NishanSRathaur7ਸੜਕਾਂ ਉੱਤੇ ਤੁਰੇ ਜਾਂਦੇ ਕਿਰਤੀਆਂ ਨੂੰ ਕੀੜੇ-ਮਕੌੜੇ ਸਮਝਣ ਵਾਲੇ ਅਤੇ ...”
(23 ਮਈ 2020)

 

ਪ੍ਰੋ. ਰਬਿੰਦਰ ਸਿੰਘ ਮਸਰੂਰ ਹੁਰਾਂ ਦਾ ਇੱਕ ਸ਼ੇਅਰ ਹੈ:

ਕੁਰਸੀਆਂ ਵਾਲੇ ਘਰਾਂ ਦੀ ਨੀਅਤ ਜੇ ਖੋਟੀ ਨਹੀਂ,
ਪਿੰਡ ਦੇ ਪਿੰਡੇ ’ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ! … (ਤੁਰਨਾ ਮੁਹਾਲ ਹੈ)

ਅੱਜਕਲ੍ਹ ਦੇ ਵਰਤਾਰੇ ਉੱਪਰ ਇਹ ਸ਼ੇਅਰ ਸਾਰਥਕ ਰੂਪ ਵਿੱਚ ਢੁੱਕਦਾ ਹੈਕੁਰਸੀਆਂ ਵਾਲੇ ਘਰਾਂ (ਹਾਕਮਾਂ) ਦੀ ਨੀਅਤ ਸੱਚਮੁੱਚ ਖੋਟੀ ਹੈਇਸੇ ਕਰਕੇ ਕਿਰਤੀਆਂ (ਮਜ਼ਦੂਰਾਂ) ਦੇ ਪਿੰਡੇ ’ਤੇ ਮਾਸ ਦੀ ਬੋਟੀ ਨਹੀਂ ਹੈ ਭਾਵ ਮਜ਼ਦੂਰ ਮਰ ਰਹੇ ਹਨ ਅਤੇ ਆਪਣੇ ਘਰ/ਪਿੰਡ ਪਹੁੰਚਣ ਵਾਸਤੇ ਸੈਕੜੇ ਕਿਲੋਮੀਟਰ ਦੀ ਦੂਰੀ ਪੈਦਲ ਤੁਰੇ ਜਾ ਰਹੇ ਹਨਹੈਰਾਨੀ ਹੁੰਦੀ ਹੈ ਕਿ ਔਰਤਾਂ, ਬੱਚੇ, ਬੁੱਢੇ ਸਭ ਪੈਦਲ ਹੀ ਤੁਰਨ ਲਈ ਮਜਬੂਰ ਹਨਕੁਝ ਕੋਲ ਸਾਇਕਲ ਹਨ ਅਤੇ ਉਹ ਹਜ਼ਾਰ-ਹਜ਼ਾਰ ਕਿਲੋਮੀਟਰ ਸਾਇਕਲ ਉੱਪਰ ਜਾਣ ਲਈ ਮਜਬੂਰ ਹਨਇਹਨਾਂ ਕਿਰਤੀਆਂ ਦੀ ਇਸ ਮਜਬੂਰੀ ਦਾ ਜ਼ਿੰਮੇਵਾਰ ਕੌਣ ਹੈ? ਇਹ ਸਵਾਲ ਬਹੁਤ ਅਹਿਮ ਹੈਪਰ ਇਹ ਸਵਾਲ ਹੁਣ ਰਾਜਨੀਤੀ ਦੀ ਹਨੇਰੀ ਵਿੱਚ ਉੱਡ ਗਿਆ ਹੈ, ਗੁਆਚ ਗਿਆ ਹੈ, ਅਲੋਪ ਹੋ ਗਿਆ ਹੈ

