NishanSRathaur7ਮੈਨੂੰ ਛੁੱਟੀ ਆਏ ਨੂੰ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਇੱਕ ਦਿਨ ਬਟਾਲੀਅਨ ਵਿੱਚੋਂ ...
(17 ਨਵੰਬਰ 2025)


2009 ਦੀ ਗੱਲ ਹੈ
ਮੇਰੀ ਬਟਾਲੀਅਨ ਕਸ਼ਮੀਰ ਦੇ ਬਾਰਡਰ ਇਲਾਕੇ ਵਿੱਚ ਬਹੁਤ ਮੁਸ਼ਕਿਲ ਖ਼ੇਤਰ ਵਿੱਚ ਤਾਇਨਾਤ ਸੀ ਇੱਥੇ ਬਰਫਬਾਰੀ ਕਰਕੇ ਨਵੰਬਰ ਮਹੀਨੇ ਦੇ ਅੱਧ ਵਿੱਚ ਹੀ ਆਉਣ-ਜਾਣ ਦੇ ਸਾਰੇ ਰਾਹ ਬੰਦ ਹੋ ਜਾਂਦੇ ਸਨ ਅਤੇ ਫਿਰ ਅਪਰੈਲ-ਮਈ ਦੇ ਮਹੀਨੇ ਹੀ ਖੁੱਲ੍ਹਦੇ ਸਨ ਇਸ ਦੌਰਾਨ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਛੁੱਟੀ ਮਿਲਦੀ ਸੀ, ਨਹੀਂ ਤਾਂ ਪੰਜ-ਛੇ ਮਹੀਨੇ ਫ਼ੌਜੀ ਜਵਾਨ ਆਪਣੀਆਂ ਪੋਸਟਾਂ ’ਤੇ ਹੀ ਤਾਇਨਾਤ ਰਹਿੰਦੇ ਸਨ ਜਵਾਨਾਂ ਲਈ ਇਹ ਕਾਰਜ ਕੋਈ ਮੁਸ਼ਕਿਲ ਭਰਿਆ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਹਾਲਾਤ ਬਾਰੇ ਫ਼ੌਜੀ ਜਵਾਨਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ ਜਵਾਨ ਜਿੱਥੇ ਸਰੀਰਕ ਰੂਪ ਵਿੱਚ ਫਿੱਟ ਰੱਖੇ ਜਾਂਦੇ ਹਨ, ਉੱਥੇ ਹੀ ਮਾਨਸਿਕ ਰੂਪ ਵਿੱਚ ਵੀ ਤੰਦਰੁਸਤ ਰੱਖੇ ਜਾਂਦੇ ਹਨ ਹਾਂ, ਇੱਕਾ-ਦੁੱਕਾ ਘਟਨਾਵਾਂ ਜਾਂ ਜਵਾਨਾਂ ਨੂੰ ਛੱਡ ਦੇਈਏ ਤਾਂ ਇਹ ਫੌਜ ਦੀ ਰੁਟੀਨ ਡਿਊਟੀ ਹੀ ਹੁੰਦੀ ਹੈ

ਅਪਰੈਲ ਮਹੀਨੇ, ਵਿਸਾਖੀ ਤੋਂ ਬਾਅਦ ਮੈਂ ਛੁੱਟੀ ਲਈ ਬੇਨਤੀ ਕੀਤੀ ਤਾਂ ਮੇਰੀ ਛੁੱਟੀ ਮਨਜ਼ੂਰ ਹੋ ਗਈ ਫਿਰ ਮੈਂ ਇੱਕ ਮਹੀਨੇ ਲਈ ਆਪਣੇ ਘਰ ਆ ਗਿਆ ਮੈਨੂੰ ਛੁੱਟੀ ਆਏ ਨੂੰ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਇੱਕ ਦਿਨ ਬਟਾਲੀਅਨ ਵਿੱਚੋਂ ਸੰਦੇਸ਼ ਆਇਆ ਕਿ ਤੁਸੀਂ ਅੰਬਾਲੇ ਦੇ ਨੇੜੇ (ਪੰਜੋਖਰਾ ਸਾਹਿਬ) ਪਿੰਡ ਵਿੱਚ ਆਪਣੇ ਇੱਕ ਸ਼ਹੀਦ ਫ਼ੌਜੀ ਜਵਾਨ ਸਵਰਣ ਸਿੰਘ ਦੇ ਭੋਗ ’ਤੇ ਜਾਣਾ ਹੈ ਅਸਲ ਵਿੱਚ ਮੇਰੀ ਬਟਾਲੀਅਨ ਦਾ ਇਹ ਜਵਾਨ ਲੰਘੇ ਵਰ੍ਹੇ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਿਆ ਸੀ ਇਸ ਸਾਲ ਉਸਦੇ ਪਰਿਵਾਰਿਕ ਮੈਂਬਰ ਉਸਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਰਹੇ ਸਨ ਉਨ੍ਹਾਂ ਨੇ ਇਸ ਸੰਬੰਧੀ ਜਾਣਕਾਰੀ ਸਾਡੀ ਬਟਾਲੀਅਨ ਨੂੰ ਭੇਜੀ ਸੀ ਮੇਰਾ ਘਰ ਕਿਉਂਕਿ ਅੰਬਾਲੇ ਦੇ ਨੇੜੇ ਹੀ ਸੀ, ਇਸ ਲਈ ਮੇਰੀ ਡਿਊਟੀ ਲਾਈ ਗਈ ਕਿ ਮੈਂ ਬਟਾਲੀਅਨ ਵੱਲੋਂ ਸ਼ਹੀਦ ਜਵਾਨ ਸਵਰਣ ਸਿੰਘ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ’ਤੇ ਜਾ ਕੇ ਆਵਾਂ ਇੱਥੇ ਖ਼ਾਸ ਗੱਲ ਇਹ ਹੈ ਕਿ ਫ਼ੌਜ ਦੀਆਂ ਬਹੁਤ ਸਾਰੀਆਂ ਬਟਾਲੀਅਨਾਂ ਵਿੱਚ ਇਹ ਰਿਵਾਜ਼ ਹੈ ਕਿ ਉਹ ਆਪਣੇ ਜਵਾਨਾਂ ਦੇ ਸੁਖ-ਦੁੱਖ ਵਿੱਚ (ਸੇਵਾਮੁਕਤ ਹੋਣ ਤੋਂ ਬਾਅਦ ਵੀ) ਸ਼ਾਮਲ ਹੁੰਦੀਆਂ ਹਨ

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਾਲੇ ਦਿਨ ਮੈਂ ਪੰਜੋਖਰਾ ਸਾਹਿਬ (ਅੰਬਾਲੇ) ਜਾਣ ਲਈ ਤਿਆਰ ਹੋ ਗਿਆ ਪਿੰਡ ਵਿੱਚ ਸ਼ਹੀਦ ਜਵਾਨ ਦਾ ਘਰ ਲੱਭਦਿਆਂ ਮੈਨੂੰ ਥੋੜ੍ਹਾ ਸਮਾਂ ਲੱਗ ਗਿਆ ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਾਠ ਦੀ ਸਮਾਪਤੀ ਉਪਰੰਤ ਦੇਗ ਵਰਤਾਈ ਜਾ ਰਹੀ ਸੀ ਮੈਂ ਵੀ ਮੱਥਾ ਟੇਕ ਕੇ ਸੰਗਤ ਵਿੱਚ ਹੀ ਬੈਠ ਗਿਆ ਉਦੋਂ ਕਿਸੇ ਨੂੰ ਪਤਾ ਨਹੀਂ ਲਗਾ ਕਿ ਮੈਂ ਸ਼ਹੀਦ ਜਵਾਨ ਸਵਰਣ ਸਿੰਘ ਦੀ ਬਟਾਲੀਅਨ ਵਿੱਚੋਂ ਆਇਆ ਹਾਂ ਦੇਗ ਲੈਣ ਤੋਂ ਬਾਅਦ ਬਹੁਤੀ ਸੰਗਤ ਲੰਗਰ ਛਕਣ ਲਈ ਪੰਗਤ ਵਿੱਚ ਬੈਠ ਗਈ ਅਤੇ ਮੈਂ ਸ਼ਹੀਦ ਜਵਾਨ ਸਵਰਣ ਸਿੰਘ ਦੀ ਮਾਤਾ ਜੀ ਕੋਲ ਜਾ ਕੇ ਬੈਠ ਗਿਆ ਮਾਤਾ ਜੀ ਨਾਲ ਗੱਲ ਕਰਦਿਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਉਨ੍ਹਾਂ ਦੇ ਪੁੱਤ ਦੀ ਬਟਾਲੀਅਨ ਵਿੱਚੋਂ ਆਇਆ ਹਾਂ ਤਾਂ ਉਹ ਉੱਠ ਕੇ ਮੇਰੇ ਗਲ ਲੱਗ ਗਏ ਤੇ ਰੋਣ ਲਗੇ ਮੈਂ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਵਾਉਣ ਦਾ ਯਤਨ ਕੀਤਾ

ਕਾਫੀ ਦੇਰ ਬਾਅਦ ਉਹ ਥੋੜ੍ਹਾ ਸੰਭਲੇ ਅਤੇ ਉੱਠ ਕੇ ਕਮਰੇ ਵੱਲ ਚਲੇ ਗਏ ਮੈਂ ਬਾਹਰ ਬਰਾਂਡੇ ਵਿੱਚ ਬੈਠਾ ਰਿਹਾ ਸ਼ਹੀਦ ਜਵਾਨ ਦੀ ਮਾਤਾ ਜੀ ਅੰਦਰੋਂ ਇੱਕ ਵੱਡੀ ਸਾਰੀ ਫੋਟੋ ਹੱਥ ਵਿੱਚ ਫੜ ਕੇ ਬਾਹਰ ਲਿਆਏ ਇਹ ਮੇਰੀ ਬਟਾਲੀਅਨ ਦੇ ਜਵਾਨਾਂ ਦੀ ਗਰੁੱਪ ਫੋਟੋ ਸੀ ਮਾਤਾ ਜੀ ਮੈਨੂੰ ਫੋਟੋ ਦਿਖਾ ਕੇ ਕਹਿਣ ਲਗੇ, “ਦੇਖ ਪੁੱਤ, ਮੇਰਾ ਸਵਰਣ ਪੁੱਤ ਕਿੰਨਾ ਸੋਹਣਾ ਲੱਗ ਰਿਹਾ ਹੈ? ਸਭ ਤੋਂ ਲੰਮਾ, ਸਭ ਤੋਂ ਸੁਨੱਖਾ ਜਵਾਨ!”

ਮੈਂ ਕਿਹਾ, “ਜੀ ਮਾਤਾ ਜੀ ਸਵਰਣ ਸਿੰਘ ਵਾਕਈ ਬਹੁਤ ਵਧੀਆ, ਅਨੁਸ਼ਾਸਨ ਵਾਲਾ ਜਵਾਨ ਸੀ।”

ਖ਼ੌਰੇ! ਮਾਤਾ ਜੀ ਦਾ ਧਿਆਨ ਮੇਰੀ ਗੱਲ ਵੱਲ ਨਹੀਂ ਸੀ ਉਹ ਤਾਂ ਆਪਣੇ ਪੁੱਤ ਦੀ ਫੋਟੋ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ ਖ਼ਬਰੇ! ਕੁਝ ਕਹਿਣਾ ਚਾਹੁੰਦੇ ਹੋਣ ਪਰ! ਉਨ੍ਹਾਂ ਨੂੰ ਲਫਜ਼ ਨਹੀਂ ਸਨ ਔੜ ਰਹੇ ਪਰ ਜੇਕਰ ਲਫਜ਼ ਹੁੰਦੇ ਵੀ ਤਾਂ ਸਮੇਂ ਨੇ ਤਾਂ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਕੁਝ ਕਹਿ ਪਾਉਂਦੇ

ਵਾਹਵਾ ਚਿਰ ਮਾਤਾ ਜੀ ਇੰਜ ਹੀ ਬੈਠੇ ਰਹੇ ਅਤੇ ਮੈਂ ਵੀ ਉਨ੍ਹਾਂ ਦੇ ਕੋਲ ਬੈਠਾ ਸੋਚਾਂ ਦੇ ਸਮੁੰਦਰ ਵਿੱਚ ਗੁਆਚਿਆ ਰਿਹਾ ਨਾ ਉਹ ਕੁਝ ਬੋਲੇ ਅਤੇ ਨਾ ਹੀ ਮੇਰੇ ਕੋਲੋਂ ਕੋਈ ਗੱਲ ਹੋਈ

“ਵੀਰ ਜੀ, ਤੁਸੀਂ ਵੀ ਲੰਗਰ ਛਕ ਲਓ।” ਇਸ ਆਵਾਜ਼ ਨੇ ਮੈਨੂੰ ਅਤੇ ਮਾਤਾ ਜੀ ਨੂੰ ਵਰਤਮਾਨ ਸਮੇਂ ਵਿੱਚ ਲਿਆਂਦਾ

“ਜੀ ਛਕਦਾ ਹਾਂ।” ਆਖ ਕੇ ਮੈਂ ਮਾਤਾ ਜੀ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ

“ਜਾ ਪੁੱਤ, ਤੂੰ ਵੀ ਲੰਗਰ ਛਕ ਲੈ।” ਮਾਤਾ ਜੀ ਨੇ ਆਪਣੇ-ਆਪ ਨੂੰ ਸੰਭਾਲ ਕੇ ਕਿਹਾ

“ਜੀ, ਮਾਤਾ ਜੀ।” ਆਖ ਕੇ ਮੈਂ ਉੱਠ ਖਲੋਤਾ

ਫਿਰ ਲੰਗਰ ਛਕ ਕੇ, ਗੱਲਾਂ-ਬਾਤਾਂ ਕਰਕੇ ਮੈਂ ਉਨ੍ਹਾਂ ਤੋਂ ਆਗਿਆ ਲਈ ਤੁਰਨ ਲੱਗਿਆਂ ਮਾਤਾ ਜੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਮੈਨੂੰ ਜਾਪਿਆ ਕਿ ਉਹ ਆਪਣੇ ਪੁੱਤ ਦੇ ਅਹਿਸਾਸ ਨੂੰ ਮਹਿਸੂਸ ਕਰ ਰਹੇ ਸਨ ਮਾਤਾ ਜੀ ਦੇ ਨਾਲ-ਨਾਲ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਤੁਰੇ

ਰਾਹ ਵਿੱਚ ਆਉਂਦਿਆਂ ਮੇਰੇ ਮਨ ਵਿੱਚ ਇਹ ਵਿਚਾਰ ਘੁੰਮਣ ਲਗੇ ਕਿ ਬੰਦਾ ਵੀ ਕਿੰਨਾ ਕੋਮਲ ਹਿਰਦੇ ਦਾ ਮਾਲਕ ਹੁੰਦਾ ਹੈ? ਆਪਣੇ-ਪਿਆਰਿਆਂ ਦੇ ਅਹਿਸਾਸਾਂ ਨੂੰ ਸਾਲਾਂਬੱਧੀ ਜ਼ਿਹਨ ਵਿੱਚ ਲੁਕੋ ਕੇ ਰੱਖਦਾ ਹੈ ਫਿਰ ਸਹੀ ਸ਼ਖ਼ਸ ਸਾਹਮਣੇ ਆਉਂਦਿਆਂ ਹੀ ਝਟਪਟ ਪਿਘਲ ਜਾਂਦਾ ਹੈ, ਢਹਿ ਜਾਂਦਾ ਹੈ ਬੰਦੇ ਚਲੇ ਜਾਂਦੇ ਹਨ ਪਰ ਯਾਦਾਂ ਪਿੱਛੇ ਛੱਡ ਜਾਂਦੇ ਹਨ ਫਿਰ ਇਨ੍ਹਾਂ ਯਾਦਾਂ ਦੇ ਸਹਾਰੇ ਹੀ ਪਰਿਵਾਰਿਕ ਮੈਂਬਰ ਜ਼ਿੰਦਗੀ ਕੱਟਦੇ ਹਨ

ਲੜਾਈਆਂ ਲੜੀਆਂ ਜਾਂਦੀਆਂ ਹਨ, ਜਿੱਤੀਆਂ ਜਾਂਦੀਆਂ ਹਨ ਜਸ਼ਨ ਮਨਾਏ ਜਾਂਦੇ ਹਨ ਟੈਲੀਵਿਜ਼ਨਾਂ ’ਤੇ ਜਿੱਤ ਦੇ ਸੋਹਿਲੇ ਪੜ੍ਹੇ ਜਾਂਦੇ ਹਨ ਮੈਡਲ ਮਿਲਦੇ ਹਨ, ਤਰੱਕੀਆਂ ਮਿਲਦੀਆਂ ਹਨ, ਮਾਣ-ਸਨਮਾਨ ਦਿੱਤੇ ਜਾਂਦੇ ਹਨ। ਪਰ ਐਨਾ ਸਭ ਕੁਝ ਹੋਣ ਦੇ ਬਾਵਜੂਦ ਕੁਝ ਵਿਰਲਾਂ ਭਰੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਆਪਣੇ ਪਿਆਰਿਆਂ ਨੂੰ ਗੁਆਉਣ ਬਾਅਦ ਖਾਲੀ ਹੋਈਆਂ ਹੁੰਦੀਆਂ ਹਨ ਇਨ੍ਹਾਂ ਵਿਰਲਾਂ ਥਾਣੀ ਖਾਲੀ ਹੋਈ ਜ਼ਿੰਦਗੀ ਸਿਰਫ ਢੋਈ ਜਾ ਸਕਦੀ ਹੈ, ਬਤੀਤ ਨਹੀਂ ਕੀਤੀ ਜਾ ਸਕਦੀ ਪਰ ਇਨ੍ਹਾਂ ਅਹਿਸਾਸਾਂ ਨੂੰ ਕੌਣ ਸਮਝਦਾ ਹੈ? ਕੌਣ ਮਹਿਸੂਸ ਕਰਦਾ ਹੈ? ਖ਼ਬਰੇ ਕੋਈ ਨਹੀਂ, ਕਿਉਂਕਿ ਜਿਸ ਘਰ ਵਿੱਚੋਂ ਕੋਈ ਆਪਣਾ-ਪਿਆਰਾ ਗਿਆ ਹੁੰਦਾ ਹੈ, ਸਿਰਫ ਉਸੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ ਬਾਕੀ ਲੋਕ ਤਾਂ ਚੰਦ ਦਿਨਾਂ ਬਾਅਦ ਭੁੱਲ-ਭੁਲਾ ਜਾਂਦੇ ਹਨ, ਕੰਮਾਂਕਾਰਾਂ ਵਿੱਚ ਮਸਰੂਫ ਹੋ ਜਾਂਦੇ ਹਨ ਇਹੋ ਦੁਨੀਆਂ ਦੀ ਰੀਤ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ਼ ਹੈ:

“ਸੋ ਕਤ ਜਾਨੈ ਪੀਰ ਪਰਾਈ
ਜਾ ਕੈ ਅੰਤਰਿ ਦਰਦੁ ਨ ਪਾਈ ਰਹਾਉ।” (ਰਾਗ ਸੂਹੀ, ਬਾਣੀ ਭਗਤ ਰਵਿਦਾਸ ਜੀ ਕੀ, ਅੰਗ-793)

ਅਤੇ

“ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ
ਕਉਣ ਜਾਣੈ ਪੀਰ ਪਰਾਈ
ਹਮ ਨਾਹੀ ਚਿੰਤ ਪਰਾਈ... ਰਹਾਉ (ਅੰਗ-795)

ਸ਼ਾਲਾ! ਮੁਲਕ ਦੇ ਬਾਰਡਰਾਂ ’ਤੇ ਅਮਨ-ਅਮਾਨ ਰਹੇ ਅਤੇ ਸਾਰੀਆਂ ਮਾਂਵਾਂ ਦੇ ਪੁੱਤਰ ਜਿਊਂਦੇ-ਵਸਦੇ ਰਹਿਣ ਇਹੋ ਅਰਦਾਸ ਹੈ ਮੇਰੀ ...!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author