NishanSRathaur7ਇਸ ਸਾਲ 2024 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਭਰਪੂਰ ਹਾਜ਼ਰੀ ...
(14 ਦਸੰਬਰ 2024)

 

14 DEC 2024


ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹਰ ਸਾਲ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਛਪਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ (ਪੰਜਾਬ) ਦੇ ਨਾਲ-ਨਾਲ ਦੂਜੇ ਸੂਬਿਆਂ ਜਿਵੇਂ
ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਹੈ। ਇਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਇੱਕ ਸੂਬੇ ਤੱਕ ਸੀਮਤ ਜ਼ੁਬਾਨ ਨਹੀਂ; ਬਲਕਿ ਸਮੁੱਚੇ ਵਿਸ਼ਵ ਵਿੱਚ ਫੈਲੀ ਹੋਈ ਜ਼ੁਬਾਨ ਹੈ।

ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ:

ਸਾਲ 2024 ਵਿੱਚ ‘ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ’ ਪੰਚਕੁਲਾ (ਹਰਿਆਣਾ ਸਰਕਾਰ) ਵੱਲੋਂ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨਾਮ ਅਜੇ ਨਹੀਂ ਮਿਲੇ ਪ੍ਰੰਤੂ ਇਸ ਐਲਾਨ ਨਾਲ ਹਰਿਆਣੇ ਦੇ ਪੰਜਾਬੀ ਲੇਖਕਾਂ ਨੂੰ ਹੱਲਾਸ਼ੇਰੀ ਜ਼ਰੂਰ ਮਿਲੀ ਹੈ ਕਿਉਂਕਿ ਪਿਛਲੇ ਛੇ-ਸੱਤ ਵਰ੍ਹਿਆਂ ਤੋਂ ਪੰਜਾਬੀ ਲੇਖਕਾਂ ਨੂੰ ਇਨਾਮ ਨਹੀਂ ਦਿੱਤੇ ਗਏ ਸਨ। ਹੁਣ ਸੰਨ 2017 ਤੋਂ 2022 ਤੱਕ ਦੇ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ।

ਹਰਿਆਣੇ ਵਿੱਚ ਸਾਲ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ:

