“ਚਲਾਕ ਅਤੇ ਪਾਖੰਡੀ ਲੋਕ ਆਧੁਨਿਕ ਕਾਢਾਂ ਰਾਹੀਂ ਬਹੁਤ ਆਸਾਨੀ ਨਾਲ ਆਮ ਲੋਕਾਂ ਨੂੰ ...”
(5 ਅਗਸਤ 2018)
ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਹਰ ਪਾਸੇ ਤਕਨੀਕ ਦਾ ਬੋਲਬਾਲਾ ਹੈ। ਸਿਹਤ ਤੋਂ ਲੈ ਕੇ ਸਿਆਸਤ ਤੱਕ ਤਕਨੀਕ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ ਹੋਈ ਹੈ। ਉਂਝ, ਇਹ ਲਾਜ਼ਮੀ ਵੀ ਹੈ ਕਿਉਂਕਿ ਜ਼ਮਾਨੇ ਦੇ ਨਾਲ ਤੁਰਨ ਦਾ ਹੁਨਰ ਨਾ ਰੱਖਣ ਵਾਲੇ ਮਨੁੱਖ ਕਾਮਯਾਬੀ ਦੀ ਦੌੜ ਵਿੱਚੋਂ ਪਛੜ ਜਾਂਦੇ ਹਨ। ਪਰ! ਜਿਵੇਂ-ਜਿਵੇਂ ਮਨੁੱਖ ਨੇ ਨਵੀਂਆਂ ਕਾਢਾਂ ਦੀ ਖੋਜ ਕੀਤੀ ਹੈ ਉਵੇਂ-ਉਵੇਂ ਵਹਿਮਾਂ-ਭਰਮਾਂ ਦਾ ਸ਼ਿਕਾਰ ਵੀ ਹੁੰਦਾ ਗਿਆ ਹੈ। ਇਹ ਬਹੁਤ ਮੰਦਭਾਗਾ ਹੈ।
ਆਧੁਨਿਕ ਤਕਨੀਕ ਰਾਹੀਂ ਜਿੱਥੇ ਮਨੁੱਖ ਪਹਿਲਾਂ ਨਾਲੋਂ ਵੱਧ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਉੱਥੇ ਅੰਧਵਿਸ਼ਵਾਸੀ ਵੀ ਹੋ ਗਿਆ ਹੈ। ਅੱਜਕਲ ਸਵੇਰੇ ਟੈਲੀਵਿਜ਼ਨ ਚਲਾਓ ਤਾਂ ਰਾਸ਼ੀਫਲ ਅਤੇ ਦਿਨ ਦੇ ਚੰਗੇ-ਮਾੜੇ ਹੋਣ ਦੀ ਭਵਿੱਖਬਾਣੀ ਕਰਦੇ ਹੋਏ ਕਈ ‘ਵਿਦਵਾਨ’ ਦੇਖੇ ਜਾ ਸਕਦੇ ਹਨ। ਅੱਜ ਦੇ ਦਿਨ ਇਸ ਰੰਗ ਦਾ ਕੱਪੜਾ ਪਾਉਣਾ ਸ਼ੁਭ ਰਹੇਗਾ ਅਤੇ ਇਸ ਸਥਾਨ ਦੀ ਯਾਤਰਾ, ਜੀਵਨ ਵਿਚ ਤਰੱਕੀ ਦੇ ਰਾਹ ਖੋਲ੍ਹ ਦੇਵੇਗੀ, ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਪੜ੍ਹੇ-ਲਿਖੇ ਲੋਕ ਵੀ ਇਹਨਾਂ ਪਿੱਛੇ ਲੱਗ ਜਾਂਦੇ ਹਨ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੈਲੀਵਿਜ਼ਨ ਵਿਚ ਵਿਗਿਆਨਕ ਸੋਚ ਨੂੰ ਅੱਗੇ ਵਧਾਉਣ ਵਾਲੇ ਪ੍ਰੋਗਰਾਮ ਵੀ ਆਉਂਦੇ ਹਨ ਪਰ ਬਹੁਤੇ ਲੋਕ ਤਾਂ ਬਾਬਿਆਂ ਦੇ ਪ੍ਰਵਚਨ ਸੁਣਨ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਨਿੱਕੇ ਬੱਚਿਆਂ ਦੇ ਪ੍ਰੋਗਰਾਮਾਂ ਵਿਚ ਕਰਾਮਾਤਾਂ ਨੂੰ ਦਿਖਾਇਆ ਜਾਂਦਾ ਹੈ। ਕਾਰਟੂਨਾਂ ਵਿਚ ‘ਹਵਾ ਵਿਚ ਉੱਡਣਾ, ਬਿਨਾਂ ਸਕੂਲ ਦਾ ਕੰਮ ਕੀਤਿਆਂ ਸਕੂਲ ਜਾਣਾ ਅਤੇ ਜਾਦੂ ਰਾਹੀਂ ਕਾਪੀ ਉੱਤੇ ਪੂਰਾ ਕੰਮ ਹੋਇਆ ਹੋਣਾ, ਟੀਚਰ ਨੂੰ ਮੂਰਖ਼ ਬਣਾਉਣਾ ਅਤੇ ਦੇਵੀ-ਦੇਵਤਿਆਂ ਨੂੰ ਸ਼ਕਤੀਸ਼ਾਲੀ ਬਣਾ ਕੇ ਦਿਖਾਉਣਾ, ਜਿਸ ਨਾਲ ਨਿੱਕੇ ਬੱਚਿਆਂ ਦੇ ਮਨ ਉੱਤੇ ਪ੍ਰਭਾਵ ਪਾਇਆ ਜਾ ਸਕੇ, ਆਦਿਕ ਪ੍ਰੋਗਰਾਮ ਨਿੱਤ ਹੀ ਦੇਖੇ ਜਾ ਸਕਦੇ ਹਨ।
ਇੰਟਰਨੈੱਟ ਰਾਹੀਂ ਆਪਣਾ ਭਵਿੱਖ ਜਾਣਨਾ, ਫੇਸਬੁੱਕ ਤੇ ਪਿਛਲੇ ਜਨਮ ਦਾ ਰਾਜ਼ ਜਾਣਨਾ, ਪਿਛਲੇ ਜਨਮ ਵਿਚ ਹੋਈ ਮੌਤ ਦੇ ਕਾਰਨ ਲੱਭਣਾ, ਅਗਲੇ ਜਨਮ ਵਿਚ ਹੋਣ ਵਾਲੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕਰਨਾ ਆਦਿਕ ਗ਼ੈਰਜ਼ਰੂਰੀ ਕੰਮ ਕਰਦੇ ਹੋਏ ਹਜ਼ਾਰਾਂ ਪੜ੍ਹੇ-ਲਿਖੇ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।
ਵਟਸਐੱਪ ਉੱਪਰ ਅਜਿਹੇ ਸੰਦੇਸ਼ ਫੈਲਾਉਣਾ ਜਿਹਨਾਂ ਵਿਚ ਅੰਧਵਿਸ਼ਵਾਸਾਂ ਨੂੰ ਪ੍ਰਮੋਟ ਕੀਤਾ ਗਿਆ ਹੋਵੇ। ਕਿਸੇ ਧਾਰਮਕ ਥਾਂ ਤੋਂ ਚੱਲੇ ਕਿਸੇ ਗ਼ੈਰਜ਼ਰੂਰੀ ਸੰਦੇਸ਼ ਨੂੰ ਅੱਗੇ ਘੱਲਣ ਲਈ ਆਖਣਾ। ਨਾ ਘੱਲਣ ਦੀ ਸੂਰਤ ਵਿਚ ਨੁਕਸਾਨ ਹੋਣ ਦੀ ਚਿਤਾਵਨੀ ਦੇਣਾ ਅਤੇ ਘੱਲ ਦੇਣ ਦੀ ਸੂਰਤ ਵਿਚ ਲਾਭ ਮਿਲਣਾ, ਇਹ ਸਭ ਕੁਝ ਅੱਜ ਦੇ ਦੌਰ ਵਿਚ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਉਂਝ ਅਜੋਕਾ ਮਨੁੱਖ ਆਪਣੇ ਆਪ ਨੂੰ ਇੱਕੀਵੀਂ ਸਦੀ ਦਾ ਅਗਾਂਹਵਧੂ ਮਨੁੱਖ ਬਣਾ ਕੇ ਪੇਸ਼ ਕਰਦਾ ਹੈ, ਪਰ! ਅਜਿਹੀਆਂ ਕਾਰਵਾਈਆਂ ਨਿੱਤ ਦਿਹਾੜੀ ਹੁੰਦੀਆਂ ਰਹਿੰਦੀਆਂ ਹਨ।
ਸੱਭਿਅਕ ਸਮਾਜ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਜਿਹਨਾਂ ਨੂੰ ਦੇਖ/ਸੁਣ ਕੇ ਰੂਹ ਕੰਬ ਜਾਂਦੀ ਹੈ। ਨਿੱਕੇ ਬੱਚਿਆਂ ਨੂੰ ਬਲੀ ਦੇ ਨਾਮ ’ਤੇ ਕਤਲ ਕਰਨ ਦੀਆਂ ਕਈ ਘਟਨਾਵਾਂ ਅਸੀਂ ਦੇਖਦੇ/ਪੜ੍ਹਦੇ ਰਹਿੰਦੇ ਹਾਂ। ਕਿਸੇ ਤਾਂਤਰਿਕ ਦੇ ਕਹੇ ਮੁਤਾਬਕ ਕੰਨਿਆ ਨੂੰ ਵੱਢ ਦੇਣਾ, ਸ਼ਮਸ਼ਾਨਘਾਟ ਵਿਚ ਕੱਚੀ ਲੱਸੀ ਦਾ ਛਿੱਟਾ ਦੇਣਾ, ਚੌਰਾਹੇ ਵਿਚ ਨਹਾਉਣਾ, ਗਲੀ ਵਿਚ ਲਾਲ ਕੱਪੜਾ ਵਿਛਾਉਣਾ ਅਤੇ ਇਸੇ ਤਰ੍ਹਾਂ ਦੇ ਕਈ ਗ਼ੈਰ ਵਿਗਿਆਨਕ ਕੰਮ ਲੋਕਾਂ ਵੱਲੋਂ ਨਿੱਤ ਹੀ ਕੀਤੇ ਜਾਂਦੇ ਹਨ। ਇਹ ਸਭ ਕੁਝ ਅਜੋਕੇ ਸਮੇਂ ਵਿਚ ਪੜ੍ਹੇ-ਲਿਖੇ ਸਮਝੇ ਜਾਂਦੇ ਸਮਾਜ ਵੱਲੋਂ ਕੀਤੇ ਜਾਂਦੇ ਹਨ ਅਤੇ ਅਸੀਂ ਅਜੇ ਵੀ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਸੋਚ ਦਾ ਧਾਰਨੀ ਸਮਝੀ ਬੈਠੇ ਹਾਂ। ਇਹ ਰੁਝਾਨ ਬਹੁਤ ਮੰਦਭਾਗਾ ਹੈ। ਇਸ ਤੋਂ ਬਚਣ ਦੀ ਲੋੜ ਹੈ।
ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਿਹਨਤ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਜਿਸ ਦੁਆਰਾ ਸਫ਼ਲਤਾ ਹਾਸਲ ਕੀਤੀ ਜਾ ਸਕੇ। ਦੂਜੀ ਗੱਲ, ਟੈਲੀਵਿਜ਼ਨ ਉੱਤੇ ਪ੍ਰਵਚਨ ਕਰ ਰਹੇ ਬਾਬੇ ਕੋਲ ਜੇ ਇੰਨੀ ਤਾਕਤ ਹੁੰਦੀ ਤਾਂ ਉਹ ਟੈਲੀਵਿਜ਼ਨ ਉੱਪਰ ਪ੍ਰਵਚਨ ਕਰਨ ਲਈ ਉਪਰਾਲੇ ਨਾ ਕਰਦਾ, ਆਪਣੀ ਸ਼ਕਤੀ ਰਾਹੀਂ ਵਧੀਆ ਜੀਵਨ ਬਤੀਤ ਕਰਦਾ। ਜਾਦੂਗਰ ਜੇਕਰ ਇਕ ਰੁਪਏ ਦੇ ਹਜ਼ਾਰ ਰੁਪਏ ਬਣਾ ਸਕਦਾ ਤਾਂ ਉਸਨੂੰ ਕੀ ਜ਼ਰੂਰਤ ਸੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਕੇ ਜਾਦੂ ਦਿਖਾਉਣ ਦੀ। ਉਹ ਕਿਸੇ ਚੰਗੇ ਸ਼ਹਿਰ ਵਿਚ ਰਹਿ ਕੇ ਵਧੀਆ ਜੀਵਨ ਜੀਉਂਦਾ। ਪਰ ਇਹ ਸਭ ਅਸਲ ਹਕੀਕਤ ਤੋਂ ਕੋਹਾਂ ਦੂਰ ਹੈ, ਅੱਖਾਂ ਦਾ ਭਰਮ ਹੈ, ਵਹਿਮ ਹੈ। ਇਹ ਸਭ ਲੋਕਾਂ ਨੂੰ ਮੂਰਖ਼ ਬਣਾਉਣ ਦੀਆਂ ਚਾਲਾਂ ਹਨ। ਚਲਾਕ ਅਤੇ ਪਾਖੰਡੀ ਲੋਕ ਆਧੁਨਿਕ ਕਾਢਾਂ ਰਾਹੀਂ ਬਹੁਤ ਆਸਾਨੀ ਨਾਲ ਆਮ ਲੋਕਾਂ ਨੂੰ ਮੂਰਖ਼ ਬਣਾ ਲੈਂਦੇ ਹਨ। ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਤਾਂ ਕਿ ਜੀਵਨ ਵਿਚ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।
*****
(1253)