“ਸ਼ਾਇਰ ਆਪਣੀ ਕਵਿਤਾਵਾਂ ਵਿੱਚ ਸਵਰਗ ਦਾ ਸੁਪਨਾ ਨਹੀਂ ਦੇਖਦਾ ਬਲਕਿ ਉਹ ਇਸ ਧਰਤੀ ਨੂੰ ਹੀ ਸਵਰਗ ...”
(21 ਜੂਨ 2024)
ਇਸ ਸਮੇਂ ਪਾਠਕ: 740.
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹਰ ਵਰ੍ਹੇ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥਾਂ ਤਕ ਅੱਪੜਦੀਆਂ ਹਨ। ਇਹਨਾਂ ਵਿੱਚੋਂ ਕੁਝ ਪੁਸਤਕਾਂ ਆਮ ਪਾਠਕਾਂ ਵਿੱਚ ਹਰਮਨ ਪਿਆਰੀਆਂ ਹੋ ਜਾਂਦੀਆਂ ਹਨ ਅਤੇ ਬਾਕੀ ਦੀਆਂ ਪੁਸਤਕਾਂ ਲਾਇਬ੍ਰੇਰੀਆਂ ਦੇ ਰੈਕਾਂ ਵਿੱਚ ਲੰਮੀ ਚੁੱਪ ਧਾਰ ਲੈਂਦੀਆਂ ਹਨ, ਖਾਮੋਸ਼ ਹੋ ਜਾਂਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਕਿਸੇ ਵੀ ਪੁਸਤਕ ਦੇ ਹਰਮਨ ਪਿਆਰੀ ਹੋਣ ਦੇ ਕੁਝ ਕਾਰਨ ਹੁੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਕਾਰਨ ਇਹ ਹੈ ਕਿ ਆਮ ਪਾਠਕਾਂ ਦੇ ਬੌਧਿਕ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਸਿਰਜਣਾ ਕਰਨੀ। ਜਿਹੜੇ ਲੇਖਕ ਇਸ ਗੱਲ ਦਾ ਧਿਆਨ ਰੱਖਦੇ ਹਨ, ਉਹਨਾਂ ਦੀਆਂ ਪੁਸਤਕਾਂ ਦੇ ਕਈ-ਕਈ ਐਡੀਸ਼ਨ ਪ੍ਰਕਾਸ਼ਿਤ ਹੁੰਦੇ ਹਨ।
ਹਰਿਆਣਾ ਇੱਕ ਹਿੰਦੀ ਭਾਸ਼ੀ ਸੂਬਾ ਹੈ। ਇੱਥੇ ਆਮ ਬੋਲਚਾਲ ਹਿੰਦੀ ਜਾਂ ਹਰਿਆਣਵੀ ਵਿੱਚ ਹੁੰਦੀ ਹੈ। ਦਫਤਰੀ ਭਾਸ਼ਾ ਹਿੰਦੀ ਹੈ। ਉਂਝ ਪੰਜਾਬੀ ਭਾਈਚਾਰਾ ਇੱਥੇ ਵੱਡੀ ਗਿਣਤੀ ਵਿੱਚ ਵਸਦਾ ਹੈ ਪਰ ਪੰਜਾਬੀ ਜ਼ੁਬਾਨ ਪ੍ਰਤੀ ਉਹਨਾਂ ਦਾ ਵਰਤੀਰਾ ਬਹੁਤਾ ਸੁਖਾਵਾਂ ਨਹੀਂ। ਇਸੇ ਕਰਕੇ ਹਰਿਆਣੇ ਵਿੱਚ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਬਹੁਤ ਘੱਟ ਗਿਣਤੀ ਵਿੱਚ ਹੁੰਦੀ ਹੈ। ਉਹਨਾਂ ਵਿੱਚੋਂ ਵੀ ਬਹੁਤ ਘੱਟ ਪੰਜਾਬੀ ਪੁਸਤਕਾਂ ਆਮ ਪਾਠਕਾਂ ਦੇ ਹੱਥਾਂ ਤੀਕ ਪਹੁੰਚਦੀਆਂ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਹਰਿਆਣੇ ਵਿੱਚ ਪੰਜਾਬੀ ਪਾਠਕਾਂ ਦਾ ਘੇਰਾ ਬਹੁਤਾ ਵੱਡਾ ਨਹੀਂ ਹੈ, ਪਾਠਕ ਵਰਗ ਨਾ ਦੇ ਬਰਾਬਰ ਹੈ। ਪ੍ਰੰਤੂ ਇਸਦੇ ਬਾਵਜੂਦ ਵੀ ਹਰਿਆਣੇ ਵਿੱਚ ਕੁਝ ਪੰਜਾਬੀ ਲੇਖਕ ਨਿਰੰਤਰ ਸਾਹਿਤ ਸਿਰਜਣਾ ਕਰ ਰਹੇ ਹਨ ਤਾਂ ਕਿ ਪੰਜਾਬੀ ਮਾਂ-ਬੋਲੀ ਦੇ ਦੀਵੇ ਨੂੰ ਜਗਦਾ ਰੱਖਿਆ ਜਾ ਸਕੇ। ਉਹਨਾਂ ਵਿੱਚੋਂ ਇੱਕ ਹੈ ਅਨੁਪਿੰਦਰ ਸਿੰਘ ਅਨੂਪ।
ਇਸ ਵਰ੍ਹੇ 2024 ਵਿੱਚ ਅਨੁਪਿੰਦਰ ਸਿੰਘ ਅਨੂਪ ਦਾ ਸੱਜਰਾ ਕਾਵਿ-ਸਗ੍ਰੰਹਿ ‘ਹਰਿਚੰਦਉਰੀ’ ਪ੍ਰਕਾਸ਼ਿਤ ਹੋਇਆ ਹੈ। ਇਸ ਵਿੱਚ ਕੁੱਲ 48 ਕਵਿਤਾਵਾਂ, ਟੱਪੇ, ਦੋਹੇ ਅਤੇ ਬੋਲੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਨੂਪ ਦੀ ਕਵਿਤਾ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਅਜੋਕੇ ਸਮਾਜਕ ਵਰਤਾਰੇ ਤੋਂ ਬਹੁਤਾ ਖ਼ੁਸ਼ ਨਹੀਂ ਹੈ। ਉਹ ਸਮਾਜ ਵਿੱਚ ਆ ਰਹੀ ਗਿਰਾਵਟ, ਸਮਾਜਿਕ ਕਦਰਾਂ-ਕੀਮਤਾਂ ਦੇ ਘਾਣ ਤੋਂ ਅਸਹਿਜ ਮਹਿਸੂਸ ਕਰਦਾ ਹੈ।
ਅਸਾਂ ਤਾਂ
ਧਰਤ ’ਤੇ ਹੀ
ਸਿਰਜਣੀ ਹੈ
ਹਰਿਚੰਦਉਰੀ
ਜਿਸ ਨੂੰ ਵੇਖ ਕੇ
ਹੋਈ ਜਾਣਾ ਹੈਰਾਨ
ਸਭ ਦੇਵਤਿਆਂ। - (ਹਰਿਚੰਦਉਰੀ, ਪੰਨਾ-13)
ਸ਼ਾਇਰ ਆਪਣੀ ਕਵਿਤਾਵਾਂ ਵਿੱਚ ਸਵਰਗ ਦਾ ਸੁਪਨਾ ਨਹੀਂ ਦੇਖਦਾ ਬਲਕਿ ਉਹ ਇਸ ਧਰਤੀ ਨੂੰ ਹੀ ਸਵਰਗ ਬਣਾਉਣਾ ਚਾਹੁੰਦਾ ਹੈ, ਜਿਸ ਨੂੰ ਦੇਖ ਕੇ ਸਵਰਗ ਦੇ ਦੇਵਤੇ ਵੀ ਹੈਰਾਨ ਹੋ ਜਾਣ। ਇਹ ਸ਼ਾਇਰ ਦੀ ਆਪਣੀ ਮਨੋਬਿਰਤੀ ਹੈ ਕਿ ਉਹ ਆਪਣੇ ਬੋਲਾਂ ਰਾਹੀਂ, ਆਪਣੀ ਕਲਮ ਰਾਹੀਂ ਲੋਕਾਂ ਦੀ ਮਨੋਬਿਰਤੀ ਨੂੰ ਬਦਲ ਸਕੇ।