ਹਰਿਆਣੇ ਵਿੱਚ ਸਾਲ 2024 ਦੌਰਾਨ ਅਨੁਪਿੰਦਰ ਸਿੰਘ ਅਨੂਪ ਦੀਆਂ ਪੁਸਤਕਾਂ ‘ਹਰਿਚੰਦਉਰੀ’ ਤੇ ‘ਘੁੰਗਰੂ ਟੁੱਟ ਗਏ’, ਇਕਬਾਲ ਸਿੰਘ ਹਮਜਾਪੁਰ ਦੀਆਂ ਪੁਸਤਕਾਂ ‘ਵਿਰਾਸਤੀ ਹਰਿਆਣਾ’ ਤੇ ‘ਮਿੰਟੂ ਦੀ ਸਿਆਣਪ’, ਸੁਰਜੀਤ ਸਿੰਘ ਸਿਰੜੀ ਦੀ ਪੁਸਤਕ ‘ਮਿੱਟੀ ਕਰੇ ਸੁਆਲ’, ਹਰਨੂਰ ਦੀ ‘ਮੁਹਬੱਤ ਕਰਕੇ ਵੇਖੀਏ’, ਕੇਸਰਾ ਰਾਮ ਦਾ ਨਾਵਲ ‘ਗੁੱਡੋ’, ਕੁਲਵੰਤ ਕੌਰ ਸੰਧੂ ਦੀ ਪੁਸਤਕ ‘ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ’, ਡਾ. ਕੁਲਵਿੰਦਰ ਸਿੰਘ ਪਦਮ ਦਾ ਨਾਟਕ ‘ਕੂਕਦੀ ਕੂੰਜ’, ਗੁਰਦਿਆਲ ਸਿੰਘ ਨਿਮਰ ਦਾ ਮਹਾਂ-ਕਾਵਿ ‘ਬੈਠਾ ਸੋਢੀ ਪਾਤਿਸਾਹ’, ਚਰਨ ਪੁਆਧੀ ਦੀਆਂ ਪੁਸਤਕਾਂ ‘ਵਿਸ਼ਵ ਬਾਲ ਲੋਕ-ਕਹਾਣੀਆਂ’ ਤੇ ‘ਭਾਰਤ ਦੇ ਵੀਰ ਬਾਲਕ’, ਜੋਗਿੰਦਰ ਕੌਰ ਅਗਨੀਹੋਤਰੀ ਦੀਆਂ ਪੁਸਤਕਾਂ ‘ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ’ ਤੇ ‘ਜੱਗਾ’, ਤਰਲੋਚਨ ਮੀਰ ਦੀ ਪੁਸਤਕ ‘ਖ਼ੰਜਰ’, ਡਾ. ਬੀਰਬਲ ਸਿੰਘ ਦੀ ‘ਕਥਾ ਦੀਪ’, ਡਾ. ਬਲਵਾਨ ਔਜਲਾ ਦੀ ਪੁਸਤਕ ‘ਅੰਤਰ ਯੁੱਧ’, ਮੀਨਾ ਨਵੀਨ ਦੀ ‘ਮਰਾਠੀ ਝਲਕਾਰਾ’, ਰਜਨੀ ਦਾ ਕਹਾਣੀ-ਸੰਗ੍ਰਹਿ ‘ਕੂਲ਼ੇ ਕੰਡੇ’, ਲਖਵਿੰਦਰ ਸਿੰਘ ਬਾਜਵਾ ਦੀਆਂ ਪੁਸਤਕਾਂ ‘ਮੈਂ ਲੇਖਕ ਕਿਵੇਂ ਬਣਿਆ’ ਤੇ ‘ਗਮਲੇ ਦਾ ਬੂਟਾ’ ਪ੍ਰਕਾਸ਼ਿਤ ਹੋਈਆਂ ਹਨ। ਆਓ! ਇਹਨਾਂ ਪੰਜਾਬੀ ਪੁਸਤਕਾਂ ਦੀ ਸੰਖੇਪ ਰੂਪ ਵਿੱਚ ਚਰਚਾ ਕਰੀਏ ਤਾਂ ਕਿ ਹਰਿਆਣੇ ਦੇ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਅਨੁਪਿੰਦਰ ਸਿੰਘ ਅਨੂਪ - ਹਰਿਚੰਦਉਰੀ ਤੇ ਘੁੰਗਰੂ ਟੂਟ ਗਏ।

ਸ਼ਾਇਰ ਅਨੁਪਿੰਦਰ ਸਿੰਘ ਅਨੂਪ ਦੇ ਕਾਵਿ - ਸੰਗ੍ਰਹਿ ‘ਹਰਿਚੰਦਉਰੀ’ ਵਿੱਚ ਕੁੱਲ 48 ਕਵਿਤਾਵਾਂ, ਟੱਪੇ, ਦੋਹੇ ਅਤੇ ਬੋਲੀਆਂ ਸ਼ਾਮਿਲ ਹਨ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਸਵਰਗ ਦਾ ਸੁਫ਼ਨਾ ਨਹੀਂ ਦੇਖਦਾ ਬਲਕਿ ਉਹ ਇਸ ਧਰਤੀ ਨੂੰ ਹੀ ਸਵਰਗ ਬਣਾਉਣਾ ਲੋਚਦਾ ਹੈ। ਦੂਜੀ ਪੁਸਤਕ ‘ਘੁੰਗਰੂ ਟੂਟ ਗਏ’ ਵਿੱਚ ਸ਼ਾਇਰ ‘ਕਤੀਲ ਸ਼ਿਫਾਈ’ ਦੀਆਂ ਉਰਦੂ ਗ਼ਜ਼ਲਾਂ ਦਾ ਪੰਜਾਬੀ ਉਲੱਥਾ ਕੀਤਾ ਗਿਆ ਹੈ।

ਇਕਬਾਲ ਸਿੰਘ ਹਮਜਾਪੁਰ - ਵਿਰਾਸਤੀ ਹਰਿਆਣਾ ਤੇ ਮਿੰਟੂ ਦੀ ਸਿਆਣਪ।

ਇਕਬਾਲ ਸਿੰਘ ਹਮਜਾਪੁਰ ਦੀ ‘ਵਿਰਾਸਤੀ ਹਰਿਆਣਾ’ ਪੁਸਤਕ ਵਿੱਚ ਹਰਿਆਣੇ ਦੇ ਪੁਰਾਤਨ ਕਿਲ੍ਹਿਆਂ, ਹਵੇਲੀਆਂ ਅਤੇ ਇਮਾਰਤਾਂ ਬਾਰੇ ਸਚਿੱਤਰ ਲੇਖ ਲਿਖੇ ਗਏ ਹਨ। ਲੇਖਕ ਨੇ ਹਰਿਆਣੇ ਦੀਆਂ ਇਹਨਾਂ ਇਤਿਹਾਸਕ ਥਾਵਾਂ ਨੂੰ ਕਲਮ ਰਾਹੀਂ ਸਾਂਭਣ ਦਾ ਯਤਨ ਕੀਤਾ ਹੈ।

