NishanSRathaur7ਮੁੱਖਧਾਰਾ ਦੇ ਪੰਜਾਬੀ ਸਾਹਿਤ ਵਿੱਚ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਸਨਮਾਨਯੋਗ ਥਾਂ ਦਿੱਤੀ ਜਾਂਦੀ ਹੈ ਕਿਉਂਕਿ ...
(11 ਜਨਵਰੀ 2024)
ਇਸ ਸਮੇਂ ਪਾਠਕ: 340.

(2023 ਵਿੱਚ ਪ੍ਰਕਾਸ਼ਿਤ ਪੁਸਤਕਾਂ ਦੇ ਆਧਾਰ ’ਤੇ)

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਹਰ ਵਰ੍ਹੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨਇਹਨਾਂ ਵਿੱਚ ਕਵਿਤਾ, ਕਹਾਣੀ, ਗ਼ਜ਼ਲ, ਨਾਵਲ, ਨਾਟਕ, ਸਫ਼ਰਨਾਮਾ, ਇਕਾਂਗੀ, ਅਨੁਵਾਦ ਅਤੇ ਸੰਪਾਦਨਾ ਆਦਿਕ ਨੂੰ ਪ੍ਰਮੁੱਖ ਰੂਪ ਵਿੱਚ ਸ਼ਾਮਲ ਕੀਤਾ ਜਾਂਦਾ ਹੈ

ਹਰਿਆਣੇ ਵਿੱਚ ਵੀ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਵੱਡੀ ਗਿਣਤੀ ਵਿੱਚ ਪ੍ਰਕਾਸ਼ਿਤ ਹੋ ਕੇ ਪੰਜਾਬੀ ਪਾਠਕਾਂ ਦੇ ਹੱਥਾਂ ਤਕ ਪਹੁੰਚਦੀਆਂ ਹਨ  ਕਿਉਂਕਿ ਹਰਿਆਣੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ ਹਰ ਵਰ੍ਹੇ ਵਾਂਗ ਇਸ ਵਰ੍ਹੇ 2023 ਵਿੱਚ ਹਰਿਆਣੇ ਅੰਦਰ ਲਗਭਗ ਗਿਆਰਾਂ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨਇਹਨਾਂ ਵਿੱਚ ਕਵਿਤਾ, ਗ਼ਜ਼ਲ, ਅਨੁਵਾਦ, ਸਮੀਖਿਆ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ ਸ਼ਾਮਲ ਹਨਇਹ ਗਿਣਤੀ ਹਰ ਵਰ੍ਹੇ ਅਮੂਮਨ ਦਸ, ਬਾਰਾਂ ਦੇ ਨੇੜੇ-ਤੇੜੇ ਹੀ ਰਹਿੰਦੀ ਹੈ ਕਿਉਂਕਿ ਹਰਿਆਣੇ ਵਿੱਚ ਪੰਜਾਬੀ ਲੋਕ ਭਾਵੇਂ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਪਰ ਸਾਹਿਤ ਪ੍ਰਤੀ ਉਹਨਾਂ ਦਾ ਰੁਝਾਨ ਘਟਦਾ ਜਾ ਰਿਹਾ ਹੈਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਨਾਲੋਂ ਟੁੱਟਦੀ ਜਾ ਰਹੀ ਹੈਰੁਜ਼ਗਾਰ ਦੇ ਵਸੀਲੇ ਘੱਟ ਹੋਣ ਕਰਕੇ ਪੰਜਾਬੀ ਭਾਸ਼ਾ ਪੜ੍ਹਨ-ਪੜ੍ਹਾਉਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟ ਹੁੰਦੀ ਜਾ ਰਹੀ ਹੈਕੁਝ ਸਰਕਾਰਾਂ ਦੀ ਬੇਰੁਖ਼ੀ ਕਰਕੇ ਸਕੂਲਾਂ, ਕਾਲਜਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਬੱਚੇ ਘੱਟ ਹੁੰਦੇ ਜਾ ਰਹੇ ਹਨਖ਼ੈਰ! ਇਹ ਵੱਖਰਾ ਵਿਸ਼ਾ ਹੈ

ਸਾਡੇ ਹਥਲੇ ਲੇਖ ਦਾ ਮੂਲ ਮਨੋਰਥ ‘ਸਾਲ 2023 ਵਿੱਚ ਹਰਿਆਣੇ ਅੰਦਰ ਪ੍ਰਕਾਸ਼ਿਤ ਹੋਈਆਂ ਪੰਜਾਬੀ ਪੁਸਤਕਾਂ’ ਦੀ ਸੰਖੇਪ ਰੂਪ ਵਿੱਚ ਚਰਚਾ ਕਰਨਾ ਹੈ ਤਾਂ ਕਿ ਮੁੱਖਧਾਰਾ ਦੇ ਪੰਜਾਬੀ ਪਾਠਕਾਂ ਨੂੰ ਹਰਿਆਣਵੀ ਪੰਜਾਬੀ ਲੇਖਕਾਂ ਦੀਆਂ 2023 ਵਿੱਚ ਕੀਤੀਆਂ ਗਈ ਸਾਹਿਤਕ ਸਿਰਜਣਾ ਦਾ ਪਤਾ ਲੱਗ ਸਕੇ ਅਤੇ ਇਹਨਾਂ ਪੁਸਤਕਾਂ ਦੀ ਚਰਚਾ ਨੂੰ ਅੱਗੇ ਤੋਰਿਆ ਜਾ ਸਕੇ

2023 ਵਿੱਚ ਡਾ. ਰਮੇਸ਼ ਕੁਮਾਰ ਹੁਰਾਂ ਦਾ ਕਾਵਿ-ਸੰਗ੍ਰਹਿ ‘ਪਾਤਾਲ ’ਚੋਂ’, ਬਲਬੀਰ ਸਿੰਘ ਸੈਣੀ ਦਾ ਲੇਖ-ਸੰਗ੍ਰਹਿ ‘ਸ਼ਬਦਾਂ ਦੇ ਦਰਿਆ’, ਲਖਵਿੰਦਰ ਸਿੰਘ ਬਾਜਵਾ ਦਾ ਕਾਵਿ-ਸੰਗ੍ਰਹਿ ‘ਸੰਦਲੀ ਕਿਰਨਾਂ’, ਡਾ. ਚਰਨਜੀਤ ਕੌਰ ਦਾ ਲੋਕਗੀਤ-ਸੰਗ੍ਰਹਿ ‘ਘੋੜੀਆਂ ਅਤੇ ਸੁਹਾਗ ਲੋਕ-ਗੀਤ: ਇੱਕ ਅਲੋਕਾਰ ਸੰਸਾਰ’, ਮਨਜੀਤ ਕੌਰ ਅੰਬਾਲਵੀ ਦਾ ਬਾਲ ਕਹਾਣੀ-ਸੰਗ੍ਰਹਿ ‘ਆ ਜਾ ਚਿੜੀਏ’, ਗੁਰਪ੍ਰੀਤ ਕੌਰ ਸੈਣੀ ਦਾ ਗ਼ਜ਼ਲ-ਸੰਗ੍ਰਹਿ ‘ਅੱਖਰ ਅੱਖਰ ਲੋਅ’, ਛਿੰਦਰ ਕੌਰ ਸਿਰਸਾ ਦਾ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’, ਚਰਨ ਪੁਆਧੀ ਦਾ ਪੁਆਧੀ ਲੇਖ-ਸੰਗ੍ਰਹਿ ‘ਘੱਗਰ ਕੇ ਢਾਹੇ ਢਾਹੇ’ ਅਤੇ ਬਾਲ-ਪੁਸਤਕ ‘ਉਰਦੂ ਦਾ ਕਾਫ਼ ਜ਼ਿਕਾਫ’, ਅਨੁਪਿੰਦਰ ਸਿੰਘ ਅਨੂਪ ਦੀ ਲਿਪੀਅੰਤਰ ਅਤੇ ਸੰਪਾਦਨਾ ‘ਹਮੇਸ਼ਾ ਦੇਰ ਕਰ ਦੇਤਾ ਹੂੰ’ ਅਤੇ ‘ਤੁਸੀਂ ਜੇ ਬਹੁਤ ਕੋਮਲ ਹੋ’ ਪ੍ਰਕਾਸ਼ਿਤ ਹੋਈਆਂ ਪੰਜਾਬੀ ਪੁਸਤਕਾਂ ਹਨ

***

ਪਾਤਾਲ ਵਿੱਚੋਂ - ਡਾ. ਰਮੇਸ਼ ਕੁਮਾਰ

ਡਾ. ਰਮੇਸ਼ ਕੁਮਾਰ ਦੀਆਂ ਨਜ਼ਮਾਂ ਦਾ ਅਧਿਐਨ ਕਰਦਿਆਂ ਇੰਝ ਲਗਦਾ ਹੈ ਜਿਵੇਂ ਪਾਠਕ ਕਿਸੇ ਦਰਿਆ ਦੇ ਕੰਢੇ ਉੱਪਰ ਆਪਣੀ ਮਸਤੀ ਵਿੱਚ ਤੁਰਿਆ ਜਾ ਰਿਹਾ ਹੋਵੇ ਉਸ ਨੂੰ ਆਪਣੇ ਚੁਗਿਰਦੇ ਦਾ ਰਤਾ ਭਰ ਵੀ ਅਹਿਸਾਸ ਨਹੀਂ ਹੁੰਦਾ

ਦੂਜੇ ਪਾਸੇ, ਰਮੇਸ਼ ਕੁਮਾਰ ਦੀ ਸ਼ਾਇਰੀ ਵਿੱਚ ‘ਵਿਚਾਰ’ ਬਲਵਾਨ ਹੁੰਦਾ ਹੈਉਹ ਬਹੁਤ ਥੋੜ੍ਹੇ ਲਫ਼ਜ਼ਾਂ ਵਿੱਚ ਵੱਡੀ ਗੱਲ ਕਹਿਣ ਦੇ ਸਮਰੱਥ ਸ਼ਾਇਰ ਹੈਉਹਨਾਂ ਦੀਆਂ ਨਜ਼ਮਾਂ ਵਿੱਚ ਕਹਾਣੀਆਂ ਨੂੰ ਪੜ੍ਹਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈਪਾਠਕ ਰਮੇਸ਼ ਕੁਮਾਰ ਦੀ ਕਵਿਤਾ ਦਾ ਪਾਠ ਕਰਦਿਆਂ ਇੰਝ ਮਹਿਸੂਸ ਕਰਦਾ ਹੈ ਕਿ ਉਹ ਕੋਈ ਕਹਾਣੀ ਪੜ੍ਹ ਰਿਹਾ ਹੈ ਕਿਉਂਕਿ ਰਮੇਸ਼ ਕੁਮਾਰ ਦੀ ਕਵਿਤਾ ਦੇ ਪਾਤਰ ਸਾਨੂੰ ਆਪਣੇ ਆਲੇ-ਦੁਆਲੇ ਹੀ ਮਿਲ ਜਾਂਦੇ ਹਨ

ਰਮੇਸ਼ ਕੁਮਾਰ ਦੀ ਕਵਿਤਾ ਵਿੱਚ ਸੱਤਾ ਦੇ ਖ਼ਿਲਾਫ਼ ਕ੍ਰੋਧ ਸਾਫ਼ ਦੇਖਿਆ ਜਾ ਸਕਦਾ ਹੈਉਹ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਹਿੰਦਾ ਹੈ ਕਿ ਲੋਕਾਂ ਨੂੰ ਆਪਣੀ ਆਵਾਜ਼ ਚੁੱਕਦੇ ਰਹਿਣਾ ਚਾਹੀਦਾ ਹੈਜੇਕਰ ਹਾਕਮ ਧਿਰ ਆਵਾਜ਼ ਨਹੀਂ ਸੁਣਦੀ ਤਾਂ ਵੀ ਆਵਾਜ਼ ਚੁੱਕਣੀ ਬੰਦ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ੁਲਮ ਦੇ ਖਿਲਾਫ਼ ਆਵਾਜ਼ ਚੁੱਕਣਾਜਿਉਂਦੇ’ ਹੋਣ ਦੀ ਨਿਸ਼ਾਨੀ ਹੈ;

ਨਹੀਂ ਨਹੀਂ / ਇਹ ਜ਼ਰੂਰੀ ਤਾਂ ਨਹੀਂ / ਕਿ / ਸਮੇਂ ਦੀ ਚੁੱਪ ਕੋਲ / ਹਰ ਸਵਾਲ ਦਾ ਜਵਾਬ ਹੋਵੇ / ਤੁਸੀਂ ਬੱਸ / ਆਵਾਜ਼ ਦਿਉ ਅਤੇ ਦਿੰਦੇ ਹੀ ਰਹੋ / ਪ੍ਰਸ਼ਨ ਕਰੋ / ਅਤੇ ਕਰਦੇ ਹੀ ਰਹੋ / ਹਨ੍ਹੇਰਿਆਂ ਨੂੰ / ਤਾਂ ਕਿ ਅਹਿਸਾਸ ਰਹੇ ਕਿ / ਕੋਈ ਤਾਂ ਜ਼ਿੰਦਾ ਹੈ।” (ਪਾਤਾਲ ’ਚੋਂ ਪੁਸਤਕ ਵਿੱਚੋਂ)

ਰਮੇਸ਼ ਕੁਮਾਰ ‘ਪਾਤਾਲ ’ਚੋਂ’ ਪੁਸਤਕ ਵਿੱਚ ਆਪਣੀਆਂ ਨਜ਼ਮਾਂ ਰਾਹੀਂ ਪਾਠਕਾਂ ਨੂੰ ਸੰਬੋਧਨ ਹੁੰਦਿਆਂ ਕਹਿੰਦਾ ਹੈ ਕਿ ਇਤਿਹਾਸ ਹਮੇਸ਼ਾ ਉਹਨਾਂ ਲੋਕਾਂ ਨੂੰ ਚੇਤੇ ਰੱਖਦਾ ਹੈ ਜਿਹੜੇ ਹਵਾਵਾਂ ਤੋਂ ਉਲਟ ਤੁਰਦੇ ਹਨ, ਜਿਹੜੇ ਜ਼ੁਲਮ ਖਿਲਾਫ ਖੜ੍ਹੇ ਹੋਣ ਦਾ ਹੀਆ ਕਰਦੇ ਹਨ, ਬੁਝੇ ਹੋਏ ਦੀਵਿਆਂ ਨੂੰ ਇਤਿਹਾਸ ਆਪਣੇ ਪੰਨਿਆਂ ਤੋਂ ਸਦਾ ਲਈ ਮਿਟਾ ਦਿੰਦਾ ਹੈ:

ਬੁਝੇ ਹੋਏ ਦੀਵਿਆਂ ਦਾ / ਕਿਉਂਕਿ / ਹਨ੍ਹੇਰਿਆਂ ਦੇ ਇਤਿਹਾਸ ਵਿੱਚ ਕੋਈ ਨਾਮ ਨਹੀਂ ਹੁੰਦਾ।” (ਪਾਤਾਲ ਵਿੱਚੋਂ ਪੁਸਤਕ ਵਿੱਚੋਂ)

ਇਸ ਤਰ੍ਹਾਂ ਰਮੇਸ਼ ਕੁਮਾਰ ਦੀ ਸ਼ਾਇਰੀ ਪਾਠਕ ਅੰਦਰ ਨਵ-ਚੇਤਨਾ ਦਾ ਪਾਸਾਰਾ ਕਰਦੀ ਹੈਉਹ ਪਾਠਕ ਨੂੰ ਜਿੱਥੇ ਸੋਚਣ ਲਈ ਮਜਬੂਰ ਕਰਦੀ ਹੈ ਉੱਥੇ ਹੀ ਉਤਸ਼ਾਹ ਅਤੇ ਨਵੀਂ ਸੋਚ ਦਾ ਧਾਰਨੀ ਬਣਨ ਲਈ ਪ੍ਰੇਰਣਾ ਵੀ ਦਿੰਦੀ ਹੈ

***

ਸ਼ਬਦਾਂ ਦੇ ਦਰਿਆ - ਬਲਬੀਰ ਸਿੰਘ ਸੈਣੀ

ਬਲਬੀਰ ਸਿੰਘ ਸੈਣੀ ਦੀ ਵਾਰਤਕ ਪੁਸਤਕ ‘ਸ਼ਬਦਾਂ ਦੇ ਦਰਿਆ’ ਵਿੱਚ ਕੁੱਲ 15 ਲਘੂ ਲੇਖ ਸ਼ਾਮਿਲ ਕੀਤੇ ਗਏ ਹਨਇਹਨਾਂ ਵਿੱਚ ਤਜਰਬਿਆਂ ਦੀ ਕੁੱਖ ਵਿੱਚੋਂ ਪੈਦਾ ਹੋਈ ਜ਼ਿੰਦਗੀ, ਸੱਚ, ਗੱਲ ਤਾਂ ਜ਼ਰਾ ਕੁ ਢੀਠ ਬਣਨ ਦੀ ਹੈ, ਪੰਜਾਬੀ ਲੋਕ-ਗੀਤਾਂ ਵਿੱਚ ਰੁੱਖ, ਡਬਲ-ਰੋਲ, ਘੁੰਡ - ਇੱਕ ਸਮਾਜਿਕ ਬੁਰਾਈ, ਪਿਆਰ, ਚਾਪਲੂਸੀ - ਇੱਕ ਕਲਾ, ਔਰਤ ਹੁਣ ਵੀ ਔਰਤ ਹੈ ਤੇ ਮਰਦ ਹੁਣ ਵੀ ਮਰਦ, ਹਿੰਦੂ ਧਰਮ ਅਤੇ ਭਗਤੀ ਲਹਿਰ, ਸਾਹਿਤਕ ਪੱਤਰਕਾਵਾਂ ਦੀ ਭੂਮਿਕਾ ਅਤੇ ਜ਼ੀਨਤ ਬਣਦੀਆਂ ਪੁਸਤਕਾਂ, ਸ਼ਾਹ ਮੁਹੰਮਦ ਦਾ ਵਤਨ ਪਿਆਰ, ਨਵੀਨ ਭਾਰਤ ਦੇ ਮੰਦਿਰ - ਭਾਖੜਾ ਡੈਮ ਅਤੇ ਨੰਗਲ ਡੈਮ, ਸਹੁੰਆ, ਉਰਲੀਆਂ-ਪਰਲੀਆਂ ਆਦਿਕ ਨੂੰ ਸ਼ਾਮਿਲ ਕੀਤਾ ਗਿਆ ਹੈ

ਇਸ ਲੇਖ-ਸੰਗ੍ਰਹਿ ਦੇ ਹਰ ਲੇਖ ਦਾ ਵਿਸ਼ਾ ਵੱਖਰਾ ਅਤੇ ਨਵੇਕਲਾ ਹੈਅਸਲ ਵਿੱਚ ਬਲਬੀਰ ਸਿੰਘ ਸੈਣੀ ਗ਼ਜ਼ਲਕਾਰ ਦੇ ਤੌਰ ’ਤੇ ਵੱਧ ਮਕਬੂਲ ਹੈ ਪਰ ਵਾਰਤਕ ਉੱਪਰ ਵੀ ਉਹਨਾਂ ਦੀ ਪਕੜ ਮਜ਼ਬੂਤ ਹੈਉਹਨਾਂ ਦੇ ਵਾਰਤਕ ਲੇਖਾਂ ਦੇ ਵਿਸ਼ੇ ਆਮ ਵਾਰਤਕ ਲੇਖਕਾਂ ਨਾਲੋਂ ਹਟ ਕੇ ਹੁੰਦੇ ਹਨ, ਦਿਲਚਸਪ ਹੁੰਦੇ ਹਨਪਾਠਕ ਜੇਕਰ ਇੱਕ ਵਾਰ ਲੇਖ ਪੜ੍ਹਨਾ ਸ਼ੁਰੂ ਕਰ ਲਵੇ ਤਾਂ ਉਸ ਲਈ ਅੱਧ ਵਿਚਾਲੇ ਛੱਡਣਾ ਸੌਖਾ ਨਹੀਂ ਹੁੰਦਾਬਲਬੀਰ ਸਿੰਘ ਸੈਣੀ ਦੀ ਸ਼ਬਦਾਵਲੀ ਮੁਹਾਵਰੇਦਾਰ ਅਤੇ ਸਰਲ ਹੁੰਦੀ ਹੈਇਸ ਪੁਸਤਕ ਦੇ ਬਹੁਤੇ ਲੇਖ ਉਹਨਾਂ ਦੇ ਨਿੱਜੀ ਤਜਰਬੇ ਵਿੱਚੋਂ ਨਿਕਲੇ ਜਾਪਦੇ ਹਨ

ਸ਼ਬਦਾਂ ਦੇ ਦਰਿਆ’ ਨੂੰ ਪੜ੍ਹਨ ਉਪਰੰਤ ਇੰਝ ਜਾਪਦਾ ਹੈ ਕਿ ਇਹ ਪੁਸਤਕ ਬਲਬੀਰ ਸਿੰਘ ਸੈਣੀ ਦਾ ਜ਼ਿੰਦਗੀਨਾਮਾ ਹੈਜਿੱਥੇ ਕੁਝ ਲੇਖ ਗੰਭੀਰ ਵਿਸ਼ੇ ਚੁੱਕਦੇ ਹਨ ਉੱਥੇ ਹੀ ਕੁਝ ਲੇਖ ਹਲਕਾ-ਫੁਲਕਾ ਮਨੋਰੰਜਨ ਵੀ ਕਰਦੇ ਦਿਖਾਈ ਦਿੰਦੇ ਹਨ

ਬਲਬੀਰ ਸਿੰਘ ਸੈਣੀ ਨੂੰ ਪੜ੍ਹਦਿਆਂ ਕਦੇ-ਕਦੇ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਲੇਖ ਲਿਖਦਿਆਂ ਹੋਇਆਂ ਵੀ ਆਪਣੀ ‘ਕਵਿਤਾ’ ਤੋਂ ਮੁਕਤ ਨਹੀਂ ਹੁੰਦੇਉਹਨਾਂ ਦੇ ਲੇਖਾਂ ਦਾ ਪਾਠ ਕਰਦਿਆਂ ਇੰਝ ਲਗਦਾ ਹੈ ਜਿਵੇਂ ਕਵਿਤਾ ਦਾ ਪਾਠ ਕੀਤਾ ਜਾ ਰਿਹਾ ਹੋਵੇਇਹ ਕਿਸੇ ਸ਼ਾਇਰ ਦੀ ਬਿਰਤੀ ਉੱਪਰ ਨਿਰਭਰ ਹੁੰਦਾ ਹੈਜਿਸ ਤਰ੍ਹਾਂ ਉੱਪਰ ਵੀ ਦੱਸਿਆ ਜਾ ਚੁੱਕਿਆ ਹੈ ਕਿ ਬਲਬੀਰ ਸਿੰਘ ਸੈਣੀ ਗ਼ਜ਼ਲਕਾਰ ਵਧੇਰੇ ਹੈ ਅਤੇ ਵਾਰਤਕਕਾਰ ਘੱਟਇਸੇ ਲਈ ਉਹਨਾਂ ਦੀ ਵਾਰਤਕ ਵਿੱਚ ਕਵਿਤਾ ਦੇ ਅੰਸ਼ ਦੇਖਣ, ਪੜ੍ਹਨ ਨੂੰ ਮਿਲਦੇ ਹਨ

***

ਸੰਦਲੀ ਕਿਰਨਾਂ - ਲਖਵਿੰਦਰ ਸਿੰਘ ਬਾਜਵਾ

ਸੰਦਲੀ ਕਿਰਨਾਂ’ ਕਾਵਿ-ਸੰਗ੍ਰਹਿ ਦੇ ਕੁੱਲ 112 ਪੰਨਿਆਂ ਵਿੱਚ ਸ਼ਾਇਰ ਲਖਵਿੰਦਰ ਸਿੰਘ ਬਾਜਵਾ ਨੇ ਜਿੱਥੇ ਸਮਾਜਿਕ ਜੀਵਨ ਨੂੰ ਵਧੇਰੇ ਚਿੱਤਰਿਆ ਹੈ ਉੱਥੇ ਹੀ ਇੱਕ ਕਵਿਤਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤੀ ਹੈਲਖਵਿੰਦਰ ਸਿੰਘ ਬਾਜਵਾ ਦੀ ਇਹ 17ਵੀਂ ਪੁਸਤਕ ਹੈਲਖਵਿੰਦਰ ਬਾਜਵਾ ਲਗਾਤਾਰ ਲਿਖਦੇ ਰਹਿਣ ਵਾਲਾ ਕਲਮਕਾਰ ਹੈਉਮਰ ਦੇ ਇਸ ਪੜਾਅ ਉੱਪਰ ਵੀ ਉਸਦੇ ਅੰਦਰ ਪੰਜਾਬੀ ਜ਼ੁਬਾਨ ਪ੍ਰਤੀ ਫਿਕਰਮੰਦੀ ਦੇਖਣ, ਪੜ੍ਹਨ ਨੂੰ ਮਿਲਦੀ ਹੈ

ਸੰਦਲੀ ਕਿਰਨਾਂ’ ਦਾ ਅਧਿਐਨ ਕਰਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲਖਵਿੰਦਰ ਬਾਜਵਾ ਦੀ ਭਾਸ਼ਾ, ਸੈ਼ਲੀ ਅਤੇ ਵਿਸ਼ਾ ਪੇਂਡੂ ਧਰਾਤਲ ਨਾਲ ਜੁੜਿਆ ਹੋਇਆ ਹੈਉਸਦੀਆਂ ਕਵਿਤਾਵਾਂ ਵਿੱਚ ਗਰੀਬ ਕਿਸਾਨ, ਮਜ਼ਦੂਰ ਅਤੇ ਕਿਰਤੀ ਬੰਦਿਆਂ ਦੀ ਗੱਲ ਵਧੇਰੇ ਕੀਤੀ ਗਈ ਹੈਇਸ ਤੋਂ ਇਲਾਵਾ ਔਰਤ ਦੇ ਜੀਵਨ ਪੱਧਰ ਅਤੇ ਸੰਘਰਸ਼ ਦੇ ਸੰਦਰਭ ਵਿੱਚ ਵੀ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨਕੁਝ ਕਵਿਤਾਵਾਂ ਵਿੱਚ ਧੀਆਂ ਦੀ ਪੁਕਾਰ ਨੂੰ ਬਿਆਨ ਕੀਤਾ ਗਿਆ ਹੈ;

ਸੁਣ ਨੀਂ ਮਾਏ ਮੇਰੀਏ – ਦੱਸੀਂ ਖਾਂ ਕੋਈ ਗੱਲ ਨੀਂ ਇਸ ਜਗਤ ਦੀਆਂ ਗੁੰਝਲਾਂ ਦਾ, ਹੈ ਕੋਈ ਹੱਲ ਨੀਂ।” (ਸੰਦਲੀ ਕਿਰਨਾਂ, ਪੰਨਾ-22)

ਗਰੀਬ ਮਜ਼ਦੂਰਾਂ ਦੀ ਆਵਾਜ਼ ਨੂੰ ਚੁੱਕਦਿਆਂ ਸ਼ਾਇਰ ਕਹਿੰਦਾ ਹੈ ਕਿ ਇਹ (ਮਜ਼ਦੂਰ) ਜਮਾਤ ਸਭ ਤੋਂ ਵੱਧ ਮਿਹਨਤ ਕਰਦੀ ਹੈ ਪਰ! ਇਹਨਾਂ ਦੇ ਹੱਕ ਨਹੀਂ ਦਿੱਤੇ ਜਾਂਦੇਹਾਕਮ ਧਿਰ ਇਹਨਾਂ ਮਜ਼ਦੂਰਾਂ ਨਾਲ ਮਾੜਾ ਸਲੂਕ ਕਰਦੀ ਹੈਹਾਕਮਾਂ ਲਈ ਤਿਆਰ ਕੀਤੇ ਮਹਿਲਾਂ ਵਿੱਚ ਇਹਨਾਂ ਮਜ਼ਦੂਰਾਂ ਨੂੰ ਵੜਨ ਤਕ ਨਹੀਂ ਦਿੱਤਾ ਜਾਂਦਾਹਾਕਮਾਂ ਲਈ ਮਹਿਲ ਤਿਆਰ ਕਰਨ ਵਾਲਾ ਮਜ਼ਦੂਰ ਖੁਦ ਖੁੱਲ੍ਹੇ ਆਸਮਾਨ ਹੇਠਾਂ ਜੀਵਨ ਬਤੀਤ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ;

ਚਾਂਦਨੀ ਦੀ ਓਡਣੀ ਲੈ ਧਰਤੀ ਦੀ ਹਿੱਕੜੀ ਤੇ, ਰੋਜ਼ ਸੌਂਦੇ ਵੇਖੇ ਮਜ਼ਦੂਰਸੁਪਨੇ ਤੇ ਸੱਧਰਾਂ ਦਾ ਕਰ ਕੇ ਵਿਛੌਣਾ, ਵੇਖੇ ਨੀਂਦਰਾਂ ਦੇ ਲਾਹੁੰਦੇ ਭਰ ਪੂਰ।” (ਸੰਦਲੀ ਕਿਰਨਾਂ, ਪੰਨਾ-24)

***

ਘੋੜੀਆਂ ਅਤੇ ਸੁਹਾਗ ਲੋਕ-ਗੀਤ ਇੱਕ ਅਲੋਕਾਰ ਸੰਸਾਰ - ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ ਹੁਰਾਂ ਦਾ ਸਮੁੱਚਾ ਖੋਜ ਕਾਰਜ ਲੋਕ ਗੀਤਾਂ ਉੱਤੇ ਆਧਾਰਿਤ ਰਿਹਾ ਹੈਉਹਨਾਂ ਵੱਲੋਂ ਵਿਆਹਾਂ ਉੱਪਰ ਗਾਏ ਜਾਂਦੀਆਂ ਘੋੜੀਆਂ ਅਤੇ ਸੁਹਾਗਾਂਤੇ ਨਿੱਠ ਕੇ ਕੰਮ ਕੀਤਾ ਹੈ ਹਥਲੀ ਪੁਸਤਕ ਵਿੱਚ ਵੀ ਵਿਆਹਾਂ ਉੱਤੇ ਗਾਏ ਜਾਂਦੇ ਘੋੜੀਆਂ ਅਤੇ ਸੁਹਾਗਾਂ ਨਾਲ ਸੰਬੰਧਤ ਪੁਸਤਕ ਹੈ ਡਾ. ਚਰਨਜੀਤ ਕੌਰ ਅਨੁਸਾਰ, “ਇਹ ਘੋੜੀਆਂ ਅਤੇ ਸੁਹਾਗ ਵੇਦਾਂ ਸ਼ਾਸਤਰਾਂ ਨਾਲ ਸੰਬੰਧਤ, ਸਿਮ੍ਰਤੀਆਂ ਨਾਲ ਸਬੰਧਤ ਹਨ ਕਿਉਂਕਿ ਆਦਿਕਾਲ ਤੋਂ ਹੀ ਖੁਸ਼ੀਆਂ ਦੇ ਮੌਕਿਆਂ ਉੱਤੇ ਅਜਿਹੇ ਲੋਕ ਗੀਤ ਖੁਸ਼ੀ ਨੂੰ ਪ੍ਰਗਟਾਉਣ ਦਾ ਸਾਧਨ ਬਣਦੇ ਰਹੇ ਹਨ

ਡਾ. ਚਰਨਜੀਤ ਕੌਰ ਅਨੁਸਾਰ, “ਅਜੋਕੇ ਸਮੇਂ ਘੋੜੀਆਂ ਅਤੇ ਸੁਹਾਗ ਗਾਉਣ ਦਾ ਰਿਵਾਜ਼ ਘਟਦਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਕੋਲ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਲਈ ਵਕਤ ਦੀ ਘਾਟ ਹੈਦੂਜੀ ਗੱਲ, ਅੱਜਕਲ੍ਹ ਬਹੁਤੇ ਵਿਆਹ ਕੋਰਟ-ਮੈਰਿਜਾਂ ਰਾਹੀਂ ਹੋ ਰਹੇ ਹਨਇਸ ਲਈ ਵਿਆਹਾਂ ’ਤੇ ਗੀਆਂ ਜਾਂਦੀਆਂ ਘੋੜੀਆਂ ਅਤੇ ਸੁਹਾਗਾਂ ਦੀ ਅਹਿਮੀਅਤ ਲਗਾਤਾਰ ਘਟਦੀ ਜਾ ਰਹੀ ਹੈਤੀਜੀ ਗੱਲ, ਅੱਜ ਦਾ ਜ਼ਮਾਨਾ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨਾਲ ਰਹਿਣ (ਲਿਵ ਇਨ ਰਿਲੇਸ਼ਨਸ਼ਿੱਪ) ਵਿੱਚ ਰਹਿਣ ਦਾ ਰੁਝਾਨ ਵਧਦਾ ਜਾ ਰਿਹਾ ਹੈਮੁੰਡਾ-ਕੁੜੀ ਬਿਨਾਂ ਵਿਆਹ ਤੋਂ ਇੱਕ ਦੂਜੇ ਨਾਲ ਪਤੀ-ਪਤਨੀ ਵਾਂਗ ਰਹਿੰਦੇ ਹਨਅਜਿਹੇ ਵਕਤ ਵਿੱਚ ਵਿਆਹਾਂ ਦੀ ਅਹਿਮੀਅਤ ਘਟਦੀ ਜਾ ਰਹੀ ਹੈ।”

ਲੋਕ ਗੀਤਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਸਾਜ਼ ਦੇ ਮੁਥਾਜ ਨਹੀਂ ਹੁੰਦੇਪਿੰਡਾਂ ਵਿੱਚ ਔਰਤਾਂ ਵੱਲੋਂ ਰਲ਼ ਮਿਲ ਕੇ ਉੱਚੀ ਆਵਾਜ਼ ਵਿੱਚ ਲੋਕ ਗੀਤ ਗਾਏ ਜਾਂਦੇ ਰਹੇ ਹਨ;

ਲੋਕ ਗੀਤਾਂ ਦੀ ਆਪਣੀ ਨਿੱਜੀ ਗਾਇਨ ਸ਼ੈਲੀ ਅਤੇ ਬੰਦਸ਼ ਹੁੰਦੀ ਹੈ ਪਰ ਘੋੜੀਆਂ ਅਤੇ ਸੁਹਾਗਾਂ ਦੀ ਲੈਅ, ਹੇਕ ਅਤੇ ਗਾਇਨ ਸ਼ੈਲੀ ਬਿਲਕੁਲ ਨਿਆਰੀ, ਮੌਲਿਕ ਅਤੇ ਨਵੇਕਲੀ ਹੈ।” (ਘੋੜੀਆਂ ਅਤੇ ਸੁਹਾਗ ਲੋਕ-ਗੀਤ ਇੱਕ ਅਲੋਕਾਰ ਸੰਸਾਰ, ਪੰਨਾ-13)

