“ਸਰਕਾਰਾਂ ਨੇ ਅਜਿਹੇ ਪ੍ਰੋਗਰਾਮ ਨਹੀਂ ਉਲੀਕੇ ਜਿਸ ਨਾਲ ਆਮ ਪੇਂਡੂ ਮਜ਼ਦੂਰ, ਗ਼ਰੀਬ ਅਤੇ ਅਨਪੜ੍ਹ ਬੰਦੇ ਨੂੰ ...”
(5 ਜੁਲਾਈ 2018)
ਜੀਵ-ਜੰਤੂਆਂ ਤੋਂ ਲੈ ਕੇ ਮਨੁੱਖਾਂ ਤੱਕ, ਸਭ ਇਸ ਧਰਤੀ ਉੱਤੇ ਪੈਦਾ ਹੁੰਦੇ ਆਏ ਹਨ ਅਤੇ ਸਮੇਂ ਦੇ ਗੇੜ ਅੰਦਰ ਨਸ਼ਟ ਵੀ ਹੁੰਦੇ ਰਹੇ ਹਨ। ਇਹ ਕੁਦਰਤ ਦਾ ਨਿਯਮ ਹੈ ਅਤੇ ਇਸ ਨਿਯਮ ਵਿੱਚ ਕਦੇ ਵੀ ਤਬਦੀਲੀ ਸੰਭਵ ਨਹੀਂ ਹੈ। ‘ਪੈਦਾ ਹੋਣ ਅਤੇ ਨਸ਼ਟ ਹੋਣ ਦੇ ਸੰਤਲੁਨ ਨੂੰ ਬਣਾ ਕੇ ਰੱਖਣਾ’ ਮਨੁੱਖ ਦੇ ਮੁੱਢਲੇ ਫ਼ਰਜ਼ਾਂ ਵਿੱਚੋਂ ਸ਼ਾਮਲ ਫ਼ਰਜ਼ ਹੈ। ਸੰਸਾਰ ਵਿੱਚ ਪੈਦਾ ਹੋ ਚੁੱਕੀਆਂ ਬਹੁਤ ਸਾਰੀਆਂ ਜੀਵਾਂ ਦੀਆਂ ਨਸਲਾਂ ਅੱਜ ਖ਼ਤਮ ਹੋ ਚੁਕੀਆਂ ਹਨ ਜਾਂ ਖ਼ਤਮ ਹੋਣ ਦੇ ਕੰਢੇ ’ਤੇ ਹਨ। ਇਹਨਾਂ ਦਾ ਕਾਰਨ ਬੇ-ਤਰਤੀਬੀ ਦਾ ਹੋਣਾ ਹੈ ਕਿਉਂਕਿ ਇਹਨਾਂ ਦਾ ਜਨਮ ਉਸ ਤਫ਼ਤਾਰ ਨਾਲ ਨਹੀਂ ਹੋਇਆ ਜਿਸ ਰਫ਼ਤਾਰ ਨਾਲ ਇਹਨਾਂ ਦਾ ਖ਼ਾਤਮਾ ਹੋ ਗਿਆ। ਇਸ ਲਈ ਬਹੁਤ ਸਾਰਆਂ ਜੀਵਾਂ ਦੀਆਂ ਨਸਲਾਂ ਅਲੋਪ ਹੋ ਚੁੱਕੀਆਂ ਹਨ।
ਖ਼ੈਰ, ਇਹ ਵੱਖਰਾ ਮੁੱਦਾ ਹੈ। ਸਾਡਾ ਅੱਜ ਦਾ ਮੂਲ ਥੀਮ ਮਨੁੱਖੀ ਆਬਾਦੀ ਦੀ ਵਧਦੀ ਰਫ਼ਤਾਰ ਨਾਲ ਸੰਬੰਧਤ ਹੈ। ਭਾਰਤ ਵਿੱਚ ਪਹਿਲੀ ਵਾਰ ‘ਆਬਾਦੀ ਦੀ ਗਿਣਤੀ’ ਸੰਨ 1872 ਵਿੱਚ ਹੋਈ ਸੀ। ਉਸ ਸਮੇਂ ਬ੍ਰਿਟਿਸ਼ ਹਕੂਮਤ ਭਾਰਤ ਉੱਤੇ ਕਾਬਜ਼ ਸੀ। ਆਜ਼ਾਦੀ ਤੋਂ ਮਗਰੋਂ 1951 ਵਿੱਚ ‘ਆਬਾਦੀ ਨੂੰ ਗਿਣਿਆ’ ਗਿਆ ਸੀ ਅਤੇ ਹੁਣ ਹਰ 10 ਸਾਲ ਬਾਅਦ ਆਬਾਦੀ ਦੀ ਗਿਣਤੀ ਕੀਤੀ ਜਾਂਦੀ ਹੈ। ਮਨੁੱਖੀ ਆਬਾਦੀ ਦੀ ਜਨਤਕ ਕੀਤੀ ਗਈ ਰਿਪੋਰਟ ਜੋ 31 ਮਾਰਚ 2011 ਨੂੰ ਜਾਰੀ ਕੀਤੀ ਗਈ ਸੀ, ਦੇ ਅਨੁਸਾਰ ਭਾਰਤ ਦੀ ਕੁਲ ਆਬਾਦੀ ਇੱਕ ਅਰਬ 21 ਕਰੋੜ 85 ਲੱਖ 4 ਹਜ਼ਾਰ 977 ਦੱਸੀ ਗਈ ਹੈ। ਸੰਨ 1901 ਵਿੱਚ ਭਾਰਤ ਦੀ ਆਬਾਦੀ 23.84 ਕਰੋੜ ਹੁੰਦੀ ਸੀ। ਇਸੇ ਤਰ੍ਹਾਂ ਸੰਨ 1911 ਵਿੱਚ 25.209 ਕਰੋੜ, ਸੰਨ 1921 ਵਿੱਚ 25.132 ਕਰੋੜ, ਸੰਨ 1931 ਵਿੱਚ 27.898 ਕਰੋੜ, ਸੰਨ 1991 ਵਿੱਚ 84.642 ਕਰੋੜ, ਸੰਨ 2001 ਵਿੱਚ 102.874 ਕਰੋੜ ਅਤੇ ਸੰਨ 2011 ਵਿੱਚ 121.019 ਕਰੋੜ ਤੱਕ ਅੱਪੜ ਚੁੱਕੀ ਹੈ। ਸੰਨ 2001 ਤੋਂ ਲੈ ਕੇ 2011 ਤੱਕ (10 ਸਾਲਾਂ ਵਿੱਚ) ਲਗਭਗ 18.1 ਕਰੋੜ ਦੀ ਆਬਾਦੀ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਸੰਨ 1975 ਤੋਂ ਲੈ ਕੇ 2011 ਤੱਕ ਭਾਰਤ ਦੀ ਆਬਾਦੀ ਤਕਰੀਬਨ ਦੁੱਗਣੀ ਹੋ ਗਈ ਹੈ। ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਭਾਰਤ ਦਾ ਉੱਤਰ ਪ੍ਰਦੇਸ਼ ਸੂਬਾ ਸਭ ਤੋਂ ਵੱਧ ਆਬਾਦੀ (19.95 ਕਰੋੜ ਲੋਕਾਂ ਦਾ) ਸੂਬਾ ਹੈ। ਦੂਜੇ ਨੰਬਰ ਤੇ ਮਹਾਂਰਾਸ਼ਟਰ (11.23 ਕਰੋੜ ਲੋਕਾਂ ਦਾ) ਦਾ ਨੰਬਰ ਆਉਂਦਾ ਹੈ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਆਬਾਦੀ ਨੂੰ ਜੇਕਰ ਇਕੱਠਾ ਕਰ ਦਿੱਤਾ ਜਾਵੇ ਤਾਂ ਅਮਰੀਕਾ ਤੋਂ ਵੱਡਾ ਮੁਲਕ ਬਣ ਜਾਵੇਗਾ। ਸਮੁੱਚੇ ਸੰਸਾਰ ਦੀ ਕੁਲ ਆਬਾਦੀ ਵਿੱਚੋਂ 17.5 ਫ਼ੀਸਦੀ ਆਬਾਦੀ ਦਾ ਹਿੱਸਾ ਭਾਰਤ ਦਾ ਹੈ। ਭਾਰਤ ਤੋਂ ਸਿਰਫ਼ ਇੱਕ ਹੀ ਮੁਲਕ ਅੱਗੇ ਹੈ, ਅਤੇ ਉਹ ਹੈ ਚੀਨ। ਸਾਰੀ ਦੁਨੀਆਂ ਦੀ ਕੁਲ ਆਬਾਦੀ ਦਾ ਚੀਨ ਦਾ 19.4 ਫ਼ੀਸਦੀ ਹਿੱਸਾ ਚੀਨ ਦੇ ਹਿੱਸੇ ਆਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਮੁੱਚੀ ਦੁਨੀਆਂ ਦੀ ਕੁਲ ਧਰਤੀ ਦਾ 2.4% ਖੇਤਰ ਹੀ ਭਾਰਤ ਦੇ ਹਿੱਸੇ ਆਉਂਦਾ ਹੈ ਪਰ ਆਬਾਦੀ ਪੱਖੋਂ 17.5% ਲੋਕ ਵਸਦੇ ਹਨ। ਇਸ ਗੱਲ ਤੋਂ ਆਬਾਦੀ ਦੀ ਰਫ਼ਤਾਰ ਦਾ ਸਹਿਜਤਾ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭਾਰਤ ਦੀ 50% ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ ਅਤੇ 65% 35 ਸਾਲ ਤੋਂ ਘੱਟ ਉਮਰ ਦੇ ਲੋਕ ਭਾਰਤ ਅੰਦਰ ਰਹਿੰਦੇ ਹਨ। ਇੱਕ ਸਰਵੇਖਣ ਦੇ ਮੁਤਾਬਕ ਜੇਕਰ ਇਸੇ ਤਫ਼ਤਾਰ ਨਾਲ ਆਬਾਦੀ ਦਾ ਵਧਣਾ ਜਾਰੀ ਰਿਹਾ ਤਾਂ ਸੰਨ 2025 ਦੇ ਆਖ਼ੀਰ ਤੱਕ ਭਾਰਤ ਦੁਨੀਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਵਧਦੀ ਆਬਾਦੀ ਦੇ ਖ਼ੇਤਰ ਵਿੱਚ ਅਸੀਂ ਚੀਨ ਨੂੰ ਪਛਾੜ ਦੇਣਾ ਹੈ। ਇਹ ਬਹੁਤ ਮੰਦਭਾਗਾ ਅਤੇ ਖ਼ਤਰਨਾਕ ਰੁਝਾਨ ਹੈ।
ਮਨੁੱਖੀ ਆਬਾਦੀ ਦਾ ਬੇਹਿਸਾਬ ਵਾਧਾ ਬਹੁਤ ਵੱਡੀ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਪਰ ਬਦਕਿਸਮਤੀ, ਭਾਰਤ ਵਰਗੇ ਮੁਲਕ ਵਿੱਚ ‘ਚੋਣਾਂ’ ਤਾਂ ਬਹੁਤ ਵੱਡੀ ਬਹਿਸ ਦਾ ਵਿਸ਼ਾ ਹੋ ਸਕਦੀਆਂ ਹਨ ਪਰ ਆਬਾਦੀ ਦਾ ਵੱਧਣਾ ਕਦੇ ਵੀ ਬਹਿਸ ਦਾ ਵਿਸ਼ਾ ਨਹੀਂ ਹੁੰਦਾ। ਟੀ. ਵੀ. ਚੈਨਲਾਂ ਉੱਪਰ ਚੋਣਾਂ ਲਈ ਤਾਂ ਆਗੂ ਲੜਦੇ ਆਮ ਨਜ਼ਰੀਂ ਪੈ ਜਾਂਦੇ ਹਨ ਪਰ ਵਧਦੀ ਆਬਾਦੀ ਲਈ ਕਦੇ ਕੋਈ ਬਹਿਸ ਜਾਂ ਉਲਝਣ ਨਹੀਂ ਦੇਖੀ ਗਈ ਅਤੇ ਸ਼ਾਇਦ ਨਾ ਹੀ ਦੇਖੀ ਜਾਵੇਗੀ ਕਿਉਂਕਿ ਭਾਰਤੀ ਲੋਕਾਂ ਨੇ ਵਧਦੀ ਆਬਾਦੀ ਨੂੰ ਕਦੇ ਵੀ ਸਮੱਸਿਆ ਦੇ ਰੂਪ ਵਿੱਚ ਨਹੀਂ ਦੇਖਿਆ। ਬੱਚੇ ਦਾ ਪੈਦਾ ਹੋਣਾ ਤਾਂ ਚੰਗਾ ਸ਼ਗਨ ਮੰਨਿਆਂ ਜਾਂਦਾ ਹੈ ਉਹ ਭਾਵੇਂ ਪੰਜਵਾਂ ਬੱਚਾ ਹੋਵੇ ਤੇ ਭਾਵੇਂ ਅੱਠਵਾਂ।
