“ਹਰਿਆਣੇ ਦਾ ਪੰਜਾਬੀ ਸਾਹਿਤਕ ਖੇਤਰ ਭਾਵੇਂ ਛੋਟਾ ਹੈ ਪ੍ਰੰਤੂ ਇੱਥੇ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ...”
(15 ਅਕਤੂਬਰ 2024)
ਸਾਹਿਤਕ ਖੇਤਰ ਵਿੱਚ ਕਿਹਾ ਜਾਂਦਾ ਹੈ ਕਿ ਮਾਤ-ਭਾਸ਼ਾ ਦਾ ਦਰਜ਼ਾ ਸਭ ਤੋਂ ਉੱਤਮ ਅਤੇ ਉੱਚਾ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੀ ਮਾਤ-ਭਾਸ਼ਾ ਤੋਂ ਮੁਨਕਰ ਹੋ ਜਾਂਦੀਆਂ ਹਨ, ਉਹ ਦੁਨੀਆਂ ਦੇ ਨਕਸ਼ੇ ਤੋਂ ਮੁੱਕ ਜਾਂਦੀਆਂ ਹਨ, ਅਲੋਪ ਹੋ ਜਾਂਦੀਆਂ ਹਨ ਅਤੇ ਜਿਹੜੀਆਂ ਕੌਮਾਂ ਆਪਣੀ ਮਾਤ-ਭਾਸ਼ਾ ਨਾਲ ਜੁੜੀਆਂ ਰਹਿੰਦੀਆਂ ਹਨ, ਉਹਨਾਂ ਨੂੰ ਮੁਕਾਉਣ ਵਾਲੇ ਮੁੱਕ ਜਾਂਦੇ ਹਨ ਪਰ ਉਹ ਕੌਮਾਂ ਨਹੀਂ ਮੁੱਕਦੀਆਂ।
ਪੰਜਾਬ ਨਾਲੋਂ ਸਿਆਸੀ ਰੂਪ ਵਿੱਚ ਇੱਕ ਨਵੰਬਰ 1966 ਵਿੱਚ ਵੱਖ ਹੋਏ ਸੂਬੇ ਹਰਿਆਣੇ ਅੰਦਰ ਇਸ ਵਕਤ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵਸਦਾ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਹਸ਼ਰ ਦਿਨੋਂ-ਦਿਨ ਮਾੜਾ ਹੁੰਦਾ ਰਿਹਾ ਹੈ। ਇੱਥੇ ਖਾਸ ਗੱਲ ਇਹ ਹੈ ਕਿ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਘਾਣ ਕਰਨ ਵਿੱਚ ਜਿੱਥੇ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਉੱਥੇ ਕੁਝ ਹੱਦ ਤਕ ਇੱਥੋਂ ਦੇ ਪੰਜਾਬੀ ਵੀ ਕਸੂਰਵਾਰ ਹਨ। ਅੱਜ ਦੇ ਲੇਖ ਵਿੱਚ ਸਰਕਾਰਾਂ ਤੋਂ ਛੁੱਟ ਉਹਨਾਂ ‘ਘੜੰਮ ਚੌਧਰੀਆਂ’ ਦੀ ਗੱਲ ਕੀਤੀ ਜਾਵੇਗੀ ਜਿਹੜੇ ਮਾਂ-ਬੋਲੀ ਦੇ ਰੁਲਣ ਵਿੱਚ ਵੱਧ ਕਸੂਰਵਾਰ ਹਨ।