ਅਨੁਪਿੰਦਰ ਸਿੰਘ ਅਨੂਪ ਦੀਆਂ ਹੁਣ ਤਕ ਛੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਤਿੰਨ ਹਿੰਦੀ ਦੀਆਂ ਅਤੇ ਤਿੰਨ ਪੰਜਾਬੀ ਦੀਆਂ ਪੁਸਤਕਾਂ ਸ਼ਾਮਿਲ ਹਨ। ਉਡੀਕਾਂ ਗ਼ਜ਼ਲ - ਸੰਗ੍ਰਹਿ (2014), ਚਾਨਣ ਦਾ ਅਨੁਵਾਦ (2021) ਅਤੇ ਗ਼ਜ਼ਲ ਦਾ ਗਣਿਤ (2022) ਵਿੱਚ ਪ੍ਰਕਾਸ਼ਿਤ ਹੋਈਆਂ ਪੰਜਾਬੀ ਪੁਸਤਕਾਂ ਹਨ। ਇਸ ਤੋਂ ਇਲਾਵਾ ਸੋਸ਼ਲ-ਮੀਡੀਆ ਉੱਪਰ ਵੀ ਅਨੁਪਿੰਦਰ ਸਿੰਘ ਅਨੂਪ ਦੀਆਂ ਗ਼ਜ਼ਲਾਂ ਨੂੰ ਪੜ੍ਹਿਆ ਜਾ ਸਕਦਾ ਹੈ। ਅਸਲ ਵਿੱਚ ਉਹ ਸੋਸ਼ਲ-ਮੀਡੀਆ ਉੱਪਰ ਬਹੁਤ ਸਰਗਰਮ ਰਹਿੰਦਾ ਹੈ।
ਅਨੂਪ ਦਾ ਸਾਹਿਤਕ ਖ਼ੇਤਰ ਗ਼ਜ਼ਲ ਹੈ ਪ੍ਰੰਤੂ ਅੱਜ ਕੱਲ੍ਹ ਉਹ ਖੁੱਲ੍ਹੀ ਕਵਿਤਾ ਵਿੱਚ ਵੀ ਹੱਥ ਅਜ਼ਮਾ ਰਿਹਾ ਹੈ। ਅਨੂਪ ਨੂੰ ਗ਼ਜ਼ਲ ਦੀ ਬਣਤਰ, ਰੂਪਕ ਪੱਖ, ਛੰਦ ਅਤੇ ਬਹਿਰ ਬਾਰੇ ਜਾਣਕਾਰੀ ਹੈ, ਇਸ ਲਈ ਉਸਦੀ ਗ਼ਜ਼ਲ ਨੂੰ ਪੁਖ਼ਤਾ ਗ਼ਜ਼ਲ ਕਿਹਾ ਜਾ ਸਕਦਾ ਹੈ।
‘ਹਰਿਚੰਦਉਰੀ’ ਕਾਵਿ-ਸੰਗ੍ਰਹਿ ਵਿੱਚ ਲੇਖਕ ਨੇ ਹਰ ਵਿਸ਼ੇ ਨੂੰ ਛੁਹਣ ਦਾ ਯਤਨ ਕੀਤਾ ਹੈ। ਉਹ ਜਿੱਥੇ ਧੀਆਂ ਦੇ ਪੱਖ ਦੀ ਗੱਲ ਬੇਬਾਕੀ ਨਾਲ ਕਰਦਾ ਹੈ, ਉੱਥੇ ਹੀ ਦੋਸਤੀ ਬਾਰੇ ਵੀ ਖੁੱਲ੍ਹ ਕੇ ਵਿਚਾਰ ਪੇਸ਼ ਕਰਦਾ ਹੈ:
ਧੀਆਂ ਜੰਮਣ
ਲੋਕ ਆਖਣ
ਨ੍ਹੇਰੀ ਆਈ ਹੈ
ਮੀਂਹ ਵੀ ਆਏਗਾ
ਨਹੀਂ-ਨਹੀਂ
ਧੀਆਂ ਨਹੀਂ ਹਨ ਨ੍ਹੇਰੀਆਂ। - (ਹਰਿਚੰਦਉਰੀ, ਪੰਨਾ-15)
ਅਨੂਪ ਦੀ ਕਵਿਤਾ ਦੀ ਖ਼ਾਸੀਅਤ ਇਹ ਹੈ ਕਿ ਉਹ ਸੌਖੇ ਸ਼ਬਦਾਂ ਅਤੇ ਘੱਟ ਸ਼ਬਦਾਂ ਵਿੱਚ ਆਪਣੀ ਗੱਲ ਪਾਠਕਾਂ ਸਾਹਮਣੇ ਪੇਸ਼ ਕਰ ਦਿੰਦਾ ਹੈ। ‘ਬੁੱਢਾ ਕੈਲੰਡਰ’ ਕਵਿਤਾ ਵਿੱਚ ਉਹ ਲੋਕਾਂ ਦੀ ਇਸ ਮਾਨਸਿਕਤਾ ਦਾ ਪ੍ਰਗਟਾਅ ਕਰਨਾ ਚਾਹੁੰਦਾ ਹੈ ਜਿੱਥੇ ਲੋਕ ਆਪਣੇ ਸਵਾਰਥ ਲਈ ਦੂਜਿਆਂ ਨੂੰ ਵਰਤਦੇ ਹਨ ਅਤੇ ਮਤਲਬ ਨਿਕਲਣ ਬਾਅਦ ਅੱਖਾਂ ਫੇਰ ਲੈਂਦੇ ਹਨ, ਜਿਸ ਤਰ੍ਹਾਂ ਪੁਰਾਣੇ ਕੈਲੰਡਰ ਨੂੰ ਲੋਕ ਕੰਧ ਉੱਤੋਂ ਲਾਹ ਕੇ ਬਾਹਰ ਸੁੱਟ ਦਿੰਦੇ ਹਨ।
