NishanSRathaur7ਹਾਕਮੋਤੁਸੀਂ ਇਨਸਾਨਾਂ ਨੂੰ ਤਾਂ ਧਰਮਾਂਜਾਤਾਂਗੋਤਾਂਮੁਲਕਾਂ ਵਿੱਚ ਵੰਡ ਸਕਦੇ ਹੋ ਪਰ ਇਨ੍ਹਾਂ ...
(26 ਮਾਰਚ 2026)


ਸਾਲ 2011 ਦੀ ਗੱਲ ਹੈ। ਮੇਰੀ ਬਦਲੀ ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਵਿਖੇ ਹੋ ਗਈ। ਅਸਲ ਵਿੱਚ ਇਸ ਸ਼ਹਿਰ ਫਾਜ਼ਿਲਕਾ ਨੂੰ ਪਾਕਿਸਤਾਨ ਦੀ ਸਰਹੱਦ ਲਗਦੀ ਹੈ ਅਤੇ ਇਸਦੇ ਬਾਰਡਰ ’ਤੇ ਹਰ ਰੋਜ਼ ‘ਫ਼ੌਜੀ ਪਰੇਡ’ ਹੁੰਦੀ ਹੈ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ’ਤੇ ਸਿਰਫ ਤਿੰਨ ਹੀ ਬਾਰਡਰ ਹਨ, ਜਿੱਥੇ ਹਰ ਰੋਜ਼ ਫ਼ੌਜੀ ਪਰੇਡ ਹੁੰਦੀ ਹੈ। ਪਹਿਲਾ ਹੈ ਅੰਮ੍ਰਿਤਸਰ ਦਾ ਵਾਹਗਾ ਬਾਰਡਰ
ਦੂਜਾ ਹੈ ਫਿਰੋਜ਼ਪੁਰ ਦਾ ਹੁਸੈਨੀਵਾਲਾ ਬਾਰਡਰ ਅਤੇ ਤੀਜਾ ਹੈ ਫਾਜ਼ਿਲਕਾ ਦਾ ਸਾਦਕੀ ਬਾਰਡਰ। ਆਪਣੇ ਵਾਲੇ ਪਾਸੇ (ਹਿੰਦੋਸਤਾਨ) ਵਿੱਚ ਫਾਜ਼ਿਲਕਾ ਵਾਲੇ ਬਾਰਡਰ ਨੂੰ ‘ਸਾਦਕੀ ਬਾਰਡਰ’ ਕਹਿੰਦੇ ਹਨ ਪਰ ਪਾਕਿਸਤਾਨ ਵਾਲੇ ਪਾਸੇ ਇਸਨੂੰ ‘ਸਰਦਾਰ ਗੰਡਾ ਸਿੰਘ ਬਾਰਡਰ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਥਾਂ ’ਤੇ ਪਰੇਡ ਨਹੀਂ ਹੁੰਦੀ।

ਮੈਨੂੰ ਫਾਜ਼ਿਲਕਾ ਗਏ ਨੂੰ ਅਜੇ ਕੁਝ ਦਿਨ ਹੀ ਹੋਏ ਸਨ ਕਿ ਇੱਕ ਦਿਨ ਮੇਰੇ ਇੱਕ ਮਿੱਤਰ ਦਾ ਫ਼ੋਨ ਆਇਆ ਕਿ ਚੱਲ ਸਾਦਕੀ ਬਾਰਡਰ ’ਤੇ ਫ਼ੌਜੀਆਂ ਦੀ ਪਰੇਡ ਦੇਖਣ ਚੱਲੀਏ। ਮੇਰਾ ਮਨ ਨਹੀਂ ਸੀ ਕਿਉਂਕਿ ਅਜੇ ਚੰਗੀ ਤਰ੍ਹਾਂ ਕੁਆਟਰ ਦਾ ਸਾਮਾਨ ਹੀ ਸੈੱਟ ਨਹੀਂ ਸੀ ਹੋਇਆ। ਪਰ ਫਿਰ ਵੀ ਅਣਮੰਨੇ ਜਿਹੇ ਮਨ ਨਾਲ ਮੈਂ ‘ਹਾਂ’ ਕਰ ਦਿੱਤੀ। ਫਿਰ ਸ਼ਾਮੀਂ ਪੰਜ ਕੁ ਵਜੇ ਅਸੀਂ ਬੱਸ ਵਿੱਚ ਬੈਠ ਕੇ ‘ਸਾਦਕੀ ਬਾਰਡਰ’ ਵਾਲੇ ਪਾਸੇ ਨੂੰ ਚੱਲ ਪਏ। ਪਾਕਿਸਤਾਨ ਦੀ ਸਰਹੱਦ ਜਿਵੇਂ-ਜਿਵੇਂ ਨੇੜੇ ਆ ਰਹੀ ਸੀ, ਮੇਰੇ ਦਿਲ ਦੀ ਧੜਕਣ ਵਧਦੀ ਜਾ ਰਹੀ ਸੀ। ਦੂਰ ਜਿੱਥੋਂ ਤਕ ਨਜ਼ਰ ਜਾਂਦੀ ਸੀ, ਉੱਥੇ ਤਕ ਪਾਕਿਸਤਾਨ ਦੇ ਹਰੇ-ਭਰੇ ਖੇਤ ਅਤੇ ਰੁੱਖ ਨਜ਼ਰ ਆਉਣ ਲੱਗੇ ਸਨ। ਖੁੱਲ੍ਹੇ ਵਾਤਾਵਰਣ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਭਾਰਤ ਕਿਹੜੇ ਪਾਸੇ ਹੈ ਅਤੇ ਪਾਕਿਸਤਾਨ ਕਿਹੜੇ ਪਾਸੇ ਹੈ

ਸ਼ਾਮ ਨੂੰ ਤਕਰੀਬਨ ਸਾਢੇ ਕੁ ਪੰਜ ਵਜੇ ਅਸੀਂ ‘ਸਾਦਕੀ ਬਾਰਡਰ’ ਦੇ ਨੇੜੇ ਪਹੁੰਚ ਗਏ। ਸਾਡੇ ਨਾਲ ਬੱਸ ਵਿੱਚ ਇੱਕ ਅਜਿਹਾ ਸ਼ਖਸ ਵੀ ਆਇਆ ਸੀ ਜਿਹੜਾ ਪਹਿਲਾਂ ਵੀ ਇਹ ਪਰੇਡ ਕਈ ਵਾਰ ਦੇਖ ਚੁੱਕਿਆ ਸੀ। ਉਸਨੇ ਦੱਸਿਆ ਕਿ ਬਾਰਡਰ ਦੇ ਉਸ ਪਾਰ ਤਕਰੀਬਨ 15 ਕੁ ਕਿਲੋਮੀਟਰ ਦੀ ਵਿੱਥ ’ਤੇ ਪਾਕਿਸਤਾਨ ਦਾ ਕਸੂਰ ਸ਼ਹਿਰ ਹੈ ਅਤੇ ਇੱਧਰ ਆਪਣੇ ਵਾਲੇ ਪਾਸੇ 14 ਕੁ ਕਿਲੋਮੀਟਰ ਦੀ ਵਿੱਥ ’ਤੇ ਫਾਜ਼ਿਲਕਾ ਸ਼ਹਿਰ ਵਸਦਾ ਹੈ। ਅਸਲ ਵਿੱਚ ਫਾਜ਼ਿਲਕਾ ਨੂੰ “ਫ਼ਾਜ਼ਿਲ-ਕਾ-ਬੰਗਲਾ” ਕਿਹਾ ਜਾਂਦਾ ਸੀ। ਅੱਜ ਵੀ ਪੁਰਾਣੇ ਲੋਕ ਫਾਜ਼ਿਲਕਾ ਸ਼ਹਿਰ ਨੂੰ “ਫ਼ਾਜ਼ਿਲ-ਕਾ-ਬੰਗਲਾ” ਹੀ ਆਖਦੇ ਸੁਣੇ ਜਾ ਸਕਦੇ ਹਨ। ਫਾਜ਼ਿਲਕਾ ਸ਼ਹਿਰ ਦੇ ਮੁੱਖ ਬਜ਼ਾਰ ਦਾ ਘੰਟਾਘਰ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ।

