NishanSRathaur7ਆਪਣੇ ਹੱਕ ਲਈ ਲੜਨਾ ਪੈਣੈ, ... ਬਹਿ ਨਹੀਂ ਸਰਨਾ ਖੜ੍ਹਨਾ ਪੈਣੈ। ...
(9 ਅਪਰੈਲ 2021)
(ਸ਼ਬਦ: 420)


1.           ਗ਼ਜ਼ਲ

ਮੇਰੇ ਮੂੰਹ ’ਤੇ ਮੇਰੀਆਂ ਸਿਫਤਾਂ ਕਰਦਾ ਏ,
ਖ਼ਬਰੇ ਕਿੰਨੇ ਪੱਥਰ ਦਿਲ ’ਤੇ ਧਰਦਾ ਏ

ਜਿੱਤਾਂ ਦੀ ਅਸੀਸ ’ਚ ਲਗਦੈ ਬਰਕਤ ਨਹੀਂ,
ਕਦਮ ਕਦਮ ਤੇ ਬੰਦਾ ਵੇਖੋ ਹਰਦਾ ਏ

ਤੇਰੀ ਨੇਕੀ ਦਿਲ ਮੇਰੇ ਤੋਂ ਪੁੱਛ ਤੇ ਸਹੀ,
ਸ਼ਾਮ ਸਵੇਰੇ ਰਹਿੰਦਾ ਹਉਕੇ ਭਰਦਾ ਏ

ਠੰਢੀਆਂ ਪੌਣਾਂ ਦਿਲ ਤੇਰੇ ਨੂੰ ਠਾਰਦੀਆਂ,
ਭਾਂਬੜ ਮਚਦੈ ਜਿਸ ਦਿਨ ਬੱਦਲ ਵਰ੍ਹਦਾ ਏ,

ਮੇਰੇ ਤੀਰ ਨਿਸ਼ਾਨੇ ਉੱਪਰ ਆਖ ਰਿਹੈਂ,
ਉਂਝ ਕਹਿੰਦੇ ਨੇ ਅੱਲ੍ਹਾ ਸਭ ਕੁਝ ਕਰਦਾ ਏ

ਮਾਂ ਬਾਪ ਤਾਂ ਜੀਉਂਦੇ ਉਸ ’ਲੇ ਮਰ ਜਾਂਦੇ,
ਸਰਹੱਦ ਉੱਤੇ ਪੁੱਤਰ ਜਿਸ ’ਲੇ ਮਰਦਾ ਏ

                 ***

2.       ਗ਼ਜ਼ਲ

ਚੇਤੇ ਰੱਖ ਦੁਆਵਾਂ ਦੇ ਵਿਚ,
ਠੰਢੀਆਂ ਗਰਮ ਹਵਾਵਾਂ ਦੇ ਵਿਚ,

ਬਾਹਰੋਂ ਕਿੱਧਰੇ ਰੱਬ ਨਹੀਂ ਲੱਭਦਾ,
ਰੱਬ ਤਾਂ ਵੱਸਦੈ ਮਾਵਾਂ ਦੇ ਵਿਚ

ਤੇਰੀ ਫ਼ਿਤਰਤ ਸੱਚਮੁੱਚ ਬਦਲੂ,
ਕੁਝ ਤਾਂ ਹੁੰਦੈ ਥਾਵਾਂ ਦੇ ਵਿਚ

ਸਭ ਕੁਝ ਤੈਥੋਂ ਵਾਰ ਦਿਆਂਗੇ,
ਚਾਹੁੰਨੈ ਕੀ ਵਫ਼ਾਵਾਂ ਦੇ ਵਿਚ

ਆਕਸੀਜਨ ਦੇ ਭਰੇ ਸਿਲੰਡਰ,
ਭਰ ਕੇ ਜ਼ਹਿਰ ਹਵਾਵਾਂ ਦੇ ਵਿਚ

ਆਪਾਂ ਤੈਥੋਂ ਦੂਰ ਨਹੀਂ ਹੋਏ,
ਵੇਖ ‘ਨਿਸ਼ਾਨਾ’ ਬਾਹਵਾਂ ਦੇ ਵਿਚ।

             ***

3.            ਗ਼ਜ਼ਲ

ਮਜ਼ਲੂਮਾਂ ਲਈ ਹੁਣ ਕੋਈ ਸਰਕਾਰ ਨਹੀਂ,
ਹਾਕਮ ਦੇ ਕੰਨ ਪੈਂਦੀ ਕੋਈ ਪੁਕਾਰ ਨਹੀਂ

ਪੱਥਰ ਡੰਡੇ ਤਲਵਾਰਾਂ ਤੇ ਨਫ਼ਰਤ ਬੱਸ,
ਉਸਦੇ ਕੋਲੇ ਇਸ ਤੋਂ ਵੱਧ ਹਥਿਆਰ ਨਹੀਂ

ਕਲਮਾਂ ਵਾਲੇ ਭਰਦੇ ਪਾਣੀ ਹਾਕਮ ਦਾ,
ਸੱਚ ਦੇ ਅੱਖਰ ਲਿਖਦਾ ਹੁਣ ਅਖ਼ਬਾਰ ਨਹੀਂ

ਕਿਸ ਰਸਤੇ ’ਤੇ ਕਿੱਧਰ ਤੁਰਿਆ ਜਾਂਦਾ ਹੈ,
ਉਸਦੇ ਮਨ ਵਿਚ ਆਉਂਦਾ ਕਦੇ ਵਿਚਾਰ ਨਹੀਂ

ਵਸਦੇ ਘਰ ਨੂੰ ਲਾਂਬੂ ਲਾ ਕੇ ਫੂਕ ਦਿੱਤਾ,
ਮੈਨੂੰ ਲਗਦੈ ਉਸਦਾ ਤਾਂ ਘਰ ਬਾਰ ਨਹੀਂ

ਦੁਨੀਆਂ ਸਾਹਵੇਂ ਰੋ ਲੈ ਭਾਵੇਂ ਹੰਝੂ ਕੇਰ,
ਤੇਰੀ ਗੱਲ ਦਾ ਹੁਣ ‘ਸ਼ਾਨਾ’ ਇਤਬਾਰ ਨਹੀਂ

                    ***

4.       ਗ਼ਜ਼ਲ

ਸਮਝੀ ਇਸ ਨੂੰ ਤੰਗੀ ਜਾਨੈ,
ਸ਼ਾਮ ਸਵੇਰੇ ਖੰਘੀ ਜਾਨੈ।

ਅੰਬਰ ਟਾਕੀ ਲਾਉਣ ਵਾਲਿਆ,
ਸੁਪਨੇ ਦੇ ਵਿਚ ਕੰਬੀ ਜਾਨੈ।

ਉਂਝ ਕਹਿੰਦਾ ਸੈਂ ਮੈਂ ਵਾਂ ਰੱਜਿਆ,
ਅੱਜ ਕੱਲ ਬੱਲਿਆ ਮੰਗੀ ਜਾਨੈ।

ਆਪਣਿਆਂ ਕਰਮਾਂ ਦੇ ਸਿੱਟੇ,
ਡਾਢੇ ਨੂੰ ਕਿਉਂ ਭੰਡੀ ਜਾਨੈ।

ਆਪਣੀ ਜਾਨ ਦੀ ਖ਼ੈਰ ਸਲਾਮਤ,
ਸਭ ਨੂੰ ਸੂਲੀ ਟੰਗੀ ਜਾਨੈ।

ਬੰਬ ਬੰਦੂਕ ਬਣਾਉਣ ਵਾਲਿਆ,
ਰੋਟੀ ਕਾਹਨੂੰ ਮੰਗੀ ਜਾਨੈ।

ਜਿਹੜਾ ਰਾਹ ਵਖਾਉਂਦੈ ਸ਼ਾਨਾ,
ਉਸਦੇ ਉੱਤੋਂ ਲੰਘੀ ਜਾਨੈ।

         ***

5.       ਗ਼ਜ਼ਲ

ਆਪਣੇ ਹੱਕ ਲਈ ਲੜਨਾ ਪੈਣੈ,
ਬਹਿ ਨਹੀਂ ਸਰਨਾ ਖੜ੍ਹਨਾ ਪੈਣੈ।

ਬਾਹਰੋਂ ਮਿੱਤਰਾ ਰੱਬ ਨਹੀਂ ਲੱਭਦਾ,
ਆਪਣੇ ਅੰਦਰ ਵੜਨਾ ਪੈਣੈ।

ਟੀਸੀ ਉੱਪਰ ਝੁੱਲਦੇ ਪੱਤਿਆ,
ਆਖ਼ਰ ਇੱਕ ਦਿਨ ਝੜਨਾ ਪੈਣੈ।

ਗੂੜ੍ਹੀ ਨੀਂਦਰ ਖ਼ਾਤਰ ਸੱਜਣਾ,
ਸਿਖ਼ਰ ਦੁਪਹਿਰੇ ਸੜਨਾ ਪੈਣੈ।

ਇਸ਼ਕ ਬਚਾਵਣ ਖ਼ਾਤਰ ਸੱਜਣਾ,
ਸੂਲੀ ਉੱਪਰ ਚੜ੍ਹਨਾ ਪੈਣੈ।

ਹੱਥ ਜੋੜ ਨਾ ਸੁਲਝਣ ਮਸਲੇ,
ਮਸਲੇ ਖ਼ਾਤਰ ਲੜਨਾ ਪੈਣੈ।

ਸਾਈਂਆਂ ਸੂਈਆਂ ਕੁਝ ਨਹੀਂ ਦੇਣਾ,
ਅਕਲਾਂ ਖ਼ਾਤਰ ਪੜ੍ਹਨਾ ਪੈਣੈ।

           ***

6.    ਗ਼ਜ਼ਲ

ਕੁੱਤੇ ਵੱਗ ਦਬੱਲੀ ਜਾਂਦੇ,
ਰਸਤੇ ਸਾਰੇ ਮੱਲੀ ਜਾਂਦੇ।

ਰਾਜੂ ਅਹਿਮਦ ਮਰਿਆ ਭਾਵੇਂ,
ਟੀ ਵੀ ਫਿਰ ਵੀ ਚੱਲੀ ਜਾਂਦੇ।

ਇੱਕ ਪਿਆਲਾ ਰੱਖਿਆ ਓਥੇ,
ਬੰਦੇ ਹੋ ਹੋ ਟੱਲੀ ਜਾਂਦੇ।

ਤਲਵਾਰਾਂ ਤ੍ਰਿਸ਼ੂਲਾਂ ਦੀ ਛਾਵੇਂ ,
ਮੰਦਰ ਮਸਜਦ ਹੱਲੀ ਜਾਂਦੇ।

ਰਾਮ ਅੱਲ੍ਹਾ ਦੇ ਰਸਤੇ ਉੱਪਰ,
ਬੰਦੇ ਰੱਲੀ ਛੱਲੀ ਜਾਂਦੇ।

ਕਾਫ਼ਿਰ ਬੰਦੇ ਅੱਜਕਲ੍ਹ 'ਸ਼ਾਨਾ',
ਧਰਮਾਂ ਨੂੰ ਵੀ ਠੱਲ੍ਹੀ ਜਾਂਦੇ।

       *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2698)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author