ਦੂਜੀ ਪੁਸਤਕ ‘ਮਿੰਟੂ ਦੀ ਸਿਆਣਪ’ ਵਿੱਚ ਬੱਚਿਆਂ ਨਾਲ ਸੰਬੰਧਤ ਮਨੋਵਿਗਿਆਨਕ ਕਹਾਣੀਆਂ ਨੂੰ ਕਲਮਬੰਦ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਬੱਚਿਆਂ ਨੂੰ ਕਰਾਮਾਤਾਂ ਤੋਂ ਦੂਰ, ਸਹੀ ਸੇਧ ਦੇਣ ਦਾ ਯਤਨ ਹੈ।  

ਸੁਰਜੀਤ ਸਿੰਘ ਸਿਰੜੀ - ਮਿੱਟੀ ਕਰੇ ਸੁਆਲ।

ਸੁਰਜੀਤ ਸਿੰਘ ਸਿਰੜੀ ਦਾ ਕਾਵਿ-ਸੰਗ੍ਰਹਿ ‘ਮਿੱਟੀ ਕਰੇ ਸੁਆਲ’ ਪੜ੍ਹਦਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਰ ਦਾ ‘ਵਿਚਾਰ’ ਕਿਸੇ ਇੱਕ ਧਰਮ ਜਾਂ ਫਿਰਕੇ ਤੀਕ ਸੀਮਤ ਨਹੀਂ ਹੈ ਬਲਕਿ ਉਹ ਸਮਾਜ ਦੇ ਹਰ ਵਰਗ ਦੀ ਗੱਲ ਕਰਦਾ ਹੈ;

“ਦੇਸ ਮੇਰੇ ਦੀ ਜ਼ਰਖੇਜ਼ ਜ਼ਮੀਨੇ, ਅਸ਼ਕੇ!
ਤੇਰੀ ਕੁੱਖੋਂ ਫ਼ਸਲਾਂ ਹੀ ਨਹੀਂ
ਰੌਸ਼ਨ ਲੋਕ ਵੀ ਉਗਮਦੇ ਨੇ।” (ਮਿੱਟੀ ਕਰੇ ਸੁਆਲ)

ਸੁਰਜੀਤ ਸਿਰੜੀ ਦੀ ਸ਼ਾਇਰੀ ਗੰਭੀਰ ਅਤੇ ਪੁਖ਼ਤਾ ਸ਼ਾਇਰੀ ਕਹੀ ਜਾ ਸਕਦੀ ਹੈ। ਉਸਦੀਆਂ ਕਵਿਤਾਵਾਂ ਵਿੱਚ ਮਿੱਟੀ ਦਾ ਮੋਹ ਦੇਖਿਆ ਜਾ ਸਕਦਾ ਹੈ।

ਹਰਨੂਰ - ਮੁਹਬੱਤ ਕਰਕੇ ਵੇਖੀਏ।

ਹਰਨੂਰ ਸਿੰਘ ਵਿਰਕ ਦੇ ਪਲੇਠੇ ਕਾਵਿ-ਸੰਗ੍ਰਹਿ ‘ਮੁਹਬੱਤ ਕਰਕੇ ਵੇਖੀਏ’ ਵਿੱਚ ਇਸ਼ਕ ਦੀਆਂ ਬਾਤਾਂ ਪੜ੍ਹੀਆਂ ਜਾ ਸਕਦੀਆਂ ਹਨ;

“ਚੱਲ ਮੁਹੱਬਤ ਕਰ ਕੇ ਵੇਖੀਏ,
ਇਸ਼ਕ ਸਮੁੰਦਰ ਤਰ ਕੇ ਵੇਖੀਏ।” (ਮੁਹੱਬਤ ਕਰਕੇ ਵੇਖੀਏ)