ਹਰਿਆਣੇ ਦੇ ਬਹੁਤੇ ਪੰਜਾਬੀ ਆਪਣੀ ਜ਼ੁਬਾਨ ਪ੍ਰਤੀ ਫਿਕਰਮੰਦ ਨਹੀਂ ਹਨ ਅਤੇ ਜਿੰਨੇ ਕੁ ਪੰਜਾਬੀ ਫਿਕਰਮੰਦ ਹਨ, ਉਹ ਸਿਆਸੀ ਆਗੂਆਂ, ਨਕਲੀ ਬੁੱਧੀਜੀਵੀਆਂ ਅਤੇ ਘੜੰਮ ਚੌਧਰੀਆਂ ਦੇ ਮੱਕੜਜਾਲ਼ ਵਿੱਚ ਘਿਰੇ ਹੋਏ ਹਨ। ਹਰਿਆਣੇ ਦੇ ਬਹੁਤ ਸਾਰੇ ਆਪੂ ਬਣੇ ਬੁੱਧੀਜੀਵੀ (ਜਿਹਨਾਂ ਨੇ ਨਾ ਤਾਂ ਖੁਦ ਕੋਈ ਕੰਮ ਕਰਨਾ ਹੁੰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਨ ਦੇਣਾ ਹੁੰਦਾ ਹੈ) ਸਿਰਫ਼ ਚੌਧਰ ਦੀ ਭੁੱਖ ਖ਼ਾਤਰ ਪੰਜਾਬੀ ਮਾਂ-ਬੋਲੀ ਦਾ ਨੁਕਸਾਨ ਕਰ ਰਹੇ ਹਨ।
ਹੈਰਾਨੀ ਦੀ ਹੱਦ ਉਦੋਂ ਹੁੰਦੀ ਹੈ ਜਦੋਂ ਮਾਤ-ਭਾਸ਼ਾ ਦੇ ਸਿਰ ਤੋਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ‘ਚੌਧਰੀ’ ਆਪਣੀ ਹੀ ਮਾਂ-ਬੋਲੀ ਦੇ ਸਕੇ ਨਹੀਂ ਹੁੰਦੇ। ਅਜਿਹੇ ਘੜੰਮ ਚੌਧਰੀ ਆਪਸੀ ਖਿੱਚਤਾਣ ਵਿੱਚ ਇਸ ਤਰ੍ਹਾਂ ਉਲਝੇ ਹੋਏ ਹਨ ਕਿ ਜੇਕਰ ਕੋਈ ਨਵਾਂ ਸਾਹਿਤਕਾਰ, ਵਿਦਿਆਰਥੀ ਪੰਜਾਬੀ ਜ਼ੁਬਾਨ ਦੀ ਤਰੱਕੀ ਖ਼ਾਤਰ ਕੋਈ ਨਵਾਂ ਕਾਰਜ ਆਰੰਭ ਕਰਦਾ ਹੈ ਤਾਂ ‘ਘੜੰਮ ਚੌਧਰੀਆਂ’ ਦਾ ਇਹ ਟੋਲਾ ਉਸਦੀ ਨੁਕਤਾਚੀਨੀ ਅਤੇ ਕਿਰਦਾਰ-ਕੁਸ਼ੀ ਆਰੰਭ ਕਰ ਦਿੰਦਾ ਹੈ, ਜਿਸ ਨਾਲ ਕਿ ਉਸ ਸਾਹਿਤਕਾਰ, ਵਿਦਿਆਰਥੀ ਦਾ ਹੌਸਲਾ ਟੁੱਟ ਜਾਵੇ ਅਤੇ ਉਹ ਵੀ ਇਹਨਾਂ ਚੌਧਰੀਆਂ ਵਾਂਗ ਚੁੱਪਚਾਪ ਆਪਣੇ ਘਰ ਬੈਠ ਜਾਵੇ।
ਹਰਿਆਣੇ ਦੇ ਪੰਜਾਬੀ ਸਾਹਿਤ ਦਾ ਡੁੰਘਾਈ ਨਾਲ ਅਧਿਐਨ ਕਰਨ ’ਤੇ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਸਰਕਾਰਾਂ ਨਾਲੋਂ ਵੱਧ ਨੁਕਸਾਨ ਇਹਨਾਂ ‘ਘੜੰਮ ਚੌਧਰੀਆਂ’ ਕਰਕੇ ਹੋਇਆ ਹੈ। ਇਹ ਚੌਧਰੀ ਸੈਮੀਨਾਰਾਂ, ਕਵੀ ਦਰਬਾਰਾਂ ਅਤੇ ਸਾਹਿਤਕ ਸਮਾਗਮਾਂ ਵਿੱਚ ਪਹਿਲੀ ਕਤਾਰ ਦੀ ਕੁਰਸੀ ਚਾਹੁੰਦੇ ਹਨ, ਪ੍ਰਧਾਨਗੀ ਮੰਡਲ ਵਿੱਚ ਜਗ੍ਹਾ ਚਾਹੁੰਦੇ ਹਨ। ਇਸ ਲਈ ਚਾਹੇ ਮਾਂ-ਬੋਲੀ ਦਾ ਗਲ਼ਾ ਹੀ ਕਿਉਂ ਨਾ ਘੁੱਟਿਆ ਜਾਵੇ, ਇਹ ਸਵੀਕਾਰ ਕਰ ਲੈਣਗੇ। ਫਿਰ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਕਿਸ ਤਰ੍ਹਾਂ ਦੋਸ਼ ਦੇ ਸਕਦੇ ਹਾਂ?
ਇਸ ਸਮੇਂ ਹਰਿਆਣੇ ਅੰਦਰ ਗਿਣਤੀ ਦੇ ਸਾਹਿਤਕਾਰ ਕਲਮ ਚਲਾ ਰਹੇ ਹਨ। ਹਰ ਸਾਲ ਲਗਭਗ 10 ਤੋਂ 12 ਕਿਤਾਬਾਂ ਹੀ ਪ੍ਰਕਾਸ਼ਿਤ ਹੁੰਦੀਆਂ ਹਨ। ਇੰਨੇ ਕੁ ਹੀ ਆਰਟੀਕਲ ਅਖ਼ਬਾਰਾਂ, ਰਸਾਲਿਆਂ ਵਿੱਚ ਆਪਣੀ ਜਗ੍ਹਾ ਬਣਾ ਪਾਉਂਦੇ ਹਨ। ਪ੍ਰੰਤੂ ਪੰਜਾਬੀ ਮਾਂ-ਬੋਲੀ ਦੇ ’ਤੇ ਲੱਖਾਂ ਰੁਪਏ ਤਨਖ਼ਾਹਾਂ ਲੈ ਰਹੇ ‘ਘੜੰਮ ਚੌਧਰੀ’ ਦੂਜਿਆਂ ਨੂੰ ਭੰਡਣ, ਨਿੰਦਣ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਰਹੇ। ਹਾਂ, ਜਿਹੜਾ ਕੋਈ ਕੰਮ ਕਰਨ ਲਈ ਸੋਚਦਾ ਵੀ ਹੈ, ਉਸ ਨੂੰ ਹੇਠਾਂ ਡੇਗਣ ਲਈ ਵਿਉਂਤ ਘੜਨ ਵਿੱਚ ਆਪਣੀ ਤਾਕਤ ਅਤੇ ਸਮਾਂ ਲਾ ਦਿੰਦੇ ਹਨ ਪਰ ਮਾਤ ਭਾਸ਼ਾ ਦੀ ਤਰੱਕੀ ਲਈ ਕੋਈ ਕਦਮ ਨਹੀਂ ਪੁੱਟਦੇ।
ਹਰਿਆਣੇ ਦਾ ਪੰਜਾਬੀ ਸਾਹਿਤਕ ਖੇਤਰ ਭਾਵੇਂ ਛੋਟਾ ਹੈ ਪ੍ਰੰਤੂ ਇੱਥੇ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਆਪਣੇ ਪੱਧਰ ’ਤੇ ਚੰਗਾ ਕੰਮ ਕਰ ਰਹੀਆਂ ਹਨ ਪਰ ਇਹਨਾਂ ਵਿੱਚ ਵੀ ਨਵੇਂ ਸਾਹਿਤਕਾਰ, ਵਿਦਿਆਰਥੀ ਹੀ ਸ਼ਾਮਿਲ ਹਨ। ਇਹਨਾਂ ਦੇ ਉਪਰਾਲੇ ਭਾਵੇਂ ਜ਼ਮੀਨੀ ਪੱਧਰ ਉੱਪਰ ਕਾਰਗਰ ਸਾਬਤ ਹੋ ਰਹੇ ਹਨ ਪਰ ਵੱਡੇ ਪੱਧਰ ’ਤੇ ਉੰਨਾ ਅਸਰ ਨਹੀਂ ਪਾ ਪਾਉਂਦੇ, ਜਿੰਨਾ ਪਾਉਣਾ ਚਾਹੀਦਾ ਹੈ, ਜਿੰਨੇ ਦੀ ਇਸ ਵਕਤ ਜ਼ਰੂਰਤ ਹੈ।
ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦੀ ਹਾਲਤ ਉੱਪਰ ਅਖ਼ਬਾਰਾਂ, ਰਸਾਲਿਆਂ ਵਿੱਚ ਲਿਖਣ ਵਾਲੇ ਵੀ ‘ਕਲਮਕਾਰ’ ਵੀ ਗਿਣਤੀ ਦੇ ਹੀ ਹਨ। ਇਹਨਾਂ ਕਲਮਕਾਰਾਂ ਨੂੰ ਵੀ ‘ਘੜੰਮ ਚੌਧਰੀਆਂ’ ਦੀਆਂ ਨੁਕਤਾਚੀਨੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਰਕੇ ਬਹੁਤੇ ਕਲਮਕਾਰ ਇਸ ਖ਼ੇਤਰ ਤੋਂ ਕਿਨਾਰਾ ਕਰ ਗਏ ਹਨ ਅਤੇ ਨਵੇਂ ਕਲਮਕਾਰ ਇਸ ਖ਼ੇਤਰ ਵਿੱਚ ਆਉਣਾ ਹੀ ਨਹੀਂ ਚਾਹੁੰਦੇ।
