“ਲੁੱਟ ਖਸੁੱਟ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਲੋਕ ਲਾਲਚ, ਸਵਾਰਥ ਅਤੇ ਹਊਮੈ ...”
(19 ਨਵੰਬਰ 2021)
(ਅੱਜ ਦੀ ਤਾਜ਼ਾ ਖਬਰ
ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਜਾਣਗੇ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ)
ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਕਸਰ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਦੇਸੀ ਮਹੀਨਿਆਂ ਦੀਆਂ ਤਿੱਥਾਂ ’ਤੇ ਅਧਾਰਤ ਇਹ ਪੁਰਬ ਕਦੇ ਅੰਗਰੇਜ਼ੀ ਮਹੀਨੇ ਨਵੰਬਰ ਦੇ ਪਹਿਲੇ ਹਫਤੇ ਆ ਜਾਂਦਾ ਹੈ ਅਤੇ ਕਦੇ ਅੱਧ ਦੇ ਲਾਗੇ ਚਾਗੇ। ਚਾਹੀਦਾ ਤਾਂ ਹੈ ਕਿ ਇਹ ਅੰਗਰੇਜ਼ੀ ਮਹੀਨੇ ਦੇ ਹਿਸਾਬ ਵੀ ਨਿਰਧਾਰਤ ਤਰੀਖ ਅਨੁਸਾਰ ਤੈਅ ਕੀਤਾ ਜਾਵੇ ਤਾਂ ਜੋ ਹਰ ਵਾਰ ਤਰੀਖਾਂ ਬਦਲਣ ਦੀ ਨੌਬਤ ਨਾ ਆਵੇ। ਪਰ ਅਜਿਹਾ ਹੋ ਨਹੀਂ ਸਕਿਆ। ਉਂਜ ਵੀ ਇਤਿਹਾਸ ਵਿੱਚ ਬਹੁਤੇ ਥਾਂਵਾਂ ਉੱਪਰ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਦੇ ਮਹੀਨੇ ਦਾ ਦਰਸਾਇਆ ਗਿਆ ਹੈ। ਪਰ ਇਹ ਪਵਿੱਤਰ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਦੇ ਹਿਸਾਬ ਨਾਲ ਹੀ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦਿਨ 19 ਨਵੰਬਰ ਦਾ ਨਿਰਧਾਰਤ ਹੋਇਆ ਹੈ। ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ ਸਮਾਜ ਸੁਧਾਰਕ ਹੋਏ ਹਨ। ਉਹਨਾਂ ਨੇ ਤੱਥਾਂ ਦੇ ਅਧਾਰ ’ਤੇ ਵਿਚਾਰ ਦੀ ਕਸਵੱਟੀ ਰਾਹੀਂ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਕੇ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਲਈ ਸਾਰਾ ਜੀਵਨ ਲਗਾ ਦਿੱਤਾ। ਸਮਾਜ ਵਿੱਚ ਪ੍ਰਚੱਲਤ ਗਲਤ ਰਵਾਇਤਾਂ ਅਤੇ ਪਖੰਡਾਂ ਦਾ ਪੂਰੇ ਜ਼ੋਰ ਨਾਲ ਖੰਡਨ ਕੀਤਾ। ਰਾਜੇ-ਰਾਣਿਆਂ, ਹਾਕਮਾਂ ਅਤੇ ਪਰਜਾ, ਸਾਰਿਆਂ ਲਈ ਹੀ ਉਹਨਾਂ ਦਾ ਰਵੱਈਆ ਬਰਾਬਰਤਾ ਵਾਲਾ ਰਿਹਾ ਅਤੇ ਉਹਨਾਂ ਨੇ ਸਾਰੀ ਉਮਰ ਕਿਸੇ ਭੈਅ ਜਾਂ ਦਬਾਅ ਨੂੰ ਵੀ ਕਬੂਲ ਨਹੀਂ ਕੀਤਾ।
ਉਸ ਮਹਾਨ ਸ਼ਖਸੀਅਤ ਨੇ 552 ਸਾਲ ਪਹਿਲਾਂ 1469 ਈਸਵੀ (ਵਿਸਾਖ ਸੁਦੀ 3, ਸੰਮਤ 1526) ਨੂੰ ਰਾਇ-ਭੋਏ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਜਨਮ ਲਿਆ। ਅੱਜਕਲ ਇਹ ਸਥਾਨ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿਖੇ ਸਥਿਤ ਹੈ। ਰਾਇ ਬੁਲਾਰ ਉਸ ਇਲਾਕੇ ਦਾ ਮੁੱਖ ਧਨਾਢ ਜ਼ਿਮੀਦਾਰ ਸੀ ਅਤੇ ਕਾਲੂ ਜੀ ਉਸਦੀ ਜ਼ਮੀਨ ਦੇ ਪ੍ਰਬੰਧ ਰੱਖਣ ਤੇ ਵੇਖਣ ਵਾਲੇ ਪਟਵਾਰੀ ਸਨ। ਕਿਹਾ ਜਾਂਦਾ ਹੈ ਕਿ ਰਾਇ ਬੁਲਾਰ ਅਤੇ ਮਹਿਤਾ ਕਾਲੂ ਜੀ ਬੜੇ ਅੱਛੇ ਦੋਸਤ ਵੀ ਸਨ ਅਤੇ ਰਾਇ ਬੁਲਾਰ ਬਹੁਤ ਧਾਰਮਿਕ ਬਿਰਤੀ ਵਾਲਾ ਮਨੁੱਖ ਸੀ। ਬਾਲ ਨਾਨਕ ਨੂੰ ਵੇਖ ਕੇ ਉਸ ਨੂੰ ਗਿਆਨ ਹੋ ਗਿਆ ਸੀ ਕਿ ਇਹ ਬਾਲਕ ਖਾਸ ਜ਼ਿਹਨੀਅਤ ਭਰਪੂਰ ਹੈ ਜੋ ਵਚਿੱਤਰ ਕਾਰਨਾਮੇ ਕਰ ਸਕਦਾ ਹੈ। ਉਸਦੀ ਸੋਚ ਉਸ ਵੇਲੇ ਹੀ ਸਹੀ ਸਾਬਤ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਬਾਲ ਨਾਨਕ ਨੇ ਸਕੂਲੀ ਵਿੱਦਿਆ ਹਾਸਲ ਕਰਨ ਸਮੇਂ ਪਾਂਧੇ ਨੂੰ ਅਜੀਬ ਸਵਾਲ ਪੁੱਛ ਕੇ ਨਿਰਉੱਤਰ ਕਰ ਦਿੱਤਾ ਸੀ। ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਪਰਿਵਾਰਕ ਰੀਤ ਅਨੁਸਾਰ ਉਹਨਾਂ ਨੂੰ ਜਨੇਊ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹਨਾਂ ਨੇ ਇਸ ਨੂੰ ਵਹਿਮ ਕਹਿ ਕੇ ਪਹਿਨਣ ਤੋਂ ਹੀ ਇਨਕਾਰ ਕਰ ਦਿੱਤਾ। ਇਨ੍ਹਾਂ ਗੱਲਾਂ ਦੀ ਭਿਣਕ ਰਾਇ ਬੁਲਾਰ ਨੂੰ ਵੀ ਲੱਗ ਗਈ ਅਤੇ ਉਸਨੇ ਮਹਿਤਾ ਕਾਲੂ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਾਨਕ ਨਾਲ ਗੁੱਸੇ ਨਾਲ ਪੇਸ਼ ਨਾ ਆਇਆ ਜਾਵੇ ਇਹ ਆਮ ਬਾਲਕ ਨਹੀਂ, ਪ੍ਰਮਾਤਮਾ ਦਾ ਵਿਸ਼ੇਸ਼ ਦੂਤ ਹੈ।
ਪੜ੍ਹਨ ਵਿੱਚ ਦਿਲਚਸਪੀ ਨਾ ਲੈਣ ਕਾਰਨ ਕਹਿੰਦੇ ਨੇ ਪਿਤਾ ਜੀ ਨੇ ਇਨ੍ਹਾਂ ਨੂੰ ਮੱਝਾਂ ਚਰਾਉਣ ਲਈ ਭੇਜ ਦਿੱਤਾ। ਉੱਥੋਂ ਵੀ ਕਿਸੇ ਕਿਸਾਨ ਦੀ ਫਸਲ ਮੱਝਾਂ ਦੁਆਰਾ ਉਜਾੜ ਦੇਣ ਦੀ ਗੱਲ ਚੱਲੀ ਤਾਂ ਨਿਰਾਸ਼ ਹੋ ਕੇ ਪਿਤਾ ਜੀ ਨੇ 20 ਰੁਪਏ, ਜੋ ਉਸ ਵੇਲੇ ਦੀ ਵੱਡੀ ਰਕਮ ਹੁੰਦੀ ਸੀ, ਦੇ ਕੇ ਨਾਨਕ ਨੂੰ ਕੋਈ ਖਰਾ ਜਿਹਾ ਵਪਾਰ ਕਰਨ ਦਾ ਅਦੇਸ਼ ਦਿੱਤਾ। ਕਿਹਾ ਜਾਂਦਾ ਹੈ ਕਿ ਵਪਾਰ ਵਿੱਚ ਰਕਮ ਨਿਵੇਸ਼ ਕਰਨ ਲਈ ਜਾਂਦੇ ਸਮੇਂ ਉਹਨਾਂ ਨੂੰ ਰਸਤੇ ਵਿੱਚ ਕੁਝ ਭੁੱਖੇ ਸਾਧੂਆਂ ਦਾ ਟੋਲਾ ਮਿਲ ਗਿਆ। ਉਹਨਾਂ ਨੇ ਨਾਨਕ ਜੀ ਨੂੰ ਫਰਿਆਦ ਕੀਤੀ ਕਿ ਉਹ ਕਈ ਦਿਨਾਂ ਦੇ ਭੁੱਖੇ ਹਨ ਤੇ ਭੋਜਨ ਦੀ ਸਖਤ ਲੋੜ ਹੈ। ਇਹ ਉਹ ਸਮਾਂ ਸੀ ਜਦੋਂ ਬਾਬਾ ਨਾਨਕ ਜੀ ਨੇ ਲੋੜ ਦੀ ਪਹਿਚਾਣ ਕਰਕੇ ਸਾਧਨ ਦੀ ਸਹੀ ਵਰਤੋਂ ਕਰਕੇ ਸਮਾਜ ਲਈ ਇੱਕ ਚਾਨਣ ਮੁਨਾਰੇ ਵਾਲਾ ਕਦਮ ਪੁੱਟਿਆ। ਵਪਾਰ ਲਈ ਖਰਚੇ ਜਾਣ ਵਾਲੇ ਧਨ ਨੂੰ ਉਹਨਾਂ ਨੇ ਵਕਤੀ ਅਤੇ ਜ਼ਰੂਰੀ ਲੋੜ ਪੂਰੀ ਕਰਨ ਲਈ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਲਈ ਖਰਚ ਦਿੱਤਾ। ਪਿਤਾ ਦੀਆਂ ਝਿੜਕਾਂ ਸਹਿ ਲਈਆਂ ਪਰ ਸਹੀ ਰਾਹ ਚੁਣ ਕੇ ਸਮਾਜ ਨੂੰ ਸੁਨੇਹਾ ਦੇ ਦਿੱਤਾ। ਉਹਨਾਂ ਦਾ ਇਹ ਕਦਮ ਸਮਾਜਵਾਦ ਦੀ ਪਹਿਲੀ ਪਾਉੜੀ ਸੀ। ਇਹ ਇੱਕ ਇਨਕਲਾਬੀ ਕਦਮ ਸੀ ਜਿਸ ਨਾਲ ਬਾਦ ਵਿੱਚ ਤਾਂ ਭਾਵੇਂ ਸਦਾ ਲਈ ਮੁਫਤ ਲੰਗਰ ਦੀ ਪਰੰਪਰਾ ਬਣ ਗਈ ਸੀ ਪਰ ਉਸ ਸਮੇਂ ਲੋੜਵੰਦਾਂ ਦੀ ਮਦਦ ਕਰਨ ਦਾ ਵੱਡਾ ਉਪਰਾਲਾ ਸੀ।
ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੀਬੀ ਨਾਨਕੀ, ਜੋ ਉਸ ਸਮੇਂ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ, ਜਿੱਥੇ ਉਹਨਾਂ ਦਾ ਪਤੀ ਜੈ ਰਾਮ ਨਵਾਬ ਦੌਲਤ ਖਾਂ ਲੋਧੀ ਦਾ ਦੀਵਾਨ ਸੀ, ਨਾਨਕ ਜੀ ਨੂੰ ਵੀ ਆਪਣੇ ਕੋਲ ਲੈ ਆਈ। ਕੁਝ ਸਮੇਂ ਬਾਦ ਉਹਨਾਂ ਨੇ ਨਾਨਕ ਜੀ ਨੂੰ ਨਵਾਬ ਦੇ ਮੋਦੀਖਾਨੇ ਦਾ ਹਿਸਾਬ ਰੱਖਣ ਵਾਲਾ ਮੋਦੀ ਲਗਵਾ ਦਿੱਤਾ। ਮੋਦੀਖਾਨੇ ਵਿੱਚ ਬਾਬੇ ਨਾਨਕ ਨੇ ਰੱਬੀ ਰਹਿਮਤਾਂ ਦੇ ਨਜ਼ਾਰੇ ਅਨੁਸਾਰ ਤੇਰਾ ਤੇਰਾ ਦਾ ਰਾਗ ਸ਼ੁਰੂ ਕਰਕੇ ਲੋੜਵੰਦਾਂ ਦੀਆਂ ਲੋੜਾਂ ਦੀ ਪੂਰਤੀ ਕੀਤੀ। ਕਿਸੇ ਚੁਗਲਖੋਰ ਦੀ ਸ਼ਿਕਾਇਤ ’ਤੇ ਨਵਾਬ ਨੇ ਅਚਾਨਕ ਮੋਦੀਖਾਨੇ ਦੀ ਚੈਕਿੰਗ ਕੀਤੀ ਤਾਂ ਹਿਸਾਬ ਬਿਲਕੁਲ ਠੀਕ ਨਿਕਲਣ ’ਤੇ, ਸਗੋਂ ਨਾਨਕ ਜੀ ਦਾ ਵਾਧਾ ਨਿਕਲਣ ’ਤੇ ਉਹਨਾਂ ਨੇ ਨਵਾਬ ਦੀ ਨੌਕਰੀ ਛੱਡ ਦਿੱਤੀ।
ਇਸੇ ਦੌਰਾਨ ਉਹਨਾਂ ਦਾ ਮਨ ਦੁਨਿਆਵੀ ਕੰਮਾਂ ਤੋਂ ਉਚਾਟ ਰਹਿਣ ਲੱਗ ਪਿਆ। ਵਿਆਹ ਅਤੇ ਘਰ ਗਿਹਸਥੀ ਵੀ ਉਹਨਾਂ ਨੂੰ ਪਰਿਵਾਰ ਤਕ ਸੀਮਤ ਨਾ ਰੱਖ ਸਕੀ। ਆਪਣੇ ਬਚਪਨ ਦੇ ਦੋਸਤ ਮਰਦਾਨੇ ਨੂੰ ਨਾਲ ਲੈ ਕੇ ਉਹਨਾਂ ਨੇ ਦੁਨੀਆਂ ਦੀ ਯਾਤਰਾ ਕਰਨ ਦਾ ਮਨ ਬਣਾ ਲਿਆ। ਚਹੁੰਆਂ ਦਿਸ਼ਾਵਾਂ ਵੱਲ ਚਾਰ ਲੰਬੀਆਂ ਯਾਤਰਾਵਾਂ ਕਰਕੇ ਉਹਨਾਂ ਨੇ ਸਮਾਜ ਨੂੰ ਨਵੇਂ ਰਸਤੇ ਵਿਖਾਉਣ ਦਾ ਯਤਨ ਕੀਤਾ। ਉਹਨਾਂ ਦੀਆਂ ਇਹ ਵਿਸ਼ੇਸ਼ ਯਾਤਰਾਵਾਂ ਜੋ ਪੈਦਲ ਹੀ ਸਿਰੇ ਚੜ੍ਹੀਆਂ ਚਾਰ ਉਦਾਸੀਆਂ ਵਜੋਂ ਜਾਣੀਆਂ ਜਾਂਦੀਆਂ ਹਨ।
ਇਨ੍ਹਾਂ ਯਾਤਰਾਵਾਂ ਦੌਰਾਨ ਉਹ ਕੇਵਲ ਭਾਰਤ ਦੀਆਂ ਚਹੁੰਆਂ ਦਿਸ਼ਾਵਾਂ ਵਿੱਚ ਹੀ ਨਹੀਂ ਗਏ ਬਲਕਿ ਉਹਨਾਂ ਨੇ ਲੰਕਾ, ਨੇਪਾਲ, ਹੁਣ ਵਾਲੇ ਬੰਗਲਾ ਦੇਸ਼, ਬਰਮਾ, ਇਰਾਕ ਦੇ ਬਗਦਾਦ, ਮੱਕਾ-ਮਦੀਨਾ ਆਦਿ ਦੂਰ ਦੁਰਾਡੇ ਇਲਾਕਿਆਂ ਦਾ ਭਰਮਣ ਵੀ ਕੀਤਾ। ਜਿੱਥੇ ਵੀ ਕਿਤੇ ਉਹਨਾਂ ਦੀ ਨਜ਼ਰ ਪਈ ਕਿ ਲੋਕ ਭਰਮ ਭੁਲੇਖਿਆਂ ਜਾਂ ਕੁਰੀਤੀਆਂ ਦਾ ਸ਼ਿਕਾਰ ਹਨ, ਉਹ ਉੱਥੇ ਪਹੁੰਚੇ। ਚਾਹੇ ਸੱਜਣ ਨਾਮ ਵਾਲੇ ਠੱਗ ਨੂੰ ਸੁਧਾਰਨ ਲਈ ਬਿੱਖੜੇ ਰਾਹਾਂ ਦਾ ਪਾਂਧੀ ਬਣਨਾ ਪਿਆ ਹੋਵੇ ਜਾਂ ਫਿਰ ਕੌਡੇ ਵਰਗੇ ਰਾਖਸ਼ਾਂ ਦਾ ਉਧਾਰ ਕਰਨਾ ਹੋਵੇ, ਉਹਨਾਂ ਨੇ ਹਰ ਰਾਹ ’ਤੇ ਦਸਤਕ ਦਿੱਤੀ। ਏਮਨਾਬਾਦ ਨਾਮ ਦੇ ਨਗਰ ਵਿਖੇ ਲੋਕਾਂ ਦਾ ਲਹੂ ਚੂਸਣ ਵਾਲੇ ਮਲਕ ਭਾਗੋ ਦੀ ਸ਼ਾਹੀ ਦਾਅਵਤ ਠੁਕਰਾ ਕੇ ਖੂਨ ਪਸੀਨੇ ਦੀ ਕਾਰ ਕਰਨ ਵਾਲੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਉਹਨਾਂ ਨੇ ਆਪਣੀ ਕਹਿਣੀ- ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ, ਨਾਨਕੁ ਤਿੰਨ ਕੇ ਸਾਥ ਸੰਗਿ ਵੱਡਿਆਂ ਸਿਉ ਕਿਆ ਰੀਸ- ਦੇ ਕਥਨ ਨੂੰ ਵਿਹਾਰਕ ਰੂਪ ਵਿੱਚ ਵੀ ਪੂਰਾ ਕਰਕੇ ਕਹਿਣੀ ਤੇ ਕਥਨੀ ਦੇ ਸੁਮੇਲ ਦਾ ਉਪਦੇਸ਼ ਦਿੱਤਾ।
ਬਾਬਰ ਦੇ ਹਮਲੇ ਦੌਰਾਨ ਉਸ ਦੀਆਂ ਫੌਜਾਂ ਵੱਲੋਂ ਕੀਤੀ ਗਈ ਲੁੱਟ ਅਤੇ ਔਰਤਾਂ ਦੀ ਬੇਪੱਤੀ ਦੇ ਵਿਰੁੱਧ ਉਹਨਾਂ ਨੇ ਜ਼ੋਰ ਸ਼ੋਰ ਨਾਲ ਬਾਬਰਵਾਣੀ ਤੇ ਖੂਨ ਦੇ ਸੋਹਿਲੇ ਵਰਗੇ ਕਾਵਿਕ ਵਿਅੰਗ ਕੱਸੇ। ਉਸ ਸਮੇਂ ਦੀ ਜਰਵਾਣੀ ਮੁਗਲ ਹਕੂਮਤ ਦੇ ਆਕਾ ਨੂੰ ਜਾਬਰ ਕਹਿਣਾ ਬੜੇ ਦਿਲ ਗੁਰਦੇ ਦਾ ਕੰਮ ਸੀ। “ਰਾਜੇ ਸੀਂਹ ਮੁਕੱਦਮ ਕੁੱਤੇ” ਕਹਿ ਕਿ ਉਹਨਾਂ ਨੇ ਉਸ ਸਮੇਂ ਦੇ ਸ਼ਾਸਨ ਪ੍ਰਬੰਧ ’ਤੇ ਵੀ ਕਿੰਤੂ ਕੀਤਾ।
ਔਰਤ ਵਰਗ ਦੇ ਸਨਮਾਨ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕੀਤੀ। ਸਦੀਆਂ ਤੋਂ ਲਤਾੜੀ ਜਾਣ ਵਾਲੀ ਅਤੇ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਔਰਤ ਨੂੰ - ਸੋ ਕਿਉਂ ਮੰਦਾ ਆਖੀਐ ਜਿਤਿ ਜੰਮਿਹ ਰਾਜਾਨ - ਕਹਿ ਕਿ ਔਰਤ ਨੂੰ ਸਮਾਜ ਦੀ ਜਨਮਦਾਤੀ ਦਾ ਮਾਣ ਬਖਸ਼ਿਆ। ਕੁਰਕਸ਼ੇਤਰ ਦੀ ਧਰਤੀ ’ਤੇ ਸੂਰਜ ਗਹ੍ਰਿਣ ਵਾਲੇ ਦਿਨ ਪਹੁੰਚ ਕੇ ਲੋਕਾਂ ਦੇ ਪਖੰਡਾਂ ਅਤੇ ਵਹਿਮਾਂ ਤੋਂ ਬਚਣ ਲਈ ਤਰਕ ਦੇ ਅਧਾਰ ’ਤੇ ਲੋਕਾਂ ਨੂੰ ਸਮਝਾਇਆ। ਪਿਤਰਾਂ ਤਕ ਪਹੁੰਚਣ ਵਾਲੇ ਪਾਣੀ ਦਾ ਖੰਡਨ ਕਰਨ ਲਈ ਜਦ ਉਹਨਾਂ ਨੇ ਪੱਛਮ ਵੱਲ ਪਾਣੀ ਝੱਟ ਕੇ ਕਰਤਾਰਪੁਰ ਵਿਖੇ ਸੁੱਕ ਰਹੀ ਖੇਤੀ ਦਾ ਹਵਾਲਾ ਦਿੱਤਾ ਤਾਂ ਖੁਦ ਬਖੁਦ ਭਰਮ ਪੈਦਾ ਕਰਨ ਵਾਲਿਆਂ ਅਤੇ ਭਰਮਿਤ ਹੋਣ ਵਾਲਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ।
ਹੰਕਾਰ ਮਨੁੱਖ ਨੂੰ ਜ਼ਰਾ ਵੀ ਨਹੀਂ ਸੋਹੰਦਾ, ਇਸੇ ਲਈ ਉਹਨਾਂ ਨੇ ਹਸਨ ਅਬਦਾਲ ਦੇ ਜੰਗਲ ਵਿਖੇ ਪਾਣੀ ਦੇ ਜਖੀਰੇ ’ਤੇ ਕਬਜ਼ਾ ਜਮਾਈ ਬੈਠੇ ਵਲੀ ਕੰਧਾਰੀ ਦਾ ਕਬਜ਼ਾ ਤੋੜ ਕੇ ਪਾਣੀ ਦਾ ਲੰਗਰ ਲਗਾ ਦਿੱਤਾ। ਜੰਗਲ ਵਿੱਚ ਮੰਗਲ ਦਾ ਸਬੂਤ ਉਹ ਥਾਂ ਹੁਣ ਪੰਜਾ ਸਾਹਿਬ ਦੇ ਨਾਮ ’ਤੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਹ ਕੰਮ ਕੋਈ ਸਧਾਰਨ ਨਾ ਹੋ ਕੇ ਭੁੱਖੇ ਸਾਧਾਂ ਨੂੰ ਲੰਗਰ ਛਕਾਉਣ ਦੀ ਲੜੀ ਵਿੱਚ ਹੀ ਸਮਾਜਵਾਦ ਦੀ ਦੂਜੀ ਵੰਨਗੀ ਸੀ।
ਮਿਹਨਤ ਭਾਵ ਹੱਥਾਂ ਨਾਲ ਕੰਮ ਕਰਨ, ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਦਾਨ ਜਾਂ ਵੰਡਣ ਦੀ ਪ੍ਰੇਰਨਾ ਦੇ ਨਾਲ ਹੀ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰੀਆ ਭਾਵ ਨਾਮ ਜਪਣ ਦੀ ਪ੍ਰੇਰਨਾ ਲੋਕਾਂ ਨੂੰ ਦਿੱਤੀ। ਕਰਤਾਰਪੁਰ ਦਾ ਇਤਿਹਾਸਕ ਸਥਾਨ, ਜੋ ਅੱਜਕਲ ਪਾਕਿਸਤਾਨ ਵਿੱਚ ਸਥਿਤ ਹੈ ਤੇ ਹੁਣ ਫਿਰ ਭਾਰਤ ਸਰਕਾਰ ਨੇ ਉਸ ਗੁਰਦਵਾਰੇ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹ ਦਿੱਤਾ ਹੈ, ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਸਮੇਂ ਕਾਫੀ ਤਰੱਦਦ ਬਾਦ ਪਾਕਿਸਤਾਨ ਸਰਕਾਰ ਵੱਲੋਂ ਖੋਲ੍ਹਿਆ ਗਿਆ ਸੀ - ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਆਪਣੇ ਹੱਥੀਂ ਖੇਤੀ ਕਰਕੇ ਬਿਤਾਏ। ਗ੍ਰਹਿਸਥ ਮਾਰਗ ਵਿੱਚ ਰਹਿ ਕੇ, ਹੱਥੀਂ ਮਿਹਨਤ ਕਰਕੇ ਰੱਬ ਦਾ ਨਾਮ ਸਿਮਰਣ ਕਰਨ ਦੀ ਪ੍ਰੇਰਨਾ ਦਾ ਕਰਤਾਰਪੁਰ ਨਾਲ ਨੇੜਲਾ ਸਬੰਧ ਬਣ ਗਿਆ। ਕਥਾ ਕੀਰਤਨ ਦੇ ਨਾਲ ਨਾਲ ਲੰਗਰ ਇੱਥੇ ਦਾ ਨਿੱਤ ਦਿਨ ਦਾ ਕਾਰਜ ਸੀ।
ਭਾਈ ਲਹਿਣਾ ਜੀ ਜਿਹੜੇ ਪਹਿਲਾਂ ਦੇਵੀ ਦੇ ਉਪਾਸ਼ਕ ਸਨ, ਦਾ ਗੁਰੂ ਨਾਨਕ ਜੀ ਨਾਲ ਮੇਲ ਵੀ ਇੱਥੇ ਹੀ ਹੋਇਆ ਸੀ। ਉਹ ਗੁਰੂ ਜੀ ਦੇ ਪਰਮ ਸੇਵਕ ਬਣ ਕੇ ਉਹਨਾਂ ਦੇ ਨਾਲ ਹੀ ਜੁੜ ਕੇ ਅੰਗਦ ਦੇਵ ਦੇ ਰੂਪ ਵਿੱਚ ਸਿੱਖ ਧਰਮ ਦੇ ਦੂਸਰੇ ਗੁਰੂ ਬਣ ਗਏ। ਗੁਰਗੱਦੀ ਦੇਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਪੁੱਤਰ ਬਾਬਾ ਸ੍ਰੀ ਚੰਦ ਅਤੇ ਭਾਈ ਲਹਿਣੇ ਦੀ ਪੂਰੀ ਪ੍ਰੀਖਿਆ ਲਈ। ਕਸਵੱਟੀ ਉੱਤੇ ਪਰਖ ਕੇ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ ਚੁਣਿਆ। ਗੁਰੂ ਨਾਨਕ ਦੇਵ ਜੀ ਦੇ ਆਪਣੇ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਸਨ। ਪਰ ਪੁੱਤਰ ਜਾਂ ਪਰਿਵਾਰਕ ਮੋਹ ਨੂੰ ਨਕਾਰ ਉਹਨਾਂ ਨੇ ਗੁਣਾਂ ਨੂੰ ਪਹਿਲ ਦੇ ਕੇ ਮਨੁੱਖਤਾ ਲਈ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਸ ਸਮੇਂ ਦਾ ਸਮਾਜ ਬਹੁਤ ਪਛੜਿਆ ਹੋਇਆ, ਕੁਰੀਤੀਆਂ ਅਤੇ ਵਹਿਮਾਂ ਭਰਮਾਂ ਦਾ ਸ਼ਿਕਾਰ ਸੀ।
ਲੰਬਾ ਸਮਾਂ ਬੀਤਣ ਬਾਦ ਅੱਜ ਦੇ ਸਮਾਜ ਨੇ ਭਾਵੇਂ ਵਿਗਿਆਨ ਅਤੇ ਤਕਨੀਕੀ ਤੌਰ ’ਤੇ ਬਹੁਤ ਤਰੱਕੀ ਕੀਤੀ ਹੈ ਪਰ ਸਮਾਜ ਵਿੱਚ ਵਹਿਮ ਭਰਮ ਅਤੇ ਲੁੱਟ ਖਸੁੱਟ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਲੋਕ ਲਾਲਚ, ਸਵਾਰਥ ਅਤੇ ਹਊਮੈ ਦੇ ਜ਼ਿਆਦਾ ਸ਼ਿਕਾਰ ਹੋ ਗਏ ਹਨ। ਗੁਰੂਆਂ ਪੀਰਾਂ ਦੇ ਉਪਦੇਸ਼ ਦੀਆਂ ਗੱਲਾਂ ਤੇ ਕਥਾ ਕਹਾਣੀਆਂ ਤਾਂ ਸਾਰੇ ਬੜੀ ਦਿਲਚਸਪੀ ਨਾਲ ਸੁਣਦੇ ਹਨ ਪਰ ਅਮਲ ਕਰਨ ਪੱਖੋਂ ਕੋਰੇ ਹਨ। ਦੂਜਿਆਂ ਦਾ ਵੰਡ ਕੇ ਛਕਣਾ ਤਾਂ ਲੋਕਾਂ ਨੂੰ ਭਾਉਂਦਾ ਹੈ ਪਰ ਕੰਮ ਕਰਨ ਤੋਂ ਲੋਕ ਕਤਰਾਉਂਦੇ ਹਨ। ਨਾਮ ਤੇ ਸਿਮਰਨ ਤਾਂ ਪ੍ਰੇਮ ਅਤੇ ਪਿਆਰ ਦੀ ਅਵਸਥਾ ਹੁੰਦੀ ਹੈ ਪਰ ਲੋਕ ਅਕਸਰ ਇਸ ਨੂੰ ਡਰ ਦੀ ਭਾਵਨਾ ਵਜੋਂ ਹੀ ਅਪਣਾਉਂਦੇ ਹਨ। ਇਸੇ ਲਈ ਸਮਾਜ ਵਿੱਚ ਦਿਨ ਪ੍ਰਤੀ ਦਿਨ ਨਿਘਾਰ ਆਉਂਦਾ ਜਾ ਰਿਹਾ ਹੈ। ਨੈਤਿਕਤਾ ਅਤੇ ਕਦਰਾਂ ਕੀਮਤਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਬਲਾਤਕਾਰ, ਕਤਲੋਗਾਰਤ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਇਹ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਚੰਗੇ ਗੁਣਾਂ ਦੀ ਬਜਾਏ ਸਵਾਰਥ ਭਾਰੂ ਹੋ ਗਏ ਹਨ। ਰਿਓੜੀਆਂ ਵੰਡਣ ਵੇਲੇ ਅੱਖਾਂ ਆਪਣਿਆਂ ਦੀ ਭਾਲ ਵਿੱਚ ਹੀ ਵਿਆਕੁਲ ਹਨ ਜੋ ਗੁਰੂ ਜੀ ਦੀ ਸਿੱਖਿਆ ਦੇ ਐਨ ਉਲਟ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3155)
(ਸਰੋਕਾਰ ਨਾਲ ਸੰਪਰਕ ਲਈ: