿਆਂ ਨੂੰ ਤੱਤੀ ਵਾਅ ਵੀ ਨਹੀਂ ਲੱਗਣ ਦਿੰਦੀ। ਜਿਹੜੇ ਬਦਨਸੀਬ ਬੱਚਿਆਂ ਦੀ ਮਾਂ ਉਹਨਾਂ ਨੂੰ ਬਚਪਨ ਵਿੱਚ ਹੀ ਵਿਛੋੜਾ ਦੇ ਜਾਂਦੀ ਹੈ ਤੇ ਉਹ ਮਾਂ ਦੇ ਪਿਆਰ ਤੋਂ ਵਾਂਝੇ ਹੋ ਜਾਂਦੇ ਹਨ - ਮਾਂ ਦੀ ਅਸਲ ਅਹਿਮੀਅਤ ਉਹਨਾਂ ਤੋਂ ਪੁੱਛੋ। ਉਹਨਾਂ ਦੇ ਮੂੰਹ ਵਿੱਚੋਂ ਕਾਂ ਰੋਟੀ ਦੀਆਂ ਬੁਰਕੀਆਂ ਤਕ ਖੋਹ ਲੈਂਦੇ ਹਨ। ਪਰ ਅੱਜ ਕੱਲ੍ਹ ਦੇ ਕਈ ਸਵਾਰਥੀ ਅਤੇ ਕਲਯੁਗੀ ਅਖਵਾਉਣ ਵਾਲੇ ਪੁੱਤ ਮਾਂਵਾਂ ਦੇ ਬੁਢਾਪੇ ਨੂੰ ਰੋਲਦੇ ਨਜ਼ਰ ਆਉਂਦੇ ਹਨ। ਬਿਰਧ ਆਸ਼ਰਮਾਂ ਵਿੱਚ ਬੁਢਾਪਾ ਬਤੀਤ ਕਰਨ ਵਾਲੀਆਂ ਮਾਵਾਂ ਦੀ ਦਰਦ ਭਰੀ ਦਾਸਤਾਨ ਵੀ ਦਿਲ ਦਹਿਲਾਉਣ ਵਾਲੀ ਹੈ।
ਮਦਰ ਡੇਅ ਦੇ ਨਾਮ ਨਾਲ ਮਨਾਇਆ ਜਾਣ ਵਾਲਾ ਇਹ ਦਿਨ ਮਾਂ ਦੀ ਮਮਤਾ ਤੇ ਪਿਆਰ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ। ਕਾਸ਼! ਮਮਤਾ ਦੀ ਮੂਰਤ ਮਾਂਵਾਂ ਠੰਢੀਆਂ ਛਾਂਵਾਂ ਕਦੇ ਵੀ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਨਾ ਹੋਣ! ਤੇ ਨਾ ਹੀ ਮਾਂ ਮਹਿੱਟਰ ਬੱਚਿਆਂ ਦਾ ਬਚਪਨ ਮਾਂ-ਪਿਆਰ ਤੋਂ ਸੱਖਣਾ ਹੋਵੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2766)
(ਸਰੋਕਾਰ ਨਾਲ ਸੰਪਰਕ ਲਈ: