“ਮਨੁੱਖ ਨੂੰ ਆਪਣਾ ਜੀਵਨ ਸਹਿਜਤਾ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਮਨ ਵਿੱਚੋਂ ਈਰਖਾ ...”
(5 ਅਪਰੈਲ 2026)
ਬਦਲਾਓ ਕੁਦਰਤ ਦਾ ਨਿਯਮ ਹੈ। ਇਸ ਨੂੰ ਕਿਸੇ ਵੀ ਢੰਗ, ਤਰੀਕੇ ਨਾਲ ਰੋਕਿਆ, ਬਦਲਿਆ ਜਾਂ ਟਾਲਿਆ ਨਹੀਂ ਜਾ ਸਕਦਾ। ਸਮੇਂ ਦੇ ਗੇੜ ਵਿੱਚ ਹਰ ਸ਼ੈਅ ਨੇ ਬਣਨਾ, ਵਿਗੜਨਾ ਅਤੇ ਟੁੱਟਣਾ ਹੈ। ਬ੍ਰਹਿਮੰਡ ਦੀ ਕੋਈ ਵੀ ਸ਼ੈਅ ਅਜਿਹੀ ਨਹੀਂ ਹੈ ਜਿਹੜੀ ਕਿ ਸਮੇਂ ਦੇ ਪ੍ਰਭਾਵ ਤੋਂ ਬਚ ਸਕਦੀ ਹੋਵੇ। ਇਸ ਲਈ ਮਨੋਵਿਗਿਆਨੀਆਂ ਦਾ ਕਥਨ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਹੁੰਦੇ ਬਦਲਾਓ ਖਿੜੇ ਮੱਥੇ ਪ੍ਰਵਾਨ ਕਰ ਲੈਣੇ ਚਾਹੀਦੇ ਹਨ ਕਿਉਂਕਿ ਉਸਦੇ ਕੋਲ ਹੋਰ ਕੋਈ ਹੀਲਾ-ਵਸੀਲਾ ਵੀ ਨਹੀਂ ਹੁੰਦਾ। ਜਿਹੜੇ ਬੰਦੇ ਆਪਣੇ ਜੀਵਨ ਵਿੱਚ ਤਬਦੀਲੀ ਨੂੰ ਸਹਿਜਤਾ ਨਾਲ ਪ੍ਰਵਾਨ ਕਰ ਲੈਂਦੇ ਹਨ, ਉਹ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਊਂਦੇ ਹਨ ਅਤੇ ਜਿਹੜੇ ਇਸ ਹਕੀਕਤ ਤੋਂ ਕੰਨੀ ਕਤਰਾਉਂਦੇ ਹਨ ਉਹ ਜ਼ਿੰਦਗੀ ਵਿੱਚ ਤੰਗ-ਪਰੇਸ਼ਾਨ ਅਤੇ ਦੁਖੀ ਹੁੰਦੇ ਰਹਿੰਦੇ ਹਨ।
ਮਨੁੱਖ ਦੇ ਜੀਵਨ ਵਿੱਚ ਦੁੱਖ ਅਤੇ ਸੁੱਖ ਦੇ ਸੰਕਲਪ ਨੂੰ ਇਸ ‘ਪ੍ਰਵਾਨਗੀ’ ਅਤੇ ‘ਅਪ੍ਰਵਾਨਗੀ’ ਦੇ ਸੰਦਰਭ ਰਾਹੀਂ ਸੌਖਾ ਸਮਝਿਆ ਜਾ ਸਕਦਾ ਹੈ। ਕੁਦਰਤ ਦੇ ਨਾਲ ਵਾਪਰੇ ‘ਬਦਲਾਓ’ ਨੂੰ ਸਵੀਕਾਰ ਕਰਨ ਵਾਲੇ ਬੰਦੇ ਸੁੱਖ ਨਾਲ ਜੀਵਨ ਜਿਊਂਦੇ ਹਨ ਅਤੇ ਇਸ ਬਦਲਾਓ ਨੂੰ ਅਸਵੀਕਾਰ ਕਰਨ ਵਾਲੇ ਬੰਦੇ ਦੁੱਖ ਦੇ ਰੂਪ ਵਿੱਚ ਜੀਵਨ ਦੇ ਦਿਨ ਕੱਟਦੇ ਹਨ। ਹਾਲਾਂਕਿ ਦੁੱਖ ਵਿੱਚ ਜੀਵਨ ਜਿਊਂਦੇ ਲੋਕ ਭਾਵੇਂ ਬਦਲਾਓ ਨੂੰ ਟਾਲ਼ ਨਹੀਂ ਸਕਦੇ ਪਰ ਸਹਿਜਤਾ ਨਾਲ ਸਵੀਕਾਰਤਾ ਦੀ ਅਣਹੋਂਦ ਕਰਕੇ ਕਸ਼ਟ ਲਾਜ਼ਮੀ ਭੋਗਦੇ ਹਨ।
ਮਨੁੱਖੀ ਜੀਵਨ ਵਿੱਚ ਹੁੰਦੇ ਬਦਲਾਓ ਨੂੰ ਸਾਹਿਤ-ਜਗਤ ਵਿੱਚ ਬਹੁਤ ਵਿਸਥਾਰ-ਪੂਰਵਕ ਬਿਆਨ ਕੀਤਾ ਗਿਆ ਹੈ। ਪੰਜਾਬੀ ਸਾਹਿਤ-ਜਗਤ ਵਿੱਚ ਜਿੱਥੇ ਗੁਰਮਤਿ ਕਾਵਿ ਵਿੱਚ ਬਦਲਾਓ ਦੇ ਬਿਰਤਾਂਤ ਨੂੰ ਗੁਰੂ ਸਾਹਿਬਾਨ ਵੱਲੋਂ ਸਿਰਜਿਆ ਗਿਆ ਹੈ, ਉੱਥੇ ਹੀ ਇਸਦੇ ਹੋਰ ਰੂਪਾਂ ਜਿਵੇਂ ਸੂਫ਼ੀ ਕਾਵਿ, ਵਾਰ ਕਾਵਿ ਅਤੇ ਕਿੱਸਾ ਕਾਵਿ ਵਿੱਚ ਵੀ ਇਸ ਨੂੰ ਪ੍ਰਮੁੱਖਤਾ ਨਾਲ ਸਿਰਜਿਆ ਗਿਆ ਹੈ, ਬਿਆਨਿਆ ਗਿਆ ਹੈ। ਇਸ ਸਿਰਜਣਾ ਦਾ ਮੂਲ ਪ੍ਰਯੋਜਨ ਇਹ ਸਮਝਿਆ ਜਾ ਸਕਦਾ ਹੈ ਕਿ ਮਨੁੱਖ ਦੇ ਮਨ ਵਿੱਚ ਬਦਲਾਓ ਦੇ ਸੰਕਲਪ ਨੂੰ ਦ੍ਰਿੜ੍ਹਤਾ ਨਾਲ ਸਥਾਪਤ ਕੀਤਾ ਜਾ ਸਕੇ ਅਤੇ ਡਰ, ਭੈਅ ਨੂੰ ਕੁਝ ਹੱਦ ਤਕ ਕੱਢਿਆ ਜਾ ਸਕੇ ਤਾਂ ਕਿ ਮਨੁੱਖ ਆਪਣੇ ਜੀਵਨ ਵਿੱਚ ਤਬਦੀਲੀ ਨੂੰ ਸਹਿਜਤਾ ਨਾਲ ਪ੍ਰਵਾਨ ਕਰ ਸਕੇ।
ਗੁਰਮਤਿ ਕਾਵਿ ਵਿੱਚ ਗੁਰੂ ਸਾਹਿਬਾਨ ਨੇ ਸਮੁੱਚੀ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਸ਼ੈਅ ਸਦੀਵੀ ਨਹੀਂ ਹੈ, ਸਿਰਫ ਪਰਮ-ਪਿਤਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ। ਇਸ ਲਈ ਦੁਨੀਆਵੀ ਵਸਤੂਆਂ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਣਾ ਕੀਮਤੀ ਜੀਵਨ ਅਜਾਈਂ ਨਹੀਂ ਗੁਆਉਣਾ ਚਾਹੀਦਾ। ਅਧਿਆਤਮਿਕ ਜਗਤ ਦੇ ਅਨੁਸਾਰ ਮਨੁੱਖ ਨੂੰ ਇਹ ਦੇਹੀ ਪ੍ਰਮਾਤਮਾ ਵਿੱਚ ਅਭੇਦਤਾ ਲਈ ਪ੍ਰਦਾਨ ਕੀਤੀ ਗਈ ਹੈ, ਸੰਸਾਰਕ ਵਸਤੂਆਂ ਦੀ ਇਕੱਤਰਤਾ ਲਈ ਨਹੀਂ:
‘ਭਈ ਪਰਾਪਤਿ ਮਾਨੁਖ ਦੇਹੁਰੀਆ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।’
(ਆਸਾ ਮਹਲਾ-5, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 12)
ਪ੍ਰਮਾਤਮਾ ਨੂੰ ਪਾਉਣ ਅਤੇ ਉਸ ਵਿੱਚ ਅਭੇਦ ਹੋਣ ਲਈ ਅਜੋਕੇ ਮਨੁੱਖ ਨੂੰ ਜੀਵਨ ਰੂਪੀ ਇੱਕ ‘ਮੌਕਾ’ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੇ ਅਸਲ ਮਕਸਦ (ਪ੍ਰਮਾਤਮ ਵਿੱਚ ਅਭੇਦਤਾ) ਵਿੱਚ ਕਾਮਯਾਬ ਹੋ ਸਕੇ। ਪਰ ਬਦਕਿਸਮਤੀ, ਮਨੁੱਖ ਸੰਸਾਰਕ ਕਾਰ-ਵਿਹਾਰ ਅਤੇ ਦੁਨੀਆਵੀ ਸੁੱਖਾਂ ਦੇ ਪਿੱਛੇ ਭੱਜਦਾ ਹੋਇਆ ਇਸ ਬਲਦਾਓ ਦੇ ਸਿਧਾਂਤ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਅੰਤ ਵਿੱਚ ਖੁਆਰ ਹੁੰਦਾ ਹੈ:
‘ਰਾਮੁ ਗਇਓ ਰਾਵਨੁ ਗਇਓ ਜਾਕਉ ਬਹੁ ਪਰਿਵਾਰ।
ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉਂ ਸੰਸਾਰਿ।’
(ਸਲੋਕ ਮਹਲਾ-9, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1429)
ਸੂਫ਼ੀ ਕਾਵਿ ਦਾ ਅਧਿਐਨ ਕਰਦਿਆਂ ਬਾਬਾ ਫਰੀਦ ਜੀ ਦੇ ਇਸ ਸਲੋਕ ਨੂੰ ਸੰਭਾਲਿਆ ਜਾ ਸਕਦਾ ਹੈ ਜਿਸ ਵਿੱਚ ਉਹ ਆਖਦੇ ਹਨ ਕਿ ਜਿਸ ਆਸਣ ’ਤੇ ਅੱਜ ਉਹ ਬਿਰਾਜਮਾਨ ਹਨ, ਇਸ ਆਸਣ ’ਤੇ ਕਿੰਨੇ ਲੋਕ ਆ ਕੇ ਬੈਠੇ ਹਨ ਅਤੇ ਬਾਅਦ ਵਿੱਚ ਕਿੰਨਿਆਂ ਨੇ ਬਹਿਣਾ ਹੈ। ਇਹ ਆਸਣ ਇੰਝ ਹੀ ਰਹਿਣਾ ਹੈ ਪਰ ਇਸ ਉੱਪਰ ਬੈਠਣ ਵਾਲੇ ਲੋਕ ਬਦਲਦੇ ਰਹਿੰਦੇ ਹਨ। ਜੇਕਰ ਕੋਈ ਮਨੁੱਖ ਇਸ ਭਰਮ ਵਿੱਚ ਰਹੇ ਕਿ ਉਹ ਸਦਾ ਲਈ ਇਸ ਆਸਣ ਦਾ ਮਾਲਕ ਹੋ ਗਿਆ ਹੈ ਤਾਂ ਉਹ ਮੂਰਖ ਹੋਵੇਗਾ ਹੋਰ ਕੁਝ ਨਹੀਂ:
‘ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ। ’
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 488)
ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ ਕਰਦਿਆਂ ਜਦੋਂ ਸ੍ਰੀਮਦ ਭਗਵਤ ਗੀਤਾ ਵਿੱਚ ਮਹਾਂਭਾਰਤ ਦੀ ਲੜਾਈ ਦੇ ਵਰਣਨ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਖਦੇ ਹਨ: ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ’ ਭਾਵ ਬਦਲਾਓ ਹੀ ਕੁਦਰਤ ਦਾ ਅਟੱਲ ਅਤੇ ਸੱਚਾ ਨਿਯਮ ਹੈ। ਕੁਦਰਤ ਵਿੱਚ ਬਦਲਾਓ ਲਾਜ਼ਮੀ ਹੁੰਦੇ ਹਨ। ਇਸ ਨੂੰ ਟਾਲਿਆ, ਬਦਲਿਆ ਜਾਂ ਰੋਕਿਆ ਨਹੀਂ ਜਾ ਸਕਦਾ।
ਕੁਰੂਕਸ਼ਤੇਰ ਦੀ ਧਰਤੀ ’ਤੇ ਮਹਾਂਭਾਰਤ ਦੀ ਜੰਗ ਵਿੱਚ ਹਥਿਆਰ ਸੁੱਟ ਕੇ ਬੈਠੇ ਅਰਜੁਨ ਨੂੰ ਉਪਦੇਸ਼ ਦਿੰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਖਦੇ ਹਨ: ‘ਹੇ ਪਾਰਥ, ਅੱਜ ਜੋ ਕੁਝ ਤੇਰਾ ਹੈ, ਕੱਲ੍ਹ ਕਿਸੇ ਹੋਰ ਦਾ ਸੀ ਅਤੇ ਭਲਕ ਨੂੰ ਕਿਸੇ ਹੋਰ ਦਾ ਹੋ ਜਾਵੇਗਾ। ਤੂੰ ਇਸ ਸੰਸਾਰ ਵਿੱਚ ਕੀ ਲੈ ਕੇ ਆਇਆ ਸੀ ਅਤੇ ਕੀ ਲੈ ਕੇ ਜਾਵੇਂਗਾ? ਇਸ ਸਚਾਈ ਨੂੰ ਸਮਝ। ਆਪਣੇ ਹਥਿਆਰ ਚੁੱਕ ਅਤੇ ਸਾਹਮਣੇ ਖੜ੍ਹੇ ਦੁਸ਼ਮਣਾਂ ਦਾ ਸਾਹਮਣਾ ਕਰਕੇ ਧਰਮ ਦੀ ਰੱਖਿਆ ਕਰ। ਤੇਰੇ ਲਈ ਇਹੋ ਕਰਮ ਹੈ, ਇਹੋ ਧਰਮ ਹੈ।’
ਭਗਵਾਨ ਸ੍ਰੀ ਕ੍ਰਿਸ਼ਨ ਦੇ ਇਸ ਉਪਦੇਸ਼ ਕਰਕੇ ਮਹਾਂਭਾਰਤ ਦੀ ਜੰਗ ਵਿੱਚ ਸੱਚ ਦੀ ਜਿੱਤ ਹੋਈ ਅਤੇ ਝੂਠ ਨੂੰ ਮੂੰਹ ਦੀ ਖਾਣੀ ਪਈ। ਇਸ ਤਰ੍ਹਾਂ ਅਧਿਆਤਮਿਕ ਜਗਤ ਵਿੱਚ ਮਨੁੱਖ ਨੂੰ ਜੀਵਨ ਦੀ ਨਾਸ਼ਮਾਨਤਾ ਦੇ ਬਾਰੇ ਜਾਗਰੂਕ ਕੀਤਾ ਗਿਆ ਹੈ ਤਾਂ ਕਿ ਮਨੁੱਖ ਆਪਣੇ ਜੀਵਨ ਨੂੰ ਅਜਾਈਂ ਵਿਅਰਥ ਕਾਰਜਾਂ ਵਿੱਚ ਹੀ ਨਾ ਗੁਆ ਲਵੇ।
ਪੰਜਾਬੀ ਸਾਹਿਤ ਦੇ ਆਧੁਨਿਕ ਰੂਪ ਵਿੱਚ ਵੀ ਬਦਲਾਓ ਦੇ ਵਰਣਨ ਨੂੰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਇਸੇ ਤਰ੍ਹਾਂ ਦੀ ਬਿਰਤੀ ਨੂੰ ਬਿਆਨ ਕਰਦਿਆਂ ਪ੍ਰੋ. ਰਾਬਿੰਦਰ ਮਸਰੂਰ ਜੀ ਦੀ ਇਹ ਗ਼ਜ਼ਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ:
‘ਝੜ ਰਹੇ ਪੱਤਿਆਂ ਨੂੰ ਇਸ ਗੱਲ ’ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖਰਾਂ ਹੋ ਗਏ।’
(ਰਾਬਿੰਦਰ ਮਸਰੂਰ, ਤੁਰਨਾ ਮੁਹਾਲ ਹੈ (ਗ਼ਜ਼ਲ ਸੰਗ੍ਰਹਿ), ਪੰਨਾ 73)
ਮਨੁੱਖੀ ਮਨ ਦੀ ਇਸ ਅਵਸਥਾ ਨੂੰ ਪ੍ਰੋ. ਰਾਬਿੰਦਰ ਮਸਰੂਰ ਜੀ ਹੁਰਾਂ ਨੇ ਸ਼ੇਅਰ ਦੇ ਇਨ੍ਹਾਂ ਦੋ ਮਿਸਰਿਆਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ, ਖ਼ੇਤਰ ਕੋਈ ਵੀ ਹੋਵੇ, ਪੁਰਾਣੇ ਲੋਕ ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਬੰਦਾ ਆਉਂਦਿਆਂ ਹੀ ਛਾ ਜਾਵੇ ਅਤੇ ਉਨ੍ਹਾਂ ਤੋਂ ਅੱਗੇ ਲੰਘ ਜਾਵੇ।
ਦੂਜੇ ਸ਼ਬਦਾਂ ਵਿੱਚ ਕੋਈ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਕੋਈ ਨਵਾਂ ਵਿਅਕਤੀ ਉਸ ਤੋਂ ਅੱਗੇ ਲੰਘੇ। ਇਹ ਮਨੁੱਖੀ ਬਿਰਤੀ ਹੈ, ਇਸ ਨੂੰ ਬਦਲਿਆਂ ਨਹੀਂ ਜਾ ਸਕਦਾ। ਹਾਂ, ਹਉਮੈਂ ਦੀ ਇਸ ਅੱਗ ਨੂੰ ਅਧਿਆਤਮ ਦੇ ਮਾਰਗ ’ਤੇ ਤੁਰ ਕੇ ਕੁਝ ਹੱਦ ਤਕ ਘਟਾਇਆ ਜ਼ਰੂਰ ਜਾ ਸਕਦਾ ਹੈ ਪਰ ਉੱਕਾ ਹੀ ਸਮਾਪਤ ਨਹੀਂ ਕੀਤਾ ਜਾ ਸਕਦਾ। ਇਹ ਕਾਰਜ ਇੰਨਾ ਸੌਖਾ ਵੀ ਨਹੀਂ ਹੈ ਅਤੇ ਬਹੁਤੇ ਲੋਕ ਇਸ ਪਾਸੇ ਵੱਲ ਕਦਮ ਵੀ ਨਹੀਂ ਵਧਾਉਂਦੇ ਅਤੇ ਇਸਦੀ ਇੰਨੀ ਲੋੜ ਵੀ ਨਹੀਂ ਸਮਝੀ ਜਾਂਦੀ।
ਪੰਜਾਬੀ ਸਾਹਿਤ-ਜਗਤ ਦੀ ਗੱਲ ਕਰਦਿਆਂ ਇਸ ਬਿਰਤੀ ਨੂੰ ਦੇਖਿਆ, ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ। ਪੁਰਾਣੇ ਲੇਖਕ ਜਦੋਂ ਕਿਸੇ ਨਵੇਂ ਲੇਖਕ ਨੂੰ ਅੱਗੇ ਵਧਦਾ ਦੇਖਦੇ ਹਨ ਤਾਂ ਉਨ੍ਹਾਂ ਨੂੰ (ਸਾਰਿਆਂ ਨੂੰ ਨਹੀਂ) ਆਪਣਾ ਰੁਤਬਾ ਘਟਦਾ ਦਿਖਾਈ ਦਿੰਦਾ ਹੈ। ਇੱਥੇ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਿਰਤੀ ਨੂੰ 100 ਫੀਸਦੀ ਲੇਖਕਾਂ ਜਾਂ ਸਾਹਿਤਕਾਰਾਂ ਉੱਪਰ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਫੇਰ ਵੀ ਵੱਡੀ ਗਿਣਤੀ ਵਿੱਚ ਲੇਖਕ, ਸਾਹਿਤਕਾਰ ਇਸ ਬਿਰਤੀ ਦੇ ਧਾਰਨੀ ਹੁੰਦੇ ਹਨ ਜਾਂ ਕਹਿ ਲਓ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਅਜਿਹੇ ਲੇਖਕ ਉਸ ਨਵੇਂ ਲਿਖਾਰੀ ਦੀ ਆਮਦ ਨੂੰ ਸਹਿਜਤਾ ਨਾਲ ਸਵੀਕਾਰ ਨਹੀਂ ਕਰਦੇ ਬਲਕਿ ਉਸਦੇ ਹੌਸਲੇ ਨੂੰ ਤੋੜਨ ਦਾ ਭਰਪੂਰ ਯਤਨ ਕਰਦੇ ਹਨ ਤਾਂ ਕਿ ਸਾਹਿਤ ਦੇ ਰੁੱਖ ਉੱਤੇ ਉੱਗਿਆ ਉਹ ਨਵਾਂ ਪੱਤਾ ਸੜ ਕੇ ਹੇਠਾਂ ਡਿਗ ਪਵੇ। ਅਜਿਹੇ ਲੇਖਕ ਉਸ ਨਵੀਂ ਕਰੂੰਬਲ ਨੂੰ ਆਪਣੇ ਖ਼ੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਪਰ ਉਨ੍ਹਾਂ ਦੀ ਕੋਈ ਵਾਹ ਨਹੀਂ ਚਲਦੀ।
ਪੰਜਾਬੀ ਸਾਹਿਤ-ਜਗਤ ਵਿੱਚ ਇਸ ਤਰ੍ਹਾਂ ਦੀ ਬਿਰਤੀ ਤੋਂ ਬਚਣ ਲਈ ਕਈ ਸ਼ਾਇਰਾਂ, ਲੇਖਕਾਂ ਅਤੇ ਆਲੋਚਕਾਂ ਨੇ ਪਹਿਲ ਵੀ ਕੀਤੀ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਅਜਿਹੇ ਲੇਖਕਾਂ, ਸਾਹਿਤਕਾਰਾਂ ਨੂੰ ਬੇਨਤੀ ਰੂਪ ਵਿੱਚ ਸੰਬੋਧਨ ਹੁੰਦਿਆਂ ਆਖਦੇ ਹਨ ਕਿ ਇਨ੍ਹਾਂ ਨਵੇਂ ਬੂਟਿਆਂ (ਨਵੇਂ ਲੇਖਕ-ਲੇਖਿਕਾਵਾਂ) ਨੂੰ ਹੱਲਾਸ਼ੇਰੀ ਦੀ ਖਾਦ ਪਾ ਕੇ ਦੇਖੋ, ਇਹ ਨਵੇਂ ਬੂਟੇ ਸਾਹਿਤ ਦੀ ਫੁਲਵਾੜੀ ਨੂੰ ਹੋਰ ਖੂਬਸੂਰਤ ਬਣਾ ਦੇਣਗੇ। ਪਰ ਇਸ ਕਾਰਜ ਲਈ ਸਥਾਪਤ ਲੇਖਕ-ਲੇਖਿਕਾਵਾਂ ਨੂੰ ਵੱਡਾ ਦਿਲ ਦਿਖਾਉਣਾ ਪਵੇਗਾ:
‘ਨਵੇਂ ਜੋ ਉੱਗ ਰਹੇ ਬੂਟੇ ਉਨ੍ਹਾਂ ਨੂੰ ਖਾਦ ਪਾ ਕੇ ਦੇਖ
ਨਵੇਂ ਸ਼ਾਇਰ ਦੀ ਝੋਲੀ ਵਿੱਚ ਕਦੇ ਤਾਂ ਦਾਦ ਪਾ ਕੇ ਦੇਖ।’
(ਦੇਵਿੰਦਰ ਬੀਬੀਪੁਰੀਆ, ਮੈਂ ਤੋਂ ਮੈਂ ਤਕ (ਗ਼ਜ਼ਲ ਸੰਗ੍ਰਹਿ), ਪੰਨਾ 36)
ਪਰ ਦੂਜੇ ਪਾਸੇ ਇਸ ਸਚਾਈ ਤੋਂ ਉੱਕਾ ਹੀ ਮੂੰਹ ਮੋੜ ਲੈਣਾ ਇੰਝ ਹੋਵੇਗਾ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਹੈ ਤੇ ਸਮਝਦਾ ਹੈ ਕਿ ਉਹ ਮੁਸੀਬਤ ਤੋਂ ਬਚ ਗਿਆ ਹੈ। ਪਰ ਇਹ ਕਬੂਤਰ ਦਾ ਵਹਿਮ ਹੁੰਦਾ ਹੈ। ਇਸ ਸਚਾਈ ਤੋਂ ਮੂੰਹ ਫੇਰਨ ਵਾਲੇ ਸਾਹਿਤਕਾਰ ਅਤੇ ਲੇਖਕ ਵੀ ਕਬੂਤਰ ਵਾਂਗ ਵਹਿਮ ਦੇ ਸ਼ਿਕਾਰ ਸਮਝੇ ਜਾ ਸਕਦੇ ਹਨ, ਹੋਰ ਕੁਝ ਨਹੀਂ।
ਇੱਥੇ ਖ਼ਾਸ ਗੱਲ ਇਹ ਹੈ ਕਿ ਇਹ ਬਿਰਤੀ ਜਾਂ ਸੁਭਾਓ ਇਕੱਲੇ ਸਾਹਿਤ ਦੇ ਖ਼ੇਤਰ ਵਿੱਚ ਹੀ ਦੇਖਣ ਨੂੰ ਨਹੀਂ ਮਿਲਦਾ ਬਲਕਿ ਮਨੁੱਖੀ ਜੀਵਨ ਦੇ ਹਰ ਖ਼ੇਤਰ ਵਿੱਚ ਦੇਖਣ ਨੂੰ ਮਿਲਦਾ ਹੈ। ਹੋਰ ਤਾਂ ਹੋਰ, ਪਸ਼ੂਆਂ ਵਿੱਚ ਵੀ ਇਹ ਬਿਰਤੀ ਦੇਖੀ ਜਾ ਸਕਦੀ ਹੈ। ਵਰ੍ਹਿਆਂ ਤੋਂ ਕਿਸੇ ਜੰਗਲ ਵਿੱਚ ਸ਼ਿਕਾਰ ਕਰਦੇ ਬੱਬਰ ਸ਼ੇਰ ਨੂੰ ਜਦੋਂ ਇਹ ਪਤਾ ਲਗਦਾ ਹੈ ਕਿਸੇ ਹੋਰ ਇਲਾਕੇ ਦਾ ਸ਼ੇਰ ਉਸਦੇ ਇਲਾਕੇ ਵਿੱਚ ਆ ਗਿਆ ਹੈ ਤਾਂ ਉਹ ਆਪਣੇ ਸ਼ਿਕਾਰ ਨੂੰ ਭੁੱਲ ਕੇ ਪਹਿਲਾਂ ਉਸ ਸ਼ੇਰ ਦਾ ਖ਼ਾਤਮਾ ਕਰਨਾ ਚਾਹੁੰਦਾ ਹੈ, ਜਿਹੜਾ ਉਸਦੇ ਇਲਾਕੇ ਵਿੱਚ ਵੜਿਆ ਹੁੰਦਾ ਹੈ।
ਵਿਦਵਾਨਾਂ ਦਾ ਕਥਨ ਹੈ ਕਿ ਇੱਕੋ ਥਾਵੇਂ ਖੜ੍ਹਾ ਪਾਣੀ ਵੀ ਕੁਝ ਚਿਰ ਮਗਰੋਂ ਮੁਸ਼ਕ ਮਾਰਨ ਲੱਗ ਪੈਂਦਾ ਹੈ, ਫਿਰ ਇੱਕੋ ਥਾਵੇਂ ਰੁਕਿਆ ਬੰਦਾ ਕਿੰਝ ਅੱਗੇ ਵਧ ਸਕਦਾ ਹੈ? ਬੰਦੇ ਨੇ ਜਦੋਂ ਆਪਣਾ ਘਰ ਬਦਲਣਾ ਹੋਵੇ ਤਾਂ ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਖ਼ੌਰੇ ਕਿੰਝ ਦੇ ਹੋਣਗੇ? ਬਿਲਕੁਲ ਇੰਝ ਹੀ ਸਕੂਲ ਬਦਲਦਿਆਂ, ਕਾਲਜ ਬਦਲਦਿਆਂ, ਥਾਂ ਬਦਲਦਿਆਂ, ਕਾਰੋਬਾਰ ਬਦਲਦਿਆਂ ਅਤੇ ਮਨੁੱਖੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਮਸਲੇ ਨਾਲ ਸੰਬੰਧਤ ਬਦਲਾਓ ਜਾਂ ਤਬਦੀਲੀ ਹੁੰਦੀ ਹੈ ਤਾਂ ਮਨੁੱਖ ਦੇ ਮਨ ਨੂੰ ਚੰਗਾ ਨਹੀਂ ਲਗਦਾ। ਹਾਂ, ਬਾਅਦ ਵਿੱਚ ਕੁਝ ਚਿਰ ਮਗਰੋਂ ਮਨ ਇਸ ਬਦਲਾਓ ਨੂੰ ਪਰਵਾਨ ਕਰ ਲੈਂਦਾ ਹੈ ਅਤੇ ਜ਼ਿੰਦਗੀ ਪਹਿਲਾਂ ਵਾਂਗ ਸਹਿਜ ਢੰਗ ਨਾਲ ਤੁਰਨ ਲਗਦੀ ਹੈ। ਪਰ ਬਦਲਾਓ ਦਾ ਡਰ ਮਨੁੱਖ ਦੇ ਮਨ ਵਿੱਚ ਸਦਾ ਬਣਿਆ ਰਹਿੰਦਾ ਹੈ।
ਪੰਜਾਬੀ ਸਾਹਿਤ-ਜਗਤ ਦੀ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਆਮ ਤੌਰ ’ਤੇ ਪੁਰਾਣੇ ਲੇਖਕ ਪਹਿਲਾਂ ਤਾਂ ਨਵੇਂ ਲੇਖਕਾਂ ਨੂੰ ਬਹੁਤਾ ਪਰਵਾਨ ਨਹੀਂ ਕਰਦੇ ਅਤੇ ਹਰ ਰਚਨਾ ’ਤੇ ਅਕਸਰ ਟੀਕਾ-ਟਿੱਪਣੀ ਕਰਕੇ ਉਸਦੇ ਆਤਮ-ਵਿਸ਼ਵਾਸ ਨੂੰ ਤੋੜਨ ਦਾ ਯਤਨ ਕਰਦੇ ਹਨ ਪਰ ਫਿਰ ਵੀ ਜਦੋਂ ਕੋਈ ਨਵਾਂ ਲੇਖਕ-ਲੇਖਿਕਾ ਆਪਣੇ ਖ਼ੇਤਰ ਵਿੱਚ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ ਤਾਂ ਸਹਿਜੇ-ਸਹਿਜੇ ਉਹ ਆਪਣੀ ਪਛਾਣ ਕਾਇਮ ਕਰਨ ਦੇ ਕਾਬਿਲ ਹੋ ਜਾਂਦਾ ਹੈ।
