“ਇੱਥੋਂ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਮੂਲ ਰੂਪ/ਕੇਂਦਰੀ ਥੀਮ ਦੀ ਸਹੀ ਅਰਥਾਂ ਵਿੱਚ ਸਮਝ ਆਉਣੀ ਚਾਹੀਦੀ ਹੈ ...”
(18 ਮਈ 2024)
ਇਸ ਸਮੇਂ ਪਾਠਕ: 440.
ਮਨੁੱਖੀ ਜੀਵਨ ਵਿੱਚ ਸਾਹਿਤ ਦਾ ਮਹਤੱਵਪੂਰਨ ਸਥਾਨ ਹੁੰਦਾ ਹੈ। ਸਾਹਿਤ ਜਿੱਥੇ ਮਨੁੱਖੀ ਜੀਵਨ ਨੂੰ ਸਹੀ ਸੇਧ ਦਿੰਦਾ ਹੈ, ਉੱਥੇ ਹੀ ਆਦਰਸ਼ ‘ਸਮਾਜਕ ਬਣਤਰ’ ਦੀ ਸਹੀ ਤਸਵੀਰ ਵੀ ਪੇਸ਼ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਸਾਹਿਤ ਦੇ ਅਧਿਐਨ ਤੋਂ ਸਮੱਚੇ ‘ਸਮਾਜਕ’ ਸੰਦਰਭ ਨੂੰ ਵਾਚਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ। ਮਸਲਨ, ਸਮਾਜਕ ਬਣਤਰ, ਸਮਾਜ ਵਿੱਚ ਔਰਤ ਦੀ ਭਾਈਵਾਲੀ, ਨੌਜਵਾਨ ਤਬਕੇ ਦਾ ਰੋਲ, ਲੋਕ-ਲਹਿਰ ਦੇ ਮਨੋਰਥ, ਆਰਥਿਕ ਅਤੇ ਸਮਾਜਿਕ ਖ਼ੁਸ਼ਹਾਲੀ, ਰਹਿਣ-ਸਹਿਣ, ਮਨੋਬਿਰਤੀਆਂ, ਸੁਪਨੇ, ਖਾਣ-ਪੀਣ, ਪਹਿਰਾਵੇ ਅਤੇ ਲੋਕ ਬੋਲੀਆਂ, ਸਿੱਖਿਆ ਤੰਤਰ, ਔਰਤ-ਮਰਦ ਦੇ ਆਪਸੀ ਸੰਬੰਧ, ਭਵਿੱਖ ਲਈ ਫਿਕਰਮੰਦੀ ਅਤੇ ਵਰਤਮਾਨ ਵਿੱਚ ਰੁਜ਼ਗਾਰ ਦੇ ਸਾਧਨ ਆਦਿਕ ਨੂੰ ਸਹੀ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ। ਖ਼ਬਰੇ ਇਸੇ ਲਈ ਕਿਹਾ ਜਾਂਦਾ ਹੈ ਕਿ ਕਿਸੇ ਵੀ ਸਮਾਜ ਅਤੇ ਸਮਾਜਕ ਬਣਤਰ ਦੀ ਦਰੁਸਤ ਜਾਣਕਾਰੀ ਹਾਸਲ ਕਰਨ ਹਿਤ ਉਸਦੇ ਸਾਹਿਤ ਨੂੰ ਵਾਚਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ। ਸੰਖੇਪ ਵਿਚ ਸਾਹਿਤ ਅਧਿਐਨ ਤੋਂ ਸਮਾਜ ਅਧਿਐਨ ਕੀਤਾ ਜਾਂਦਾ ਹੈ। ਕਿਸੇ ਵੀ ਸਮਾਜ ਵਿੱਚ ਜਦੋਂ ਕੁਰੀਤੀਆਂ ਦਾ ਬੋਲਬਾਲਾ ਵਧੇਰੇ ਹੋ ਜਾਂਦਾ ਹੈ ਤਾਂ ਬੁੱਧੀਜੀਵੀ ਵਰਗ ਅਤੇ ਸਮਾਜ ਸੁਧਾਰਕਾਂ ਵੱਲੋਂ ਸਾਹਿਤ ਦੇ ‘ਹਵਾਲੇ’ ਨਾਲ ਸਮਾਜ ਨੂੰ ਸਹੀ ਸੇਧ ਦੇਣ ਲਈ ਉਪਰਾਲੇ ਅਤੇ ਯਤਨ ਕੀਤੇ ਜਾਂਦੇ ਹਨ।
ਗੁਰਮਤਿ ਵਿਚਾਰਧਾਰਾ ਨੂੰ ਇਸਦੇ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ‘ਸਮਾਜਕ ਹਾਲਤ’ ਨੂੰ ਸੁਧਾਰਨ ਹਿਤ ਗੁਰਬਾਣੀ ਉਚਾਰਨ ਕੀਤੀ ਅਤੇ ਸਮੇਂ ਦੇ ਹਾਕਮਾਂ ਨੂੰ ਜ਼਼ੁਲਮ ਕਰਨ ਤੋਂ ਵਰਜਿਆ। ਉਹਨਾਂ ਬਾਬਰ ਨੂੰ ਜਾਬਰ ਤਕ ਕਿਹਾ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਨਕਲਾਬੀ ਬੋਲਾਂ ਰਾਹੀਂ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਅਤੇ ਵਹਿਮਾਂ-ਭਰਮਾਂ ਤੋਂ ਮੁਕਤ ਜੀਵਨ ਜਿਊਣ ਲਈ ਪ੍ਰੇਰਣਾ ਦਿੱਤੀ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਾਹਿਤ ਜਿੱਥੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਉੱਥੇ ਸਮਾਜ ਨੂੰ ਸਹੀ ਰਾਹ ਉੱਪਰ ਤੋਰਨ ਦਾ ਕਾਰਜ ਵੀ ਕਰਦਾ ਹੈ।
1 ਨਵੰਬਰ 1966 ਨੂੰ ਹਰਿਆਣੇ ਦੇ ਹੋਂਦ ਵਿੱਚ ਆਉਣ ਮਗਰੋਂ ਪੰਜਾਬੀ ਲੇਖਕਾਂ ਨੇ ਆਪਣੀ ਮਾਤ-ਭਾਸ਼ਾ (ਪੰਜਾਬੀ) ਵਿੱਚ ਰਚਨਾਵਾਂ ਕਰਨ ਤੋਂ ਗੁਰੇਜ਼ ਨਹੀਂ ਕੀਤਾ; ਭਾਵੇਂ ਕਿ ਸਮੇਂ-ਸਮੇਂ ’ਤੇ ਸੂਬਾ ਸਰਕਾਰਾਂ ਨੇ ਪੰਜਾਬੀ ਜ਼ੁਬਾਨ ਦਾ ਗਲ਼ਾ ਘੁੱਟਣ ਦਾ ਕੰਮ ਕੀਤਾ। ਪ੍ਰੰਤੂ ਹਰਿਆਣਵੀ ਪੰਜਾਬੀਆਂ ਨੇ ਪੰਜਾਬੀ ਜ਼ੁਬਾਨ ਲਈ ਕੰਮ ਕਰਨਾ ਲਗਾਤਾਰ ਜਾਰੀ ਰੱਖਿਆ। ਸਿੱਟੇ ਵੱਜੋਂ ਅੱਜ ਵੀ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਦੀਵਾ ਜਗ ਰਿਹਾ ਹੈ। ਹਰਿਆਣੇ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਸਿਰਜਣਾ ਹੋ ਰਹੀ ਹੈ। ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ।
ਹਰਿਆਣੇ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਵਿੱਚ ਕਵਿਤਾ, ਕਹਾਣੀ, ਨਾਟਕ, ਨਾਵਲ, ਇਕਾਂਗੀ, ਸਫ਼ਰਨਾਮਾ, ਆਲੋਚਨਾ, ਸਮੀਖਿਆ ਅਤੇ ਗ਼ਜ਼ਲ ਨੂੰ ਪ੍ਰਮੁੱਖ ਤੌਰ ’ਤੇ ਪੜ੍ਹਿਆ ਜਾਂਦਾ ਹੈ। ਪਿਛਲੇ ਲਗਭਗ ਦੋ-ਤਿੰਨ ਦਹਾਕਿਆਂ ’ਤੇ ਨਜ਼ਰ ਮਾਰਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਹਰਿਆਣੇ ਵਿੱਚ ਕਵਿਤਾ, ਖੁੱਲ੍ਹੀ ਕਵਿਤਾ ਵਧੇਰੇ ਰਚੀ ਜਾ ਰਹੀ ਹੈ। ਹਰ ਸਾਲ ਪ੍ਰਕਾਸ਼ਿਤ ਹੁੰਦੀਆਂ ਪੁਸਤਕਾਂ ਵਿੱਚੋਂ 50 ਫ਼ੀਸਦੀ ਕਵਿਤਾ ਨਾਲ ਸੰਬੰਧਤ ਪੁਸਤਕਾਂ ਹੁੰਦੀਆਂ ਹਨ। ਸਾਹਿਤ ਦੇ ਦੂਜੇ ਰੂਪ ਜਿਵੇਂ ਕਹਾਣੀ, ਨਾਵਲ ਅਤੇ ਨਾਟਕ ਬਹੁਤ ਘੱਟ ਗਿਣਤੀ ਵਿੱਚ ਪ੍ਰਕਾਸ਼ਤ ਹੁੰਦੇ ਹਨ। ਪਿਛਲੇ ਲਗਭਗ ਦੋ ਦਹਾਕਿਆਂ ਵਿੱਚ ਚਾਰ-ਪੰਜ ਨਾਵਲ ਅਤੇ ਤਿੰਨ-ਚਾਰ ਨਾਟਕ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ। ਹਾਂ, ਕਵਿਤਾ ਦਾ ਰੰਗ ਵਕਤ ਦੇ ਨਾਲ-ਨਾਲ ਹੋਰ ਗੁੜ੍ਹਾ ਹੁੰਦਾ ਜਾ ਰਿਹਾ ਹੈ। ਪ੍ਰੰਤੂ ਸਾਹਿਤ ਦੇ ਦੂਜੇ ਰੂਪ ਗਿਣਤੀ ਪੱਖੋਂ ਉਸ ਪੱਧਰ ’ਤੇ ਰਚੇ ਨਹੀਂ ਜਾ ਰਹੇ, ਜਿਸਦੀ ਇਸ ਸਮੇਂ ਬਹੁਤ ਆਸ ਅਤੇ ਲੋੜ ਹੈ।
ਹਰਿਆਣੇ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਉਹੋ ਜਿਹੇ ਹੀ ਹਨ ਜਿਸ ਤਰ੍ਹਾਂ ਦੇ ‘ਮੁੱਖਧਾਰਾ ਦੇ ਪੰਜਾਬੀ ਸਾਹਿਤ’ ਦੇ ਸਰੋਕਾਰ ਹਨ। ਮਸਲਨ; ਪਰਵਾਸ ਦਾ ਸੰਕਲਪ, ਮੁਹੱਬਤ ਦਾ ਸੰਕਲਪ, ਸਮਾਜਕ-ਸਦਾਚਾਰਕ ਕੀਮਤਾਂ, ਧਾਰਮਕ ਅਤੇ ਸਮਾਜਕ ਬ੍ਰਿਤਾਂਤ, ਸਮਾਜਕ ਸਮ-ਰੂਪਤਾ (ਬਣਤਰ) ਦਾ ਸਿਧਾਂਤ ਅਤੇ ਮਨੁੱਖੀ ਮਨੋਬਿਰਤੀਆਂ ਦੇ ਮੂਲ ਥੀਮ ਨਾਲ ਸੰਬੰਧਤ ਹੁੰਦੇ ਹਨ। ਇਸੇ ਤਰ੍ਹਾਂ ਦੇ ਸਰੋਕਾਰ ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਦੇਖਣ-ਪੜ੍ਹਨ ਨੂੰ ਮਿਲਦੇ ਹਨ। ਹਰਿਆਣੇ ਅਤੇ ਪੰਜਾਬ ਦੇ ਸਾਹਿਤ ਦੇ ਮੂਲ ਸਰੋਕਾਰ ਜਿੱਥੇ ਸਾਂਝੇ ਹਨ ਉੱਥੇ ਹੀ ਦੋਹਾਂ ਨੂੰ ਪੇਸ਼ ਕਰਨ ਵਾਲੇ ਸਾਹਿਤਕਾਰਾਂ ਦੀਆਂ ਮਨੋਬਿਰਤੀਆਂ, ਸ਼ਬਦਾਵਲੀ ਅਤੇ ਸਮਾਜ ਵੀ ਇੱਕੋ ਜਿਹਾ ਹੈ।
ਪਰਵਾਸ ਦਾ ਸੰਕਲਪ:
ਹਰਿਆਣਾ ਸੂਬਾ ਭਾਵੇਂ ਸਿਆਸੀ ਤੌਰ ’ਤੇ ਪੰਜਾਬ ਨਾਲੋਂ ਵੱਖ ਹੋ ਗਿਆ ਹੈ ਪ੍ਰੰਤੂ ਇਹਨਾਂ ਦੇ ਸਾਹਿਤਕ, ਆਰਥਿਕ ਅਤੇ ਸਮਾਜਕ ਸਰੋਕਾਰ ਬਿਲਕੁਲ ਇੱਕੋ ਜਿਹੇ ਹਨ। ਜਿਹੜੀਆਂ ਸਮਾਜਕ ਸਮੱਸਿਆਵਾਂ ਪੰਜਾਬੀ ਸਮਾਜ ਵਿੱਚ ਦੇਖਣ ਨੂੰ ਮਿਲਦੀਆਂ ਹਨ, ਉਹੋ ਸਮੱਸਿਆਵਾਂ ਹਰਿਆਣੇ ਦੇ ਹਰਿਆਣਵੀ ਸਮਾਜ ਵਿੱਚ ਵੀ ਦੇਖਣ ਨੂੰ ਮਿਲਦੀਆਂ ਹਨ। ਆਰਥਿਕ ਨਾ-ਬਰਾਬਰਤਾ ਦੋਹਾਂ ਸੂਬਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਦੋਹਾਂ ਸੂਬਿਆਂ ਦੇ ਨੌਜਵਾਨ ‘ਪਰਵਾਸ’ ਕਰਕੇ ਚੰਗੇਰੇ ਭਵਿੱਖ ਦੀ ਆਸ ਨਾਲ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਸੇ ਲਈ ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ‘ਪਰਵਾਸ ਦੀ ਪੀੜਾ’ ਨੂੰ ਪੜ੍ਹਿਆ ਜਾ ਸਕਦਾ ਹੈ, ਮਹਿਸੂਸ ਕੀਤਾ ਜਾ ਸਕਦਾ ਹੈ।
ਸਮਾਜਕ ਸਰੋਕਾਰ:
ਹਰਿਆਣੇ ਵਿੱਚ ਰਚੇ ਜਾ ਰਹੇ ਸਾਹਿਤ ਵਿੱਚ ਸਮਾਜਕ ਸਰੋਕਾਰਾਂ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਇੱਥੇ ਹਰਿਆਣੇ ਦਾ ਪੰਜਾਬੀ ਸਾਹਿਤ ਪੰਜਾਬ ਦੇ ਪੰਜਾਬੀ ਸਾਹਿਤ ਨਾਲੋਂ ਰਤਾ ਵੱਖ/ਨਵੇਕਲਾ ਕਿਹਾ ਜਾ ਸਕਦਾ ਹੈ। ਹਰਿਆਣੇ ਵਿੱਚ ਸਮਾਜਕ ਬਣਤਰ ਪੰਜਾਬ ਨਾਲੋਂ ਵੱਖ ਅਤੇ ਮਜ਼ਬੂਤ ਹੈ। ਹਰਿਆਣੇ ਦੇ ਮੂਲ ਨਿਵਾਸੀਆਂ (ਖ਼ਾਸ ਕਰਕੇ ਜਾਟ ਸਮਾਜ ਵਿੱਚ) ਖ਼ਾਪ ਪੰਚਾਇਤਾਂ ਦਾ ਬੋਲਬਾਲਾ ਦੇਖਣ ਨੂੰ ਮਿਲਦਾ ਹੈ। ਇਹ ਖ਼ਾਪ ਪੰਚਾਇਤਾਂ ਸਮਾਜ ਨੂੰ ਇੱਕ ਜਾਤ/ਸਮਾਜ/ਵਰਗ ਵਿੱਚ ਬੰਨ੍ਹ ਕੇ ਰੱਖਦੀਆਂ ਹਨ। ਜੇਕਰ ਕੋਈ ਵਿਅਕਤੀ ਆਪਣੇ ਸਮਾਜ ਦੇ ਨਿਯਮਾਂ ਦੇ ਵਿਰੁੱਧ ਕਿਸੇ ਪ੍ਰਕਾਰ ਦੀ ਕਾਰਵਾਈ ਕਰਦਾ ਹੈ ਤਾਂ ਇਹ ਖ਼ਾਪ ਪੰਚਾਇਤਾਂ ਉਸ ਵਿਅਕਤੀ/ਸਮਾਜ ਦੇ ਵਿਰੁੱਧ ਆਪਣਾ ਫ਼ੈਸਲਾ ਦਿੰਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਹਨਾਂ ਖ਼ਾਪ ਪੰਚਾਇਤਾਂ ਦੇ ਫ਼ੈਸਲੇ ਦੇ ਵਿਰੁੱਧ ਕਿਸੇ ਵਿਅਕਤੀ/ਸਮਾਜ/ਜਾਤ ਦੀ ਕੋਈ ਬਹੁਤੀ ਵਾਹ ਨਹੀਂ ਚਲਦੀ। ਅਮੂਮਨ ਇਹਨਾਂ ਫ਼ੈਸਲਿਆਂ ਵਿੱਚ ਸਮਾਜ ਨੂੰ ਇੱਕਜੁਟ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਹ ਖ਼ਾਪ ਪੰਚਾਇਤਾਂ ਪੰਜਾਬ/ਪੰਜਾਬੀ ਸਾਹਿਤ ਵਿੱਚ ਨਹੀਂ ਹਨ। ਇਹਨਾਂ ਦਾ ਜ਼ਿਕਰ ਭਾਵੇਂ ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਨਾ ਦੇ ਬਰਾਬਰ ਹੈ ਪ੍ਰੰਤੂ ਇਹਨਾਂ ਦਾ ਪ੍ਰਭਾਵ ਬਹੁਤ ਡੂੰਘਾ ਅਤੇ ਅਸਰਦਾਰ ਹੈ। ਹਰਿਆਣੇ ਦੀ ਸਮਾਜਕ ਬਣਤਰ ਵਿੱਚ ਇਹ ਖ਼ਾਪ ਪੰਚਾਇਤਾਂ ਬਹੁਤ ਅਸਰਦਾਰ ਸਮਾਜਕ ਬਣਤਰ ਦਾ ਹਿੱਸਾ ਮੰਨੀਆਂ ਜਾਂਦੀਆਂ ਹਨ।
ਆਰਥਿਕਤਾ ਦਾ ਪ੍ਰਭਾਵ:
ਹਰਿਆਣਾ ਸੂਬੇ ਦਾ ਬਹੁਤਾ ਹਿੱਸਾ ਮੁਲਕ ਦੀ ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਨਾਲ ਲਗਦਾ ਹੈ। ਇਸ ਲਈ ਹਰਿਆਣੇ ਵਿੱਚ ਵੱਡੀ ਗਿਣਤੀ ਵਿੱਚ ਉਦਯੋਗਿਕ ਘਰਾਣੇ ਆਪਣੇ ਕਾਰੋਬਾਰ ਚਲਾਉਂਦੇ ਹਨ। ਭਾਰਤ ਦੀਆਂ ਵੱਡੀਆਂ ਕੰਪਨੀਆਂ ਦੇ ਔਫਿਸ ਗੁੜਗਾਓਂ ਅਤੇ ਫ਼ਰੀਦਾਬਾਦ ਵਿੱਚ ਮੌਜੂਦ ਹਨ। ਇਸ ਨਾਲ ਸੂਬੇ ਦੇ ਆਰਥਿਕ ਹਾਲਤ ਵਿੱਚ ਬਹੁਤ ਸੁਧਾਰ ਹੁੰਦਾ ਹੈ। ਨਤੀਜੇ ਵਜੋਂ ਲੋਕਾਂ ਦੇ ਰਹਿਣ-ਸਹਿਣ ਅਤੇ ਕਾਰ-ਵਿਹਾਰ ਵਿੱਚ ਸੁਧਾਰ ਹੁੰਦਾ ਹੈ। ਹਰਿਆਣੇ ਦੀ ਆਰਥਿਕ ਸਥਿਤੀ ਅਮੂਮਨ ਦੂਜੇ ਸੂਬਿਆਂ ਨਾਲੋਂ ਵਧੀਆ ਹੈ। ਇਸ ਪ੍ਰਭਾਵ ਨੂੰ ਭਾਵੇਂ ਪੰਜਾਬੀ ਸਾਹਿਤ ਵਿੱਚ ਨਾਮਾਤਰ ਦੇਖਿਆ ਜਾਂਦਾ ਹੈ ਪਰ ਇਸ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ। ਜਿਸ ਤਰ੍ਹਾਂ ਉੱਪਰ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਾਹਿਤ ਨੂੰ ਸਮਾਜ ਦਾ ‘ਸ਼ੀਸ਼ਾ’ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਦੇ ਸਮਾਜਕ ਅਤੇ ਆਰਥਿਕ ਹਾਲਾਤ ਹੋਣਗੇ ਉਸੇ ਤਰ੍ਹਾਂ ਦਾ ਸਾਹਿਤ ਸਿਰਜਿਆ ਜਾਵੇਗਾ। ਇਸ ਲਈ ਹਰਿਆਣੇ ਦੇ ਆਰਥਿਕ ਹਾਲਾਤ; ਪੰਜਾਬ ਜਾਂ ਹੋਰ ਗੁਆਂਢੀ ਸੂਬਿਆਂ ਨਾਲੋਂ ਬਿਹਤਰ ਕਹੇ ਜਾ ਸਕਦੇ ਹਨ।
ਔਰਤ ਦੀ ਸਥਿਤੀ:
ਔਰਤ ਦੀ ਸਥਿਤੀ ਨੂੰ ਸਾਹਿਤ ਦੇ ਮੁੱਖ ਸਰੋਕਾਰ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਬਹੁਤ ਮਹੱਤਵਪੂਰਨ ਵਿਸ਼ਾ ਹੈ ਕਿ ਕਿਸੇ ਸਮਾਜ ਵਿੱਚ ਔਰਤ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ? ਜਿਸ ਸਮਾਜ ਵਿੱਚ ਔਰਤ ਆਤਮ-ਨਿਰਭਰ ਹੋਵੇਗੀ, ਉਸ ਸਮਾਜ ਦਾ ਸਰਵਪੱਖੀ ਵਿਕਾਸ ਰੋਕਿਆ ਨਹੀਂ ਜਾ ਸਕਦਾ। ਇਸ ਹਵਾਲੇ ਨਾਲ ਹਰਿਆਣੇ ਦੀ ਸਥਿਤੀ ਥੋੜ੍ਹੀ ਢਿੱਲੀ ਅਤੇ ਕਮਜ਼ੋਰ ਕਹੀ ਜਾ ਸਕਦੀ ਹੈ। ਕੁਝ ਦਹਾਕੇ ਪਹਿਲਾਂ ਤਕ ਹਰਿਆਣਾ ਇਕੱਲਾ ਸੂਬਾ ਸੀ ਜਿਸ ਵਿੱਚ ਮਰਦਾਂ ਦੇ ਮਕਾਬਲੇ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਸੀ। ਭਾਵ ਪ੍ਰਤੀ ਹਜ਼ਾਰ ਮਰਦਾਂ ਦੇ ਮੁਕਾਬਲਾ ਔਰਤਾਂ ਦੀ ਗਿਣਤੀ ਹਰਿਆਣੇ ਵਿੱਚ ਸਭ ਤੋਂ ਘੱਟ ਸੀ। ਹੁਣ ਇਸ ਸਥਿਤੀ ਵਿੱਚ ਸਹਿਜੇ-ਸਹਿਜੇ ਸੁਧਾਰ ਹੋ ਰਿਹਾ ਹੈ।
ਹਰਿਆਣੇ ਵਿੱਚ ਔਰਤਾਂ ਹੁਣ ਆਤਮ-ਨਿਰਭਰਤਾ ਦੀ ਸ਼੍ਰੇਣੀ ਵਿੱਚ ਆ ਰਹੀਆਂ ਹਨ। ਹਾਲਾਂਕਿ ਖੇਤੀ-ਬਾੜੀ ਦੇ ਕੰਮ ਵਿੱਚ ਔਰਤਾਂ ਦੀ ਹਿੱਸੇਦਾਰੀ ਦੂਜੇ ਸੂਬਿਆਂ ਨਾਲੋਂ ਵਧੇਰੇ ਹੈ ਪ੍ਰੰਤੂ ਉਦਯੋਗਿਕ ਅਤੇ ਸਿੱਖਿਅਕ ਖ਼ੇਤਰ ਵਿੱਚ ਵੀ ਹਰਿਆਣੇ ਵਿੱਚ ਔਰਤਾਂ ਦੀ ਭਾਈਵਾਲੀ ਵਧ ਰਹੀ ਹੈ। ਖੇਡਾਂ ਵਿੱਚ ਹਰਿਆਣਵੀ ਕੁੜੀਆਂ ਨੇ ਸਮੁੱਚੇ ਦੇਸ਼ ਵਿੱਚ ਆਪਣੀ ਝੰਡੀ ਬਰਕਰਾਰ ਰੱਖੀ ਹੈ। ਹਰਿਆਣੇ ਦੀਆਂ ਕੁੜੀਆਂ ਫ਼ੌਜ ਵਿੱਚ ਵੀ ਸ਼ਾਮਲ ਹੋ ਰਹੀਆਂ ਹਨ ਅਤੇ ਦੇਸ਼-ਸੇਵਾ ਦੇ ਜਜ਼ਬੇ ਨੂੰ ਅਮਲੀਜਾਮਾ ਪਹਿਨਾ ਰਹੀਆਂ ਹਨ। ਖੇਡ, ਰਾਜਨੀਤੀ, ਸਾਹਿਤ, ਕਲਾ ਅਤੇ ਸਿੱਖਿਆ ਆਦਿਕ ਖੇਤਰਾਂ ਵਿੱਚ ਕੁੜੀਆਂ ਕਿਸੇ ਨਾਲ ਘੱਟ ਨਹੀਂ ਹਨ।
ਸਮਾਜਕ ਬਣਤਰ ਦੇ ਇਸ ਪੱਖ ਨੂੰ ਹਰਿਆਣੇ ਦੇ ਪੰਜਾਬੀ ਸਾਹਿਤਕਾਰਾਂ ਦੀਆਂ ਲਿਖ਼ਤਾਂ ਵਿੱਚ ਅਣਗੌਲਿਆ ਕੀਤਾ ਗਿਆ ਹੈ। ਹਰਿਆਣੇ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਸੂਬੇ ਦੇ ਇਹਨਾਂ ਪੱਖਾਂ/ਰੂਪਾਂ ਬਾਰੇ ਡੁੰਘਾਈ ਨਾਲ ਵਿਚਾਰ-ਚਰਚਾ ਕਰਨੀ ਚਾਹੀਦੀ ਹੈ ਤਾਂ ਕਿ ਹਰਿਆਣੇ ਦੀ ਸਮਾਜਕ ਬਣਤਰ ਦਾ ਸਹੀ ਅਕਸ ਪਾਠਕਾਂ/ਵਿਦਿਆਰਥੀਆਂ ਤਕ ਪਹੁੰਚ ਸਕੇ।