ਭਾਰਤ ਦੀ ਆਬਾਦੀ ਤਾਂ ਲਗਾਤਾਰ ਵਧ ਰਹੀ ਹੈ ਪਰ ਸਾਧਨ ਸੀਮਤ ਹਨ। ਇਹ ਸਾਧਨ ਵਧ ਨਹੀਂ ਰਹੇ ਬਲਕਿ ਦਿਨੋਂ-ਦਿਨ ਘਟ ਜ਼ਰੂਰ ਰਹੇ ਹਨ। ਦੂਜੀ ਗੱਲ, ਆਧੁਨਿਕ ਸਹੂਲਤਾਂ ਦੇ ਕਾਰਨ ਮਨੁੱਖੀ ਮੌਤ ਦਰ ਵਿੱਚ ਭਾਰੀ ਗਿਰਾਵਟ ਆਈ ਹੈ ਇਸ ਕਰਕੇ ਮਨੁੱਖੀ ਆਬਾਦੀ ਬੇ-ਤਰਤੀਬੀ ਨਾਲ ਵਧ ਰਹੀ ਹੈ। ਆਬਾਦੀ ਦੇ ਵਧਣ ਦੇ ਬਹੁਤ ਸਾਰੇ ਕਾਰਨ ਹਨ। ਯਕੀਕਨ, ਧਰਮ ਨੂੰ ਬਹੁਤ ਵੱਡਾ ਮੁੱਦਾ ਸਮਝਿਆ ਜਾਂਦਾ ਰਿਹਾ ਹੈ ਆਬਾਦੀ ਦੇ ਵਧਣ ਵਿੱਚ। ਧਰਮ ਦੇ ਪੈਰੋਕਾਰ ਆਪਣੇ ਧਰਮ ਦੀ ਘਟਦੀ ਆਬਾਦੀ ਦੀ ਦੁਹਾਈ ਦੇ ਕੇ ਆਬਾਦੀ ਵਿੱਚ ਵਾਧਾ ਕਰਨ ਦੀ ਤਾਕੀਦ ਕਰਦੇ ਰਹਿੰਦੇ ਹਨ। ਇਹ ਕਿਸੇ ਇੱਕ ਧਰਮ ਦੇ ਪੈਰੋਕਾਰਾਂ ਦਾ ਮਸਲਾ ਨਹੀਂ ਹੈ ਬਲਕਿ ਹਰ ਧਰਮ ਦੇ ਠੇਕੇਦਾਰ ਆਪਣੇ ਧਰਮ ਦੀ ਘਟਦੀ ਆਬਾਦੀ ਦੀ ਝੂਠੀ ਅਫ਼ਵਾਹ ਉਡਾਉਂਦੇ ਰਹਿੰਦੇ ਹਨ ਤਾਂ ਕਿ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ।
ਅਨਪੜ੍ਹਤਾ ਵੀ ਬਹੁਤ ਵੱਡਾ ਕਾਰਨ ਹੈ ਆਬਾਦੀ ਦੇ ਵਧਣ ਦ। ਭਾਰਤ ਦੇ ਪਿੰਡਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਗ਼ਰੀਬ ਲੋਕ ਸਹੀ ਸਮੇਂ ’ਤੇ ਪਰਿਵਾਰ ਕੰਟਰੋਲ ਦਵਾਈਆਂ ਅਤੇ ਸਹੂਲਤਾਂ ਦਾ ਦਰੁਸਤੀ ਨਾਲ ਪ੍ਰਯੋਗ ਨਹੀਂ ਕਰਦੇ। ਨਤੀਜਨ ਆਬਾਦੀ ਵਧਦੀ ਜਾਂਦੀ ਹੈ। ਇਹਨਾਂ ਲੋਕਾਂ ਨੂੰ ਪਰਿਵਾਰ ਕੰਟਰੋਲ ਦੀਆਂ ਦਵਾਈਆਂ/ਸਹੂਲਤਾਂ ਦੀ ਸਹੀ ਜਾਣਕਾਰੀ ਉਪਲਬਧ ਨਹੀਂ ਹੁੰਦੀ, ਜਿਸ ਨਾਲ ਆਬਾਦੀ ’ਤੇ ਕਾਬੂ ਪਾਇਆ ਜਾ ਸਕੇ। ਜਾਗਰੂਕਤਾ ਦੀ ਕਮੀ ਕਾਰਨ ਵੀ ਆਬਾਦੀ ਬੇਹਿਸਾਬ ਵਧਦੀ ਹੈ। ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਸਹੀ ਅਤੇ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਹ ਇਹਨਾਂ ਸਹੂਲਤਾਂ ਦਾ ਲਾਭ ਨਹੀਂ ਲੈ ਪਾਉਂਦੇ।
ਸਰਕਾਰਾਂ ਨੇ ਅਜਿਹੇ ਪ੍ਰੋਗਰਾਮ ਨਹੀਂ ਉਲੀਕੇ ਜਿਸ ਨਾਲ ਆਮ ਪੇਂਡੂ ਮਜ਼ਦੂਰ, ਗ਼ਰੀਬ ਅਤੇ ਅਨਪੜ੍ਹ ਬੰਦੇ ਨੂੰ ਸਹੀ ਸਮੇਂ ਤੇ ਸਹੀ ਜਾਣਕਾਰੀ ਮਿਲ ਸਕੇ। ਭਾਰਤੀ ਲੋਕ ਮਨਾਂ ਵਿੱਚ ਪੁੱਤਰ ਪ੍ਰਤੀ ਜ਼ਿਆਦਾ ਚਾਹਤ ਦਾ ਆਲਮ ਦੇਖਿਆ ਜਾਂਦਾ ਰਿਹਾ ਹੈ। ਇਹ ਸਾਡੀ ਸਮਾਜਕ ਬਣਤਰ ਦਾ ਬਹੁਤ ਵੱਡਾ ਅਵਗੁਣ ਮੰਨਿਆ ਜਾ ਸਕਦਾ ਹੈ ਕਿ ਅਸੀਂ ਧੀਆਂ ਦੇ ਮੁਕਾਬਲੇ ਪੁੱਤਰਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਇਸ ਲਈ ਪੁੱਤਰ ਦੀ ਚਾਹਤ ਵਿੱਚ ਧੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਜਿਸ ਨਾਲ ਆਬਾਦੀ ਵਧਦੀ ਹੈ। ਉਂਝ, ਅੱਜਕੱਲ ਕੁੜੀਆਂ ਕਿਸੇ ਵੀ ਖ਼ੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਭਾਰਤੀ ਲੋਕਾਂ ਦੀ ਇਸ ਪੁਰਾਤਨ ਸੋਚ ਨੂੰ ਬਦਲਣ ਦਾ ਸਮਾਂ ਹੈ ਤਾਂ ਕਿ ਵਧਦੀ ਆਬਾਦੀ ਨੂੰ ਕਾਬੂ ਕੀਤਾ ਜਾ ਸਕੇ। ਸਾਡੇ ਮੁਲਕ ਵਿੱਚ ਵਿਆਹ ਦੀ ਉਮਰ ਕੁੜੀ ਲਈ ਘੱਟੋ ਘੱਟ 18 ਸਾਲ ਅਤੇ ਮੁੰਡੇ ਲਈ 21 ਸਾਲ ਨਿਸ਼ਚਿਤ ਕੀਤੀ ਗਈ ਹੈ ਪਰ, ਅਨਪੜ੍ਹਤਾ, ਗ਼ਰੀਬੀ ਅਤੇ ਜਾਗਰੂਕਤਾ ਦੀ ਘਾਟ ਕਰਕੇ ਨਿੱਕੀ ਉਮਰੇ ਬੱਚਿਆਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਆਬਾਦੀ ਵਧਦੀ ਹੈ। ਸਿਹਤ ਸਹੂਲਤਾਂ ਦੀ ਘਾਟ, ਧਾਰਮਿਕ ਆਡੰਬਰ, ਪੁਰਾਤਨ ਸੋਚ, ਜਨਮ ਦੇ ਮੁਕਾਬਲੇ ਮੌਤਾਂ ਦੀ ਤਫ਼ਤਾਰ ਵਿੱਚ ਫ਼ਰਕ ਅਤੇ ਸਰਕਾਰੀ ਅਣਦੇਖੀ ਕਰਕੇ ਵੀ ਆਬਾਦੀ ਲਗਾਤਾਰ ਵਧ ਰਹੀ ਹੈ। ਆਬਾਦੀ ਦੇ ਵਧਣ ਕਰਕੇ ਸਹੂਲਤਾਂ ਦੀ ਮਾਰਾ-ਮਾਰੀ ਹੋਣ ਲੱਗੀ ਹੈ। ਇਸ ਧਰਤੀ ਉੱਪਰ ਮੌਜੂਦ ਸਾਧਨ ਸੀਮਤ ਮਾਤਰਾ ਵਿੱਚ ਹਨ। ਇਹਨਾਂ ਨੂੰ ਤਾਂ ਕਿਸੇ ਵੀ ਤਰੀਕੇ ਨਾਲ ਵਧਾਇਆ ਨਹੀਂ ਜਾ ਸਕਦਾ ਪਰ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਜਿਸ ਨਾਲ ਹਰ ਮਨੁੱਖ ਨੂੰ ਚੰਗਾ ਜੀਵਨ ਬਤੀਤ ਕਰਨ ਦਾ ਮੌਕਾ ਮਿਲ ਸਕੇ।
