“ਇਹਨਾਂ ਇੱਛਾਵਾਂ ਦੀ ਪੂਰਤੀ ਕਰਦਿਆਂ ਉਸ ਨੂੰ ਰਤਾ ਭਰ ਵੀ ਇਲਮ ਨਹੀਂ ਹੁੰਦਾ ਕਿ ...”
(15 ਮਈ 2020)
ਅੱਜ ਅੰਤਰਾਸ਼ਟਰੀ ਪਰਿਵਾਰ ਦਿਵਸ ਹੈ
ਮਨੁੱਖੀ ਜੀਵਨ ਰਿਸ਼ਤਿਆਂ ਦੀ ਡੋਰ ਵਿੱਚ ਬੱਝਾ ਹੁੰਦਾ ਹੈ। ਇਹ ਡੋਰ ਜਿੰਨੀ ਮਜ਼ਬੂਤ ਹੁੰਦੀ ਹੈ ਉੰਨੀ ਹੀ ਕੋਮਲ ਵੀ ਹੁੰਦੀ ਹੈ। ਇਹਨਾਂ ਰਿਸ਼ਤਿਆਂ ਕਰਕੇ ਮਨੁੱਖ ਜਿੱਥੇ ਜ਼ਿੰਦਗੀ ਨੂੰ ਜਿਉਂਦਾ ਹੈ, ਉੱਥੇ ਕਈ ਵਾਰ ਇਹਨਾਂ ਰਿਸ਼ਤਿਆਂ ਵਿੱਚ ਆਈਆਂ ਉਲਝਣਾਂ ਕਰਕੇ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਵੀ ਪੈ ਜਾਂਦਾ ਹੈ। ਇਹ ਕਾਰਜ ਮਨੁੱਖ ਦੇ ਆਪਣੇ ਹੱਥ ਵਿੱਚ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਪਰਿਵਾਰਾਂ ਵਿੱਚ ਰਹਿ ਕੇ ਰਿਸ਼ਤਿਆਂ ਦੇ ਨਿੱਘ ਨਾਲ ਸਵਰਗ ਬਣਾਉਣਾ ਚਾਹੁੰਦਾ ਹੈ ਜਾਂ ਫਿਰ ਨਰਕ?
ਹਰ ਸਾਲ 15 ਮਈ ਦਾ ਦਿਨ ‘ਅੰਤਰਰਾਸ਼ਟਰੀ ਪਰਿਵਾਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਆਰੰਭਤਾ ਅਮਰੀਕਾ ਵਿੱਚ 1994 ਨੂੰ ਕੀਤੀ ਗਈ ਸੀ ਤਾਂ ਕਿ ਅਜੋਕੇ ਮਨੁੱਖ ਨੂੰ ਪਰਿਵਾਰ ਦਾ ਮਹੱਤਵ ਸਮਝਾਇਆ ਜਾ ਸਕੇ, ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਜਾ ਸਕੇ। ਪਰ ਬਦਕਿਸਮਤੀ ਇਹ ਹੈ ਕਿ ਹਰ ਸਾਲ ਪਰਿਵਾਰਾਂ ਦਾ ਟੁੱਟਣਾ ਵਧਦਾ ਜਾ ਰਿਹਾ ਹੈ। ਪਰਿਵਾਰਾਂ ਵਿੱਚ ਦੂਰੀਆਂ ਵਧ ਰਹੀਆਂ ਹਨ, ਮੋਹ ਭਿੱਜੇ ਰਿਸ਼ਤੇ ਬੀਤੇ ਵੇਲਿਆਂ ਦੀ ਗੱਲ ਹੁੰਦੇ ਜਾ ਰਹੇ ਹਨ। ਮਨੁੱਖ ਅੰਦਰ ਇੱਕਲਾਪਾ ਆਪਣਾ ਪ੍ਰਭਾਵ ਵਧਾਉਂਦਾ ਜਾ ਰਿਹਾ ਹੈ, ਜਿਸਦਾ ਨਤੀਜਾ ਖੁਦਕੁਸ਼ੀਆਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਅੱਜ ਦਾ ਮਨੁੱਖ ਜਿੱਥੇ ਭੱਜਦੌੜ ਭਰੀ ਜ਼ਿੰਦਗੀ ਨੂੰ ਜਿਊਣ ਦਾ ਸੰਤਾਪ ਹੰਢਾ ਰਿਹਾ ਹੈ, ਉੱਥੇ ਹੀ ਕਿਸੇ ਕੋਲ ਆਪਣੇ ਸਕੇ-ਸੰਬੰਧੀਆਂ ਕੋਲ ਬੈਠਣ ਦਾ ਵਕਤ ਨਹੀਂ ਹੈ। ਸਮੇਂ ਦੇ ਗੇੜ ਨੂੰ ਜੇਕਰ ਵੀਹ ਕੁ ਸਾਲ ਪਿਛਾਂਹ ਕਰਕੇ ਉਸ ਵਕਤ ਦੇ ਸਮਾਜ ਦੇ ਜੀਵਨ ਨੂੰ ਵੇਖੀਏ ਤਾਂ ਮਨੁੱਖ ਦਾ ਜੀਵਨ ਅੱਜ ਨਾਲੋਂ ਕਿਤੇ ਜ਼ਿਆਦਾ ਸਕੂਨ ਭਰਿਆ ਸੀ। ਹਾਲਾਂਕਿ ਉਸ ਵਕਤ ਸਹੂਲਤਾਂ ਅੱਜ ਨਾਲੋਂ ਬਹੁਤ ਘੱਟ ਸਨ ਪਰ ਮਨੁੱਖ ਸੰਤੁਸ਼ਟ ਸੀ, ਖੁਸ਼ ਸੀ। ਇਸ ਖੁਸ਼ੀ ਦਾ ਵੱਡਾ ਕਾਰਣ ਮਨੁੱਖ ਦਾ ਆਪਣੇ ਪਰਿਵਾਰ ਨਾਲ ਮੋਹ ਸੀ ਅਤੇ ਜ਼ਿੰਦਗੀ ਜਿਊਣ ਲਈ ਸੀਮਤ ਜ਼ਰੂਰਤਾਂ ਸਨ। ਮਨੁੱਖ ਆਪਣੇ ਸੀਮਤ ਸਾਧਨਾਂ ਵਿੱਚ ਸੀਮਤ ਇੱਛਾਵਾਂ ਦੀ ਪੂਰਤੀ ਸਹਿਜੇ ਹੀ ਕਰ ਲੈਂਦਾ ਸੀ, ਇਸ ਕਰਕੇ ਅੱਜ ਨਾਲੋਂ ਵਧੇਰੇ ਖੁਸ਼ ਸੀ। ਪਰ ਅੱਜ ਅਸੀਮਤ ਇੱਛਾਵਾਂ ਨੇ ਮਨੁੱਖ ਨੂੰ ਬੇਚੈਨ ਕਰਕੇ ਰੱਖ ਦਿੱਤਾ ਹੈ। ਮਨੁੱਖ ਜ਼ਿੰਦਗੀ ਨੂੰ ਜਿਊਣਾ ਭੁੱਲ ਗਿਆ ਹੈ, ਬਲਕਿ ਜ਼ਿੰਦਗੀ ਨੂੰ ਕੱਟ ਰਿਹਾ ਹੈ, ਢੋਹ ਰਿਹਾ ਹੈ।
ਦੂਜੀ ਅਹਿਮ ਗੱਲ ਕਿ ਅੱਜ ਦੇ ਵਕਤ ਅਤੇ ਬੀਤੇ ਵਕਤ ਵਿੱਚ ਮੁੱਢਲਾ ਫਰਕ ਰਿਸ਼ਤਿਆਂ ਦੀ ਕਦਰ ਘਟਣ ਕਰਕੇ ਪੈਦਾ ਹੋਇਆ ਹੈ। ਅੱਜ ਬਹੁਤੀਆਂ ਨੂੰਹਾਂ ਨੂੰ ਆਪਣੀਆਂ ਸੱਸਾਂ ਨਾਲ ਰਹਿਣ ਵਿੱਚ ਦਿੱਕਤ ਆਉਂਦੀ ਹੈ ਪਰ ਬੀਤੇ ਵੇਲੇ ਸੱਸ ਮਾਂ ਤਾਂ ਬਹੁਤ ਦੂਰ ਦੀ ਗੱਲ; ਪਿੰਡ ਦੀਆਂ ਹੋਰ ਔਰਤਾਂ ਨਾਲ ਮੋਹ ਵੀ ਕਿਸੇ ਗੱਲੋਂ ਲੁਕਿਆ ਹੋਇਆ ਨਹੀਂ ਸੀ। ਪਿੰਡ ਦੀ ਨੂੰਹ ਸਾਰੇ ਪਿੰਡ ਦੀ ਨੂੰਹ ਹੁੰਦੀ ਸੀ। ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ। ਪਿੰਡਾਂ ਵਿੱਚ ਬਹੁਤੇ ਪਰਿਵਾਰਾਂ ਵਿੱਚ ਇਕੱਠ ਹੁੰਦਾ ਸੀ, ਏਕਾ ਹੁੰਦਾ ਸੀ। ਕਮਾਉਣ ਵਾਲੇ ਭਾਵੇਂ ਘੱਟ ਸਨ ਪਰ ਮੁਹਬਤੀ ਰਿਸ਼ਤਿਆਂ ਦੀ ਘਾਟ ਨਹੀਂ ਸੀ। ਇੱਕ ਪਰਿਵਾਰ ਦਾ ਦੁੱਖ ਪੂਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਇੱਕ ਪਰਿਵਾਰ ਦੀ ਖੁਸ਼ੀ ਵਿੱਚ ਪੂਰਾ ਪਿੰਡ ਖੁਸ਼ ਹੁੰਦਾ ਸੀ।
ਯਕੀਨਨ, ਮਸ਼ੀਨੀ ਯੁਗ ਨੇ ਜਿੱਥੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ, ਉੱਥੇ ਹੀ ਪਰਿਵਾਰਾਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ, ਮੋਹ ਭਿੱਜੇ ਰਿਸ਼ਤਿਆਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਆਪਣੇ ਜੀਵਨ ਵਿੱਚ ਐਸ਼ਪ੍ਰਸਤੀ ਚਾਹੁੰਦਾ ਹੈ, ਪੈਸਾ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਨਾਮ ਕਮਾਉਣਾ ਚਾਹੁੰਦਾ ਹੈ। ਪਰ ਇਹਨਾਂ ਇੱਛਾਵਾਂ ਦੀ ਇਵਜ਼ ਵਿੱਚ ਉਸ ਨੇ ਆਪਣਾ ਸੁਖ ਅਤੇ ਚੈਨ ਗਵਾ ਲਿਆ ਹੈ। ਆਪਣੇ ਰਿਸ਼ਤੇ ਗਵਾ ਲਏ ਹਨ, ਆਪਣੀ ਮੁਹੱਬਤ ਗਵਾ ਲਈ ਹੈ। ਰੂਹ ਦਾ ਸਕੂਨ ਗਵਾ ਲਿਆ ਹੈ ਅਤੇ ਆਪਣੇ ਪਰਿਵਾਰ ਗਵਾ ਲਏ ਹਨ।
ਇਹ ਗੱਲ ਪੱਥਰ ’ਤੇ ਲਕੀਰ ਵਾਂਗ ਸੱਚ ਹੈ ਕਿ ਕੋਈ ਵੀ ਮਨੁੱਖ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਇਹ ਪਰਿਵਾਰ ਮਨੁੱਖਾਂ ਨਾਲ, ਆਪਣਿਆਂ ਨਾਲ, ਰਿਸ਼ਤਿਆਂ ਨਾਲ ਗੜੁੱਚ ਹੁੰਦਾ ਹੈ। ਇਹਨਾਂ ਤੋਂ ਬਿਨਾਂ ਮਨੁੱਖਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਅਜੋਕੇ ਦੌਰ ਵਿੱਚ ਮਨੁੱਖ ਇਹਨਾਂ ਮੋਹ ਭਿੱਜੇ ਰਿਸ਼ਤਿਆਂ ਤੋਂ ਦੂਰ ਹੋ ਗਿਆ ਹੈ। ਇਹਨਾਂ ਦੂਰੀਆਂ ਦਾ ਮੂਲ ਕਾਰਣ ਮਨੁੱਖ ਦੀਆਂ ਅਸੀਮ ਇੱਛਾਵਾਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਕਰਦਿਆਂ ਉਸ ਨੂੰ ਰਤਾ ਭਰ ਵੀ ਇਲਮ ਨਹੀਂ ਹੁੰਦਾ ਕਿ ਉਹ ਆਪਣਿਆਂ ਨਾਲੋਂ ਟੁੱਟ ਗਿਆ ਹੈ। ਮਸ਼ੀਨਾਂ ਨਾਲ ਮਸ਼ੀਨ ਬਣ ਗਿਆ ਹੈ। ਹੁਣ ਉਸਦੇ ਕੋਲ ਪੈਸਾ, ਐਸ਼ ਅਤੇ ਨਾਮ ਤਾਂ ਹੈ ਪਰ ਪਰਿਵਾਰ ਅਤੇ ਮੁਹਬੱਤੀ ਰਿਸ਼ਤੇ ਗਵਾਚ ਗਏ ਹਨ।
ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਵਕਤ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ ਪਰ ਲੰਘੇ ਵਕਤ ਦੇ ਤਜਰਬੇ ਬੰਦੇ ਨੂੰ ਭਵਿੱਖ ਲਈ ਸਬਕ ਜ਼ਰੂਰ ਸਿਖਾ ਜਾਂਦੇ ਹਨ। ਇਹ ਸਬਕ ਬੰਦੇ ਨੂੰ ਆਉਣ ਵਾਲੇ ਵਕਤ ਲਈ ਸਿਆਣਪ ਦਾ ਪਾਠ ਪੜ੍ਹਾ ਜਾਂਦੇ ਹਨ। ਜਿਹੜਾ ਮਨੁੱਖ ਇਹ ਪਾਠ ਆਪਣੇ ਜੀਵਨ ਵਿੱਚ, ਜ਼ਿਹਨ ਵਿੱਚ ਚੇਤੇ ਰੱਖਦਾ ਹੈ ਉਹ ਮਨੁੱਖ ਅਸਲ ਅਰਥਾਂ ਵਿੱਚ ਮਨੁੱਖ ਕਹਾਉਣ ਦਾ ਹੱਕਦਾਰ ਹੁੰਦਾ ਹੈ। ਉਹ ਮਨੁੱਖ ਇਹਨਾਂ ਮੁਹੱਬਤੀ ਰਿਸ਼ਤਿਆਂ ਦੀ ਕਦਰ ਕਰਨਾ ਸਿੱਖ ਜਾਂਦਾ ਹੈ ਅਤੇ ਉਹੀ ਮਨੁੱਖ ਰਿਸ਼ਤਿਆਂ ਦੇ ਨਿੱਘ ਨੂੰ ਮਾਣ ਪਾਉਂਦਾ ਹੈ। ਇਹਨਾਂ ਰਿਸ਼ਤਿਆਂ ਵਿੱਚ ਜਿਉਂਦੇ ਮਨੁੱਖ ਦਾ ਜੀਵਨ ਸੁਖੀ ਹੁੰਦਾ ਹੈ, ਖੁਸ਼ਹਾਲ ਹੁੰਦਾ ਹੈ। ਅੱਜ ਅਜਿਹੇ ਜੀਵਨ ਦੀ ਲੋੜ ਹੈ ਤਾਂ ਕਿ ਮਨੁੱਖ ਨੂੰ ਮਸ਼ੀਨ ਬਣਨ ਤੋਂ ਰੋਕਿਆ ਜਾ ਸਕੇ। ਆਓ ਆਪਾਂ ਸਾਰੇ ਆਪਣੇ ਅੰਦਰ ਝਾਤ ਮਾਰੀਏ!
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2129)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)