ਸਾਡੀ ਬੱਸ ਨੂੰ ਗੇਟ ਦੇ ਬਾਹਰ ਹੀ ਰੋਕ ਦਿੱਤਾ ਗਿਆ। ਇੱਥੇ ਹੀ ਸਾਰੀਆਂ ਗੱਡੀਆਂ, ਕਾਰਾਂ, ਬੱਸਾਂ ਨੂੰ ਰੋਕਿਆ ਜਾਂਦਾ ਹੈ ਕਿਉਂਕਿ ਇੱਥੋਂ ਅੱਗੇ ਅਸਲ ਕੰਟਰੋਲ ਰੇਖਾ ਅੱਧਾ ਕਿਲੋਮੀਟਰ ਹੀ ਦੂਰ ਰਹਿ ਜਾਂਦੀ ਹੈ। ਇਸ ਜਗ੍ਹਾ ਤੋਂ ਯਾਤਰੀ ਪੈਦਲ ਹੀ ਬਾਰਡਰ ਵਾਲੇ ਪਾਸੇ ਨੂੰ ਜਾਂਦੇ ਹਨ। ਅਸੀਂ ਵੀ ਪੈਦਲ ਹੀ ਤੁਰ ਪਏ। ਰਾਹ ਵਿੱਚ ਬੀ. ਐੱਸ. ਐੱਫ. ਦੇ ਜਵਾਨਾਂ ਦੀ ‘ਚੈੱਕ ਪੋਸਟ’ ਉੱਪਰ ਸਾਡੀ ਤਲਾਸ਼ੀ ਲਈ ਗਈ। ਪਰੇਡ ਦੇਖਣ ਆਈਆਂ ਔਰਤਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਸਨ ਜਿੱਥੇ ਔਰਤ ਕਾਂਸਟੇਬਲਾਂ ਤਲਾਸ਼ੀ ਲੈ ਰਹੀਆਂ ਸਨ। ਉਨ੍ਹਾਂ ਲਈ ਪਰਦਾ ਲਾ ਕੇ ਇੱਕ ਟੈਂਟ ਸੈੱਟ ਕੀਤਾ ਹੋਇਆ ਸੀ। ਪਾਣੀ ਦੀਆਂ ਬੋਤਲਾਂ, ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਉੱਥੇ ਟੈਂਟ ਦੇ ਕੋਲ ਹੀ ਰਖਵਾਇਆ ਜਾ ਰਿਹਾ ਸੀ। ਕਿਸੇ ਤਰ੍ਹਾਂ ਦੀ ਆਵਾਜ਼ ਕਰਦੇ ਖਿਡੌਣੇ, ਸੀਟੀਆਂ ਅਤੇ ਪੋਸਟਰ ਅੱਗੇ ਲੈ ਕੇ ਜਾਣ ਦੀ ਮਨਾਹੀ ਸੀ। ਤਲਾਸ਼ੀ ਤੋਂ ਉਪਰੰਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਾਨੂੰ ਅੱਗੇ ਭੇਜ ਦਿੱਤਾ ਜਿੱਥੇ ਵੱਡਾ ਸਾਰਾ ਚਬੂਤਰਾ ਬਣਿਆ ਹੋਇਆ ਸੀ। ਮੈਂ ਆਪਣੇ ਦੋਸਤ ਨਾਲ ਇੱਕ ਥਾਂ ’ਤੇ ਬੈਠ ਗਿਆ।

ਸਾਡੇ ਐਨ ਸਾਹਮਣੇ ਪਾਕਿਸਤਾਨ ਦਾ ਕੌਮੀ ਝੰਡਾ ਲਹਿਰਾ ਰਿਹਾ ਸੀ ਅਤੇ ਆਪਣੇ ਵਾਲੇ ਪਾਸੇ ਸਾਡੇ ਮੁਲਕ ਦਾ ਤਿਰੰਗਾ ਝੰਡਾ ਹਵਾ ਵਿੱਚ ਝੂਲ ਰਿਹਾ ਸੀ। ਦੋਹਾਂ ਦੇ ਵਿਚਕਾਰ ਮੋਟੀ ਸਾਰੀ ਕੰਡਿਆਲੀ ਤਾਰ ਲੱਗੀ ਹੋਈ ਸੀ। ਪਰੇਡ ਸ਼ੁਰੂ ਹੋਣ ਵਿੱਚ ਅਜੇ ਕੁਝ ਟਾਈਮ ਬਾਕੀ ਸੀਸਾਹਮਣੇ  ਪਾਕਿਸਤਾਨੀ ਫ਼ੌਜੀ ਤਿਆਰ ਹੋ ਰਹੇ ਸਨ। ਉੱਚਾ ਲੰਮਾ ਕੱਦ, ਕਾਲੀਆਂ ਸਲਵਾਰ-ਕਮੀਜ਼ਾਂ ਪਾ ਕੇ ਖੜ੍ਹੇ ਫ਼ੌਜੀ ਜਵਾਨ ਬੜੇ ਸੋਹਣੇ ਲੱਗ ਰਹੇ ਸਨ।

ਇੱਧਰ ਆਪਣੇ ਵਾਲੇ ਪਾਸੇ ਵੀ ਫ਼ੌਜੀ ਜਵਾਨ ਤਿਆਰ ਹੋ ਰਹੇ ਸਨ। ਉਹ ਆਪਣੀਆਂ ਟੋਪੀਆਂ ਅਤੇ ਪੱਗਾਂ ਨੂੰ ਸਵਾਰ ਰਹੇ ਸਨ ਅਤੇ ਇੱਕ-ਦੂਜੇ ਨਾਲ ਹਾਸਾ-ਠੱਠਾ ਕਰ ਰਹੇ ਸਨ। ਸਾਡਾ ਧਿਆਨ ਪਾਕਿਸਤਾਨੀ ਫ਼ੌਜੀਆਂ ਅਤੇ ਲੋਕਾਂ ਵੱਲ ਵਧੇਰੇ ਸੀ ਕਿਉਂਕਿ ਉਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਹੇ ਸਾਂ। ਪਰਲੇ ਪਾਸੇ ਲੋਕਾਂ ਦਾ ਇੰਨਾ ਇਕੱਠ ਨਹੀਂ ਸੀ। ਔਰਤਾਂ ਵੱਖ ਬੈਠੀਆਂ ਸਨ ਅਤੇ ਬਹੁਤੀਆਂ ਨੇ ਕਾਲੇ ਰੰਗੇ ਦੇ ਬੁਰਕੇ ਪਹਿਨੇ ਹੋਏ ਸਨ। ਨਿੱਕੇ ਬੱਚੇ ਫ਼ੌਜੀਆਂ ਦੇ ਨੇੜੇ ਖੇਡ ਰਹੇ ਸਨ ਅਤੇ ਮਰਦ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸਨ

ਦੂਜੇ ਪਾਸੇ ਦੀ ਪੋਸਟ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ। ਕੁਝ ਉਰਦੂ ਵਿੱਚ ਵੀ ਲਿਖਿਆ ਹੋਇਆ ਸੀ ਪਰ ਉਰਦੂ ਨਾ ਆਉਣ ਕਰਕੇ ਪਤਾ ਨਹੀਂ ਲੱਗਿਆ ਕਿ ਉੱਥੇ ਕੀ ਲਿਖਿਆ ਹੋਇਆ ਸੀਸਾਡੀ ਪੋਸਟ ਤੇ ‘ਮੇਰਾ ਭਾਰਤ ਮਹਾਨ’ ਲਿਖਿਆ ਹੋਇਆ ਸੀ। ਦੋਹੀਂ ਪਾਸੇ ਵੱਡੇ-ਵੱਡੇ ਸਪੀਕਰ ਚੱਲ ਰਹੇ ਸਨ। ਸਾਡੇ ਵਾਲੇ ਪਾਸੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਜ਼ਰਾ ਯਾਦ ਕਰੋ ਕੁਰਬਾਨੀ’ ਗੀਤ ਵੱਜ ਰਹੇ ਸਨ। ਪਾਕਿਸਤਾਨ ਵਾਲੇ ਪਾਸੇ ‘ਮੇਲਾ ਦੇਖਣ ਆਈਆਂ ਕੁੜੀਆਂ ਲਾਹੌਰ ਦੀਆਂ’ ਗੀਤ ਉੱਚੀ ਆਵਾਜ਼ ਵਿੱਚ ਵੱਜ ਰਿਹਾ ਸੀ। ਉਨ੍ਹਾਂ ਵਾਲੇ ਪਾਸੇ ਤੋਂ ਇੱਕ-ਦੋ ਪਾਕਿਸਤਾਨੀ ਮੁੰਡੇ ਨੱਚ ਵੀ ਰਹੇ ਸਨ।