ਹਰਿਆਣੇ ਦੇ ਪੰਜਾਬੀ ਜੇਕਰ ਸਹੀ ਅਰਥਾਂ ਵਿੱਚ ਆਪਣੀ ਜ਼ੁਬਾਨ ਦਾ ਵਿਕਾਸ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਘੜੰਮ ਚੌਧਰੀਆਂ ਨੂੰ ਨੱਥ ਪਾਉਣ ਕਿਉਂਕਿ ਜੇਕਰ ਨਵੇਂ ਵਿਦਿਆਰਥੀ ਹੀ ਇਸ ਖ਼ੇਤਰ ਤੋਂ ਕਿਨਾਰਾ ਕਰ ਲੈਣਗੇ ਫਿਰ ਹਰਿਆਣੇ ਵਿੱਚ ਪੰਜਾਬੀ ਜ਼ੁਬਾਨ ਦਾ ਭਵਿੱਖ ਕੀ ਹੋਵੇਗਾ? ਦੂਜੀ ਗੱਲ, ਕੁਰਸੀ ਜਾਂ ਚੌਧਰ ਦੀ ਖ਼ਾਤਰ ਆਪਣੀ ਮਾਂ ਬੋਲੀ ਨਾਲ ਗੱਦਾਰੀ ਸਭ ਤੋਂ ਵੱਡਾ ਗੁਨਾਹ ਹੈ। ਹਰਿਆਣੇ ਦੇ ਪੰਜਾਬੀਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਾਂ-ਬੋਲੀ ਦੇ ਸਿਰ ਤੋਂ ਜੇਕਰ ਕਿਸੇ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਤਾਂ ਉਸ ਨੂੰ ਖ਼ੁਦ ਵੀ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਦਾ ਪਾਲਣ ਕਰਨਾ ਚਾਹੀਦਾ ਹੈ।
ਸਾਹਿਤ ਸੱਭਿਆਚਾਰ ਉਦੋਂ ਪ੍ਰਫੁਲਿੱਤ ਹੁੰਦਾ ਹੈ ਜਦੋਂ ਬੁੱਧੀਜੀਵੀ ਵਰਗ ਹੱਲਾਸ਼ੇਰੀ ਦੇਵੇ, ਵਿਦਿਆਰਥੀ ਅਤੇ ਸਾਹਿਤਕਾਰ ਵਰਗ ਸਾਰਥਕ ਯਤਨ ਕਰੇ ਅਤੇ ਜਨਤਾ ਉਨ੍ਹਾਂ ਦਾ ਸਾਥ ਦੇਵੇ। ਇਹ ਤਿੰਨੇ ਕਾਰਜ ਇੱਕੋ ਪੱਧਰ ’ਤੇ ਕਾਰਜਸ਼ੀਲ ਹੋਣ ਤਾਂ ਹੀ ਕਿਸੇ ਬੋਲੀ ਦਾ ਵਿਕਾਸ ਸੰਭਵ ਹੋ ਸਕਦਾ ਹੈ। ਫਿਰ ਕੋਈ ਸਰਕਾਰ ਜਾਂ ਤਾਕਤ ਉਸ ਜ਼ੁਬਾਨ ਦੇ ਵਿਕਾਸ ਨੂੰ ਰੋਕ ਨਹੀਂ ਸਕਦੀ। ਪਰ ਪੰਜਾਬੀ ਜ਼ੁਬਾਨ ਦੇ ਸੰਬੰਧ ਵਿੱਚ ਇਹ ਕਾਰਜ ਕਦੋਂ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5365)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: