“ਕੋਵਿਡ-19 ਕਾਲ ਦੇ ਦੌਰਾਨ ਵੀ ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ...”
(25 ਦਸੰਬਰ 2020)
ਪੰਜਾਬੀ ਸਾਹਿਤ ਜਗਤ ਵਿੱਚ ਹਰ ਸਾਲ ਬਹੁਤ ਸਾਰੀਆਂ ਨਵੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਕੁਝ ਪੁਸਤਕਾਂ ਆਮ ਪਾਠਕਾਂ ਦੇ ਹੱਥਾਂ ਤੀਕ ਪਹੁੰਚਦੀਆਂ ਹਨ ਅਤੇ ਕੁਝ ਲੇਖਕਾਂ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਬਣ ਕੇ ਲੰਮੀ ਚੁੱਪ ਧਾਰ ਲੈਂਦੀਆਂ ਹਨ। ਅਜੋਕੇ ਦੌਰ ਵਿੱਚ ਜਿੱਥੇ ਬਹੁਤੀਆਂ ਪੁਸਤਕਾਂ ਸਾਹਿਤ ਦੀ ਲੰਮੀ ਲਿਸਟ ਵਿੱਚ ਗੁੰਮ ਹੋ ਜਾਂਦੀਆਂ ਹਨ ਉੱਥੇ ਕੁਝ ਮੁੱਲਵਾਨ ਪੁਸਤਕਾਂ, ਜਿਹਨਾਂ ਲਈ ਲੇਖਕਾਂ ਨੇ ਲੰਮਾ ਸੰਘਰਸ਼ ਅਤੇ ਘਾਲਣਾ ਘਾਲੀ ਹੁੰਦੀ ਹੈ; ਉਹ ਆਮ ਪਾਠਕਾਂ ਵਿੱਚ ਹਰਮਨ ਪਿਆਰੀਆਂ ਹੋ ਨਿੱਬੜਦੀਆਂ ਹਨ। ਇਹ ਵਰਤਾਰਾ ਆਮ ਹੈ ਅਤੇ ਪੁਸਤਕ ਸੱਭਿਆਚਾਰ ਵਿੱਚ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ।
ਹਰਿਆਣਵੀ ਪੰਜਾਬੀ ਲੇਖਕਾਂ ਵੱਲੋਂ ਸਾਲ 2020 ਵਿੱਚ ਲਿਖੀਆਂ ਪੁਸਤਕਾਂ ਦਾ ਸਾਹਿਤਿਕ ਵਿਸ਼ਲੇਸ਼ਣ:
ਇਹ ਵਰ੍ਹਾ ਭਾਵੇਂ ਕੋਵਿਡ-19 ਕਰਕੇ ਬਹੁਤੀਆਂ ਸਾਹਿਤਿਕ ਗਤੀਵਿਧੀਆਂ ਵਾਲਾ ਨਹੀਂ ਰਿਹਾ ਪਰ ਫਿਰ ਵੀ ਕੁਝ ਹਰਿਆਣਵੀ ਪੰਜਾਬੀ ਲੇਖਕਾਂ ਨੇ ਇਸ ਸੰਕਟ ਕਾਲ ਦੌਰਾਨ ਵੀ ਆਪਣੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਸੰਖੇਪ ਵਰਣਨ ਇਸ ਤਰ੍ਹਾਂ ਹੈ।
‘ਦਰਸ਼ਨ ਸਿੰਘ ਸ਼ਾਹਬਾਦ’ ਹੁਰਾਂ ਦੀ ਪੁਸਤਕ ‘ਅੱਧੀ ਵਾਟ ਦਾ ਸਫ਼ਰ’ ਇਸ ਸਾਲ 2020 ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਵਿੱਚ ਕਵਿਤਾਵਾਂ ਅਤੇ ਲੇਖ ਦੋਵੇਂ ਹੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦਾ ਪਾਠ ਕਰਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੇਖਕ ਦਰਸ਼ਨ ਸਿੰਘ ਹੁਰਾਂ ਆਪਣੇ ਵਿਆਹੁਤਾ ਜੀਵਨ ਦੇ ਸਫ਼ਰ ਨੂੰ ਅੱਖਰੀ ਰੂਪ ਪ੍ਰਦਾਨ ਕੀਤਾ ਹੈ। ਇਸ ਪੁਸਤਕ ਵਿੱਚ ਉਹਨਾਂ ਅਤੇ ਉਹਨਾਂ ਦੀ ਪਤਨੀ ਦੇ ਸੰਘਰਸ਼ਮਈ ਜੀਵਨ ਦੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ। ਇਸ ਸਮੁੱਚੀ ਪੁਸਤਕ ਵਿੱਚ ਉਹਨਾਂ ਦੇ ਨਿੱਜੀ ਜੀਵਨ ਨੂੰ ਸਾਹਿਤਕ ਰੰਗਤ ਨਾਲ ਪੇਸ਼ ਕੀਤਾ ਗਿਆ ਹੈ। ਦਰਸ਼ਨ ਸਿੰਘ ਹੁਰਾਂ ਦੀਆਂ ਹੁਣ ਤਕ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹ ਅਖ਼ਬਾਰਾਂ/ਰਸਾਲਿਆਂ ਵਿੱਚ ਅਕਸਰ ਹੀ ਲਿਖਦੇ ਰਹਿੰਦੇ ਹਨ। ਅੱਜਕਲ੍ਹ ਕੁਰੂਕਸ਼ੇਤਰ ਦੇ ਕਸਬੇ ਸ਼ਾਹਬਾਦ ਵਿਖੇ ਰਹਿ ਰਹੇ ਹਨ।
‘ਰਜਵੰਤ ਕੌਰ ਪ੍ਰੀਤ’ ਦਾ ਪਲੇਠਾ ਕਹਾਣੀ-ਸੰਗ੍ਰਹਿ ‘ਮਸਲੇ ਨੈਣਾਂ ਦੇ’ ਇਸ ਸਾਲ ਅਗਸਤ 2020 ਵਿੱਚ ਪੰਜਾਬੀ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ। ਇਸ ਕਹਾਣੀ-ਸੰਗ੍ਰਹਿ ਵਿੱਚ ਕੁਲ 20 ਨਿੱਕੀਆਂ-ਵੱਡੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ; ਜਿਹਨਾਂ ਵਿੱਚ ਔਰਤ ਮਨ ਦੇ ਵਿਭਿੰਨ ਸੰਦਰਭਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਲੇਖਿਕਾ ਨੇ ਕਿਸਾਨਾਂ ਦੇ ਦੁੱਖਾਂ-ਦਰਦਾਂ ਨੂੰ ਵੀ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਹਨਾਂ ਕਹਾਣੀਆਂ ਵਿੱਚ ਸ਼ਹਿਰੀ ਮੱਧਵਰਗ ਦੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਵੀ ਪੇਸ਼ ਕਰਕੇ ਰਜਵੰਤ ਕੌਰ ਪ੍ਰੀਤ ਨੇ ਆਪਣਾ ਕਹਾਣੀਕਾਰਾ ਹੋਣ ਦਾ ਅਸਲ ਫਰਜ਼ ਨਿਭਾਇਆ ਹੈ।
‘ਰਜੰਵਤ ਕੌਰ ਪ੍ਰੀਤ’ ਹਰਿਆਣੇ ਦੇ ਅੰਬਾਲਾ ਦੀ ਜੰਮਪਲ ਹੈ। ‘ਸ਼ਾਹਪੁਰ’ ਪਿੰਡ ਦੀ ਇਹ ਕੁੜੀ ਪੰਜਾਬ ਵਿੱਚ ਵਿਆਹੀ ਗਈ। ਪਰ ਨੌਕਰੀ ਅੱਜਕਲ੍ਹ ਦਿੱਲੀ ਵਿੱਚ ਕਰ ਰਹੀ ਹੈ। ਇਸ ਲਈ ਰਜਵੰਤ ਕੌਰ ਪ੍ਰੀਤ ਨੂੰ ਹਰਿਆਣਵੀ, ਪੰਜਾਬੀ ਅਤੇ ਦਿੱਲੀ ਦੇ ਸ਼ਹਿਰੀ ਜੀਵਨ ਦੀ ਗੁੜ੍ਹੀ ਜਾਣਕਾਰੀ ਹੈ। ਇਸ ਲਈ ਉਸ ਦੀਆਂ ਕਹਾਣੀਆਂ ਵਿੱਚ ਜਿੱਥੇ ਕਿਸਾਨੀ ਮੁੱਦਿਆਂ ਦੀ ਪੇਸ਼ਕਾਰੀ ਹੁੰਦੀ ਹੈ ਉੱਥੇ ਹੀ ਸ਼ਹਿਰੀ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਗਿਆ ਹੁੰਦਾ ਹੈ। ਰਜਵੰਤ ਕੌਰ ਪ੍ਰੀਤ ਕਿੱਤੇ ਵਜੋਂ ਦਿੱਲੀ ਵਿੱਚ ਪੰਜਾਬੀ ਅਧਿਆਪਕਾ ਦਾ ਫਰਜ਼ ਨਿਭਾ ਰਹੀ ਹੈ।
ਡਾ. ਸੁਖਦਰਸ਼ਨ ਗਾਸੋ ਹੁਰਾਂ ਦੀ ਸਮੀਖਿਆ ਦੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ; ਬਾਣੀ ਤੇ ਵਿਚਾਰ’ ਵੀ ਇਸੇ ਵਰ੍ਹੇ 2020 ਵਿੱਚ ਪ੍ਰਕਾਸ਼ਿਤ ਹੋਈ ਹੈ। ਹਰਿਆਣੇ ਦੇ ਸ਼ਹਿਰ ਅੰਬਾਲਾ ਕੈਂਟ ਵਿੱਚ ਰਹਿੰਦੇ ਡਾ. ਸੁਖਦਰਸ਼ਨ ਗਾਸੋ ਪੰਜਾਬੀ ਸਾਹਿਤ ਦੇ ਵੱਡੇ ਅਤੇ ਸਥਾਪਤ ਕਲਮਕਾਰ ਹਨ। ਉਹ ਕੇਵਲ ਹਰਿਆਣੇ ਦੇ ਪੰਜਾਬੀ ਸਾਹਿਤ ਦੇ ਹੀ ਕਲਮਕਾਰ ਨਹੀਂ ਬਲਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਸ ਪੁਸਤਕ ਵਿੱਚ ਡਾ. ਗਾਸੋ ਹੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੇ ਸੰਕਲਪ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਹ ਸਮੀਖਿਆ ਪੁਸਤਕ ਪੰਜਾਬੀ ਸਾਹਿਤ ਦੇ ਨਵੇਂ ਖੋਜ ਵਿਦਿਆਰਥੀਆਂ ਲਈ ਲਾਹੇਵੰਦ ਦਸਤਾਵੇਜ਼ ਸਾਬਿਤ ਹੋਵੇਗੀ। ਡਾ. ਸੁਖਦਰਸ਼ਨ ਗਾਸੋ ਕਿੱਤੇ ਵਜੋਂ ਪੰਜਾਬੀ ਪ੍ਰਫ਼ੈਸਰ ਹਨ ਅਤੇ ਅੱਜਕਲ੍ਹ ਜੀ. ਐੱਮ. ਐੱਨ. ਕਾਲਜ ਅੰਬਾਲਾ ਵਿਖੇ ਪੜ੍ਹਾ ਰਹੇ ਹਨ।
ਕਰਨਾਲ ਦੇ ਸ਼ਾਇਰ ‘ਗੁੱਲੂ ਅੱਛਣਪੁਰੀਆ’ ਦੀ ਦੂਜੀ ਕਾਵਿ-ਪੁਸਤਕ ‘ਇੱਕੋ ਵਰਗੀ ਗੱਲ’ ਵੀ ਇਸੇ ਸਾਲ ਨਵੰਬਰ 2020 ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਵਿੱਚ ਕੁਲ 75 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਗੁੱਲੂ ਅੱਛਣਪੁਰੀਏ ਦੀ ਸ਼ਾਇਰੀ ਦਾ ਗੁਣ ਇਹ ਹੈ ਕਿ ਉਹ ਸੌਖੇ ਸ਼ਬਦਾਂ ਵਿੱਚ ਪਾਠਕਾਂ ਦੇ ਮਨ ਨੂੰ ਟੁੰਬ ਲੈਣ ਦਾ ਹੁਨਰ ਰੱਖਦਾ ਹੈ। ਗੁੱਲੂ ਦੀ ਸ਼ਾਇਰੀ ਉੱਪਰ ਪਾਕਿਸਤਾਨੀ ਸ਼ਾਇਰੀ ਦਾ ਪ੍ਰਭਾਵ ਸਾਫ਼ ਵੇਖਿਆ ਜਾ ਸਕਦਾ ਹੈ। ਅਸਲ ਵਿੱਚ ਗੁੱਲੂ ਦਾ ਪਿਛੋਕੜ ਵੀ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ। ਉਸਦੇ ਵੱਡੇ-ਵਡੇਰੇ 1947 ਦੀ ਵੰਡ ਵੇਲੇ ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਤੋਂ ਉੱਠ ਕੇ ਇੱਧਰ ਆ ਕੇ ਵਸੇ ਸਨ। ਉਸਦੀਆਂ ਗ਼ਜ਼ਲਾਂ ਵਿੱਚ ਪੇਂਡੂ ਸੱਭਿਆਚਾਰ ਦੇ ਪ੍ਰਤੱਖ ਦਰਸ਼ਨ ਕੀਤੇ ਜਾ ਸਕਦੇ ਹਨ। ਉਸਦੀਆਂ ਗ਼ਜ਼ਲਾਂ ਦਾ ਵਿਸ਼ਾ ਜਿੱਥੇ ਪੇਂਡੂ ਧਰਾਤਲ ਵਾਲਾ ਹੈ ਉੱਥੇ ਹੀ ਗੁਆਚ ਚੁੱਕੇ ਪੰਜਾਬੀ ਸ਼ਬਦ ਵੀ ਉਸਦੀ ਸ਼ਾਇਰੀ ਵਿੱਚੋਂ ਪੜ੍ਹਨ ਨੂੰ ਮਿਲ ਜਾਂਦੇ ਹਨ। ਉਹ ਕਰਨਾਲ ਵਿਖੇ ਰਹਿ ਰਿਹਾ ਹੈ।
ਸੁਖਬੀਰ ਸ਼ਰਮਾ ਦੀ ਆਲੋਚਨਾ ਪੁਸਤਕ ‘ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਇੱਕ ਅਧਿਐਨ’ ਵੀ ਇਸੇ ਸਾਲ 2020 ਵਿੱਚ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥਾਂ ਵਿੱਚ ਆਈ ਹੈ। ਸੁਖਬੀਰ ਸ਼ਰਮਾ ਹਿੰਦੀ ਮਾਧਿਅਮ ਰਾਹੀਂ ਪੜ੍ਹਿਆ ਲੇਖਕ ਹੈ ਪਰ ਪੰਜਾਬੀ ਜ਼ੁਬਾਨ ਨੂੰ ਉਹ ਅੰਤਾਂ ਦਾ ਪਿਆਰ ਕਰਨ ਵਾਲਾ ਸ਼ਖਸ ਹੈ। ਇਸ ਪੁਸਤਕ ਵਿੱਚ ਉਸਨੇ ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਨੂੰ ਬਹੁਤ ਬਾਰੀਕ ਨਜ਼ਰ ਨਾਲ ਘੋਖ ਕੇ ਨਵੇਂ ਅਰਥ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਇਹ ਕਾਰਜ ਕਵਿਤਾ ਜਾਂ ਗ਼ਜ਼ਲ ਦੀ ਸਿਰਜਣਾ ਨਾਲੋਂ ਔਖਾ ਅਤੇ ਮੁਸ਼ਕਿਲਾਂ ਭਰਿਆ ਹੈ। ਪਰ ਸੁਖਬੀਰ ਸ਼ਰਮਾ ਨੇ ਸਖ਼ਤ ਘਾਲਣਾ ਘਾਲ ਕੇ ਹਰਿਆਣੇ ਦੇ ਪੰਜਾਬੀ ਲੇਖਕਾਂ ਵਿੱਚ ਆਪਣਾ ਨਾਮ ਲਿਖਵਾਇਆ ਹੈ।
ਹਰਿਆਣੇ ਦੇ ਜ਼ਿਲ੍ਹੇ ਸਿਰਸਾ ਦੇ ਵਸਨੀਕ ਸ਼ਾਇਰਾ ‘ਕੁਲਵੰਤ ਕੌਰ ਸੰਧੂ’ ਦਾ ਪਲੇਠਾ ਲੋਕ-ਗੀਤਾਂ ਦਾ ਸੰਗ੍ਰਹਿ ‘ਕਿਤੇ ਮਿਲ ਨੀਂ ਮਾਏਂ’ ਵੀ ਇਸੇ ਸਾਲ ਮਾਰਚ 2020 ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਪੁਸਤਕ ਵਿੱਚ ਵਿਆਹ ਮੌਕੇ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਬੜੀ ਖੂਬਸੂਰਤੀ ਨਾਲ ਸਾਂਭਿਆ ਗਿਆ ਹੈ। ਪੁਸਤਕ ਵਿੱਚ ਵਿਆਹ ਮੌਕੇ ਗਾਈਆਂ ਜਾਣ ਵਾਲੀਆਂ ਘੋੜੀਆਂ 32, ਮੁੰਡੇ ਦੇ ਵਿਆਹ ਦੇ ਗੀਤ 16, ਨਾਨਕਾ ਮੇਲ, ਟੱਪੇ, ਜਾਗੋ ਦੇ ਗੀਤ, ਸਿੱਠਣੀਆਂ, ਬੋਲੀਆਂ, ਗਿੱਧੇ ਦੇ ਗੀਤ, ਸੁਹਾਗ 22 ਅਤੇ ਵਿਆਹ ਤੋਂ ਬਿਨਾਂ ਗਾਏ ਜਾਣ ਵਾਲੇ ਗੀਤ 52, ਢੋਲਕੀ ਤੇ ਗਾਏ ਜਾਣ ਵਾਲੇ ਗੀਤ 22, ਜੀਜੇ ਨੂੰ ਸਿੱਠਣੀਆਂ, ਡੋਲੀ ਵੇਲੇ ਦੇ ਗੀਤ, ਪਲੰਘ ਦੇ ਗੀਤ, ਜੰਞ ਆਉਂਦੀ ਦੇ ਗੀਤ, ਖਾਰੇ ਦੇ ਗੀਤ, ਡੋਲੀ ਵੇਲੇ ਦੇ ਗੀਤ, ਜਦੋਂ ਕੁੜੀ ਸਹੁਰੇ ਜਾਂਦੀ ਹੈ ਅਤੇ ਸਹੇਲੀਆਂ ਨੂੰ ਚਿੱਠੀਆਂ ਭੇਜਦੀ ਹੈ; ਉਸ ਵੇਲੇ ਦੇ ਗੀਤ ਸ਼ਾਮਿਲ ਕੀਤੇ ਗਏ ਹਨ। ਅੰਬਾਲਾ ਦੀ ਗੁਰਪ੍ਰੀਤ ਕੌਰ ਦਾ ਕਾਵਿ-ਸੰਗ੍ਰਹਿ ‘ਖ਼ੁਸ਼ਬੂ ਕੈਦ ਨਹੀਂ ਹੁੰਦੀ’ ਵੀ ਇਸ ਵਰ੍ਹੇ 2020 ਵਿੱਚ ਹੀ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ।
ਕੋਵਿਡ-19 ਦੇ ਇਸ ਸੰਕਟਮਈ ਸਮੇਂ ਵਿੱਚ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਅਜੇ ਛਪਾਈ ਅਧੀਨ ਹਨ। ਹੁਣ ਇਹਨਾਂ ਪੁਸਤਕਾਂ ਦੀ ਆਮਦ 2021 ਵਿੱਚ ਹੋਵੇਗੀ। ਆਖ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ ਕੋਵਿਡ-19 ਕਾਲ ਦੇ ਦੌਰਾਨ ਵੀ ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2485)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)