ਹਰਨੂਰ ਦੀਆਂ ਕਵਿਤਾਵਾਂ ਤੇ ਬੋਲੀ ਵਿੱਚ ਲਹਿੰਦੇ ਪੰਜਾਬ ਦੀ ਝਲਕ ਮਿਲਦੀ ਹੈ। ਹਰਨੂਰ ਦੀ ਸ਼ਾਇਰੀ ਭਵਿੱਖ ਵਿੱਚ ਹੋਰ ਪੁਖ਼ਤਾ ਹੋਵੇਗੀ; ਇਹ ਉਮੀਦ ਹੈ।

ਕੇਸਰਾ ਰਾਮ - ਗੁੱਡੋ।

ਕੇਸਰਾ ਰਾਮ ਦੇ ਨਾਵਲ ‘ਗੁੱਡੋ’ ਵਿੱਚ ਪੇਂਡੂ ਸਮਾਜ ਦੀਆਂ ਤਹਿਆਂ ਵਿੱਚ ਵਸੇ ਜਾਤੀ ਟਕਰਾਅ ਦੀਆਂ ਵਿਭਿੰਨ ਪਰਤਾਂ ਫਰੋਲਦਾ ਨਾਰੀ ਦਮਨ ਨਾਲ ਜੁੜਿਆ ਗਲਪੀ ਬਿਰਤਾਂਤ ਪੇਸ਼ ਹੋਇਆ ਹੈ। ਨਾਵਲ ਵਿੱਚ ਸਥਿਤੀਆਂ, ਪਾਤਰ ਅਤੇ ਇਹਨਾਂ ਦਾ ਨਿਭਾਅ ਯਥਾਰਥ ਦੇ ਨੇੜੇ ਹੈ।

ਕੇਸਰਾ ਰਾਮ ਆਪਣੇ ਕਹਾਣੀ-ਸੰਗ੍ਰਹਿ ‘ਜ਼ਨਾਨੀ ਪੌਦ’ ਤੇ ਸਾਲ-2020 ਦਾ ‘ਢਾਹਾਂ ਪੁਰਸਕਾਰ’ ਜੇਤੂ ਕਹਾਣੀਕਾਰ ਹੈ।

ਕੁਲਵੰਤ ਕੌਰ ਸੰਧੂ - ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ।

ਕੁਲਵੰਤ ਕੌਰ ਸੰਧੂ ਦੇ ਲੋਕ ਗੀਤ-ਸੰਗ੍ਰਹਿ ‘ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ’ ਵਿੱਚ ਵਿਆਹਾਂ ’ਤੇ ਗਾਏ ਜਾਂਦੇ ਸੁਹਾਗ, ਘੋੜੀਆਂ, ਗਿੱਧਾ ਬੋਲੀਆਂ ਅਤੇ ਭੈਣ-ਭਰਾ ਦੇ ਰਿਸ਼ਤੇ ਨੂੰ ਸਮਰਪਿਤ ਤਕਰੀਬਨ ਡੇਢ ਪੌਣੇ ਦੋ ਸੌ ਦੇ ਕਰੀਬ ਲੋਕ-ਗੀਤ ਸ਼ਾਮਿਲ ਕੀਤੇ ਗਏ ਹਨ

“ਨਿੱਕਿਆਂ ਹੁੰਦਿਆਂ ਦੇ ਮਾਪੇ ਤੁਰ ਗਏ ਵੀਰਾ
ਮਾਪੇ ਤੁਰ ਗਏ ਵੀਰਾ
 ਗਲ਼ੀਏਂ ਰੁਲ਼ ਗਏ ਵੇ ਰੰਗ ਸੂਹੇ।” (ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ)

ਲੇਖਿਕਾ ਦਾ ਇਸ ਤੋਂ ਪਹਿਲਾਂ ‘ਕਿਤੇ ਮਿਲ ਨੀ ਮਾਏਂ’ ਲੋਕ ਗੀਤ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕਿਆ ਹੈ।

ਡਾ. ਕੁਲਵਿੰਦਰ ਸਿੰਘ ਪਦਮ - ਕੂਕਦੀ ਕੂੰਜ।

ਡਾ. ਕੁਲਵਿੰਦਰ ਸਿੰਘ ਪਦਮ ਦੇ ਪੰਜਾਬੀ ਨਾਟਕ ‘ਕੂਕਦੀ ਕੂੰਜ’ ਵਿੱਚ ‘ਖੂਨ ਦੇ ਰਿਸ਼ਤਿਆਂ ਦੀ ਪਾਕੀਜ਼ਗੀ’ ਉੱਤੇ ਲੱਗੇ ਦਾਗਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੁਲਵਿੰਦਰ ਪਦਮ ਦੇ ਦੋ ਪੰਜਾਬੀ ਨਾਟਕ ‘ਖਜ਼ਾਨਾ ਖਾਲੀ ਹੈ’ ਤੇ ‘ਰਿਸ਼ਤੇ ਰੁਲਣ ਅਦਾਲਤੀਂ’ ਪ੍ਰਕਾਸ਼ਿਤ ਹੋ ਚੁਕੇ ਹਨ। ਪਦਮ ਦੇ ਨਾਟਕ ਜਿੱਥੇ ਪੁਸਤਕ ਰੂਪ ਵਿੱਚ ਕਾਮਯਾਬ ਹਨ, ਉੱਥੇ ਹੀ ਸਟੇਜ ਉੱਪਰ ਵੀ ਦਰਸ਼ਕਾਂ ਦੇ ਮਨਾਂ ਉੱਪਰ ਡੂੰਘੀ ਛਾਪ ਛੱਡਦੇ ਹਨ।

ਗੁਰਦਿਆਲ ਸਿੰਘ ਨਿਮਰ - ਬੈਠਾ ਸੋਢੀ ਪਾਤਿਸਾਹ।

ਗੁਰਦਿਆਲ ਸਿੰਘ ਨਿਮਰ ਦੇ ਸੱਤਵੇਂ ਮਹਾਂ-ਕਾਵਿ ‘ਬੈਠਾ ਸੋਢੀ ਪਾਤਸਾਹ’ ਵਿੱਚ ਗੁਰੂ ਰਾਮਦਾਸ ਜੀ ਦੇ ਜੀਵਨ ਚਰਿੱਤਰ, ਕਾਰਜਾਂ, ਉਪਕਾਰਾਂ, ਮਾਨਵਤਾ ਅਤੇ ਸਿੱਖ ਧਰਮ ਦੀ ਪ੍ਰਗਤੀ ਤੇ ਹਰਮਨ ਪਿਆਰਤਾ ਲਈ ਕੀਤੇ ਉਪਰਾਲਿਆਂ, ਯਤਨਾਂ ਦਾ ਇਤਿਹਾਸਕ ਅਤੇ ਧਾਰਮਿਕ ਸੰਦਰਭ ਵਿੱਚ ਬਿਰਤਾਂਤ ਪੇਸ਼ ਕੀਤਾ ਹੈ।

ਚਰਨ ਪੁਆਧੀ - ਵਿਸ਼ਵ ਬਾਲ ਲੋਕ-ਕਹਾਣੀਆਂ ਤੇ ਭਾਰਤ ਦੇ ਵੀਰ ਬਾਲਕ।

ਚਰਨ ਪੁਆਧੀ ਦੀ ਪੁਸਤਕ ‘ਭਾਰਤ ਦੇ ਵੀਰ ਬਾਲਕ ਪੁਸਤਕ’ ਵਿੱਚ ਦੇਸ਼ ਦੇ ਵੀਰ ਬਾਲਕਾਂ ਦੀਆਂ ਗਾਥਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ‘ਵਿਸ਼ਵ ਬਾਲ ਲੋਕ-ਕਹਾਣੀਆਂ’ ਵਿੱਚ ਚੀਨੀ, ਜਪਾਨੀ ਲੋਕ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਦੋਵੇਂ ਪੁਸਤਕਾਂ ਹੀ ਬਾਲ-ਸਾਹਿਤ ਨਾਲ ਸੰਬੰਧਿਤ ਹਨ। ਚਰਨ ਪੁਆਧੀ ਦੀਆਂ ਰਚਨਾਵਾਂ ਵਿੱਚ ਪੁਆਧ ਦਾ ਰੰਗ ਵਿਸ਼ੇਸ਼ ਰੂਪ ਵਿੱਚ ਪੜ੍ਹਿਆ ਜਾ ਸਕਦਾ ਹੈ।

