“ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਉਹ ਆਪਣੇ ਮਾਂ-ਬਾਪ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ ...”
(24 ਜੂਨ 2024)
ਇਸ ਸਮੇਂ ਪਾਠਕ: 610.
ਮੇਰਾ ਛੋਟਾ ਬੇਟਾ ਪਵਨੂਰ ਅਜੇ ਛੇਆਂ ਵਰ੍ਹਿਆਂ ਦਾ ਵੀ ਨਹੀਂ ਹੋਇਆ ਪਰ ਇੱਲਤਾਂ ਇੰਨੀਆਂ ਕਰਦਾ ਸੀ, ਰਹੇ ਰੱਬ ਦਾ ਨਾਂਅ। ਉਸਦੀ ਮਾਂ ਪੰਜ-ਸੱਤ ਮਿੰਟ ਇੱਧਰ-ਉੱਧਰ ਹੋਈ ਨਹੀਂ ਕਿ ਘਰ ਵਿੱਚ ਬੈੱਡ ਦੀ ਚਾਦਰ, ਡਾਈਨਿੰਗ ਟੇਬਲ ਦਾ ਕੱਪੜਾ, ਫਰਿਜ ਦਾ ਸਾਮਾਨ, ਬਾਥਰੂਮ ਦਾ ਸਾਬਣ ਅਤੇ ਤੋਲੀਏ, ਸਭ ਕੁਝ ਉਲਟ-ਪੁਲਟ ਹੋ ਜਾਂਦਾ ਹੈ। ਬਾਹਰੋਂ ਚੱਪਲਾਂ ਅਤੇ ਸੈਂਡਲ ਮਿੱਟੀ ਨਾਲ ਲਬੇੜ ਕੇ ਸਿੱਧਾ ਬਾਥਰੂਮ ਵਿੱਚ ਵੜ ਜਾਣਾ ਉਸਦਾ ਨਿੱਤ ਦਾ ਕੰਮ ਹੈ।
ਉਸਦੇ ਕਿਸੇ ਵੀ ਖਿਡੌਣੇ ਦਾ ਜੀਵਨ ਇੱਕ ਦਿਨ ਤੋਂ ਵੱਧ ਨਹੀਂ ਹੁੰਦਾ। ਪਵਨੂਰ ਦੇ ਸਕੂਲੋਂ ਆਉਣ ਮਗਰੋਂ ਉਸਦੇ ਖਿਡੌਣਿਆਂ ਵਿੱਚ ਉਸਦੀ ਘੜੀ, ਕਾਰ, ਸਕੂਟਰ, ਟੀਵੀ ਦਾ ਰਿਮੋਟ ਅਤੇ ਆਪਣੀ ਮਾਂ ਦੇ ਮੇਕਅੱਪ ਦਾ ਸਾਮਾਨ; ਘਰ ਵਿੱਚ ਥਾਂ-ਥਾਂ ’ਤੇ ਖਿਲਰਿਆ ਹੋਣਾ ਆਮ ਜਿਹੀ ਗੱਲ ਹੈ।
ਵੱਡੇ ਬੇਟੇ ਅਸ਼ਨੂਰ ਨਾਲ ਗੁੱਥਮ-ਗੁੱਥਾ ਹੋਣਾ, ਗੁੱਸੇ ਹੋਣਾ ਅਤੇ ਉਸਦੀਆਂ ਸ਼ਿਕਾਇਤਾਂ ਲਗਾਉਣੀਆਂ ਕੋਈ ਨਵੀਂ ਗੱਲ ਨਹੀਂ ਹੈ। ਉੱਤੋਂ ਦੋਹਾਂ ਬੱਚਿਆਂ ਦੀਆਂ ਦਲੀਲਾਂ ਸੁਣ ਕੇ ‘ਕਸੂਰਵਾਰ’ ਬੱਚਾ ਲੱਭਣਾ ਮੇਰੇ ਲਈ ਅਕਸਰ ਹੀ ਅਸੰਭਵ ਕਾਰਜ ਹੁੰਦਾ ਹੈ। ਇਸ ਲਈ ਮੈਂ ਉਹਨਾਂ ਦੇ ਨਿੱਤ ਦੇ ਝਗੜੇ ਨੂੰ ਸੁਲਝਾਉਣ ਦੇ ਮਸਲੇ ਵਿੱਚ ਪੈਂਦਾ ਹੀ ਨਹੀਂ।
ਉਹਨਾਂ ਦੀ ਮਾਂ ਬਹੁਤ ਗੁੱਸਾ ਕਰਦੀ ਹੈ, ਝਿੜਕਦੀ ਹੈ, ਕਲਪਦੀ ਹੈ ਅਤੇ ਕਦੇ-ਕਦਾਈਂ ਮੈਨੂੰ ਵੀ ਕਹਿੰਦੀ ਹੈ ਕਿ ਤੁਸੀਂ ਕੁਝ ਆਖਦੇ ਨਹੀਂ, ਝਿੜਕਦੇ ਨਹੀਂ। ਦੋਹਾਂ ਬੱਚਿਆਂ ਨੂੰ ਸਿਰ ’ਤੇ ਚੜ੍ਹਾਇਆ ਹੋਇਆ ਹੈ। ਪਰ, ਮੈਨੂੰ ਇਹ ਸਭ ਕੁਝ ਚੰਗਾ ਲਗਦਾ ਹੈ। ਇਹੀ ਉਮਰ ਇੱਲਤਾਂ, ਸ਼ਰਾਰਤਾਂ ਕਰਨ ਦੀ ਹੈ। ਫਿਰ ਤਾਂ ਸੁੰਨਸਾਨ ਪਏ ਰਹਿੰਦੇ ਘਰ ਮੈਂ ਅੱਖੀਂ ਦੇਖੇ ਹਨ। ਘਰਾਂ ਵਿੱਚ ਬੈੱਡਾਂ ’ਤੇ ਚਾਦਰਾਂ ਵਿਛੀਆਂ ਰਹਿੰਦੀਆਂ ਹਨ। ਡਾਈਨਿੰਗ ਟੇਬਲ ਖ਼ਾਲੀ ਪਏ ਰਹਿੰਦੇ ਹਨ। ਬਾਥਰੂਮ ਸਾਫ਼-ਸੁਥਰੇ, ਲਿਸ਼ਕਦੇ ਰਹਿੰਦੇ ਹਨ।
ਬੱਚੇ ਵੱਡੇ ਕੀ ਹੁੰਦੇ ਹਨ ਸਭ ਹਾਸੇ, ਗੁੱਸੇ, ਰੋਸੇ, ਇੱਲਤਾਂ, ਸ਼ਿਕਾਇਤਾਂ, ਰੌਣਕਾਂ ਸਭ ਕੁਝ ਖੰਭ ਲਾ ਕੇ ਉਡ-ਪੁਡ ਜਾਂਦੀਆਂ ਹਨ। ਫਿਰ ਅਸੀਂ ਰੌਲੇ-ਰੱਪੇ ਨੂੰ ਤਰਸਦੇ ਹਾਂ। ਉਦੋਂ ਤਕ ਘਰ ਦੀਆਂ ਕੰਧਾਂ ਲੰਮੀ ਚੁੱਪ ਧਾਰ ਲੈਂਦੀਆਂ ਹਨ। ਫਿਰ ਸਾਡੇ ਕੰਨ ਸ਼ਿਕਾਇਤਾਂ ਸੁਣਨ ਨੂੰ ਤਰਸ ਜਾਂਦੇ ਹਨ। ਫਿਰ ਅਸੀਂ ਘਰ ਦੀ ਸਾਫ਼-ਸਫ਼ਾਈ ਤੋਂ ਅੱਕ ਜਾਂਦੇ ਹਾਂ।
ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਉਹ ਆਪਣੇ ਮਾਂ-ਬਾਪ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ, ਹੱਸਣਾ ਚਾਹੁੰਦੇ ਹਨ ਪਰ ਮਾਂ-ਬਾਪ ਆਪਣੇ ਕੰਮਾਂਕਾਰਾਂ ਵਿੱਚ ਮਸ਼ਰੂਫ਼ ਹੁੰਦੇ ਹਨ, ਮੋਬਾਇਲ ਫ਼ੋਨਾਂ ਵਿੱਚ ਮਸ਼ਰੂਫ਼ ਹੁੰਦੇ ਹਨ। ਸਮਾਂ ਲੰਘਣ ਮਗਰੋਂ ਮਾਂ-ਬਾਪ ਆਪਣੇ ਬੱਚਿਆਂ ਨਾਲ ਗੱਲਾਂ ਕਰਨਾ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ, ਹੱਸਣਾ ਚਾਹੁੰਦੇ ਹਨ ਤਾਂ ਉਦੋਂ ਬੱਚਿਆਂ ਕੋਲ ਵਕਤ ਨਹੀਂ ਹੁੰਦਾ। ਉਹ ਆਪਣੀ ਪੜ੍ਹਾਈ ਵਿੱਚ ਮਸ਼ਰੂਫ਼ ਹੋ ਜਾਂਦੇ ਹਨ, ਦੂਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ।
ਇਹ ਜ਼ਿੰਦਗੀ ਦੀ ਤਲਖ਼ ਹਕੀਕਤ ਹੈ, ਜਿਹੜਾ ਅੱਜ ਬੱਚਾ ਹੈ, ਕੱਲ੍ਹ ਨੂੰ ਉਸਨੇ ਜਵਾਨ ਵੀ ਹੋਣਾ ਹੈ। ਜਿਹੜਾ ਜਵਾਨ ਹੈ ਉਸਨੇ ਬਜ਼ੁਰਗ ਹੋਣਾ ਹੈ। ਵਕਤ ਦਾ ਪਹੀਆ ਕਦੇ ਕਿਸੇ ਲਈ ਨਹੀਂ ਰੁਕਦਾ ਪਰ ਜਿਸ ਬੰਦੇ ਨੇ ਵਕਤ ਦੇ ਨਾਲ ਤੁਰਨਾ ਸਿੱਖ ਲਿਆ, ਸਹੀ ਅਰਥਾਂ ਵਿੱਚ ਉਹੀ ਸੂਝਵਾਨ, ਸਿਆਣਾ ਮਨੁੱਖ ਹੈ।
ਅੱਜ ਤੁਹਾਡੇ ਘਰ ਖ਼ੁਸ਼ੀਆਂ-ਖੇੜੇ, ਹਾਸੇ-ਰੋਸੇ, ਇਲਤਾਂ-ਸ਼ਿਕਾਇਤਾਂ ਸਭ ਕੁਝ ਹੈ ਪਰ ਤੁਸੀਂ ਖੁਦ ਗ਼ੈਰ ਹਾਜ਼ਰ ਹੋ। ਜਦੋਂ ਤਕ ਤੁਸੀਂ ਹਾਜ਼ਰ ਹੋਵੋਗੇ, ਵਾਪਸ ਮੁੜੋਗੇ ਉਦੋਂ ਤਕ ਇਹ ਰੱਬੀ ਨਿਆਮਤਾਂ ਗ਼ੈਰ ਹਾਜ਼ਰ ਹੋ ਜਾਣਗੀਆਂ, ਖੰਭ ਲਾ ਕੇ ਉਡ-ਪੁਡ ਜਾਣਗੀਆਂ। ਸੋ ਦੋਸਤੋ, ਜ਼ਿੰਦਗੀ ਵਿੱਚ ਵਰਤਮਾਨ ਸਮੇਂ ਦੀ ਕਦਰ ਕਰੋ। ਆਪਣੇ ਘਰ-ਪਰਿਵਾਰ ਨੂੰ ਵਕਤ ਦਿੰਦੇ ਰਹੋ। ਹੱਸੋ, ਖੇਡੋ ਅਤੇ ਜ਼ਿੰਦਗੀ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਆਪਣੇ ਜ਼ਿਹਨ, ਮਨ ਵਿੱਚ ਸਾਂਭ ਲਵੋ ਤਾਂ ਕਿ ਬੁਢਾਪੇ ਵਿੱਚ ਇਹ ਯਾਦਾਂ ਸੁਨਹਿਰੀ ਸਮੇਂ ਦੀ ਯਾਦ ਦੁਆਉਂਦੀਆਂ ਰਹਿਣ। ਇੱਕ ਸ਼ੇਅਰ ਹੈ:
ਰੌਲੇ ਰੱਪੇ ਤੇਰੇ ਘਰ ਦੀ ਕਿਸਮਤ ਹੈ,
ਚੁੱਪਾਂ ਜਾ ਕੇ ਵੇਖ ਕਦੇ ਸ਼ਮਸ਼ਾਨ ਦੀਆਂ।
ਜਿਉਂਦੇ-ਵਸਦੇ ਰਹੋ ਸਾਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5079)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)