ਕੁਦਰਤੀ ਆਫਤਾਂ ਤੋਂ ਲੈ ਕੇ ਰਾਜਨੀਤਕ ਘਪਲਿਆਂ ਤਕ ਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ ਹੀ ਪੈਂਦੀ ਹੈ, ਕਿਰਤੀਆਂ ਨੂੰ ਹੀ ਪੈਂਦੀ ਹੈਇਸ ਗੱਲ ਵਿੱਚ ਭੋਰਾ ਭਰ ਵੀ ਸ਼ੱਕ ਦੀ ਸੰਭਾਵਨਾ ਨਹੀਂ ਹੈ ਕਿ ਕਿਰਤੀ ਵਰਗ ਨੂੰ ਆਪਣੇ ਪੈਰਾਂ ਹੇਠ ਕੁਚਲ ਕੇ ਰਾਜਨੀਤਕ ਲੋਕ ਸਦਾ ਹੀ ਆਪਣੇ ਘਰ ਭਰਦੇ ਰਹੇ ਹਨਕਹਿਣ ਨੂੰ ਤਾਂ ਹਰ ਜਮਾਤ, ਪਾਰਟੀ ਅਤੇ ਸਰਕਾਰ ਕਿਰਤੀਆਂ ਨੂੰ ਵੱਧ ਹੱਕ ਦੇਣ ਲਈ ਨਾਅਰੇ ਲਾਉਂਦੀ ਵੇਖੀ ਜਾ ਸਕਦੀ ਹੈ ਪਰ ਹਾਕਮਾਂ ਦੀ ਬਦਨੀਤੀ ਦਾ ਪ੍ਰਤੱਖ ਪ੍ਰਮਾਣ ਅੱਜਕਲ੍ਹ ਸੜਕਾਂ ਉੱਤੇ ਤੁਰੇ ਜਾਂਦੇ ਕਿਰਤੀਆਂ ਦੇ ਚਿਹਰਿਆਂ ਤੋਂ ਸਾਫ ਵੇਖਿਆ, ਪੜ੍ਹਿਆ, ਸਮਝਿਆ ਜਾ ਸਕਦਾ ਹੈ

ਇਹ ਵਰਤਾਰਾ ਕੇਵਲ ਅਜੋਕੇ ਸੰਦਰਭ ਵਿੱਚ ਹੀ ਵਿਚਾਰ-ਚਰਚਾ ਦਾ ਵਿਸ਼ਾ ਨਹੀਂ ਹੈ ਬਲਕਿ ਇਹ ਵਿਸ਼ਾ ਤਾਂ ਸਦੀਆਂ ਤੋਂ ਵਿਚਾਰ-ਚਰਚਾ ਦੀ ਮੰਗ ਕਰਦਾ ਰਿਹਾ ਹੈਪਰ ਇਸ ਵਿਸ਼ੇ ਨੂੰ ਜਾਣਬੁੱਝ ਕੇ ਅੱਖੋਂ-ਪਰੋਖੇ ਕੀਤਾ ਜਾਂਦਾ ਰਿਹਾ ਹੈਉਂਝ ਇਹ ਵਿਸ਼ਾ ਅੱਜ ਵੀ ਵਿਚਾਰਾਂ ਤੋਂ ਕੋਹਾਂ ਦੂਰ ਹੋ ਕੇ ਵੋਟਾਂ ਦੀ ਰਾਜਨੀਤੀ ਦੀ ਭੇਟ ਚੜ੍ਹ ਗਿਆ ਜਾਪਦਾ ਹੈਹਾਕਮਾਂ ਨੂੰ ਸੜਕਾਂ ’ਤੇ ਪੈਦਲ ਤੁਰੇ ਜਾਂਦੇ ਕਿਰਤੀ ਹੁਣ ਵੋਟਾਂ ਦਿਸਣ ਲੱਗੇ ਹਨਖ਼ਬਰੇ ਤਾਹੀਂਓ ਸਰਕਾਰਾਂ, ਹਾਕਮਾਂ ਦੀਆਂ ਅੱਖਾਂ ਖੁੱਲ੍ਹਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ

ਕੋਰੋਨਾ ਵਾਇਰਸ ਕਰਕੇ ਸਮੁੱਚੇ ਦੇਸ਼ ਦੇ ਕਿਰਤੀ ਆਪਣੇ ਕੰਮਾਂ ਤੋਂ ਵਿਹਲੇ ਹੋ ਗਏ ਹਨ / ਕਰ ਦਿੱਤੇ ਗਏ ਹਨਹੁਣ ਇਹਨਾਂ ਕੋਲ ਨਾ ਤਾਂ ਖਾਣ ਨੂੰ ਰੋਟੀ ਹੈ, ਨਾ ਪਾਉਣ ਨੂੰ ਕੱਪੜਾਇਹ ਲੋਕ ਬੇਸਹਾਰਾ ਹੋ ਕੇ ਆਪਣੇ ਪਿੰਡਾਂ ਨੂੰ ਮੁੜ ਪਏ ਹਨਨਿੱਕੇ-ਨਿੱਕੇ ਬੱਚੇ ਸੈਕੜੇ ਕਿਲੋਮੀਟਰ ਦਾ ਸਫਰ ਪੈਦਲ ਚੱਲ ਰਹੇ ਹਨਹਾਕਮ ਜਮਾਤ ਨੂੰ ਇਹਨਾਂ ਕਿਰਤੀਆਂ ਵਿੱਚੋਂ ਆਪਣੇ ਵੋਟ ਖੁੱਸ ਜਾਣ ਦਾ ਡਰ ਸਤਾ ਰਿਹਾ ਹੈਭਾਰਤ ਅੰਦਰ ਇਹ ਵਰਤਾਰਾ ਆਪਣੇ ਸਿਖਰ ਉੱਪਰ ਹੈਸੜਕਾਂ ਉੱਪਰ ਮਾਨਵਤਾ ਮਰ ਰਹੀ ਹੈਸੜਕਾਂ ਖੂਨ ਨਾਲ ਲਾਲ ਹੋ ਰਹੀਆਂ ਹਨ ਪਰ ਹਾਕਮਾਂ ਨੂੰ ਗੱਦੀ ਦਾ ਮੋਹ ਸਤਾ ਰਿਹਾ ਹੈ। ਗੱਦੀ ਨੂੰ ਚੰਬੜੇ ਰਹਿਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ

ਕੋਰੋਨਾ ਵਾਇਰਸ ਤੋਂ ਬਚਾਉ ਲਾਜ਼ਮੀ ਹੈ, ਇਸ ਕਰਕੇ ਵੱਡੇ-ਵੱਡੇ ਤਕਨੀਕੀ ਅਦਾਰੇ ਲਗਭਗ ਬੰਦ ਹਨਪਰ ਇਹਨਾਂ ਕਿਰਤੀਆਂ ਦਾ ਇਸ ਵਿੱਚ ਕੀ ਦੋਸ਼ ਹੈ? ਕੀ ਸਰਕਾਰਾਂ ਲੋਕਾਂ ਦੀ ਹਿਫਾਜ਼ਤ ਲਈ ਨਹੀਂ ਹੁੰਦੀਆਂ? ਕੀ ਸਰਕਾਰਾਂ ਦੀ ਇਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ? ਖ਼ਬਰੇ ਇਹ ਮੁੱਦਾ ਚੰਦ ਦਿਨਾਂ ਦਾ ਮਹਿਮਾਨ ਬਣ ਕੇ ਸਾਡੇ ਜ਼ਿਹਨ ਵਿੱਚ ਰਹੇਗਾ ਅਤੇ ਮੁੜ ਅਤੀਤ ਦੀ ਬੁੱਕਲ ਵਿੱਚ ਗੁਆਚ ਜਾਵੇਗਾਇਹ ਭਾਰਤੀ ਮਾਨਸਿਕਤਾ ਹੈ ਕਿ ਅਸੀਂ ਕੋਈ ਇੱਕ ਮੁੱਦਾ ਜਨੂੰਨੀ ਹੱਦ ਤਕ ਪ੍ਰਚਾਰਿਤ ਕਰਦੇ ਹਾਂ, ਭੰਡਦੇ ਹਾਂ ਅਤੇ ਚੰਦ ਦਿਨਾਂ ਮਗਰੋਂ ਭੁੱਲ-ਭੁਲਾ ਜਾਂਦੇ ਹਨ

ਕੋਰੋਨਾ ਵਾਇਰਸ ਮੁੱਕ ਜਾਵੇਗਾਅਸੀਂ ਇਹ ਮੁੱਦੇ ਭੁੱਲ ਜਾਵਾਂਗੇ ਪਰ ਜਿਹਨਾਂ ਮਾਂਵਾਂ ਦੇ ਪੁੱਤ ਸੜਕਾਂ ਉੱਪਰ ਸਦਾ ਦੀ ਨੀਂਦਰ ਸੌਂ ਗਏ, ਕੀ ਉਹ ਕਦੇ ਮੁੜ ਘਰਾਂ ਨੂੰ ਮੁੜਨਗੇ? ਸਰਕਾਰਾਂ ਆਉਂਦੀਆਂ ਹਨ, ਜਾਂਦੀਆਂ ਰਹਿੰਦੀਆਂ ਹਨ ਪਰ ਇਤਿਹਾਸ ਦੇ ਕਾਲੇ ਪੰਨੇ ਕਦੇ ਚਿੱਟੇ ਨਹੀਂ ਕੀਤੇ ਜਾ ਸਕਦੇ, ਬਦਲੇ ਨਹੀਂ ਜਾ ਸਕਦੇਅੱਜ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਅਤੇ ਬਦਕਿਸਮਤੀ, ਮਨੁੱਖ ਹੀ ਇਸਦਾ ਸਭ ਤੋਂ ਵੱਧ ਜ਼ਿੰਮੇਵਾਰ ਹੈ

