“ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਲੇਖਕਾਂ ਤੱਕ, ਆਪਣੀਆਂ ਕਿਤਾਬਾਂ ਨੂੰ ਆਪਣੇ ਖ਼ਰਚੇ ’ਤੇ ਛਪਵਾ ਕੇ ...”
(17 ਫਰਬਰੀ 2018)
ਪੰਜਾਬ ਦੀ ਧਰਤੀ ’ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸੰਪਾਦਤ ਕੀਤਾ। ਸੰਸਾਰ ਭਰ ਵਿਚ ਗਾਈ ਜਾਣ ਵਾਲੀ ਆਰਤੀ ‘ਓਮ ਜੈ ਜਗਦੀਸ਼ ਹਰੇ’ ਪੰਜਾਬ ਦੇ ਰਹਿਣ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਰਚਨਾ ਹੈ। ਗੁਰੂ ਨਾਨਕ ਦੇਵ, ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਦਮੋਦਰ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਧਨੀਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਪਾਤਰ ਤੱਕ ਪੰਜਾਬ ਦੀ ਧਰਤੀ ਦੇ ਉਹ ਕਲਮਵੀਰ ਹਨ, ਜਿਨ੍ਹਾਂ ਨੇ ਆਪਣੀ ਕਲਮ ਦੀ ਆਵਾਜ਼ ਰਾਹੀਂ ਸਾਰੀ ਕਾਇਨਾਤ ਨੂੰ ਜਾਗਰਤ ਕੀਤਾ ਹੈ। ਪਰ, ਅਫ਼ਸੋਸ! ਅਜੋਕੇ ਸਮੇਂ ਇਸੇ ਧਰਤੀ ਦੇ ਬਾਸ਼ਿੰਦਿਆਂ ਦਾ ਸਾਹਿਤ ਪੜ੍ਹਨ-ਪੜ੍ਹਾਉਣ ਦਾ ਰੁਝਾਨ ਲਗਭਗ ਅਲੋਪ ਹੁੰਦਾ ਜਾ ਰਿਹਾ ਹੈ।
ਪੰਜਾਬੀ ਦੀਆਂ ਪੁਸਤਕਾਂ ਬਾਜ਼ਾਰ ਵਿਚ ਵਿਕਦੀਆਂ ਨਹੀਂ ਅਤੇ ਨਾ ਹੀ ਸਾਡਾ ਪੜ੍ਹਿਆ-ਲਿਖਿਆ ਤਬਕਾ ਪੁਸਤਕਾਂ ਖਰੀਦਣ ’ਤੇ ਆਪਣੇ ਪੈਸੇ ਖ਼ਰਚਦਾ ਹੈ। ਪੰਜਾਬ ਦੇ ਲਗਭਗ ਸਾਰੇ ਪੁਸਤਕ ਪ੍ਰਕਾਸ਼ਕ ਇਹ ਗੱਲ ਆਖਦੇ ਹਨ ਕਿ ਪੰਜਾਬੀ ਪੁਸਤਕਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਜ਼ਮਾਨਾ ਹੁਣ ਖ਼ਤਮ ਹੋ ਚੁੱਕਿਆ ਹੈ। ਇਸ ਲਈ ਉਹ ਲੇਖਕ ਦੁਆਰਾ ਦਿੱਤੇ ਗਏ ਪੈਸਿਆਂ ਦੇ ਮੁਤਾਬਕ ਹੀ ਪੁਸਤਕਾਂ ਪ੍ਰਕਾਸ਼ਤ ਕਰਦੇ ਹਨ ਤਾਂ ਕਿ ਲੇਖਕ ਤੋਂ ਹੀ ਖ਼ਰਚ ਅਤੇ ਮੁਨਾਫ਼ਾ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਆਮ ਕਰਕੇ ਪੰਜਾਬੀ ਪ੍ਰਕਾਸ਼ਕ ਇੱਕ ਵੀ ਕਾਪੀ ਵਾਧੂ ਨਹੀਂ ਛਾਪਦੇ, ਜਿਸ ਨਾਲ ਉਹਨਾਂ ਨੂੰ ਨੁਕਸਾਨ ਹੋਵੇ।
ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਲੇਖਕਾਂ ਤੱਕ, ਆਪਣੀਆਂ ਕਿਤਾਬਾਂ ਨੂੰ ਆਪਣੇ ਖ਼ਰਚੇ ’ਤੇ ਛਪਵਾ ਕੇ ਮੁਫ਼ਤ ਵੰਡਦੇ ਤਾਂ ਆਮ ਹੀ ਨਜ਼ਰੀਂ ਪੈ ਜਾਂਦੇ ਹਨ ਪਰ ਖ਼ਰੀਦ ਕੇ ਪੜ੍ਹਨ ਵਾਲਾ ਪਾਠਕ ਕਿਤੇ ਨਜ਼ਰ ਨਹੀਂ ਆਉਂਦਾ। ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਸਾਡੀਆਂ ਯੂਨੀਵਰਸਿਟੀਆਂ/ਕਾਲਜਾਂ ਵਿਚ ਸਾਹਿਤ ਦੇ ਵਿਦਿਆਰਥੀ, ਜਿਹੜੇ ਸਾਹਿਤ ’ਤੇ ਖੋਜ-ਕਾਰਜ ਕਰ ਰਹੇ ਹਨ, ਉਹ ਵੀ ਕਿਤਾਬਾਂ ਨੂੰ ਖ਼ਰੀਦ ਕੇ ਨਹੀਂ ਪੜ੍ਹਦੇ। ਉਂਝ ਇਸ ਗੱਲ ਨੂੰ ਆਰਥਕ ਤੰਗੀ ਦਾ ਬਹਾਨਾ ਬਣਾ ਕੇ ਝੁਠਲਾਇਆ ਵੀ ਜਾ ਸਕਦਾ ਹੈ ਪਰ ਪੰਜਾਬੀਆਂ ਦੇ ਵਿਆਹਾਂ-ਸ਼ਾਦੀਆਂ ’ਤੇ ਹੁੰਦੇ ਖ਼ਰਚੇ ਨੂੰ ਦੇਖ ਕੇ ਇਹ ਦਾਅਵਾ ਵੀ ਗਲਤ ਹੀ ਸਾਬਤ ਹੁੰਦਾ ਹੈ।
ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਨੇ ਤਾਂ ਵਿਉਪਾਰਕ ਦ੍ਰਿਸ਼ਟੀ ਨਾਲ ਕਿਤਾਬਾਂ ਨੂੰ ਛਾਪਣਾ ਹੁੰਦਾ ਹੈ ਪਰ ਜਦੋਂ ਪੰਜਾਬੀ ਪਾਠਕ, ਪੁਸਤਕ ਖਰੀਦਣ ਤੋਂ ਹੀ ਮੁਨਕਰ ਹਨ ਤਾਂ ਉਹ ਵੀ ਆਪਣਾ ਪੂਰਾ ਖਰਚ/ਮੁਨਾਫ਼ਾ ਲੇਖਕ ਤੋਂ ਹੀ ਵਸੂਲ ਕਰਦੇ ਹਨ। ਇਸ ਨਾਲ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਰਥਕ ਪੱਖੋਂ ਕਮਜ਼ੋਰ ਲੇਖਕ ਆਪਣੇ ਜੀਵਨ ਵਿਚ ਪੁਸਤਕ ਪ੍ਰਕਾਸ਼ਤ ਕਰਵਾਉਣ ਦਾ ਕਦੇ ਹੌਸਲਾ ਹੀ ਨਹੀਂ ਕਰ ਪਾਉਂਦੇ। ਇਸ ਨਾਲ ਪੰਜਾਬੀ ਸਾਹਿਤ ਵਿਚ ਮਿਆਰੀ ਪੁਸਤਕਾਂ ਦੀ ਆਮਦ ਨਹੀਂ ਹੋ ਪਾਉਂਦੀ। ਇਹ ਵੀ ਬਹੁਤ ਮੰਦਭਾਗਾ ਹੈ।
ਪੰਜਾਬੀ ਸਾਹਿਤਿਕ ਹਲਕਿਆਂ ਵਿਚ ਇਹ ਗੱਲ ਆਮ ਹੀ ਆਖੀ ਜਾਂਦੀ ਹੈ ਕਿ ਤੁਸੀਂ ਲਿਖਾਰੀ ਭਾਵੇਂ ਕਿੰਨੇ ਵੀ ਵੱਡੇ ਹੋ ਪਰ ਜਦੋਂ ਤੱਕ ਤੁਹਾਡੀ ਜੇਬ ਵਿਚ ਪੈਸੇ ਨਹੀਂ, ਤੁਹਾਡੀ ਪੁਸਤਕ ਪ੍ਰਕਾਸ਼ਤ ਨਹੀਂ ਹੋ ਸਕਦੀ। ਇਸ ਦਾ ਕਾਰਨ ਵੀ ਪੰਜਾਬੀਆਂ ਵਿਚ ਘਟਦੇ ਸਾਹਿਤ ਪੜ੍ਹਨ ਦੇ ਰੁਝਾਨ ਨੂੰ ਹੀ ਮੰਨਿਆ ਜਾ ਸਕਦਾ ਹੈ। ਪੰਜਾਬੀ ਸਮਾਜ ਜੇਕਰ ਪੰਜਾਬੀ ਪੁਸਤਕਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਹੀਲਾ ਕਰ ਲਵੇ ਤਾਂ ਪੰਜਾਬੀ ਦੇ ਲਗਭਗ ਸਾਰੇ ਹੀ ਪ੍ਰਕਾਸ਼ਕ, ਲੇਖਕ ਤੋਂ ਖ਼ਰਚਾ/ਮੁਨਾਫ਼ਾ ਲੈਣਾ ਘੱਟ/ਬੰਦ ਕਰ ਦੇਣਗੇ ਅਤੇ ਆਰਥਕ ਪੱਖੋਂ ਕਮਜ਼ੋਰ ਲੇਖਕ ਵੀ ਚੰਗੇ ਸਾਹਿਤ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਸਕਣਗੇ। ਪਰ, ਇਹ ਹੁੰਦਾ ਕਦੋਂ ਹੈ ਇਹ ਭਵਿੱਖ ਦੀ ਕੁੱਖ ਵਿਚ ਹੈ।
*****
(1016)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)