“ਮੈਂ ਡਰ ਗਿਆ। ਅਖ਼ਬਾਰ ਉਵੇਂ ਹੀ ਛੱਡ ਮੈਂ ਗੇਟ ਵੱਲ ਨੂੰ ਭੱਜਾ। ਸੀਨੀਅਰ ਆਪਣੇ ਹੱਥ ਕੱਛਾਂ ਵਿੱਚ ਦਿੱਤੀ ਖੜ੍ਹਾ ਮੇਰੇ ਵੱਲ ...”
(6 ਜੂਨ 2024)
ਇਸ ਸਮੇਂ ਪਾਠਕ: 435.
ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਫ਼ੌਜ ਵਿੱਚ ਨਵਾਂ-ਨਵਾਂ ਭਰਤੀ ਹੋਇਆ ਸੀ। ਅਜੇ ਟ੍ਰੇਨਿੰਗ ਹੀ ਚੱਲ ਰਹੀ ਸੀ। ਸਾਡਾ ਟ੍ਰੇਨਿੰਗ ਕੈਂਪ ਪੂਨਾ ਸ਼ਹਿਰ (ਮਹਾਰਾਸ਼ਟਰ) ਵਿੱਚ ਸੀ। ਸਭ ਕੁਝ ਵਧੀਆ ਢੰਗ ਨਾਲ ਚੱਲ ਰਿਹਾ ਸੀ। ਹਾਂ, ਸਰੀਰਕ ਪੱਖੋਂ ਥਕਾਵਟ ਵਧੇਰੇ ਹੁੰਦੀ ਸੀ ਕਿਉਂਕਿ ਸਵੇਰੇ ਪੰਜ ਕਿਲੋਮੀਟਰ ਦੌੜ ਅਤੇ ਫਿਰ ਸਾਰਾ ਦਿਨ ਸਖ਼ਤ ਟ੍ਰੇਨਿੰਗ, ਸਰੀਰ ਥੱਕ-ਟੁੱਟ ਜਾਂਦਾ ਸੀ। ਪਰ ਜੋਸ਼ ਨਾਲ ਟ੍ਰੇਨਿੰਗ ਕਰਦੇ ਸਾਂ ਕਿਉਂਕਿ ਫ਼ੌਜੀ ਅਫਸਰ ਬਣਨਾ ਬਚਪਨ ਦਾ ਸੁਪਨਾ ਸੀ, ਜਿਹੜਾ ਕਿ ਸਖ਼ਤ ਟ੍ਰੇਨਿੰਗ ਤੋਂ ਬਾਅਦ ਹੀ ਪੂਰਾ ਹੋਣਾ ਸੀ।
ਮੈਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਹੈ। ਪਰ ਟ੍ਰੇਨਿੰਗ ਕਰਦਿਆਂ ਵਕਤ ਹੀ ਨਹੀਂ ਮਿਲਦਾ ਸੀ। ਹਾਂ, ਸਾਡੇ ਕੈਂਪ ਵਿੱਚ ਹਿੰਦੀ ਰਸਾਲੇ ਅਤੇ ਕੁਝ ਹਿੰਦੀ ਅਖ਼ਬਾਰਾਂ ਜ਼ਰੂਰ ਆਉਂਦੀਆਂ ਸਨ ਪਰ ਉਹ ਉਂਝ ਹੀ ਸਟੈਂਡ ’ਤੇ ਪਈਆਂ ਰਹਿੰਦੀਆਂ, ਕਿਸੇ ਕੋਲ ਪੜ੍ਹਨ ਦਾ ਵਕਤ ਨਹੀਂ ਸੀ ਹੁੰਦਾ।
ਕੈਂਪ ਦੀ ਸੁਰੱਖਿਆ ਵਾਸਤੇ ਰਾਤੀਂ ਡਿਊਟੀਆਂ ਲੱਗ ਜਾਂਦੀਆਂ। ਸਾਡਾ ਸੀਨੀਅਰ ਡਿਊਟੀਆਂ ਵੰਡ ਦਿੰਦਾ। ਅਸੀਂ ਦਿਨ ਵਿੱਚ ਟ੍ਰੇਨਿੰਗ ਕਰਦੇ ਅਤੇ ਰਾਤੀਂ ਤਿੰਨ-ਚਾਰ ਘੰਟੇ ਦੀ ਡਿਊਟੀ (ਪਹਿਰਾ) ਦਿੰਦੇ। ਮੈਂ ਪੜ੍ਹਨ-ਲਿਖਣ ਵਿੱਚ ਰਤਾ ਠੀਕ ਸਾਂ, ਇਸ ਲਈ ਮੈਨੂੰ ਕਾਗਜ਼ੀ ਕਾਰਵਾਈ ਲਈ ਛੱਡ ਦਿੰਦੇ ਸਨ; ਜਿਵੇਂ ਕੋਰਸ ਦੀਆਂ ਲਿਸਟਾਂ ਬਣਾਉਣੀਆਂ, ਅਗਲੇ ਦਿਨ ਦਾ ਪ੍ਰੋਗਰਾਮ ਬਣਾਉਣਾ, ਪੂਰੇ ਦਿਨ ਦਾ ਲੇਖਾ-ਜੋਖਾ ਲਿਖ ਕੇ ਸੀਨੀਅਰ ਨੂੰ ਦੇਣਾ ਅਤੇ ਆਰਡਰ ਬੁੱਕ ਲਿਖਣਾ ਆਦਿ।
ਪਰ ਹਫ਼ਤੇ ਵਿੱਚ ਇੱਕ ਵਾਰ ਮੇਰਾ ਨੰਬਰ ਵੀ ਡਿਊਟੀ ਦੇਣ ਲਈ ਆ ਜਾਂਦਾ। ਇੰਝ ਹੀ ਇੱਕ ਰਾਤ ਮੇਰੀ ਡਿਊਟੀ ਲੱਗ ਗਈ। ਮੈਂ ਆਪਣੇ ਫ਼ੌਜੀ ਕੈਂਪ ਦੇ ਦੁਆਲੇ ਚੱਕਰ ਮਾਰ ਕੇ ਮੁੱਖ ਗੇਟ ਦੇ ਕੋਲ ਆ ਗਿਆ। ਰਾਤ ਦਾ ਸ਼ਾਇਦ ਇੱਕ ਵੱਜਾ ਸੀ। ਮੈਨੂੰ ਆਪਣੇ ਆਸੇ-ਪਾਸੇ ਕੋਈ ਨਹੀਂ ਦਿਸਿਆ। ਮੈਂ ਉਸ ਸਟੈਂਡ ਕੋਲ ਅੱਪੜ ਗਿਆ, ਜਿੱਥੇ ਅਖ਼ਬਾਰਾਂ ਅਤੇ ਰਸਾਲੇ ਰੱਖੇ ਹੁੰਦੇ ਸਨ। ਪਤਾ ਨਹੀਂ ਮੇਰੇ ਮਨ ਵਿੱਚ ਕਿੰਝ ਇਹ ਵਿਚਾਰ ਆਇਆ ਕਿ ਮੈਂ ਅਖ਼ਬਾਰ ਦੇ ਪੰਨੇ ਪਲਟਣ ਲੱਗਾ। ਪੰਨੇ ਪਲਟਦਿਆਂ ਅਖ਼ਬਾਰ ਪੜ੍ਹਨ ਵਿੱਚ ਮਗਨ ਹੋ ਗਿਆ। ਇੰਨੇ ਨੂੰ ਸਾਡਾ ਸੀਨੀਅਰ ਪਤਾ ਨਹੀਂ ਕਿੱਧਰੋਂ ਡਿਊਟੀ ਚੈੱਕ ਕਰਨ ਲਈ ਆ ਪਹੁੰਚਿਆ। ਮੈਨੂੰ ਅਖ਼ਬਾਰ ਪੜ੍ਹਨ ਵਿੱਚ ਰੁੱਝਾ ਦੇਖ ਕੇ ਉਹ ਗੁੱਸੇ ਨਾਲ ਲਾਲ ਹੋ ਗਿਆ।
“ਸੰਤਰੀ!” ਉਹਨੇ ਉੱਚੀ ਆਵਾਜ਼ ਮਾਰੀ।
“ਜੀ ਸਾਹਬ!” ਮੇਰੇ ਮੂੰਹੋਂ ਇਹ ਦੋ ਸ਼ਬਦ ਹੀ ਨਿਕਲੇ। ਮੈਂ ਡਰ ਗਿਆ। ਅਖ਼ਬਾਰ ਉਵੇਂ ਹੀ ਛੱਡ ਮੈਂ ਗੇਟ ਵੱਲ ਨੂੰ ਭੱਜਾ। ਸੀਨੀਅਰ ਆਪਣੇ ਹੱਥ ਕੱਛਾਂ ਵਿੱਚ ਦਿੱਤੀ ਖੜ੍ਹਾ ਮੇਰੇ ਵੱਲ ਅੱਖਾਂ ਕੱਢ ਰਿਹਾ ਸੀ।
ਗਾਲ਼ ਕੱਢ ਕੇ ਉਹ ਬੋਲਿਆ, ‘ਕਹਾਂ ਮਰ ਗਿਆ ਥਾ?”
“ਸਾਹਬ, ਮੈਂ ਉਧਰ ਚੱਕਰ ਮਾਰਨੇ ਗਿਆ ਥਾ।” ਮੈਂ ਡਰਦਿਆਂ ਕਿਹਾ।
“ਸਾਲੇ, ਬਕਵਾਸ ਕਰਤਾ ਹੈ।” ਉਹ ਸੱਚਮੁੱਚ ਬਹੁਤ ਗੁੱਸੇ ਵਿੱਚ ਸੀ।
“ਚੱਲ ਬੈੰਡ ਹੋ ਜਾ (ਭਾਵ ਹੱਥ ਥੱਲੇ ਜ਼ਮੀਨ ’ਤੇ ਲਾ ਕੇ ਝੁਕ ਜਾ)।”
ਹੁਕਮ ਦੀ ਪਾਲਣਾ ਕਰਦਿਆਂ ਮੈਂ ਬੈੰਡ ਹੋ ਗਿਆ। ਉਸਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਸੀ ਹੋਇਆ, “ਚੱਲ ਫਰੰਟ ਰੂਲ (ਜਿਵੇਂ ਨਿੱਕੇ ਜੁਆਕ ਅੱਗੇ ਨੂੰ ਕਲਾਬਾਜ਼ੀਆਂ ਮਾਰਦੇ ਹਨ) ਸ਼ੁਰੂ ਕਰ।”
ਮੈਂ ਲਗਭਗ ਅੱਧਾ ਘੰਟਾ ਫਰੰਟ ਰੂਲ ਮਾਰਦਾ ਰਿਹਾ। ਮੇਰੀ ਹਾਲਤ ਖਰਾਬ ਹੋ ਗਈ। ਉੁਹ ਕੋਲ ਹੀ ਖੜ੍ਹਾ ਸੀ।
“ਚੱਲ ਖੜਾ ਹੋ। ਆਗੇ ਸੇ ਡਿਊਟੀ ਧਿਆਨ ਸੇ ਦੇਨਾ।” ਆਖ ਕੇ ਉਹ ਬੈਰਕ ਵੱਲ ਨੂੰ ਚਲਾ ਗਿਆ। ਮੇਰੇ ਮਨ ਵਿੱਚ ਪਛਤਾਵਾ ਵੀ ਹੋਇਆ ਸੀ ਕਿ ਮੈਂ ਕਿਉਂ ਅਖ਼ਬਾਰ ਪੜ੍ਹਮ ਲੱਗਦਾ ਪਿਆ ਸੀ? ਹਾਲਾਂਕਿ ਪੂਨਾ ਸ਼ਹਿਰ ਵਿੱਚ ਕੋਈ ਵੱਡੀ ਸੁਰੱਖਿਆ ਦੀ ਲੋੜ ਨਹੀਂ ਹੁੰਦੀ ਕਿਉਂਕਿ ਫ਼ੌਜੀ ਕੈਂਪ ਸ਼ਹਿਰ ਦੇ ਬਿਲਕੁਲ ਅੰਦਰ ਹੈ ਪਰ ਫ਼ੌਜੀਆਂ ਦੀ ਆਦਤ ਵਿੱਚ ਸ਼ਾਮਿਲ ਕਰਵਾਉਣ ਲਈ ਇੱਥੇ ਡਿਊਟੀ ਲਾਜ਼ਮੀ ਲਗਾਈ ਜਾਂਦੀ ਹੈ।
ਸਹਿਜੇ-ਸਹਿਜੇ ਸਮਾਂ ਬਤੀਤ ਹੁੰਦਾ ਗਿਆ। ਸਾਡੀ ਟ੍ਰੇਨਿੰਗ ਖ਼ਤਮ ਹੋ ਗਈ। ਟ੍ਰੇਨਿੰਗ ਖ਼ਤਮ ਹੋਣ ’ਤੇ ਮੈਨੂੰ ਉਸ ਕੋਰਸ ਦਾ ਸਰਵੋਤਮ ਅਵਾਰਡ ਮਿਲਿਆ। ਮੇਰੇ ਸਾਰੇ ਸਾਥੀ ਬਹੁਤ ਖ਼ੁਸ਼ ਸਨ। ਮੈਂ ਵੀ ਸਭ ਦੀਆਂ ਮੁਬਾਰਕਾਂ ਕਬੂਲ ਕਰ ਰਿਹਾ ਸਾਂ। ਇੰਨੇ ਨੂੰ ਮੇਰਾ ਸੀਨੀਅਰ ਮੇਰੇ ਕੋਲ ਆ ਗਿਆ।
