NishanSRathaur7ਵਿਦਵਾਨਾਂ ਦਾ ਕਥਨ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ ਵਿੱਚ ਸਕੂਨ ਚਾਹੁੰਦਾ ਹੈ ਤਾਂ ਉਸ ਨੂੰ ਕੁਝ ਸਮਾਂ ...
(29 ਅਪਰੈਲ 2024)
ਇਸ ਸਮੇਂ ਪਾਠਕ: 185.


ਸਿਆਣੇ ਕਹਿੰਦੇ ਹਨ ਕਿ ਮੂੰਹ ਵਿੱਚੋਂ ਨਿਕਲੀ ਗੱਲ ਅਤੇ ਕਮਾਨ ਵਿੱਚੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਨਹੀਂ ਮੁੜਦੇ
ਇਹ ਗੱਲ 100 ਫੀਸਦੀ ਸੱਚ ਅਤੇ ਦਰੁਸਤ ਹੈਇਸੇ ਕਰਕੇ ਹੀ ਸੋਚ-ਸਮਝ ਕੇ ਬੋਲਣ ਲਈ ਤਾਕੀਦ ਕੀਤੀ ਜਾਂਦੀ ਹੈ ਅਤੇ ਠਰ੍ਹੰਮੇ ਨਾਲ ਕਦਮ ਪੁੱਟਣ ਲਈ ਕਿਹਾ ਜਾਂਦਾ ਹੈ

ਅੱਜ ਦਾ ਯੁਗ ਭੱਜਦੌੜ ਦਾ ਯੁਗ ਹੈਮਨੁੱਖ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦਾ ਹੈ, ਤਰੱਕੀ ਕਰਨਾ ਚਾਹੁੰਦਾ ਹੈਵੱਡੇ ਸ਼ਹਿਰਾਂ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈਖੇਤੀ ਯੋਗ ਜ਼ਮੀਨਾਂ ਘਟਦੀਆਂ ਜਾ ਰਹੀਆਂ ਹਨ ਅਤੇ ਪੱਥਰਾਂ ਦੇ ਸ਼ਹਿਰ ਉੱਸਰਦੇ ਜਾ ਰਹੇ ਹਨਅੱਜ ਹਾਲਾਤ ਇੰਝ ਦੇ ਹੋ ਗਏ ਹਨ ਕਿ ਹਰ ਪਾਸੇ ਕੰਕਰੀਟ ਹੀ ਕੰਕਰੀਟ ਨਜ਼ਰ ਆਉਂਦਾ ਹੈਪਿੰਡਾਂ ਵਿੱਚੋਂ ਸ਼ਹਿਰਾਂ ਵੱਲ ਨੂੰ ਲੋਕਾਂ ਦਾ ਰੁਝਾਨ ਵਧਦਾ ਜਾ ਰਿਹਾ ਹੈਇਹਨਾਂ ਸਭ ਕਾਰਨਾਂ ਦਾ ਮੂਲ ਮਕਸਦ ਇਹ ਹੈ ਕਿ ਅੱਜ ਦਾ ਮਨੁੱਖ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੁੰਦਾ ਹੈਪੈਸੇ ਦੀ ਭੁੱਖ ਨੇ ਮਨੁੱਖ ਨੂੰ ਮਨੁੱਖਤਾ ਤੋਂ ਹੀਣਾ ਕਰਕੇ ਰੱਖ ਦਿੱਤਾ ਹੈ

ਅੱਜ ਹਰ ਪਾਸੇ ਇੰਟਰਨੈੱਟ ਦਾ ਬੋਲਬਾਲਾ ਹੈਘੰਟਿਆਂ ਦੇ ਕੰਮ ਮਿੰਟਾਂ ਵਿੱਚ ਅਤੇ ਮਿੰਟਾਂ ਦੇ ਕੰਮ ਸਕਿੰਟਾਂ ਵਿੱਚ ਨੇਪਰੇ ਚੜ੍ਹ ਜਾਂਦੇ ਹਨਇਸ ਇੰਟਰਨੈੱਟ ਦੀ ਸਹੂਲਤ ਨੇ ਜਿੱਥੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਆਰਾਮਦਾਇਕ ਕੀਤਾ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਵੀ ਬਣ ਗਿਆ ਹੈਅੱਜ ਬਜ਼ੁਰਗਾਂ ਤੋਂ ਲੈ ਕੇ ਨਿੱਕੇ ਬੱਚਿਆਂ ਤਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਆਮ ਹੀ ਦੇਖੇ ਜਾ ਸਕਦੇ ਹਨਮਨੁੱਖ ਨੇ ਤਕਨੀਕ ਦੀ ਵਰਤੋਂ ਕਰਕੇ ਤਰੱਕੀ ਜ਼ਰੂਰ ਕੀਤੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪ੍ਰੰਤੂ ਅਜੋਕਾ ਮਨੁੱਖ ਮਾਨਸਿਕ ਵਿਕਾਰਾਂ ਵਿੱਚ ਆਪਣੀ ਜ਼ਿੰਦਗੀ ਨੂੰ ਗੁਆ ਰਿਹਾ ਹੈਦੂਜੇ ਸ਼ਬਦਾਂ ਵਿਚ ਅੱਜ ਦਾ ਮਨੁੱਖ ਆਪਣਾ ਮਨੁੱਖੀ ਜੀਵਨ ਆਨੰਦ ਨਾਲ ਜੀਅ ਨਹੀਂ ਰਿਹਾ ਬਲਕਿ ਢੋਹ ਰਿਹਾ ਹੈ, ਕੱਟ ਰਿਹਾ ਹੈ

ਅੱਜ ਮੋਬਾਇਲ ਫੋਨ ਨੇ ਲੋਕਾਂ ਨੂੰ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤਾ ਹੈਹੁਣ ਚਿੱਠੀਆਂ-ਪੱਤਰ ਲਿਖਣਾ ਆਮ ਲੋਕ ਭੁੱਲ ਗਏ ਹਨਅੱਜ ਇੰਟਰਨੈੱਟ ਦੇ ਯੁਗ ਵਿੱਚ ਭੇਜੇ ਸੰਦੇਸ਼ ਚੰਦ ਸਕਿੰਟਾਂ ਵਿੱਚ ਦੂਜੇ ਪਾਸੇ ਅੱਪੜ ਜਾਂਦੇ ਹਨ। ਇਸ ਲਈ ਅੱਜ ਦੀ ਪੀੜ੍ਹੀ ਚਿੱਠੀਆਂ-ਪੱਤਰਾਂ ਨੂੰ ਲਿਖਣਾ ਭੁੱਲ ਗਈ ਜਾਪਦੀ ਹੈ

ਦੂਜੀ ਗੱਲ, ਸਾਂਝੇ ਪਰਿਵਾਰ ਹੁਣ ‘ਬੀਤੇ ਵਕਤ ਦੀਆਂ ਬਾਤਾਂ’ ਬਣ ਕੇ ਰਹਿ ਗਏ ਹਨਅੱਜ ਬਹੁਤੇ ਲੋਕਾਂ ਕੋਲ ਆਪਣੇ ਪਰਿਵਾਰ ਵਿੱਚ ਬਹਿ ਕੇ ਗੱਲਾਂ-ਬਾਤਾਂ ਕਰਨ ਦਾ ਸਮਾਂ ਨਹੀਂ ਹੈਨਾਨੀ-ਦਾਦੀ, ਮਾਤਾ ਦੀਆਂ ਕਹਾਣੀਆਂ, ਵਿਆਹਾਂ-ਸ਼ਾਦੀਆਂ ’ਤੇ ਲੇਡੀਜ਼ ਸੰਗੀਤ, ਨਾਨਕਾ-ਮੇਲ, ਦਾਦਕਾ-ਮੇਲ, ਸੁਹਾਗ, ਘੋੜੀਆਂ ਆਦਿ ਰੀਤੀ-ਰਿਵਾਜ਼ ਖ਼ਤਮ ਹੋਣ ਕਿਨਾਰੇ ਹਨਹੁਣ ਲੋਕ ਮੈਰਿਜ-ਪੈਲੇਸ ਵਿੱਚੋਂ ਵਿਆਹ ਦੇਖ ਕੇ ਮੁੜ ਆਉਂਦੇ ਹਨਵਿਆਹਾਂ ਵਿੱਚ ਬਹੁਤੇ ਲੋਕਾਂ ਕੋਲ ਆਰਾਮ ਨਾਲ ਬਹਿ ਕੇ ਗੱਲਾਂ ਕਰਨ, ਹਾਸਾ-ਠੱਠਾ ਕਰਨ ਅਤੇ ਆਨੰਦ ਮਾਣਨ ਦਾ ਵਕਤ ਨਹੀਂ ਹੈ

ਵਿਦਵਾਨਾਂ ਦਾ ਕਥਨ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ ਵਿੱਚ ਸਕੂਨ ਚਾਹੁੰਦਾ ਹੈ ਤਾਂ ਉਸ ਨੂੰ ਕੁਝ ਸਮਾਂ ਆਪਣੇ-ਆਪ ਨੂੰ ਦੇਣਾ ਚਾਹੀਦਾ ਹੈਦੋਸਤੋ, ਇੱਕ ਜਾਂ ਦੋ ਦਿਨ ਲਈ ਇੰਟਰਨੈੱਟ ਨੂੰ ਬੰਦ ਕਰਕੇ ਦੇਖੋ ਜਾਂ ਮੋਬਾਇਲ ਨੂੰ ਘਰ ਛੱਡ ਕੇ ਦੇਖੋ, ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ? ਕਦੇ ਕਿਸੇ ਮਿੱਤਰ-ਪਿਆਰੇ ਨੂੰ ਚਿੱਠੀ ਲਿਖ ਕੇ ਦੇਖੋਯਕੀਕਨ, ਤੁਹਾਨੂੰ ਚੰਗਾ ਲੱਗੇਗਾ, ਸਕੂਨ ਮਿਲੇਗਾ

ਸ਼ਹਿਰ ਦੇ ਰੌਲੇ-ਰੱਪੇ ਤੋਂ ਕੁਝ ਦਿਨ ਲਈ ਦੂਰ ਹੋ ਕੇ ਦੇਖੋ ਜਾਂ ਕਿਸੇ ਪਹਾੜੀ ਸਥਾਨ ’ਤੇ ਜਾ ਕੇ ਕੁਝ ਦਿਨ ਚੈਨ ਦਾ ਜੀਵਨ ਬਤੀਤ ਕਰਕੇ ਦੇਖੋਕਿਸੇ ਦਿਨ ਸੰਧਿਆ ਵੇਲੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕਰੋ ਤਾਂ ਤੁਹਾਨੂੰ ਬਹੁਤ ਕੁਝ ‘ਨਵਾਂ’ ਸਿੱਖਣ ਨੂੰ ਮਿਲੇਗਾਪਰਿਵਾਰ ਦੇ ਜੀਆਂ ਦੇ ਵਿਚਾਰ ਸੁਣ ਕੇ ਤੁਹਾਡੇ ਆਪਣੇ ਮਨ ਵਿੱਚ ਨਵੇਂ ਵਿਚਾਰ ਆਉਣਗੇ ਜਿਹੜੇ ਕਿ ਭਵਿੱਖ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ

ਪਿੰਡ ਜਾਂ ਸ਼ਹਿਰ ਦੀ ਗਲੀ ਜਾਂ ਸੱਥ ਵਿੱਚ ਬਜ਼ੁਰਗਾਂ ਦੇ ਵਿਚਾਰ ਸੁਣ ਕੇ ਦੇਖੋ, ਤੁਹਾਨੂੰ ਉਹ ਗਿਆਨ ਪ੍ਰਾਪਤ ਹੋਵੇਗੇ ਜਿਹੜਾ (ਇੰਟਰਨੈੱਟ) ਗੂਗਲ ਤੋਂ ਕਦੇ ਪ੍ਰਾਪਤ ਨਹੀਂ ਹੋ ਸਕਦਾਅਸਲ ਵਿੱਚ ਬਜ਼ੁਰਗਾਂ ਤੋਂ ਉਹਨਾਂ ਦੇ ਅਨੂਭਵ ਸੁਣਨੇ ਹਰ ਬੰਦੇ ਦੇ ਹਿੱਸੇ ਨਹੀਂ ਆਉਂਦੇਇਸ ਨਾਲ ਤੁਹਾਨੂੰ ਆਪਣੇ ਜੀਵਨ ਦੀ ਅਹਿਮੀਅਤ ਦਾ ਗਿਆਨ ਹੋਵੇਗਾ

ਕੁਝ ਘੰਟੇ, ਜੇ ਹੋ ਸਕੇ ਤਾਂ ਕੁਝ ਦਿਨਾਂ ਲਈ ਮੋਬਾਇਲ ਫੋਨ ਤੋਂ ਦੂਰ ਹੋ ਕੇ ਦੇਖੋਜੇਕਰ ਇੰਨਾ ਵੀ ਸੰਭਵ ਨਹੀਂ ਤਾਂ ਕੁਝ ਘੰਟਿਆਂ ਲਈ ਇੰਟਰਨੈੱਟ ਬੰਦ ਕਰਕੇ ਦੇਖੋ, ਤੁਹਾਨੂੰ ਸੁਖ ਅਤੇ ਚੈਨ ਦਾ ਅਨੁਭਵ ਹੋਵੇਗਾਸਿਆਣਿਆਂ ਦਾ ਕਹਿਣਾ ਹੈ ਕਿ ਉਹ ਰੁੱਖ ਉੱਚਾ ਅਤੇ ਹਰਿਆ-ਭਰਿਆ ਹੁੰਦਾ ਹੈ ਜਿਹੜਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੁੰਦਾ ਹੈ ਜੜ੍ਹਾਂ ਨਾਲੋਂ ਟੁੱਟਿਆ ਰੁੱਖ ਮਾੜੀ ਜਿਹੀ ਹਵਾ ਦੇ ਬੁੱਲੇ ਨਾਲ ਜ਼ਮੀਨ ’ਤੇ ਡਿਗ ਪੈਂਦਾ ਹੈਇਸ ਲਈ ਸਾਨੂੰ ਆਪਣੀਆਂ ਜੜ੍ਹਾਂ ਨਾਲ, ਪਿੰਡਾਂ ਨਾਲ, ਪਰਿਵਾਰਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡਾ ਮਨੁੱਖੀ ਜੀਵਨ ਸੁਖਦਾਇਕ ਅਤੇ ਸਕੂਨ ਭਰਿਆ ਹੋ ਸਕੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4924)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author