ਆਬਾਦੀ ਦਾ ਇਸ ਤਰੀਕੇ ਨਾਲ ਵਧਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜ਼ਮੀਨ ਹੇਠਲਾ ਪਾਣੀ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ। ਜੰਗਲ, ਰੁੱਖ ਖ਼ਤਮ ਹੁੰਦੇ ਜਾ ਰਹੇ ਹਨ। ਹਰ ਥਾਂ ਮਨੁੱਖਾਂ ਦੇ ਰਹਿਣ ਲਈ ਕਲੋਨੀਆਂ ਦਾ ਜਾਲ਼ ਵਿਛਾਇਆ ਜਾ ਰਿਹਾ ਹੈ। ਖੇਤੀ ਯੋਗ ਜ਼ਮੀਨ ਘਟ ਰਹੀ ਹੈ। ਵਾਤਾਵਰਣ ਨੂੰ ਗੰਦਾ ਕੀਤਾ ਜਾ ਰਿਹਾ ਹੈ ਅਤੇ ਆਕਸੀਜਨ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ। ਗਰਮੀ ਵਧ ਰਹੀ ਹੈ ਅਤੇ ਹਰ ਥਾਂ ’ਤੇ ਮਨੁੱਖਾਂ ਦੀ ਭੀੜ ਨਜ਼ਰ ਆਉਂਦੀ ਹੈ। ਸਕੂਲਾਂ-ਕਾਲਜਾਂ ਤੋਂ ਲੈ ਕੇ ਹਸਪਤਾਲਾਂ, ਰੇਲਵੇ ਸਟੇਸ਼ਨਾਂ, ਸੜਕਾਂ ਅਤੇ ਧਾਰਮਿਕ ਸਥਾਨਾਂ ’ਤੇ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ।
ਮਨੁੱਖ ਨੇ ਜੰਗਲਾਂ ਨੂੰ ਸਾਫ਼ ਕਰਕੇ ਰਹਿਣ ਲਈ ਬਣਾ ਲਿਆ ਹੈ ਅਤੇ ਜੰਗਲੀ ਜਾਨਵਰ ਮਰ ਰਹੇ ਹਨ। ਜੇਕਰ ਇਸੇ ਤਰੀਕੇ ਨਾਲ ਆਬਾਦੀ ਦਾ ਵਧਣਾ ਜਾਰੀ ਰਿਹਾ ਤਾਂ ਆਉਣ ਵਾਲੇ ਕੁੱਝ ਸਾਲਾਂ ਵਿੱਚ ਸਾਹ ਲੈਣ ਲਈ ਸਾਫ਼ ਹਵਾ ਅਤੇ ਪੀਣ ਲਈ ਸਾਫ਼ ਪਾਣੀ ਹੀ ਨਹੀਂ ਮਿਲੇਗਾ, ਬਾਕੀ ਦੀਆਂ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਹੈ। ਆਬਾਦੀ ਦੇ ਵਧਣ ਵਾਲੇ ਪਾਸੇ ਸਰਕਾਰਾਂ ਦੀ ਬੇਰੁਖੀ ਬਹੁਤ ਰੜਕਦੀ ਹੈ। ਅਸਲ ਵਿੱਚ ਅੱਜ ਸਰਕਾਰਾਂ ਵੋਟਰ ਤਿਆਰ ਕਰਦੀਆਂ ਹਨ। ਇਸ ਕੰਮ ਲਈ ਚਾਹੇ ਉਹਨਾਂ ਨੂੰ ਧਰਮ ਦਾ ਸਹਾਰਾ ਲੈਣਾ ਪਵੇ ਅਤੇ ਚਾਹੇ ਤਕਨੀਕ ਦਾ। ਲੋਕਾਂ ਨੂੰ ਉਲਝਾ ਕੇ, ਮੂਰਖ਼ ਬਣਾ ਕੇ ਆਬਾਦੀ ਦੇ ਵਧਣ ਤੋਂ ਹੋਣ ਵਾਲੇ ਨੁਕਸਾਨ ਤੋਂ ਦੂਰ ਰੱਖਣਾ ਸਰਕਾਰਾਂ ਦਾ ਮੁੱਖ ਮੰਤਵ ਹੈ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਮ ਲੋਕ ਜਾਗਰੂਕ ਹੋਣ ਅਤੇ ਆਪਣੇ ਹੱਕਾਂ ਦੀ ਮੰਗ ਕਰਨ। ਇਸੇ ਲਈ ਚੋਣਾਂ ਵਿੱਚ ਕਦੇ ਵੀ ਆਬਾਦੀ ਦਾ ਵੱਧਣਾ ਮੁੱਖ ਮੁੱਦਾ ਨਹੀਂ ਹੁੰਦਾ ਅਤੇ ਨਾ ਹੀ ਇਸ ਮੁੱਦੇ ਪ੍ਰਤੀ ਕਦੇ ਚਿੰਤਾ ਜਤਾਈ ਜਾਂਦੀ ਹੈ, ਕਾਰਵਾਈ ਜਾਂ ਯਤਨ ਤਾਂ ਬਹੁਤ ਦੂਰ ਦੀ ਗੱਲ ਹੈ। ਧਾਰਮਿਕ ਲੀਡਰਾਂ ਨੂੰ ਅੰਨ੍ਹੇ ਸ਼ਰਧਾਲੂ ਚਾਹੀਦੇ ਹਨ, ਜਿਨ੍ਹਾਂ ਦੀ ਜੇਬ ਵਿੱਚੋਂ ਪੈਸੇ ਕੱਢਵਾ ਕੇ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਜਾ ਸਕੇ। ਇਸ ਲਈ ਧਾਰਮਿਕ ਤੌਰ ਉੱਤੇ ‘ਵੱਧ ਬੱਚੇ ਪੈਦਾ ਕਰੋ’ ਦੀ ਅਪੀਲ ਤਾਂ ਹੋ ਸਕਦੀ ਹੈ ਪਰ ਆਬਾਦੀ ਨੂੰ ਕੰਟਰੋਲ ਕਰਨ ਦੇ ਬਾਰੇ ਕਦੇ ਕੋਈ ਅਪੀਲ ਕੰਨੀਂ ਨਹੀਂ ਪੈਂਦੀ ਅਤੇ ਨਾ ਹੀ ਕਦੇ ਪਵੇਗੀ।
ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਮੁੱਦਾ ਹੈ ਆਬਾਦੀ ਦੇ ਬੇਹਿਸਾਬੇ ਵਾਧੇ ਨੂੰ ਕਾਬੂ ਕਰਨਾ। ਇਸ ਮੁੱਦੇ ਨੂੰ ਜਦੋਂ ਤੱਕ ਜਨਤਕ ਮੁੱਦਾ ਨਹੀਂ ਬਣਾਇਆ ਜਾਵੇਗਾ, ਉਦੋਂ ਤੱਕ ਆਬਾਦੀ ਦਾ ਵਧਣਾ ਕਾਬੂ ਨਹੀਂ ਕੀਤਾ ਜਾ ਸਕਦਾ। ਉਂਝ, ਰਾਹਤ ਦੀ ਗੱਲ ਇਹ ਹੈ ਕਿ ਆਬਾਦੀ ਦੀ ਵਧਣ ਰਫ਼ਤਾਰ ਵਿੱਚ ਕੁਝ ਕਮੀ ਦਰਜ਼ ਕੀਤੀ ਗਈ ਹੈ। ਸੰਨ 1991 ਦੀ ਗਿਣਤੀ ਵਿੱਚ ਵਧਣ ਰਫ਼ਤਾਰ 23.87 ਫ਼ੀਸਦੀ ਦਰਜ਼ ਕੀਤੀ ਗਈ ਸੀ ਜਦੋਂ ਕਿ ਸੰਨ 2001 ਵਿੱਚ 21.54 ਅਤੇ ਸੰਨ 2011 ਵਿੱਚ 17.64 ਫ਼ੀਸਦੀ ਵਧਣ ਰਫ਼ਤਾਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਪਰ, ਇੰਨਾ ਹੀ ਕਾਫ਼ੀ ਨਹੀਂ ਹੈ। ਸਰਕਾਰ ਨੇ ਨਾਲ-ਨਾਲ ਆਮ ਲੋਕਾਂ ਨੂੰ ਵੀ ਵਧੇਰੇ ਯਤਨ ਕਰਨੇ ਪੈਣੇ ਹਨ ਤਾਂ ਕਿ ਵਧਦੀ ਆਬਾਦੀ ਨੂੰ ਕਾਬੂ ਕੀਤਾ ਜਾ ਸਕੇ। ਆਬਾਦੀ ਨੂੰ ਕਾਬੂ ਕਰਨ ਲਈ 'ਪਰਿਵਾਰ ਕੰਟਰੋਲ ਨੀਤੀਆਂ' ਨੂੰ ਲਾਗੂ ਕਰਨ ਦਾ, ਪ੍ਰਚਾਰਿਤ ਕਰਨ ਦਾ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਸਮਾਂ ਆ ਗਿਆ ਹੈ। ਇਹਨਾਂ ਵਿੱਚੋਂ ਕੁੱਝ ਹਨ: ਔਰਤਾਂ ਨੂੰ ਸਿੱਖਿਅਤ ਕਰਨਾ, ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨਾ, ਮੁੰਡੇ ਨੂੰ ਵੱਡਾ ਸਮਝਣ ਵਾਲੀ ਪੁਰਾਤਨ ਸੋਚ ਨੂੰ ਬਦਲਣਾ, ਬੱਚਿਆਂ ਦੇ ਜਨਮ ਵਿੱਚ ਅੰਤਰ ਰੱਖਣਾ, ਨਸਬੰਦੀ ਨੂੰ ਵਧਾਉਣ ਦੇ ਉੱਪਰਾਲੇ ਕਰਨਾ, ਸਿੱਖਿਆ ਦਾ ਪ੍ਰਸਾਰ ਕਰਨਾ, ਕੁੜੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੇਠਲੇ ਪੱਧਰ ਤੱਕ ਸਾਰਥਕ ਯਤਨ ਕਰਨਾ। ਅੱਜ ਲੋੜ ਹੈ ਕਿ ਜਾਗਰੂਕ ਲੋਕ ਅੱਗੇ ਆਉਣ ਅਤੇ ਆਮ ਲੋਕਾਂ ਨੂੰ ਆਬਾਦੀ ਦੇ ਵਾਧੇ ਦੇ ਨੁਕਸਾਨ ਦੱਸਣ ਤਾਂ ਕਿ ਹਰ ਭਾਰਤੀ ਦੇ ਮਨ ਵਿੱਚ ਇਹ ਗੱਲ ਧਾਰਨਾ ਕਰ ਜਾਵੇ ਕਿ ਅਸੀਂ ਆਬਾਦੀ ਨੂੰ ਕਾਬੂ ਕਰਨਾ ਹੈ। ਕੇਵਲ ਤੇ ਕੇਵਲ ਸਮੇਂ ਦੀਆਂ ਸਰਕਾਰਾਂ ਉੱਤੇ ਆਸ ਰੱਖਣੀ ਮੂਰਖ਼ਤਾ ਹੋਵੇਗੀ। ਰਾਜਨੀਤਕਾਂ ਦਾ ਕੰਮ ਹਕੂਮਤ ਕਰਕੇ ਆਪਣੇ ਘਰ ਭਰਨਾ ਹੁੰਦਾ ਹੈ। ਉਹਨਾਂ ਨੂੰ ਆਮ ਲੋਕਾਂ ਅਤੇ ਭਵਿੱਖ ਦੀਆਂ ਦੁਸ਼ਵਾਰੀਆਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਆਬਾਦੀ ਦੇ ਵਾਧੇ ਨੂੰ ਕਾਬੂ ਕਰਨ ਲਈ ਆਮ ਬੰਦੇ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੁਕ ਹੋਣਾ ਪਵੇਗਾ ਤਾਂ ਕਿ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।
*****
(1215)