ਸਰਕਾਰ, ਪਾਰਟੀ, ਜਮਾਤ, ਕੌਮ, ਨਸਲ, ਧਰਮ, ਰੰਗ, ਖੇਤਰ ਕੋਈ ਵੀ ਹੋਵੇ, ਸਭ ਤੋਂ ਪਹਿਲਾਂ ਮਨੁੱਖ, ਮਨੁੱਖ ਹੈ ਅਤੇ ਮਨੁੱਖ ਨੂੰ ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ ਹੈਦੇਸ਼ ਉਦੋਂ ਹੀ ਜਿਉਂਦਾ ਮੰਨਿਆ ਜਾਂਦਾ ਹੈ ਜਦੋਂ ਦੇਸ਼ ਵਿੱਚ ਰਹਿਣ ਵਾਲੇ ਲੋਕ ਜਾਗਦੇ ਹੋਣ, ਜਿਉਂਦੇ ਹੋਣਪਰ ਬਦਕਿਸਮਤੀ ਅੱਜ 99% ਲੋਕ ਸੁੱਤੇ ਪਏ ਹਨਜ਼ਮੀਰਾਂ ਮਰ ਚੁੱਕੀਆਂ ਹਨਆਪਣੇ ਹੱਕਾਂ ਦੀ ਅਗਿਆਨਤਾ ਨੇ ਮਨੁੱਖ ਨੂੰ ਲੰਗੜਾ ਬਣਾ ਕੇ ਰੱਖ ਦਿੱਤਾ ਹੈਸਵਾਲ ਚੁੱਕਣ ਵਾਲੇ ਮਨੁੱਖ ਖਤਮ ਹੋ ਗਏ ਹਨ, ਅਲੋਪ ਹੋ ਗਏ ਹਨਹੁਣ ਬਚੇ ਹਨ ਕਿਰਤੀਆਂ ਦੀ ਮੌਤ ’ਤੇ ਜਸ਼ਨ ਮਨਾਉਣ ਵਾਲੇ, ਹੱਸਣ ਵਾਲੇ, ਆਪਣੇ ਘਰ ਭਰਨ ਵਾਲੇ, ਸੜਕਾਂ ਉੱਤੇ ਤੁਰੇ ਜਾਂਦੇ ਕਿਰਤੀਆਂ ਨੂੰ ਕੀੜੇ-ਮਕੌੜੇ ਸਮਝਣ ਵਾਲੇ ਅਤੇ ਵੋਟਾਂ ਪੱਕੀਆਂ ਕਰਨ ਦੀਆਂ ਵਿਉਂਤਾਂ ਘੜਨ ਵਾਲੇ ਹਾਕਮ

ਸਰਕਾਰਾਂ ਤੋਂ ਨਾ-ਉਮੀਦੀ ਮਗਰੋਂ ਆਮ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾਕਿਰਤੀਆਂ ਨੂੰ ਤੁਰੇ ਜਾਂਦਿਆਂ ਨੂੰ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਸਹੀ ਥਾਂ ’ਤੇ ਉਤਾਰ ਦੇਣਾ ਮਨੁੱਖਤਾ ਭਰਪੂਰ ਕਾਰਜ ਹੈਹਰ ਪਿੰਡ, ਸ਼ਹਿਰ ਵਿੱਚ ਲੋਕ ਆਪਣੇ ਘਰਾਂ ਦੇ ਬਾਹਰ ਪਾਣੀ ਅਤੇ ਰੋਟੀ ਰੱਖਣ ਤਾਂ ਕਿ ਭੁੱਖੇ ਢਿੱਡ ਤੁਰੇ ਜਾਂਦੇ ਮਜ਼ਦੂਰ ਰੋਟੀ ਲੈ ਸਕਣ, ਪਾਣੀ ਲੈ ਸਕਣਹਾਕਮਾਂ ਵੱਲੋਂ ਮਦਦ ਦੇ ਵਿਖਾਵੇ ਮੀਡੀਆ ਵੱਲੋਂ ਵਿਖਾਏ ਜਾ ਰਹੇ ਹਨ। ਇਨ੍ਹਾਂ ਵਿਖਾਵਿਆਂ ਨਾਲ ਢਿੱਡ ਨਹੀਂ ਭਰਦਾ। ਆਮ ਲੋਕਾਂ ਨੂੰ ਹੁਣ ਅੱਗੇ ਆ ਕੇ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਤਾ ਬਚੀ ਰਹੇਮਨੁੱਖ ਰਹੇਗਾ ਤਾਂ ਹੀ ਦੇਸ਼ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2147) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author