ਜੋਗਿੰਦਰ ਕੌਰ ਅਗਨੀਹੋਤਰੀ - ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ ਤੇ ਜੱਗਾ

ਜੋਗਿੰਦਰ ਕੌਰ ਅਗਨੀਹੋਤਰੀ ਨੇ ਆਪਣੀ ਪੁਸਤਕ ‘ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ’ ਵਿੱਚ ਆਪਣੇ ਜੱਦੀ ਪਿੰਡ ‘ਕੋਟ ਲੱਲੂ’ ਦਾ ਇਤਿਹਾਸ ਬਿਆਨਿਆ ਹੈ। ਦੂਜੀ ਪੁਸਤਕ ਬਾਲ-ਨਾਵਲ ‘ਜੱਗਾ’ ਵਿੱਚ ਬਾਲ ਮਨਾਂ ਵਿੱਚ ਉਤਪੰਨ ਵਿਚਾਰਾਂ ਅਤੇ ਮਨੋਭਾਵਾਂ ਨੂੰ ਚਿੱਤਰਿਆ ਗਿਆ ਹੈ। ਚੰਗੀ ਸਕੂਲੀ ਸਿੱਖਿਆ ਕਰਕੇ ਜੱਗਾ (ਨਾਵਲ ਦਾ ਕੇਂਦਰੀ ਪਾਤਰ) ਜਿੱਥੇ ਆਪ ਸੁਧਰ ਗਿਆ, ਉੱਥੇ ਉਸਨੇ ਆਪਣੇ ਪਿਤਾ ਤੇ ਭੈਣ ਨੂੰ ਵੀ ਸਹੀ ਰਾਹ ’ਤੇ ਤੋਰ ਲਿਆ।

ਤਰਲੋਚਨ ਮੀਰ - ਖ਼ੰਜਰ।

ਤਰਲੋਚਨ ਮੀਰ ਦੇ ਗ਼ਜ਼ਲ-ਸੰਗ੍ਰਹਿ ‘ਖ਼ੰਜਰ’ ਨੂੰ ਪੜ੍ਹਦਿਆਂ ਇੰਝ ਲਗਦਾ ਹੈ ਕਿ ਉਸਦੇ ਅੰਦਰ ਵਿਦਰੋਹ ਦੀ ਭਾਵਨਾ ਪ੍ਰਚੰਡ ਰੂਪ ਵਿੱਚ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਇਨਸਾਨੀ ਕਦਰਾਂ-ਕੀਮਤਾਂ ਦੇ ਹੁੰਦੇ ਘਾਣ ਤੋਂ ਅਸਹਿਜ ਮਹਿਸੂਸ ਕਰਦਾ ਹੈ;

“ਗੁੱਸੇ ਵਿੱਚ ਸੂਰਜ ਖਫ਼ਾ ਨਦੀ

ਹੋਈ ਕਿੰਨੀ ਭਿਆਨਕ ਸਦੀ।” (ਖ਼ੰਜਰ)

ਮੀਰ ਦੀ ਕਲਮ ਡੂੰਘੇ ਅਰਥ ਸਿਰਜਦੀ ਹੈ। ਉਹ ਆਪਣੇ ਆਸੇ-ਪਾਸੇ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਮੁਨਾਫਾਖੋਰੀ ਤੋਂ ਮੁਕਤ ਕਰਨਾ ਚਾਹੁੰਦਾ ਹੈ।

ਡਾ. ਬੀਰਬਲ ਸਿੰਘ - ਕਥਾ ਦੀਪ।

ਡਾ. ਬੀਰਬਲ ਸਿੰਘ ਵੱਲੋਂ ਸੰਪਾਦਤ ਕਹਾਣੀ-ਸੰਗ੍ਰਹਿ ‘ਕਥਾ ਦੀਪ’ ‘ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ’ ਦੇ ਬੀ. ਏ. ਦੇ ਸਿਲੇਬਸ ਵਿੱਚ ਲੱਗਾ ਹੋਇਆ ਹੈ। ਡਾ. ਬੀਰਬਲ ਸਿੰਘ ਹਰਿਆਣਾ ਦੇ ਵਸਨੀਕ ਹਨ।