ਕੁਝ ਪੁਰਾਣੇ ਲੇਖਕਾਂ ਨੂੰ ਜਿੱਥੇ ਇਸ ਗੱਲ ਦਾ ਮਲਾਲ ਹੈ ਕਿ ਉਨ੍ਹਾਂ ਦੀ ਥਾਂ ’ਤੇ ਨਵੇਂ ਲੋਕ ਆ ਰਹੇ ਹਨ, ਉੱਥੇ ਇਸ ਗੱਲ ਦਾ ਗੁੱਸਾ ਵੀ ਹੈ ਕਿ ਇਹ ਨਵੇਂ ਪੱਤੇ (ਨਵੇਂ ਲੇਖਕ-ਲੇਖਿਕਾ) ਲਿਖਤਾਂ ਜਾਂ ਸਿਰਜਣਾ ਦੀ ਸ਼ਕਤੀ ਰਾਹੀਂ ਉਨ੍ਹਾਂ ਤੋਂ ਉੱਪਰ ਉੱਠ ਰਹੇ ਹਨ, ਭਾਵ ਅੱਗੇ ਨਿਕਲ ਰਹੇ ਹਨ। ਪ੍ਰੋ. ਰਾਬਿੰਦਰ ਮਸਰੂਰ ਇਸੇ ਭਾਵ ਨੂੰ ਵਿਅੰਗ ਵਿਧੀ ਰਾਹੀਂ ਆਪਣੇ ਮਿਸਰੇ ਵਿੱਚ ‘ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖਰਾਂ ਹੋ ਗਏ।’ ਕਹਿੰਦਾ ਹੈ।
ਪੰਜਾਬੀ ਲੋਕ-ਜੀਵਨ ਵਿੱਚ ਆਮ ਹੀ ਕਹਾਵਤ ਹੈ ਕਿ ਬੰਦਾ ਆਪਣੇ ਦੁੱਖ ਤੋਂ ਉੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੁੰਦਾ ਹੈ। ਇਹ ਬਿਰਤੀ ਇਕੱਲੇ ਸਾਹਿਤ-ਜਗਤ ਵਿੱਚ ਹੀ ਦੇਖਣ ਨੂੰ ਨਹੀਂ ਮਿਲਦੀ ਬਲਕਿ ਮਨੁੱਖੀ ਜੀਵਨ ਦੇ ਹਰ ਖ਼ੇਤਰ ਵਿੱਚ ਦੇਖਣ ਨੂੰ ਮਿਲਦੀ ਹੈ। ਕਿੱਤਾ ਕੋਈ ਵੀ ਹੋਵੇ ਪੁਰਾਣੇ ਲੋਕ ਨਵੇਂ ਲੋਕਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ।
‘ਝੜ ਰਹੇ ਪੱਤੇ’ ਆਪਣਾ ਜੀਵਨ ਭੋਗ ਕੇ ਰੁੱਤ ਅਤੇ ਸਮੇਂ ਦੇ ਮੁਤਾਬਿਕ ਡਿਗਦੇ ਹਨ ਅਤੇ ਨਵੇਂ ਪੱਤੇ ਰੁੱਤ ਅਤੇ ਸਮੇਂ ਦੇ ਮੁਤਾਬਿਕ ਸਿਖਰ ’ਤੇ ਸੋਭਦੇ ਹਨ। ਇੱਥੇ ਇੱਕ ਗੱਲ ਜ਼ਿਹਨ ਵਿੱਚ ਰੱਖਣ ਵਾਲੀ ਹੈ ਕਿ ਇਹ ਸਮਾਂ ਇੱਥੇ ਵੀ ਨਹੀਂ ਰੁਕਣਾ। ਰੁੱਤ ਨੇ ਫੇਰ ਬਦਲਣਾ ਹੈ ਅਤੇ ਫੇਰ ਨਵੇਂ ਪੱਤੇ ਪੁੰਗਰਨੇ ਹਨ। ਫੇਰ ਨਵਿਆਂ ਦੀ ਰੁੱਤ ਆਉਣੀ ਹੈ। ਫੇਰ ਸਮੇਂ ਦੇ ਗੇੜ ਵਿੱਚ ਇਹ ਪੱਤੇ ਡਿੱਗਣੇ ਸ਼ੁਰੂ ਹੋ ਜਾਣਗੇ ਅਤੇ ਇਨ੍ਹਾਂ ਦੀ ਥਾਵੇਂ ਨਵੇਂ ਪੱਤੇ ਸਿਖਰ ’ਤੇ ਹੋਣਗੇ। ਇਹ ਸਿਲਸਿਲਾ ਅਨੰਤ-ਅਨੰਤ ਕਾਲ ਤਕ ਇੰਝ ਹੀ ਚਲਦਾ ਰਹੇਗਾ। ਇਸ ਨੂੰ ਰੋਕਿਆ, ਬਦਲਿਆ ਜਾਂ ਟਾਲਿਆ ਨਹੀਂ ਜਾ ਸਕਦਾ। ਇਸ ਲਈ ਜਿੰਨਾ ਵਕਤ ਮਿਲਿਆ ਹੈ, ਉਸ ਨੂੰ ਪ੍ਰੇਮ ਨਾਲ ਬਿਤਾਉਣਾ ਚਾਹੀਦਾ ਹੈ।
ਆਧੁਨਿਕ ਸੰਦਰਭ ਵਿੱਚ ਗੱਲ ਕਰਦਿਆਂ ਇੰਝ ਕਿਹਾ ਜਾ ਸਕਦਾ ਹੈ ਕਿ ਕੁਰਸੀਆਂ ਤਾਂ ਕੁਝ ਵਕਤ ਤਕ ਰਹਿ ਸਕਦੀਆਂ ਹਨ ਪਰ ਕੁਰਸੀਆਂ ’ਤੇ ਬੈਠਣ ਵਾਲੇ ਲੋਕ ਸਮੇਂ ਦੇ ਮੁਤਾਬਿਕ ਬਦਲਦੇ ਰਹਿਣਗੇ। ਹੁਣ ਕੋਈ ਵਿਅਕਤੀ ਇਸ ਕੁਰਸੀ ਨੂੰ ਹਮੇਸ਼ਾ ਲਈ ਆਪਣੀ ਜਗੀਰ ਸਮਝ ਲਵੇ ਤਾਂ ਉਸ ਨੂੰ ਮੂਰਖ ਹੀ ਕਿਹਾ ਜਾ ਸਕਦਾ ਹੈ, ਹੋਰ ਕੁਝ ਨਹੀਂ।