“ਜੈ ਹਿੰਦ ਸਾਹਬ!” ਮੈਂ ਉੱਚੀ ਆਵਾਜ਼ ਵਿੱਚ ਕਿਹਾ।
“ਜੈ ਹਿੰਦ। ... ਏਕ ਬਾਤ ਕਹੂੰ?” ਸੀਨੀਅਰ ਬੋਲਿਆ।
“ਜੀ ਸਾਹਬ।” ਮੈਂ ਸਾਵਧਾਨ ਹੋ ਕੇ ਕਿਹਾ।
“ਅਖ਼ਬਾਰ ਪੜ੍ਹਨੀ ਕਭੀ ਮੱਤ ਛੋੜਨਾ।” ਕਹਿ ਕੇ ਉਹ ਉੱਚੀ ਹੱਸ ਪਿਆ।
ਮੇਰਾ ਰੋਣਾ ਨਿਕਲ ਆਇਆ। ਮੈਨੂੰ ਜੱਫ਼ੀ ਵਿੱਚ ਲੈ ਕੇ ਸੀਨੀਅਰ ਬੋਲਿਆ, “ ... ਯੇ ਪੜ੍ਹਨੇ ਦੀ ਲਤ ਆਪਕੋ ਏਕ ਦਿਨ ਬੁਲੰਦੀ ਪਰ ਲੇਕਰ ਜਾਏਗੀ, ਯਾਦ ਰਖਨਾ।”
ਉਹੀ ਹੋਇਆ। ਫ਼ੌਜ ਵਿੱਚ ਰਹਿੰਦਿਆਂ ਮੈਂ ਪੰਜਾਬੀ ਸਾਹਿਤ ਉੱਪਰ ਪੀਐੱਚ ਡੀ. ਤਕ ਦੀ ਪੜ੍ਹਾਈ ਕੀਤੀ। ਪੰਜਾਬੀ ਸਾਹਿਤ ਉੱਪਰ ਚਾਰ ਕਿਤਾਬਾਂ ਲਿਖੀਆਂ ਅਤੇ 400 ਤੋਂ ਵੱਧ ਲੇਖ ਅਖ਼ਬਾਰਾਂ, ਰਸਾਲਿਆਂ ਵਿੱਚ ਪ੍ਰਕਾਸ਼ਤ ਹੋਏ ਅਤੇ ਹੁਣ ਵੀ ਲਿਖਣਾ ਨਿਰੰਤਰ ਜਾਰੀ ਹੈ।
ਬੰਦੇ ਨੂੰ ਆਪਣੇ ਸ਼ੌਕ ਨਹੀਂ ਮਰਨ ਦੇਣੇ ਚਾਹੀਦੇ। ਹਾਲਾਤ ਜਿਵੇਂ ਦੇ ਮਰਜ਼ੀ ਹੋਣ, ਆਪਣੀ ਮੰਜ਼ਿਲ ਲਈ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ, ਉਹ ਆਖ਼ਰ ਨੂੰ ਆਪਣੀ ਮੰਜ਼ਿਲ ਪ੍ਰਾਪਤ ਕਰ ਲੈਂਦੇ ਹਨ।
ਹੁਣ ਵੀ ਜਦੋਂ ਮੈਂ ਅਖ਼ਬਾਰ ਪੜ੍ਹਦਾ ਹਾਂ ਤਾਂ ਮੈਨੂੰ ਵੀਹ ਸਾਲ ਪੁਰਾਣੀ ਆਪਣੇ ਸੀਨੀਅਰ ਦੀ ਕਹੀ ਗੱਲ ਚੇਤੇ ਆ ਜਾਂਦੀ ਹੈ, “ਅਖ਼ਬਾਰ ਪੜ੍ਹਨੀ ਕਭੀ ਮੱਤ ਛੋੜਨਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5030)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)