ਸਮਾਜਕ ਸਮਰੂਪਤਾ ਅਤੇ ਮਨੁੱਖੀ ਮਨੋਬਿਰਤੀਆਂ:
ਕਿਸੇ ਵੀ ਸਮਾਜ ਵਿੱਚ ਸਮਰੂਪਤਾ ਦਾ ਸੰਕਲਪ ਵਧੇਰੇ ਲਾਭਦਾਇਕ ਹੁੰਦਾ ਹੈ ਕਿਉਂਕਿ ਇਸ ਨਾਲ ਸਮਾਜ ਦੇ ਤਰੱਕੀ ਕਰਨ ਦੇ ਰਾਹ ਵਧੇਰੇ ਹੁੰਦੇ ਹਨ। ਇੱਥੇ ਇਕੱਲੇ ਸਮਾਜ, ਜਾਤ, ਧਰਮ ਜਾਂ ਰੰਗ ਕਰਕੇ ਹੀ ਬਰਾਬਰਤਾ ਲਾਜ਼ਮੀ ਨਹੀਂ ਬਲਕਿ ਰੁਜ਼ਗਾਰ ਦੇ ਵਸੀਲੇ, ਰਹਿਣ-ਸਹਿਣ ਅਤੇ ਧਾਰਮਕ ਰਹੁ-ਰੀਤਾਂ ਵਿੱਚ ਵੀ ਇੱਕ ਰੂਪਤਾ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਸਮਾਜ ਵਿੱਚ ਉੱਚੇ ਨੀਵੇਂ ਭੇਦਭਾਵ ਖ਼ਤਮ ਕੀਤਾ ਜਾ ਸਕੇ ਅਤੇ ਸਮਾਜ ਨੂੰ ਤਰੱਕੀ ਦੀ ਰਾਹ ’ਤੇ ਤੋਰਿਆ ਜਾ ਸਕੇ। ਮਨੁੱਖੀ ਮਨੋਬਿਰਤੀਆਂ ਵਿੱਚ ਮਨੁੱਖ ਦੇ ਆਉਣ ਵਾਲੇ ਸਮੇਂ ਦੀਆਂ ਤਿਆਰੀਆਂ/ਸੋਚਾਂ ਨੂੰ ਚਰਚਾ ਦਾ ਹਿੱਸਾ ਬਣਾਇਆ ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਮਨੁੱਖ ਜਿਹੋ ਜਿਹਾ ਸੋਚਦਾ ਹੈ, ਉਹੋ ਜਿਹਾ ਬੋਲਦਾ ਹੈ ਅਤੇ ਜਿਹੋ ਜਿਹਾ ਬੋਲਦਾ ਹੈ ਉਹੋ ਜਿਹਾ ਕਰਦਾ ਹੈ। ਇਸ ਲਈ ਮਨੋਬਿਰਤੀਆਂ ਦੇ ਅਧਿਐਨ ਵਿੱਚ ਮਨੁੱਖ ਦੇ ਮਨੋਭਾਵਾਂ ਦਾ ਅਧਿਐਨ ਇਸ ਗੱਲ ਦਾ ਪ੍ਰਮਾਣ ਬਣਦਾ ਹੈ ਕਿ ਮਨੁੱਖ ਨੇ ਭਵਿੱਖ ਵਿੱਚ ਕਿਸ ਤਰ੍ਹਾਂ ਦੀਆਂ ਯੋਜਨਾਵਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਹੈ। ਇਹ ਵਿਚਾਰ ਹੀ ਬਾਅਦ ਵਿੱਚ ‘ਅਮਲ’ ਵਿੱਚ ਤਬਦੀਲ ਹੁੰਦਾ ਹੈ।
ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਤ ’ਤੇ ਕਿਹਾ ਜਾ ਸਕਦਾ ਹੈ ਕਿ ਹਰਿਆਣਾ ਦੇ ਪੰਜਾਬੀ ਸਾਹਿਤ ਵਿੱਚ ਗਿਣਾਤਮਿਕ ਪੱਖੋਂ ਭਾਵੇਂ ‘ਵਾਧਾ’ ਹੋ ਰਿਹਾ ਹੈ ਪ੍ਰੰਤੂ ਗੁਣਾਤਮਿਕਪੱਖੋਂ ਕਈ ਊਣਤਾਈਆਂ ਦੇਖਣ/ਪੜ੍ਹਨ ਨੂੰ ਮਿਲਦੀਆਂ ਹਨ। ਇੱਥੋਂ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਮੂਲ ਰੂਪ/ਕੇਂਦਰੀ ਥੀਮ ਦੀ ਸਹੀ ਅਰਥਾਂ ਵਿੱਚ ਸਮਝ ਆਉਣੀ ਚਾਹੀਦੀ ਹੈ ਜਾਂ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ‘ਹਰਿਆਣੇ ਦੀ ਸਮਾਜਕ ਬਣਤਰ’ ਦੇ ਸਹੀ ਰੂਪ ਨੂੰ ਪੰਜਾਬੀ ਸਾਹਿਤ ਦਾ ਹਿੱਸਾ ਬਣਾਇਆ ਜਾ ਸਕੇ। ਇਕੱਲੇ ਕਵਿਤਾ, ਗ਼ਜ਼ਲ ਜਾਂ ਕਹਾਣੀ ਨਾਲ ਕਿਸੇ ਸੂਬੇ ਦੇ ਸਾਹਿਤ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੇ ਸਾਹਿਤ ਵਿੱਚ ਨਿਰਾ ਕਲਪਨਾ ਦਾ ਭਾਵ ਹੁੰਦਾ ਹੈ। ਇਸ ਨਾਲ ਕਿਸੇ ਸਮਾਜ ਦੇ ਸਹੀ ਰੂਪ/ਬਣਤਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਹਾਂ, ਇਸ ਨਾਲ ਕੁਝ ਸਮੇਂ ਲਈ ਪਾਠਕਾਂ ਅਤੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਜਾ ਸਕਦਾ ਹੈ ਪ੍ਰੰਤੂ ਇਸ ਨਾਲ ਕਿਸੇ ਸਮਾਜ ਦੇ ਸਹੀ ਸੰਦਰਭ ਨੂੰ ਸਮਝਿਆ ਨਹੀਂ ਜਾ ਸਕਦਾ।
ਜੇਕਰ ਸਾਹਿਤ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਸਥਾਈ ਅਤੇ ਪੁਖ਼ਤਾ ਰੱਖਣਾ ਹੈ ਤਾਂ ਪਹਿਲਾਂ ਸਮਾਜ ਦੀਆਂ ਵਿਭਿੰਨ ਪਰਿਸਥਿਤੀਆਂ ਦਾ ਸਹੀ ਮੁਲਾਂਕਣ ਕਰਨਾ ਲਾਜ਼ਮੀ ਸ਼ਰਤ ਹੁੰਦੀ ਹੈ। ਜੇਕਰ ਇਕੱਲੇ ਕਲਪਨਾ ਦੇ ਭਾਵ ਵਿੱਚ ਸਾਹਿਤ ਸਿਰਜਣਾ ਕੀਤੀ ਜਾਂਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਹਿਤ ਦੀ ਅਹਿਮੀਅਤ ਘਟ ਜਾਵੇਗੀ ਅਤੇ ਆਮ ਪਾਠਕ ਵਰਗ ਇਸ ਤੋਂ ਦੂਰੀ ਬਣਾ ਲਵੇਗਾ। ਇਸ ਲਈ ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਧੁਰੇ (ਮੁੱਢ) ਬਾਰੇ ਸਹੀ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਮਾਜਕ ਬਣਤਰ ਦੇ ਸਹੀ ਸਰੂਪ ਨੂੰ ਪਾਠਕਾਂ ਤਕ ਪਹੁੰਚਾਇਆ ਜਾ ਸਕੇ। ਪ੍ਰੰਤੂ ਇਹ ਸਭ ਹੁੰਦਾ ਕਦੋਂ ਹੈ, ਇਹ ਸਮਾਂ ਹੀ ਦੱਸੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4978)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)