ਇਹ ਲੋਕ ਗੀਤ ਪੀੜ੍ਹੀ ਦਰ ਪੀੜ੍ਹੀ ਤੁਰਦੇ ਰਹੇ ਹਨਹਾਂ! ਵਕਤ ਦੇ ਨਾਲ-ਨਾਲ ਇਹਨਾਂ ਵਿੱਚ ਕੁਝ ਬਦਲਾਅ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਅਸਲੋਂ ਹੀ ਖ਼ਤਮ ਨਹੀਂ ਕੀਤੇ ਜਾ ਸਕਦੇਇਹਨਾਂ ਲੋਕ ਗੀਤਾਂ ਦਾ ਇੱਕ ਪੱਖ ਇਹ ਵੀ ਹੈ ਕਿ ਘੋੜੀਆਂ ਗਾਉਣ ਵੇਲੇ ਮੁੰਡੇ ਦੇ ਪਿਤਾ ਦੀ ‘ਚੜ੍ਹਤ’ ਨੂੰ ਬਿਆਨ ਕੀਤਾ ਜਾਂਦਾ ਹੈ ਅਤੇ ਸੁਹਾਗ ਗਾਉਣ ਵੇਲੇ ਧੀ ਦੇ ਪਿਤਾ ਨੂੰ ‘ਕਮਜ਼ੋਰ’ ਬਣਾ ਕੇ ਪੇਸ਼ ਕੀਤਾ ਜਾਂਦਾ ਹੈਇਹ ਵੱਖਰਾਪਣ ਸਾਡੇ ਸਮਾਜਿਕ ਜੀਵਨ ਦਾ ਅੰਗ ਕਿਹਾ ਜਾ ਸਕਦਾ ਹੈਇਹ ਸਾਡੇ ਮਰਦ ਪ੍ਰਧਾਨ ਸਮਾਜ ਦੀ ਉਪਜ ਹੈਇੱਥੇ ਧੀਆਂ ਵਾਲੇ ਘਰ ਦਾ ਕੋਈ ਜ਼ੋਰ ਚੱਲਦਾ ਨਹੀਂ ਦਿਖਾਇਆ ਜਾਂਦਾਧੀਆਂ ਨੂੰ ਬਿਗਾਨੇ ਘਰ ਦੀ ਅਮਾਨਤ ਕਹਿ ਕੇ ਪਰਾਇਆ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਧੀ ਸਹੁਰਿਆਂ ਘਰ ਜਾਂਦੀ ਹੈ ਤਾਂ ਉੱਥੇ ਵੀ ਉਹਨੂੰ ਬਿਗਾਨੇ ਘਰੋਂ ਆਈ ਕਹਿ ਕੇ ਸਵੀਕਾਰ ਨਹੀਂ ਕੀਤਾ ਜਾਂਦਾ

***

ਆ ਜਾ ਚਿੜੀਏ - ਮਨਜੀਤ ਕੌਰ ਅੰਬਾਲਵੀ

ਮਨਜੀਤ ਕੌਰ ਅੰਬਾਲਵੀ ਦਾ ਨਵ-ਪ੍ਰਕਾਸ਼ਿਤ ਬਾਲ ਕਹਾਣੀ-ਸੰਗ੍ਰਹਿ ‘ਆ ਜਾ ਚਿੜੀਏ’ ਵੀ 2023 ਵਿੱਚ ਪ੍ਰਕਾਸ਼ਿਤ ਹੋਇਆ ਹੈਮਨਜੀਤ ਕੌਰ ਅੰਬਾਲਵੀ ਦੀ ਇਹ 11ਵੀਂ ਪੁਸਤਕ ਹੈਇਸ ਤੋਂ ਪਹਿਲਾਂ ‘ਗੁਆਚੇ ਰੰਗ, ਬਹਾਰਾਂ ਨੂੰ ਅਵਾਜ਼, ਚਾਨਣ ਦੇ ਫੁੱਲ, ਮਾਂ ਦੀਆਂ ਮਿੱਠੀਆਂ ਲੋਰੀਆਂ, ਰੀਮੋਟ ਵਾਲਾ ਜਹਾਜ਼, ਕੁਲ ਦੀ ਬੋਲੀ, ਅਜਿਹਾ ਹੋਵੇ ਗੁਆਂਢੀ, ਆਟੇ ਦੀ ਚਿੜੀ, ਮੈਨੂੰ ਚੰਦ ਚਾਹੀਦਾ ਹੈ, ਨੂਰ ਅਗੰਮੀ ਪ੍ਰਕਾਸ਼ਿਤ ਹੋ ਕੇ ਪਾਠਕਾਂ ਤੀਕ ਪਹੁੰਚ ਚੁੱਕੀਆਂ ਹਨ ਹਥਲੀ ਪੁਸਤਕ ਵਿੱਚ ਕੁੱਲ 13 ਬਾਲ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ

ਇਹਨਾਂ ਕਹਾਣੀਆਂ ਵਿੱਚ ਲੇਖਿਕਾ ਮਨਜੀਤ ਕੌਰ ਅੰਬਾਲਵੀ ਵੱਲੋਂ ਨਿੱਕੇ ਬੱਚਿਆਂ ਨੂੰ ਪ੍ਰੇਰਣਾ ਅਤੇ ਹੱਲਾਸ਼ੇਰੀ ਦਿੱਤੀ ਗਈ ਹੈਅਸਲ ਵਿੱਚ ਬਾਲ ਸਾਹਿਤ ਦਾ ਮੂਲ ਮਨੋਰਥ ਹੀ ਬੱਚਿਆਂ ਦੇ ਮਨਾਂ ਉੱਪਰ ‘ਸਾਰਥਕ’ ਪ੍ਰਭਾਵ ਪਾਉਣਾ ਹੁੰਦਾ ਹੈਦੂਜੀ ਗੱਲ, ਬਾਲ ਸਾਹਿਤ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਨਿੱਕੇ ਬੱਚਿਆਂ ਨੂੰ ਚੰਗੇ ਅਤੇ ਨੇਕ ਰਾਹ ਉੱਪਰ ਤੋਰਿਆ ਜਾ ਸਕੇਲੇਖਿਕਾ ਨੇ ਆਪਣੀ ਇਸ ਪੁਸਤਕ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਹੈ

ਸਾਹਿਤ ਦੇ ਖੇਤਰ ਵਿੱਚ ਬਾਲ ਸਾਹਿਤ ਦੀ ਸਿਰਜਣਾ ਨੂੰ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਾਰਜ ਵਿੱਚ ਲੇਖਕ ਨੂੰ ਬਾਲ ਮਨਾਂ ਦੇ ਪੱਧਰ ’ਤੇ ਪਹੁੰਚਣਾ ਪੈਂਦਾ ਹੈਬਹੁਤ ਗੂੜ੍ਹੀਆਂ ਗੱਲਾਂ ਨੂੰ ਨਿੱਕੇ ਬੱਚਿਆਂ ਦੇ ਜ਼ਿਹਨ ਵਿੱਚ ਨਹੀਂ ਬਿਠਾਇਆ ਜਾ ਸਕਦਾਲੇਖਕ ਜਾਂ ਲੇਖਿਕਾ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਸ ਨਾਲ ਨਿੱਕੇ ਬੱਚਿਆਂ ਨੂੰ ਸਹਿਜਤਾ ਨਾਲ ਸਮਝ ਆ ਸਕੇ

ਦਿਲਪ੍ਰੀਤ ਦੀ ਸਿਆਪਣ’ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਨਿੱਕੇ ਬੱਚੇ ਸਮਝਾਉਣ ਨਾਲ ਨਹੀਂ ਬਲਕਿ ਦੇਖਾ-ਦੇਖੀ ਜਲਦੀ ਸਮਝਦੇ ਹਨਇਸ ਕਹਾਣੀ ਵਿੱਚ ਦਿਲਪ੍ਰੀਤ ਆਪਣੀ ਦਾਦੀ ਮਾਤਾ ਦੀਆਂ ਚੰਗੀਆਂ ਆਦਤਾਂ ਨੂੰ ਛੇਤੀ ਸਿੱਖਦੀ ਹੈ‘ਖੱਬਚੂ ਬਿੱਲੀ’ ਕਹਾਣੀ ਵਿੱਚ ਦੱਸਿਆ ਗਿਆ ਕਿ ਜਾਨਵਰ ਪਿਆਰ ਦੇ ਭੁੱਖੇ ਹੁੰਦੇ ਹਨ ਅਤੇ ਉਹ ਪਿਆਰ ਕਰਨ ਵਾਲੇ ਇਨਸਾਨ ਨਾਲ ਮਿੱਤਰਤਾ ਨਿਭਾਉਂਦੇ ਹਨਇਸ ਤਰ੍ਹਾਂ ਸਮੁੱਚੀਆਂ ਕਹਾਣੀਆਂ ਵਿੱਚ ਨਿੱਕੇ ਬੱਚਿਆਂ ਨੂੰ ਸੰਦੇਸ਼ ਅਤੇ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੈ

**

ਅੱਖਰ ਅੱਖਰ ਲੋਅ – ਗੁਰਪ੍ਰੀਤ ਕੌਰ ਸੈਣੀ

ਗੁਰਪ੍ਰੀਤ ਕੌਰ ਸੈਣੀ ਦੀਆਂ ਹੁਣ ਤਕ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਇਹ ਗ਼ਜ਼ਲ-ਸੰਗ੍ਰਹਿ ਪੰਜਵੀਂ ਪੁਸਤਕ ਦੇ ਰੂਪ ਵਿੱਚ ਪਾਠਕਾਂ ਦੇ ਹੱਥਾਂ ਤਕ ਪਹੁੰਚਿਆ ਹੈਗੁਰਪ੍ਰੀਤ ਕੌਰ ਦੀ ਸ਼ਾਇਰੀ ਦਾ ਅਧਿਐਨ ਕਰਦਿਆਂ ਇਹ ਪਤਾ ਲਗਦਾ ਹੈ ਕਿ ਉਹ ਰੋਣ-ਧੋਣ ਦੀ ਸ਼ਾਇਰੀ ਨਹੀਂ ਸਿਰਜਦੀ ਬਲਕਿ ਪਿਤਰ-ਸੱਤਾ ਦੇ ਖਿਆਫ ਆਪਣੀ ਆਵਾਜ਼ ਨੂੰ ਬੁਲੰਦ ਕਰਦੀ ਹੈਉਹ ਆਪਣੀਆਂ ਕਵਿਤਾਵਾਂ,ਗ਼ਜ਼ਲਾਂ ਵਿੱਚ ਔਰਤ ਨੂੰ ‘ਵਿਚਾਰੀ’ ਅਤੇ ‘ਕਮਜ਼ੋਰ’ ਬਣਾ ਕੇ ਪੇਸ਼ ਨਹੀਂ ਕਰਦੀ ਬਲਕਿ ਉਹ ਜ਼ੁਲਮ ਦੇ ਖਿਲਾਫ ਡਟ ਕੇ ਖਲੋਣ ਦੀ ਹੱਲਾਸ਼ੇਰੀ ਦਿੰਦੀ ਹੈ, ਪ੍ਰਰੇਣਾ ਦਿੰਦੀ ਹੈ;

ਭਲਾ ਕਿਉਂ ਹੋਂਦ ਮੇਰੀ ਨੂੰ, ਨਵੀਂ ਹੀ ਨਿੱਤ ਸਜ਼ਾ ਦਿੰਦੇ? ਕਦੇ ਆਖਣ ਇਹ ਅਬਲਾ ਹੈ, ਕਦੇ ਪੱਥਰ ਬਣਾ ਦਿੰਦੇ।” (ਅੱਖਰ ਅੱਖਰ ਲੋਅ, ਪੰਨਾ-13)

ਗੁਰਪ੍ਰੀਤ ਕੌਰ ਸੈਣੀ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਸੁਲੱਖਣ ਸਰਹੱਦੀ ਲਿਖਦੇ ਹਨ, “ਗੁਰਪ੍ਰੀਤ ਦੇ ਸ਼ਿਅਰ ਦੀਪਕ ਵਾਂਗ ਤੁਹਾਡੇ-ਸਾਡੇ ਰਾਹ ਵਿੱਚ ਜਗ ਰਹੇ ਹਨਇਹਨਾਂ ਦੀ ਲਾਟ ਹੀ ਇਹਨਾਂ ਦੇ ਅਰਥ ਹਨ।” (ਅੱਖਰ ਅੱਖਰ ਲੋਅ, ਭੂਮਿਕਾ ਵਿੱਚੋਂ)

ਅੱਖਰ ਅੱਖਰ ਲੋਅ’ ਦੀਆਂ ਗ਼ਜ਼ਲਾਂ ਦਾ ਅਧਿਐਨ ਉਪਰੰਤ ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਸ਼ਾਇਰਾ ਦੰਭੀਆਂ, ਚੁਗਲਖੋਰਾਂ, ਰਿਸ਼ਵਤਖੋਰਾਂ, ਸਿਆਸੀ ਚੌਧਰੀਆਂ ਅਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦੀ ਹੈਉਹ ਉਹਨਾਂ ਲੇਖਿਕਾਂ ਅਤੇ ਲੇਖਿਕਾਵਾਂ ਨੂੰ ਵੀ ਫਿਟਕਾਰ ਪਾਉਂਦੀ ਹੈ ਜਿਹੜੇ ਸਰਕਾਰਾਂ ਹੱਥੋਂ ਇਨਾਮਾਂ ਖ਼ਾਤਰ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਹਨ ਜਾਂ ਸਮਝੌਤੇ ਕਰਨ ਲਈ ਤਿਆਰ ਹੋ ਜਾਂਦੇ ਹਨ

***

ਭਰ ਜੋਬਨ ਬੰਦਗੀ - ਛਿੰਦਰ ਕੌਰ ਸਿਰਸਾ

ਛਿੰਦਰ ਕੋਰ ਸਿਰਸਾ ਦੀਆਂ ਹੁਣ ਤਕ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨਇਸ ਚੌਥੀ ਪੁਸਤਕ ‘ਭਰ ਜੋਬਨ ਬੰਦਗੀ’ 2023 ਵਿੱਚ ਪ੍ਰਕਾਸ਼ਿਤ ਹੋਈ ਹੈ

ਭਰ ਜੋਬਨ ਬੰਦਗੀ’ ਕਾਵਿ-ਸੰਗ੍ਰਹਿ ਦਾ ਅਧਿਐਨ ਕਰਦਿਆਂ ਇਹ ਗੱਲ ਸਹਿਜੇ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਛਿੰਦਰ ਕੌਰ ਅਜੋਕੇ ਸਮੇਂ ਸਿਰਜੇ ਜਾ ਰਹੇ ਔਰਤ ਸਾਹਿਤ ਤੋਂ ਵੱਖ ਰੂਪ ਵਿੱਚ ਸਿਰਜਣਾ ਕਰਦੀ ਹੈਅਜੋਕਾ ਦੌਰ ਨਾਰੀਵਾਦੀ ਔਰਤ ਲੇਖਿਕਾਵਾਂ ਵੱਲੋਂ ਮਰਦ ਪ੍ਰਧਾਨ ਸਮਾਜ ਅਤੇ ਸਮੁੱਚੇ ਮਰਦ ਸਮਾਜ ਪ੍ਰਤੀ ਨਫ਼ਰਤ ਦੀ ਭਾਵਨਾ ਨਾਲ ਲਬਰੇਜ਼ ਦਿਖਾਈ ਦਿੰਦੀ ਹੈ ਪਰ ਛਿੰਦਰ ਕੋਰ ਦੀਆਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਉਹ ਬਾਪ ਨੂੰ ਬਾਪ ਦੀ ਇੱਜ਼ਤ ਦਿੰਦਿਆਂ ਦਿਖਾਈ ਦਿੰਦੀ ਹੈ, ਭਰਾ ਨੂੰ ਭਰਾ ਦੀ ਅਤੇ ਪਤੀ ਨੂੰ ਪਤੀ ਦੀ

ਉਸਦੀਆਂ ਬਹੁਤੀਆਂ ਕਵਿਤਾਵਾਂ ਮਰਦ ਦੇ ਸਾਰਥਕ ਰੂਪ ਦਾ ਹਵਾਲੇ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ ਕੁੱਲ ਮਿਲਾ ਕੇ ਛਿੰਦਰ ਕੌਰ ਆਪਣੀਆਂ ਕਵਿਤਾਵਾਂ ਵਿੱਚ ਮਰਦ ਦੇ ਹੱਕ ਵਿੱਚ ਖਲੋਣ ਦਾ ਹੀਆ ਕਰਦੀ ਦਿਖਾਈ ਦਿੰਦੀ ਹੈਛਿੰਦਰ ਕੌਰ ਸਿਰਸਾ ਦੇ ਅਨੁਸਾਰ ਉਹਨਾਂ ਦੀ ਇਹ ਪੁਸਤਕ ‘ਮੇਲੇ ਦੀ ਰੌਣਕ’ ਵਰਗੀ ਪੁਸਤਕ ਹੈਇਸ ਵਿੱਚ ਜਿੱਥੇ ਸਮਾਜਿਕ ਸਰੋਕਾਰਾਂ ਦੀ ਗੱਲ ਹੈ, ਉੱਥੇ ਹੀ ਨਾਰੀ ਦੇ ਸਰਵਪੱਖੀ ਵਿਕਾਸ ਅਤੇ ਉਸਦੀਆਂ ਕੋਮਲ ਸੰਵੇਦਨਾਵਾਂ ਦੀ ਗੱਲ ਬਹੁਤ ਗੁੜ੍ਹੇ ਭਾਵਾਂ, ਅਰਥਾਂ ਵਿੱਚ ਕਰਨ ਦਾ ਯਤਨ ਕੀਤਾ ਗਿਆ ਹੈ;

ਤੇਰੇ ਹੁੰਦਿਆਂ ਵੇ ਮੇਰੇ ਧਰਮੀ ਬਾਬਲਾਮੇਰੀਆਂ ਛੱਤਾਂ ’ਤੇ ਸੋਨਾ ਸੁੱਕਦਾ ਸੀ।” (ਭਰ ਜੋਬਨ ਬੰਦਗੀ, ਪੰਨਾ-96)

ਇਸ ਤੋਂ ਇਲਾਵਾ ‘ਭਰ ਜੋਬਨ ਬੰਦਗੀ’ ਵਿੱਚ ਪਰਵਾਸ ਦੇ ਸੰਦਰਭ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ

***

ਘੱਗਰ ਕੇ ਢਾਹੇ ਢਾਹੇ – ਚਰਨ ਪੁਆਧੀ

ਪੁਆਧ ਖੇਤਰ ਦੇ ਲੇਖਕ ਚਰਨ ਪੁਆਧੀ ਦੀਆਂ ਹੁਣ ਤਕ 32 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨਇਸ ਵਰ੍ਹੇ ਚਰਨ ਪੁਆਧੀ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ‘ਘੱਗਰ ਕੇ ਢਾਹੇ ਢਾਹੇ’ ਪੁਸਤਕ ਵਿੱਚ ਚਰਨ ਪੁਆਧੀ ਨੇ ਪੁਆਧ ਬਾਰੇ ਕਵਿਤਾਵਾਂ ਦੀ ਸਿਰਜਣਾ ਕੀਤੀ ਹੈਇਹਨਾਂ ਕਵਿਤਾਵਾਂ ਦਾ ਮੂਲ ਵਿਸ਼ਾ ਪੁਆਧੀ ਸਮਾਜ ਦੇ ਆਲੇ-ਦੁਆਲੇ ਘੁੰਮਦੇ ਹੋਇਆ ਮਹਿਸੂਸ ਕੀਤਾ ਜਾ ਸਕਦਾ ਹੈਲੇਖਕ ਨੇ ਜਿੱਥੇ ਸਮਾਜਿਕ ਵਿਸ਼ਾ ਛੋਹਿਆ ਹੈ, ਉੱਥੇ ਹੀ ਮਾਰਕੰਡੇ ਦੀਆਂ ਗੱਲਾਂ, ਟਾਂਗਰੀ ਦੀਆਂ ਗੱਲਾਂ ਅਤੇ ਸਿਰਮੌਰ ਤੋਂ ਲੈ ਕੇ ਮੂਨਕ ਤਕ ਬੋਲੀ ਬਾਰੇ ਵਿਸਥਾਰਪੂਰਵਕ ਕਵਿਤਾਵਾਂ ਪਾਠਕਾਂ ਸਾਹਮਣੇ ਪੇਸ਼ ਕੀਤੀਆਂ ਹਨ

ਆਂਦਾ ਨਹੀਂ ਯਕੀਨ ਕਿਸੇ ਨੂੰ/ ਇਬੋ ਦੇਖ ਲੋ ਜਾ ਕਾਹਰਿਆਣੇ ਤੇ ਰਹਾ ਕਟਿਆ/ ਘੱਗਰ ਪਾਰ ਕਾ ‘ਲਾਕਾ।” (ਘੱਗਰ ਕੇ ਢਾਹੇ ਢਾਹੇ)

ਚਰਨ ਪੁਆਧੀ ਆਪਣੀ ਬੋਲੀ ਪ੍ਰਤੀ ਸਮਰਪਿਤ ਰਚਨਾਕਾਰ ਹੈਉਸਦੀਆਂ ਬਹੁਤੀਆਂ ਕਿਤਾਬਾਂ ਅਤੇ ਲੇਖ ਆਪਣੀ ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਹੇ ਜਾ ਸਕਦੇ ਹਨਉਹ ਆਪਣੇ ਇਲਾਕੇ ਅਤੇ ਬੋਲੀ ਨੂੰ ਮੁੱਖਧਾਰਾ ਦੇ ਸਾਹਿਤ ਵਿੱਚ ਪੱਕੇ ਪੈਰੀਂ ਖੜ੍ਹੇ ਕਰਨ ਦਾ ਚਾਹਵਾਨ ਰਚਨਾਕਾਰ ਹੈ

***

ਹਮੇਸ਼ਾ ਦੇਰ ਕਰ ਦੇਤਾ ਹੂੰ - ਅਤੇ ਤੁਸੀਂ ਜੇ ਬਹੁਤ ਕੋਮਲ ਹੋ - ਅਨੁਪਿੰਦਰ ਸਿੰਘ ਅਨੂਪ (ਲਿਪੀਅੰਤਰ ਅਤੇ ਸੰਪਾਦਨਾ)

ਅਨੁਪਿੰਦਰ ਸਿੰਘ ਅਨੂਪ ਨੇ ਇਸ ਵਰ੍ਹੇ ਦੋ ਪੁਸਤਕਾਂ ਦੀ ਸੰਪਾਦਨਾ ਕੀਤੀ ਹੈਇੱਕ ਮੁਨੀਰ ਨਿਯਾਜ਼ੀ ਦੀ ‘ਹਮੇਸ਼ਾ ਦੇਰ ਕਰ ਦੇਤਾ ਹੂੰ’ ਅਤੇ ਦੂਜੀ ‘ਤੁਸੀਂ ਜੇ ਬਹੁਤ ਕੋਮਲ ਹੋ’ ਵਿੱਚ ਸ਼ਾਇਰ ਹਰਭਜਨ ਸਿੰਘ ਕੋਮਲ ਦੀਆਂ ਚੋਣਵੀਆਂ ਗ਼ਜ਼ਲਾਂ ਦੀ ਸੰਪਾਦਨਾ ਕੀਤੀ ਹੈਮੁਨੀਰ ਨਿਯਾਜ਼ੀ ਪਾਕਿਸਤਾਨ ਦੇ ਉਹਨਾਂ ਸ਼ਾਇਰਾਂ ਵਿੱਚੋਂ ਇੱਕ ਹਨ ਜਿਹਨਾਂ ਨੂੰ ਹਿੰਦੋਸਤਾਨ ਦੇ ਨਾਲ ਨਾਲ ਸੰਸਾਰ ਭਰ ਦੇ ਲੋਕ ਪੜ੍ਹਦੇ-ਸੁਣਦੇ ਹਨਮੁਨੀਰ ਨਿਯਾਜ਼ੀ ਦੀ ਬਹੁਤੀ ਸ਼ਾਇਰੀ ਮੁਹੱਬਤੀ ਹੈ

ਅਨੂਪ ਨੇ ਉਰਦੂ ਨਾ ਪੜ੍ਹ ਸਕਣ ਵਾਲੇ ਪਾਠਕਾਂ ਲਈ ਮੁਨੀਰ ਨਿਯਾਜ਼ੀ ਦੀ ਸ਼ਾਇਰੀ ਨੂੰ ਪੰਜਾਬੀ ਵਿੱਚ ਲਿਪੀਅੰਤਰ ਕਰਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਜਿਸ ਨਾਲ ਪੰਜਾਬੀ ਦੇ ਪਾਠਕ ਵੀ ਮੁਨੀਰ ਨਿਯਾਜ਼ੀ ਦੀ ਮੁਹੱਬਤੀ ਸ਼ਾਇਰੀ ਦਾ ਲੁਤਫ ਲੈ ਸਕਣਗੇ

ਦੂਜੀ ਪੁਸਤਕ ‘ਤੁਸੀਂ ਜੇ ਬਹੁਤ ਕੋਮਲ ਹੋ’ ਵਿੱਚ ਹਰਿਆਣੇ ਦੇ ਨਾਮਵਰ ਸ਼ਾਇਰ ਜਨਾਬ ਹਰਭਜਨ ਸਿੰਘ ਕੋਮਲ ਹੁਰਾਂ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਸੰਪਾਦਿਤ ਕਰਕੇ ਪਾਠਕਾਂ ਦੇ ਹੱਥਾਂ ਤਕ ਪਹੁੰਚਿਆ ਗਿਆ ਹੈਹਰਭਜਨ ਸਿੰਘ ਕੋਮਲ ਕੇਵਲ ਹਰਿਆਣੇ ਤਕ ਸੀਮਤ ਸ਼ਾਇਰ ਨਹੀਂ ਸਨ ਬਲਕਿ ਉਹ ਮੁੱਖਧਾਰਾ ਦੇ ਪੰਜਾਬੀ ਸ਼ਾਇਰਾਂ ਵਿੱਚੋਂ ਇੱਕ ਗਿਣੇ ਜਾਂਦੇ ਸਨਅਨੁਪਿੰਦਰ ਸਿੰਘ ਅਨੂਪ ਹੁਰਾਂ ਦੀ ਸ਼ਾਇਰੀ ਉੱਪਰ ਵੀ ਹਰਭਜਨ ਕੋਮਲ ਹੁਰਾਂ ਦਾ ਪਭਾਵ ਦੇਖਿਆ ਜਾ ਸਕਦਾ ਹੈ. ਪੜ੍ਹਿਆ ਜਾ ਸਕਦਾ ਹੈ