ਠੀਕ ਸਾਢੇ ਛੇ ਵਜੇ ਭਾਰਤ ਵਾਲੇ ਪਾਸੇ ਤੋਂ ਫ਼ੌਜੀ ਪਰੇਡ ਸ਼ੁਰੂ ਹੋ ਗਈ। ਦੂਜੇ ਪਾਸੇ ਪਾਕਿਸਤਾਨੀ ਫ਼ੌਜੀ ਵੀ ਤਿਆਰ ਸਨ, ਉਨ੍ਹਾਂ ਨੇ ਵੀ ਪਰੇਡ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੇ ਫ਼ੌਜੀ ਕਮਾਂਡਰ ਨੇ ਸਾਡੇ ਮੁਲਕ ਦੇ ਤਿਰੰਗੇ ਝੰਡੇ ਨੂੰ ਸਲੂਟ ਮਾਰਿਆ ਅਤੇ ਸਾਡੇ ਫ਼ੌਜੀ ਅਫਸਰ ਨੇ ਪਾਕਿਸਤਾਨੀ ਕੌਮੀ ਝੰਡੇ ਨੂੰ ਸਲੂਟ ਮਾਰਿਆ। ਲੋਕਾਂ ਨੇ ਤਾੜੀਆਂ ਮਾਰ ਕੇ ਦੋਹਾਂ ਅਫਸਰਾਂ ਦਾ ਸਵਾਗਤ ਕੀਤਾ। ਫਿਰ ਫ਼ੌਜੀ ਡਰਿੱਲ ਅਰੰਭ ਹੋ ਗਈ। ਸਾਡੇ ਫ਼ੌਜੀਆਂ ਦਾ ਕੱਦ ਛੇ ਫੁੱਟ ਤੋਂ ਵੀ ਵੱਧ ਸੀ ਅਤੇ ਉੱਧਰ ਪਾਕਿਸਤਾਨ ਦੇ ਫ਼ੌਜੀ ਵੀ ਰੱਜ ਕੇ ਜਵਾਨ। ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਇੰਨੀ ਨੇੜੇ ਤੋਂ ਪਾਕਿਸਤਾਨ ਦੇ ਫ਼ੌਜੀ ਅਤੇ ਲੋਕ ਪਹਿਲੀ ਵਾਰ ਦੇਖ ਰਹੇ ਸੀ

ਉਨ੍ਹਾਂ ਦੇ ਫ਼ੌਜੀ ਜਵਾਨ ਸਾਡੇ ਜਵਾਨਾਂ ਵੱਲ ਦੇਖ ਕੇ ਅੱਖਾਂ ਕੱਢਣ ਅਤੇ ਸਾਡੇ ਜਵਾਨ ਉਨ੍ਹਾਂ ਦੇ ਜਵਾਨਾਂ ਨੂੰ ਦੇਖ ਕੇ ਗੁੱਸੇ ਦਾ ਪ੍ਰਗਟਾਵਾ ਕਰਨ। ਇੰਝ ਲੱਗ ਰਿਹਾ ਸੀ ਜਿਵੇਂ ਦੋਹਾਂ ਮੁਲਕਾਂ ਵਿੱਚ ਸਦੀਆਂ ਦਾ ਵੈਰ ਹੋਵੇ। ਸਾਡੇ ਜਵਾਨਾਂ ਦੀ ਡਰਿੱਲ ’ਤੇ ਅਸੀਂ ਤਾੜੀਆਂ ਮਾਰੀਏ ਅਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਬੁਲਾਈਏ ਅਤੇ ਉਨ੍ਹਾਂ ਦੀ ਡਰਿੱਲ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਨਾਅਰਾ ਤੱਕਬੀਰ, ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਗਾਉਣ, ਜਿਵੇਂ ਕੋਈ ਜੰਗ ਦਾ ਮੈਦਾਨ ਭਖਿਆ ਹੋਵੇ।

ਇਹ ਡਰਿੱਲ ਤਕਰੀਬਨ ਵੀਹ ਕੁ ਮਿੰਟ ਚਲਦੀ ਰਹੀ। ਫ਼ੌਜੀ ਜਵਾਨ ਕਦੇ ਤਾਰਾਂ ਦੇ ਬਿਲਕੁਲ ਕੋਲ ਚਲੇ ਜਾਣ ਅਤੇ ਕਦੇ ਪਿਛਾਂਹ ਮੁੜ ਆਉਣਇਸੇ ਤਰ੍ਹਾਂ ਉੱਧਰ ਵੀ ਦੇਖਣ ਨੂੰ ਮਿਲ ਰਿਹਾ ਸੀ। ਕਦੇ ਸਾਡੇ ਜਵਾਨ ਆਪਣੀਆਂ ਪੱਗਾਂ ਅਤੇ ਟੋਪੀਆਂ ਠੀਕ ਕਰਨ, ਕਦੇ ਅੱਖਾਂ ਕੱਢਣ, ਆਪਣੀਆਂ ਮੁੱਛਾਂ ਨੂੰ ਤਾਅ ਦੇਣ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਫ਼ੌਜੀ ਵੀ ਕਦੇ ਆਪਣੀਆਂ ਟੋਪੀਆਂ ਸਹੀ ਕਰਨ, ਕਦੇ ਅੱਖਾਂ ਕੱਢਣ ਅਤੇ ਕਦੇ ਡੌਲ਼ੇ ਦਿਖਾਉਣ।

ਇਸ ਕਾਰਵਾਈ ਦੇ ਅੱਧੇ ਕੁ ਘੰਟੇ ਬਾਅਦ ਦੋਹਾਂ ਦੇਸ਼ਾਂ ਦੇ ਕੌਮੀ ਝੰਡੇ ਲਾਹ ਲਏ ਗਏ। ਫ਼ੌਜੀ ਜਵਾਨ (ਦੋਹਾਂ ਪਾਸਿਆਂ ਤੋਂ) ਤਾਰਾਂ ਦੇ ਐਨ ਨੇੜੇ ਆ ਕੇ ਖੜ੍ਹੇ ਹੋ ਗਏ। ਲੋਕ ਵੀ ਆਪਣੀ ਥਾਂ ਤੋਂ ਉੱਠ ਕੇ ਤਾਰਾਂ ਦੇ ਐਨ ਨੇੜੇ ਪਹੁੰਚ ਗਏ। ਫ਼ੌਜੀ ਜਵਾਨ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਦੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਇਹ ਦੂਰੀ ਮਹਿਜ਼ 10 ਕੁ ਫੁੱਟ ਦੀ ਰਹਿ ਗਈ ਸੀ। ਪਾਕਿਸਤਾਨ ਦੇ ਲੋਕ ਸਾਡੇ ਵੱਲ ਹੱਥ ਹਿਲਾਉਂਦੇ ਰਹੇ ਅਤੇ ਸਾਡੇ ਵਾਲੇ ਪਾਸੇ ਦੇ ਲੋਕ ਉਨ੍ਹਾਂ ਨੂੰ ਹੱਥ ਹਿਲਾ ਕੇ ਦੇਖਦੇ ਰਹੇ। ਫ਼ੌਜੀਆਂ ਨੇ ਕਿਹਾ ਕਿ ਬਹੁਤਾ ਅੱਗੇ ਨਾ ਜਾਓ ਕਿਉਂਕਿ ਅੱਗੇ ਤਾਰਾਂ ਕੋਲ ਜਾਣ ਦੀ ਆਗਿਆ ਨਹੀਂ ਹੈ। ਦੋਹਾਂ ਦੇਸ਼ਾਂ ਦੇ ਲੋਕ ਇੱਕ-ਦੂਜੇ ਨੂੰ ਦੇਖਦੇ ਰਹੇ, ਹੱਥ ਹਿਲਾਉਂਦੇ ਰਹੇ ਪਰ ਗੱਲਬਾਤ ਕੋਈ ਨਹੀਂ ਸੀ ਕਰ ਸਕਦਾ ਅਤੇ ਨਾ ਹੀ ਇਸਦੀ ਕੋਈ ਸੰਭਾਵਨਾ ਸੀ।

ਸਹਿਜੇ-ਸਹਿਜੇ ਲੋਕਾਂ ਦਾ ਹਜ਼ੂਮ ਪਿੱਛੇ ਨੂੰ ਮੁੜਨ ਲੱਗਾ। ਉੱਚੀ ਆਵਾਜ਼ ਵਿੱਚ ਵੱਜਦੇ ਸਪੀਕਰ ਬੰਦ ਹੋ ਗਏ ਅਤੇ ਲੋਕਾਂ ਦੀ ਭੀੜ ਘਟਣ ਲੱਗੀ। ਸਾਡੇ ਵਾਲੇ ਪਾਸੇ ਦੇ ਲੋਕ ਪੈਦਲ ਆਪਣੀਆਂ ਗੱਡੀਆਂ ਵੱਲ ਨੂੰ ਪਏ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਲੋਕ ਵੀ ਸਹਿਜੇ-ਸਹਿਜੇ ਅੱਖਾਂ ਤੋਂ ਦੂਰ ਹੋਣ ਲੱਗੇ। ਭੀੜ ਖਿਲਰ ਗਈ ਅਤੇ ਲੋਕਾਂ ਨਾਲ ਨੱਕੋ-ਨੱਕ ਭਰੇ ਚਬੂਤਰੇ ਝਟਪਟ ਖ਼ਾਲੀ ਹੋ ਗਏ।

ਫਾਜ਼ਿਲਕਾ ਪਾਸੇ ਮੁੜਦਿਆਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਇਹ ਕੈਸੀ ਦੀਵਾਰ ਹੈ ਜਿਸਨੇ ਬੰਦਿਆਂ ਨੂੰ ਬੰਦਿਆਂ ਨਾਲੋਂ ਵੰਡ ਕੇ ਰੱਖ ਦਿੱਤਾ ਹੈ। ਕੈਸਾ ਵੈਰ-ਵਿਰੋਧ ਹੈ, ਕੈਸਾ ਧਰਮ ਹੈ ਜਿਸਨੇ ਬੰਦੇ ਨੂੰ ਬੰਦੇ ਦੇ ਹੀ ਵੈਰੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਇੱਕ-ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਹਾਂ। ਪਰਲੇ ਪਾਰ (ਪਾਕਿਸਤਾਨ) ਵਾਲੇ ਪਾਸੇ ਵੀ ਸਾਡੇ ਵਰਗੇ ਲੋਕ ਹਨਸਾਡੇ ਬੱਚਿਆਂ ਵਾਂਗ ਉਹਨਾਂ ਦੇ ਵੀ ਬੱਚੇ ਹਨ, ਸਾਡੀਆਂ ਔਰਤਾਂ ਵਾਂਗ ਉਹਨਾਂ ਦੀਆਂ ਵੀ ਔਰਤਾਂ ਹਨਫਿਰ ਨਫਰਤ ਕਿੱਥੇ ਹੈ? ਵੈਰ-ਵਿਰੋਧ ਕਿੱਥੇ ਹੈ? ਮੈਂ ਅਜੇ ਇਨ੍ਹਾਂ ਖ਼ਿਆਲਾਂ ਵਿੱਚ ਹੀ ਗੁਆਚਾ ਹੋਇਆ ਸਾਂ ਕਿ ਇੱਕ ਕਬੂਤਰ ਜਿਹੜਾ ਕਿ ਸਾਡੇ ਵਾਲੀ ਪੋਸਟ ਦੇ ਐਨ ਉੱਪਰ ਬੈਠਾ ਸੀ, ਝਟਪਟ ਉੱਡਿਆ ’ਤੇ ਪਲਾਂ ਵਿੱਚ ਹੀ ਮੇਰੀਆਂ ਨਜ਼ਰਾਂ ਦੇ ਸਾਹਮਣੇ ਪਾਕਿਸਤਾਨ ਵਾਲੀ ਪੋਸਟ ਦੀ ਛੱਤ ’ਤੇ ਬਹਿ ਗਿਆ। ਚੰਦ ਕੁ ਪਲ ਉੱਥੇ ਬੈਠਣ ਤੋਂ ਬਾਅਦ ਉਹ ਮੁੜ ਫੇਰ ਉੱਡਿਆ ਤੇ ਪਾਕਿਸਤਾਨ ਦੀਆਂ ਫਿਜ਼ਾਵਾਂ ਵਿੱਚ ਉਡਾਰੀਆਂ ਮਾਰਦਾ ਨਜ਼ਰਾਂ ਤੋਂ ਅਲੋਪ ਹੋ ਗਿਆ। ਮੈਨੂੰ ਜਾਪਿਆ ਜਿਵੇਂ ਉਹ ਪੰਛੀ ਸਾਡੇ ਇਨਸਾਨਪੁਣੇ ਦਾ ਮਖ਼ੌਲ ਉਡਾ ਰਿਹਾ ਹੈ ਅਤੇ ਕਹਿ ਰਿਹਾ ਹੈ, “ਦੇਖੋ, ਤੁਸੀਂ ਇਨਸਾਨ ਬਹੁਤ ਸਿਆਣੇ ਬਣਦੇ ਹੋ, ਤੁਸੀਂ ਭਾਵੇਂ ਚੰਨ ’ਤੇ ਅੱਪੜ ਗਏ ਹੋ ਪਰ ਇੱਧਰ-ਉੱਧਰ (ਇੱਕ-ਦੂਜੇ ਦੇ ਮੁਲਕ ਵਿੱਚ) ਨਹੀਂ ਜਾ ਸਕਦੇ। ਤੁਸੀਂ ਧਰਤੀ ਵੰਡ ਲਈ ਹੈ, ਲੋਕ ਵੰਡ ਲਏ ਹਨ ਅਤੇ ਬਹੁਤ ਵਾਰ ਸਾਨੂੰ ਵੀ ਕੈਦ ਕਰ ਲੈਂਦੇ ਹੋ ਪਰ! ਤੁਸੀਂ ਆਜ਼ਾਦ ਨਹੀਂ ਹੋ। ਤੁਸੀਂ ਧਰਤੀ ’ਤੇ ਵਾਹੀਆ ਲਕੀਰਾਂ ਦੀ ਬੰਦਿਸ਼ ਵਿੱਚ ਘੁੱਟ-ਘੁੱਟ ਕੇ ਮਰਨ ਲਈ ਮਜਬੂਰ ਹੋ। ਪਰ ਅਸੀਂ ਆਜ਼ਾਦ ਹਾਂ, ਜਿੱਥੇ ਮਰਜ਼ੀ ਜਾਈਏ। ਦੇਖੋ ਮੇਰੇ ਵੱਲ, ਮੈਂ ਕੁਝ ਨਹੀਂ ਵੰਡਣਾ, ਨਾ ਧਰਤੀ, ਨਾ ਪਾਣੀ, ਨਾ ਰੁੱਖ ਅਤੇ ਨਾ ਹੀ ਅੰਬਰ। ਸਭ ਕੁਝ ਮੇਰਾ ਹੈ, ਤੁਹਾਡਾ ‘ਸਿਆਣਿਆਂ’ ਦਾ ਕੁਝ ਵੀ ਨਹੀਂ, ਕੁਝ ਵੀ ਨਹੀਂ।”

ਮੈਂ ਕਦੇ ਉਸ ਕਬੂਤਰ ਵੱਲ ਦੇਖਦਾ ਅਤੇ ਕਦੇ ਬੰਦੂਕਾਂ ਫੜ ਕੇ ਖੜ੍ਹੇ ਉੱਚੇ-ਲੰਮੇ ਫ਼ੌਜੀ ਜਵਾਨਾਂ ਵੱਲ, ਜਿਹੜੇ ਸਾਨੂੰ ਤਾਰਾਂ ਦੇ ਨੇੜੇ ਨਹੀਂ ਸੀ ਜਾਣ ਦੇ ਰਹੇ। ਮੇਰੇ ਮਨ ਵਿੱਚ ਵਿਚਾਰ ਆਇਆ “ਹਾਕਮੋ, ਤੁਸੀਂ ਇਨਸਾਨਾਂ ਨੂੰ ਤਾਂ ਧਰਮਾਂ, ਜਾਤਾਂ, ਗੋਤਾਂ, ਮੁਲਕਾਂ ਵਿੱਚ ਵੰਡ ਸਕਦੇ ਹੋ ਪਰ ਇਨ੍ਹਾਂ ਪੰਛੀਆਂ ਨੂੰ ਰੋਕ ਦੇ ਦਿਖਾਓ, ਦੋਹਾਂ ਮੁਲਕਾਂ ਵਿੱਚ ਵਰ੍ਹਦੀ ਵਰਖ਼ਾ ਨੂੰ ਰੋਕ ਦੇ ਦਿਖਾਓ, ਉਡਦੇ ਬੱਦਲਾਂ ਨੂੰ ਰੋਕ ਕੇ ਦਿਖਾਓ, ਦੋਹਾਂ ਮੁਲਕਾਂ ਵਿੱਚ ਵਗਦੀਆਂ ਠੰਢੀਆਂ ਪੌਣਾਂ ਨੂੰ ਰੋਕ ਕੇ ਦਿਖਾਓ। ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਤੁਸੀਂ ਇਨਸਾਨਾਂ ਵਿੱਚ ਹੀ ਵੰਡੀਆਂ ਪਾ ਸਕਦੇ ਹੋ, ਕੁਦਰਤ ਵਿੱਚ ਨਹੀਂ।”

ਫਿਰ ਮੈਂ ਅਤੇ ਮੇਰਾ ਮਿੱਤਰ ਫਾਜ਼ਿਲਕਾ ਵਾਲੇ ਪਾਸੇ ਨੂੰ ਤੁਰ ਪਏ ਅਤੇ ਪਿੱਛੇ ਛੱਡ ਆਏ ਅਣਗਿਣਤ ਯਾਦਾਂ ਅਤੇ ਮਣਾਂ-ਮੂੰਹੀਂ ਸਿਆਣਪ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author