ਡਾ. ਬਲਵਾਨ ਔਜਲਾ - ਅੰਤਰ ਯੁੱਧ।

ਡਾ. ਬਲਵਾਨ ਔਜਲਾ ਦੇ ਕਾਵਿ-ਸੰਗ੍ਰਹਿ ‘ਅੰਤਰ ਯੁੱਧ’ ਵਿੱਚ ਅਜੋਕੇ ਸਮਾਜ ਦੇ ਵਿਭਿੰਨ ਪਸਾਰਾਂ ਨੂੰ ਪੇਸ਼ ਕੀਤਾ ਹੈ। ਉਸਨੇ ਕਿਰਸਾਨੀ ਸਮੱਸਿਆਵਾਂ ਨੂੰ ਭਾਵਾਤਮਕ ਸ਼ਬਦਾਂ ਵਿੱਚ ਬਿਆਨ ਕੀਤਾ ਹੈ;

“ਤੂੜੀ ਵਾਲੇ ਕੋਠੇ ਮੈਂ ਝਾਕਿਆ
ਵਾਪਰ ਗਿਆ ਉੱਥੇ ਹੋਰ ਹੀ ਵਾਕਿਆ
ਇੱਕ ਖੁੰਜੇ ਵਿੱਚ ਪਇਆ ਕਰਮ ਸਿਉਂ
ਮਿੱਟੀ ਤੇ ਕਰਜੇ ਨਾਲ ਖੇਡਦਾ।” (ਅੰਤਰ ਯੁੱਧ)

ਬਲਵਾਨ ਔਜਲਾ ਦੀ ਸ਼ਾਇਰੀ ਮਨੁੱਖਤਾ ਦੀ ਆਪਣੀ ਸ਼ਾਇਰੀ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਜਿੱਥੇ ਮੁਹੱਬਤ ਦੀ ਗੱਲ ਕਰਦਾ ਹੈ, ਉੱਥੇ ਹੀ ਭਰੂਣ-ਹੱਤਿਆ, ਵਾਤਾਵਰਨ ਸੰਭਾਲ, ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਸੁਨੇਹਾ, ਅੱਲੜ੍ਹ ਉਮਰ ਦੇ ਇਸ਼ਕ ਅਤੇ ਕਿਰਸਾਨੀ ਮੁਸ਼ਕਿਲਾਂ ਦੀ ਗੱਲ ਵੀ ਸ਼ਿੱਦਤ ਨਾਲ ਕਰਦਾ ਹੈ।

ਮੀਨਾ ਨਵੀਨ - ਮਰਾਠੀ ਝਲਕਾਰਾ।

ਮੀਨਾ ਨਵੀਨ ਦੀ ਅਨੁਵਾਦ ਪੁਸਤਕ ‘ਮਰਾਠੀ ਝਲਕਾਰਾ’ ਵਿੱਚ ਕੁੱਲ 14 ਮਰਾਠੀ ਕਹਾਣੀਆਂ ਹਨ। ਇਹਨਾਂ ਵਿੱਚ ‘ਕੁੰਦਾ ਜੋਗਵਾਲ’ ਦੀਆਂ ਸੱਤ ਕਹਾਣੀਆਂ, ‘ਜੈ ਸ਼੍ਰੀ ਜੋਸ਼ੀ’ ਦੀਆਂ ਚਾਰ ਕਹਾਣੀਆਂ ਤੇ ‘ਡਾ. ਉਮਾ ਕੰਪੂਵਾਲੇ’ ਦੀਆਂ ਤਿੰਨ ਕਹਾਣੀਆਂ ਸ਼ਾਮਿਲ ਹਨ।

‘ਮਰਾਠੀ ਝਲਕਾਰਾ’ ਪੜ੍ਹਦਿਆਂ ਲਗਦਾ ਹੈ; ਜਿਹੜੇ ਸਰੋਕਾਰ ਅਤੇ ਸਮੱਸਿਆਵਾਂ ਪੰਜਾਬੀ ਸੱਭਿਆਚਾਰ ਵਿੱਚ ਪਏ ਹਨ, ਉਹੀ ਸਰੋਕਾਰ ਅਤੇ ਸਮੱਸਿਆਵਾਂ ਮਰਾਠੀ ਸੱਭਿਆਚਾਰ ਵਿੱਚ ਵੀ ਮਿਲਦੇ ਹਨ।

ਰਜਨੀ - ਕੂਲੇ ਕੰਡੇ।

ਰਜਨੀ ਦੇ ਪਲੇਠੇ ਕਹਾਣੀ-ਸੰਗ੍ਰਹਿ ‘ਕੂਲੇ ਕੰਡੇ’ ਵਿੱਚ ਕੁੱਲ 50 ਪੰਜਾਬੀ ਕਹਾਣੀਆਂ ਸ਼ਾਮਿਲ ਹਨ। ‘ਕੂਲੇ ਕੰਡੇ’ ਪੜ੍ਹਦਿਆਂ ਪਾਠਕ ਦੀ ਮਾਨਵੀ ਚੇਤਨਾ ਜਾਗ੍ਰਤ ਹੁੰਦੀ ਹੈ। ਇਹ ਕਹਾਣੀ-ਸੰਗ੍ਰਹਿ ਕੋਮਲ ਮਨੋਭਾਵਾਂ, ਸੂਖਮ ਸੰਵੇਦਨਾਵਾਂ ਅਤੇ ਡੂੰਘੇ ਵਿਚਾਰਾਂ ਦੀਆਂ ਪਰਤਾਂ ਫਰੋਲਦਾ ਜਾਪਦਾ ਹੈ।

ਲਖਵਿੰਦਰ ਸਿੰਘ ਬਾਜਵਾ - ਮੈਂ ਲੇਖਕ ਕਿਵੇਂ ਬਣਿਆ ਤੇ ਗ਼ਮਲੇ ਦਾ ਬੂਟਾ।

ਲਖਵਿੰਦਰ ਸਿੰਘ ਬਾਜਵਾ ਦੇ ਕਹਾਣੀ-ਸੰਗ੍ਰਹਿ ‘ਗ਼ਮਲੇ ਦਾ ਬੂਟਾ’ ਦੀਆਂ ਕਹਾਣੀਆਂ ਦੇ ਪਾਤਰ ਆਮ ਪੇਂਡੂ ਜੀਵਨ ਵਿੱਚੋਂ ਹਨ। ਕਹਾਣੀਕਾਰ ਨੂੰ ਪੇਂਡੂ ਜੀਵਨ ਦਾ ਡੂੰਘਾ ਅਨੁਭਵ ਹੈ। ਉਹ ਆਪ ਕਿਰਸਾਨੀ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਉਸਦੀਆਂ ਕਹਾਣੀਆਂ ਆਮ ਮਨੁੱਖ ਦੀਆਂ ਕਹਾਣੀਆਂ ਹੁੰਦੀਆਂ ਹਨ।

ਸਾਹਿਤਕ ਸ੍ਵੈ ਜੀਵਨੀ ‘ਮੈਂ ਲੇਖਕ ਕਿਵੇਂ ਬਣਿਆ’ ਵਿੱਚ ਲੇਖਕ ਨੇ ਆਪਣੇ ਜੀਵਨ ਦੇ ਅਨੁਭਵ ਨੂੰ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਉਹ ਆਪਣੇ ਬਚਪਨ ਤੋਂ ਗੱਲ ਸ਼ੁਰੂ ਕਰਕੇ, ਚੜ੍ਹਦੀ ਜਵਾਨੀ ਤੇ ਬੁਢਾਪੇ ਵੱਲ ਦਾ ਚਿੱਤਰਨ ਬਾਖ਼ੂਬੀ ਪੇਸ਼ ਕਰਦਾ ਹੈ।

ਨੋਟ:

ਉਪਰੋਕਤ ਪੰਜਾਬੀ ਪੁਸਤਕਾਂ ਤੋਂ ਇਲਾਵਾ ਵੀ ਕੁਝ ਹੋਰ ਪੰਜਾਬੀ ਪੁਸਤਕਾਂ ਛਪੀਆਂ ਹੋ ਸਕਦੀਆਂ ਹਨ ਪਰ ਉਹਨਾਂ ਬਾਰੇ (ਲੇਖ ਲਿਖੇ ਜਾਣ ਤੱਕ) ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

ਆਖ਼ਰ ਵਿੱਚ:

ਹਰ ਸਾਲ ਦੇ ਵਾਂਗ ਇਸ ਸਾਲ 2024 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਭਰਪੂਰ ਹਾਜ਼ਰੀ ਲਵਾਈ ਹੈ। ਸ਼ਾਲਾ! ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਇਹ ਦੀਵਾ ਇੰਝ ਹੀ ਜਗਦਾ ਰਹੇ!

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5528)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author