***

ਆਖ਼ਰ ਵਿੱਚ ਉੱਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਹਰ ਵਰ੍ਹੇ ਵਾਂਗ ਇਸ ਵਰ੍ਹੇ 2023 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ, ਲੇਖਿਕਾਵਾਂ ਨੇ ਗੁਣਾਤਮਿਕ ਅਤੇ ਗਿਣਾਤਮਿਕ ਪੱਖੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈਮੁੱਖਧਾਰਾ ਦੇ ਪੰਜਾਬੀ ਸਾਹਿਤ ਵਿੱਚ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਸਨਮਾਨਯੋਗ ਥਾਂ ਦਿੱਤੀ ਜਾਂਦੀ ਹੈ ਕਿਉਂਕਿ ਹਰਿਆਣੇ ਦੇ ਪੰਜਾਬੀ ਲੇਖਕ ਹਰ ਵਰ੍ਹੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਨਿਭਾਉਂਦੇ ਰਹਿਣਗੇ ਤਾਂ ਕਿ ਹਰਿਆਣੇ ਵਰਗੇ ਹਿੰਦੀ ਸੂਬੇ ਵਿੱਚ ਪੰਜਾਬੀ ਜ਼ੁਬਾਨ ਦੇ ਦੀਵੇ ਨੂੰ ਜਗਦਾ ਰੱਖਿਆ ਜਾ ਸਕੇ।

*****

ਕੀ ਅਸੀਂ ਵਿਖਾਵੇ ਬਿਨਾਂ ਨਹੀਂ ਰਹਿ ਸਕਦੇ?

2024 ਭਾਵੇਂ ਚੜ੍ਹ ਗਿਆ ਹੈ ਪਰ! ਸਾਡੇ ਲੋਕਾਂ ਦੇ ਮਨਾਂ ਵਿਚਲੇ ‘ਵਿਚਾਰ’ ਉਂਝ ਹੀ ਹਨ ਜਿਸ ਤਰ੍ਹਾਂ ਪਿਛਲਿਆਂ ਸਾਲਾਂ ਵਿੱਚ ਰਹੇ ਸਨਅਸੀਂ ਨਵੇਂ ਵਰ੍ਹੇ 2024 ਨੂੰ ਕੇਵਲ ‘ਜੀ ਆਇਆਂ’ ਆਖ ਦਿੰਦੇ ਹਾਂ ਪਰ ਇਸ ‘ਬਦਲਾਅ’ ਨੂੰ ਦਿਲੋਂ ਸਵੀਕਾਰ ਨਹੀਂ ਕਰਦੇਸਾਡੇ ਪੰਜਾਬੀਆਂ ਦੇ ਜ਼ਿਹਨ ਵਿੱਚ ਜਿਹੜੀ ਗੱਲ ਇੱਕ ਵਾਰ ਬਹਿ ਜਾਂਦੀ ਹੈ, ਉਸ ਨੂੰ ਅਸੀਂ ਸਾਲਾਂ ਬੱਧੀ ਬਾਹਰ ਨਹੀਂ ਕੱਢ ਪਾਉਂਦੇ, ਬਦਲ ਨਹੀਂ ਪਾਉਂਦੇ

ਦੋਸਤੋ, ਵਿਆਹਾਂ ਦਾ ਸੀਜ਼ਨ ਆਰੰਭ ਹੋਣ ਵਾਲਾ ਹੈਇਹਨਾਂ ਵਿਆਹਾਂ ਉੱਤੇ ਇਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਹੈਸੀਅਤ ਨਾਲੋਂ ਵਧ ਕੇ ਖਰਚਾ ਕਰਨਾ ਹੈਹਾਂ! ਜਿਹੜੇ ਲੋਕ ਆਰਥਿਕ ਪੱਖੋਂ ਮਜ਼ਬੂਤ ਹਨ ਉਹਨਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਆਪਣੀ ਆਰਥਿਕ ਖੁਸ਼ਹਾਲੀ ਦੀ ਨੁਮਾਇਸ਼ ਲਾਉਣੀ ਹੁੰਦੀ ਹੈ ਪਰ ਉਹਨਾਂ ਦੀ ਦੇਖਾ-ਦੇਖੀ ਗ਼ਰੀਬ ਪਰਿਵਾਰ ਲੱਖਾਂ ਰੁਪਏ ਦੇ ਕਰਜ਼ੇ ਲੈ ਕੇ ਆਪਣੇ ਬੱਚਿਆਂ ਦੇ ਵਿਆਹਾਂ ਉੱਤੇ ਖਰਚ ਕਰ ਦਿੰਦੇ ਹਨਇਹ ਨਿਰੀ ਮੂਰਖਤਾ ਕਹੀ ਜਾ ਸਕਦੀ ਹੈ

ਨੌਜਵਾਨ ਪੀੜ੍ਹੀ ਨੂੰ ਇਹਨਾਂ ਫਜ਼ੂਲ ਦੇ ਖਰਚਿਆਂ ਉੱਪਰ ਕਾਬੂ ਪਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਕੋਈ ਨੌਜਵਾਨ ‘ਪਹਿਲ’ ਕਰਦਾ ਹੈ ਤਾਂ ਉਸਦਾ ਸਾਰਥਕ ਪ੍ਰਭਾਵ ਦੂਜਿਆਂ ਉੱਪਰ ਦੇਖਣ ਨੂੰ ਮਿਲਦਾ ਹੈ

ਪੰਜਾਬੀਆਂ ਨੂੰ ਸਾਦੇ ਵਿਆਹ ਕਰਨ ਉੱਪਰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈਕੇਵਲ ਇੱਕ ਦਿਨ ਦੇ ਟੌਹਰ-ਟੱਪੇ ਲਈ ਪੂਰੀ ਉਮਰ ਭਰ ਨਾ ਸਿਰੋਂ ਨਾ ਲਹਿਣ ਵਾਲਾ ਕਰਜ਼ ਚੁੱਕ ਲੈਣਾ ਕਿਸੇ ਪੱਖੋਂ ਵੀ ਸਿਆਪਣ ਨਹੀਂ ਕਹੀ ਜਾ ਸਕਦੀਇਹਨਾਂ ਫਜ਼ੂਲ ਖਰਚਿਆਂ ਨੂੰ ਬੰਦ ਕਰਕੇ ਵਿਆਹਾਂ ਉੱਪਰ ਘੱਟ ਖਰਚ ਕਰਨ ਨਾਲ ਜਿੱਥੇ ਆਰਥਿਕ ਤੰਗੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਉੱਥੇ ਹੀ ਧੀਆਂ ਦੇ ਮਾਪਿਆਂ ਦੇ ਮਾਨਸਿਕ ਅਤੇ ਆਰਥਿਕ ਬੋਝ ਨੂੰ ਵੀ ਘੱਟ ਕੀਤਾ ਜਾ ਸਕਦਾ ਹੈਜਿਹੜੇ ਲੱਖਾਂ ਰੁਪਏ ਇੱਕ ਦਿਨ ਦੇ ਢੋਲ-ਢਮੱਕੇ ਉੱਤੇ ਖਰਚ ਕਰ ਦਿੱਤੇ ਜਾਂਦੇ ਹਨ, ਉਹਨਾਂ ਪੈਸਿਆਂ ਨਾਲ ਕੋਈ ਨਵਾਂ ਰੁਜ਼ਗਾਰ ਸ਼ੁਰੂ ਕੀਤਾ ਜਾ ਸਕਦਾ ਹੈ ਜਾਂ ਭਵਿੱਖ ਲਈ ਬਚਾ ਕੇ ਰੱਖਿਆ ਜਾ ਸਕਦਾ ਹੈਇਹ ਸਭ ਹੁੰਦਾ ਕਦੋਂ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਿਆਣਿਆਂ ਦਾ ਕਥਨ ਹੈ ਕਿ ਮਨੁੱਖ ਨੂੰ ਕਦੇ ਵੀ ਨਾ-ਉਮੀਦ ਨਹੀਂ ਹੋਣਾ ਚਾਹੀਦਾਨਵੇਂ ਵਿਚਾਰ, ਨਵੀਂ ਪਿਰਤ ਜ਼ਰੂਰ ਪੈਂਦੀ ਹੈ, ਬੱਸ, ਕਿਸੇ ਨੂੰ ਪਹਿਲ ਕਰਨ ਦੀ ਜ਼ਰੂਰਤ ਹੁੰਦੀ ਹੈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4620)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author