ਇਸ ਕਾਵਿ-ਸੰਗ੍ਰਹਿ ਵਿੱਚ ਜਿੱਥੇ ਮੋਹ ਭਿੱਜੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਉੱਥੇ ਹੀ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਬਿਆਨੀ ਗਈ ਹੈ। ਅਨੂਪ ਦੀਆਂ ਕੁਝ ਕਵਿਤਾਵਾਂ ਇੰਨੀਆਂ ਛੋਟੀਆਂ ਹਨ ਕਿ ਕਈ ਵਾਰ ਵਿਸ਼ੇ ਦੀ ਸਹੀ ਸਮਝ ਨਹੀਂ ਆਉਂਦੀ ਕਿ ਸ਼ਾਇਰ ਕਹਿਣਾ ਕੀ ਚਾਹੁੰਦਾ ਹੈ? ਇੱਥੇ ਗੱਲ ਸਿਰਫ਼ ਘੱਟ ਸ਼ਬਦਾਂ ਦੀ ਨਹੀਂ ਬਲਕਿ ਵਿਸ਼ੇ ਦੀ ਗੁੰਝਲ ਦੀ ਹੈ। ਦੂਜੇ ਪਾਸੇ ਕੁਝ ਕਵਿਤਾਵਾਂ ਭਾਵੇਂ ਸ਼ਬਦਾਂ ਪੱਖੋਂ ਨਿੱਕੀਆਂ ਹਨ ਪਰ ਉਹਨਾਂ ਵਿੱਚ ਸੰਦੇਸ਼ ਸਾਫ਼ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ।
ਇਸ ਕਾਵਿ-ਸ੍ਰੰਗਹਿ ਵਿੱਚ ਦੋ ਕਾਵਿ-ਚਿੱਤਰ ਸਿਰਜੇ ਗਏ ਹਨ। ਇੱਕ ਪ੍ਰਕਾਸ਼ ਸਾਨੀ ਅਤੇ ਦੂਜਾ ਹਰਿਭਜਨ ਸਿੰਘ ਰੇਣੂ। ਕੁਝ ਬੋਲੀਆਂ ਨੂੰ ਸ਼ਾਮਿਲ ਕੀਤਾ ਹੈ ਅਤੇ ਕੁਝ ਦੋਹੇ, ਟੱਪੇ ਵੀ ਸ਼ਾਮਿਲ ਕੀਤੇ ਹਨ। ਇਸ ਲਈ ਇਸ ਪੁਸਤਕ ਨੂੰ ਬਹੁ-ਪੱਖੀ ਪੁਸਤਕ ਵੀ ਕਿਹਾ ਜਾ ਸਕਦਾ ਹੈ“
‘ਵਫ਼ਾ ਮਿਲੀ ਨਾ ਮੁੱਲ ਬਾਜ਼ਾਰੋਂ
ਮੁੱਲ ਉਹਨਾਂ ਕੁੱਤਾ ਲੈ ਲਿਆ। (ਹਰਿਚੰਦਉਰੀ, ਪੰਨਾ-72)
ਆਖ਼ਰ ਵਿੱਚ ਹਰਿਆਣੇ ਅੰਦਰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਹੋਰ ਪੰਜਾਬੀ ਪੁਸਤਕ ਦੀ ਆਮਦ ’ਤੇ ਪੰਜਾਬੀ ਪਿਆਰਿਆਂ ਨੂੰ ਢੇਰ ਮੁਬਾਰਕ। ਸ਼ਾਲਾ, ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦਾ ਦੀਵਾ ਇੰਝ ਹੀ ਜਗਦਾ ਰਹੇ।
* * *
ਪੰਨੇ-72, ਮੁੱਲ-250 ਰੁਪਏ, ਵਰ੍ਹਾ-2024, ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ।
ਸੰਪਰਕ-90414-98009.
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5071)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)