ਆਖਰ ਵਿੱਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਸਾਹਿਤ, ਸਮਾਜ ਅਤੇ ਸੰਵੇਦਨਾਵਾਂ ਦਾ ਇਹ ਪ੍ਰਸੰਗ ਮਨੋਵਿਗਿਆਨਕ ਮੁਲਾਂਕਣ ਦੀ ਸ਼੍ਰੇਣੀ ਵਿੱਚ ਲੰਮੀ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਹ ਬਿਰਤੀ ਸਮਾਜ ਵਿੱਚੋਂ ਉਪਜਕੇ ਸਾਹਿਤ ਵਿੱਚ ਆਪਣੀ ਛਾਪ ਛੱਡਦੀ ਹੈ ਅਤੇ ਫੇਰ ਮਨੁੱਖੀ ਮਨ ਦੀਆਂ ਕੋਮਲ ਸੰਵੇਦਨਾਵਾਂ ਵਿੱਚ ਘਰ ਕਰ ਲੈਂਦੀ ਹੈ। ਫੇਰ ਲੱਖ ਯਤਨ ਕਰਨ ’ਤੇ ਵੀ ਇਸ ਬਿਰਤੀ ਤੋਂ ਖਹਿੜਾ ਨਹੀਂ ਛਡਾਇਆ ਜਾ ਸਕਦਾ। ਜਿਵੇਂ ਉੱਪਰ ਵੀ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਇਹ ਬਿਰਤੀ ਨਾ ਰੋਕੀ ਜਾ ਸਕਦੀ ਹੈ, ਨਾ ਬਦਲੀ ਜਾ ਸਕਦੀ ਹੈ ਅਤੇ ਨਾ ਹੀ ਟਾਲੀ ਜਾ ਸਕਦੀ ਹੈ। ਕੁਝ ਹੱਦ ਤਕ ਘਟਾਈ ਜਾ ਸਕਦੀ ਹੈ, ਉਸ ਲਈ ਅਧਿਆਤਮ ਦੇ ਮਾਰਗ ਨੂੰ ਸਮਝਿਆ ਜਾ ਸਕਦਾ ਹੈ।
ਮਨੁੱਖ ਦਾ ਜੀਵਨ ਨਾਸਵਾਨ ਹੈ। ਇਸ ਬ੍ਰਹਿਮੰਡ ਦੀ ਹਰ ਸ਼ੈਅ ਨਾਸਵਾਨ ਹੈ। ਫਿਰ ਇਸਦਾ ਹੰਕਾਰ ਕਿਉਂ ਕੀਤਾ ਜਾਵੇ? ਚੰਦ ਦਿਨਾਂ ਲਈ ਸਿਖਰ ’ਤੇ ਝੂਲ ਕੇ ਪੱਤੇ ਨੇ ਆਖਰ ਨੂੰ ਧਰਤੀ ’ਤੇ ਹੀ ਡਿਗਣਾ ਹੈ:
‘ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ।’
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 488)
ਮਨੁੱਖ ਨੂੰ ਆਪਣਾ ਜੀਵਨ ਸਹਿਜਤਾ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਮਨ ਵਿੱਚੋਂ ਈਰਖਾ ਅਤੇ ਦੁਸ਼ਮਣੀ ਦੀ ਭਾਵਨਾ ਕੱਢਣੀ ਚਾਹੀਦੀ ਹੈ। ਸਾਹਿਤ ਦੇ ਸੰਦਰਭ ਵਿੱਚ ਚਰਚਾ ਕਰਦਿਆਂ, ਨਵੇਂ ਲੇਖਕਾਂ ਤੇ ਸਾਹਿਤਕਾਰਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਅੱਗੇ ਵਧਣ ਦੀ ਪ੍ਰੇਰਣਾ ਦੇ ਕੇ ਆਪਣੇ ਫਰਜ਼ ਨੂੰ ਦਿਆਨਤਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਤੁਹਾਨੂੰ ਜਿੱਥੇ ਚੰਗੇ ਇਨਸਾਨ ਦੇ ਰੂਪ ਵਿੱਚ ਚੇਤੇ ਰੱਖਣ, ਉੱਥੇ ਹੀ ਸਾਹਿਤ ਦੇ ਖੇਤਰ ਵਿੱਚ ਸੂਝਵਾਨ ਲੇਖਕ ਦੇ ਰੂਪ ਵਿੱਚ ਸਦੀਆਂ ਤਕ ਯਾਦ ਕੀਤਾ ਜਾਂਦਾ ਰਹੇ। ਇਹੋ ਅਰਦਾਸ ਹੈ ਮੇਰੀ। ਜਿਊਂਦੇ-ਵਸਦੇ ਰਹੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































