“ਕੱਲ੍ਹ ਸ਼ਾਮ ਵੇਲੇ ਮੇਰਾ ਨਿੱਕਾ ਬੇਟਾ ਆਲੂ-ਟਿੱਕੀ ਖਾਣ ਦੀ ਜ਼ਿਦ ਕਰਨ ਲੱਗਿਆ। ਬੱਚਿਆਂ ਨੂੰ ਲੈ ਕੇ ਮੈਂ ਬਾਜ਼ਾਰ ਗਿਆ ਤਾਂ ...”
(29 ਮਈ 2024)
ਇਸ ਸਮੇਂ ਪਾਠਕ: 500.
ਮੈਂ ਭਾਵੇਂ ਅਖ਼ਬਾਰ ਦਾ ਪੱਕਾ ਮੁਲਾਜ਼ਮ ਨਹੀਂ ਸਾਂ ਪਰ ਫਿਰ ਵੀ ਬਿਨਾਂ ਨਾਗੇ ਤੋਂ ਦਫਤਰ ਪਹੁੰਚ ਜਾਂਦਾ ਸਾਂ। ਪੱਕੇ ਮੁਲਾਜ਼ਮ ਮਗਰੋਂ ਆਉਂਦੇ ਤੇ ਮੈਂ ਪਹਿਲਾਂ ਅਪੱੜ ਜਾਂਦਾ। ਦੇਰ ਰਾਤ ਤਕ ਉੱਥੇ ਹੀ ਰਹਿੰਦਾ। ਅਖ਼ਬਾਰ ਦੇ ‘ਬਿਊਰੋ ਚੀਫ਼’ ਦੂਰੋਂ ਆਉਂਦੇ ਸਨ, ਇਸ ਲਈ ਉਹ ਰਾਤੀਂ ਅੱਠ ਕੁ ਵਜੇ ਨਿਕਲ ਜਾਂਦੇ ਕਿਉਂਕਿ ਉਹਨਾਂ ਬੱਸ ਫੜਨੀ ਹੁੰਦੀ ਸੀ। ਉਨ੍ਹਾਂ ਦੇ ਮਗਰੋਂ ਸਾਰੇ ਮੁਲਾਜ਼ਮ ਹੌਲੀ ਹੌਲੀ ਖਿਸਕ ਜਾਂਦੇ ਪਰ ਮੈਂ ਇਕੱਲਾ ਹੀ ਬੈਠਾ ਰਹਿੰਦਾ।
ਛੇਆਂ ਮਹੀਨਿਆਂ ਵਿੱਚ ਹੀ ਮੈਂ ਟਾਈਪ ਕਰਨੀ ਸਿੱਖ ਗਿਆ ਤੇ ਆਪਣੀਆਂ ਖ਼ਬਰਾਂ ਆਪ ਹੀ ਟਾਈਪ ਕਰਨ ਲੱਗ ਪਿਆ। ਅਖ਼ਬਾਰ ਦਾ ਪੂਰਾ ਸਟਾਫ ਹੈਰਾਨ ਸੀ ਕਿ ਇਹ ਮੁੰਡਾ ਕੱਲ੍ਹ ਆਇਆ ਹੈ ਤੇ ਆਉਂਦਿਆਂ ਹੀ ਛਾਅ ਗਿਆ ਹੈ। ਉਦੋਂ ਮੈਨੂੰ ਇਹਨਾਂ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਹੁਣ ਸੋਚਦਾ ਹਾਂ ਕਿ ਇਹ ਸਭ ਬੰਦੇ ਦੇ ਸ਼ੌਕ ਉੱਪਰ ਨਿਰਭਰ ਕਰਦਾ ਹੈ। ਜਿਹੜਾ ਕੰਮ ਕਰਦਿਆਂ ਤੁਹਾਨੂੰ ਖੁਸ਼ੀ ਮਿਲੇ, ਤੁਸੀਂ ਉਹ ਕੰਮ ਮਨ ਲਾ ਕੇ ਕਰਦੇ ਹੋ। ਬਿਲਕੁਲ ਇੰਝ ਹੀ ਮੇਰੇ ਨਾਲ ਹੋਇਆ। ਜਿਹੜੇ ਬੰਦੇ ਅਖ਼ਬਾਰ ਦੇ ਦਫਤਰ ਵਿੱਚ ਕੰਮ ਕਰਦੇ ਸਨ ਉਹ ‘ਅੱਕੇ’ ਪਏ ਸਨ ਪਰ ਮੈਨੂੰ ਸ਼ੌਕ ਸੀ। ਮੈਂ ਜਲਦੀ ਹੀ ਖ਼ਬਰਾਂ ਲਿਖਣੀਆਂ ਸਿੱਖ ਗਿਆ।
ਹਫ਼ਤਾ ਕੁ ਪਹਿਲਾਂ ਇੱਕ ‘ਧਾਰਮਿਕ’ ਜਗ੍ਹਾ ’ਤੇ ਜਾਣ ਦਾ ਸਬੱਬ ਬਣ ਗਿਆ। ਉੱਥੇ ਕੰਮ ਕਰਦੇ ‘ਧਾਰਮਿਕ’ ਆਗੂ ਨੂੰ ਮਿਲਿਆ ਤਾਂ ਉਹ ਢਿੱਲਾ ਜਿਹਾ ਜਾਪਿਆ। ਪੁੱਛਣ ’ਤੇ ਕਹਿਣ ਲੱਗਾ ਕਿ ਮੈਂ ਬਹੁਤ ਪ੍ਰੇਸ਼ਾਨ ਹਾਂ। ਇਸ ਕੰਮ ਵਿੱਚ ਹੁਣ ਭੋਰਾ ਵੀ ਇੱਜ਼ਤ ਨਹੀਂ ਰਹੀ, ਉੱਪਰੋਂ ਤਨਖ਼ਾਹ ਵੀ ਬਹੁਤ ਘੱਟ ਮਿਲਦੀ ਹੈ। ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ। ਇਸ ਕੰਮ ਨਾਲੋਂ ਅਤਾਂ ਚੰਗਾ ਬੰਦਾ ਰੇਹੜੀ ਲਾ ਲਵੇ। ਪ੍ਰਬੰਧਕਾਂ ਦੀ ਗੱਲਾਂ ਤਾਂ ਨਾ ਸੁਣਨੀਆਂ ਪੈਣ ...।” ਉਹ ਆਗੂ ਮੈਨੂੰ ਸੱਚਮੁੱਚ ਪ੍ਰੇਸ਼ਾਨ ਲੱਗਿਆ।
ਕੱਲ੍ਹ ਸ਼ਾਮ ਵੇਲੇ ਮੇਰਾ ਨਿੱਕਾ ਬੇਟਾ ਆਲੂ-ਟਿੱਕੀ ਖਾਣ ਦੀ ਜ਼ਿਦ ਕਰਨ ਲੱਗਿਆ। ਬੱਚਿਆਂ ਨੂੰ ਲੈ ਕੇ ਮੈਂ ਬਾਜ਼ਾਰ ਗਿਆ ਤਾਂ ਨੇੜੇ ਹੀ ਖੜ੍ਹੀ ਰੇਹੜੀ ’ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੈਂ ਵੀ ਬੱਚਿਆਂ ਲਈ ਟਿੱਕੀ ਬਣਾਉਣ ਲਈ ਕਿਹਾ। ਬੱਚੇ ਤਾਂ ਟਿੱਕੀ ਖਾਣ ਲੱਗ ਗਏ ਅਤੇ ਰੇਹੜੀ ਵਾਲਾ ਮੇਰੇ ਨਾਲ ਗੱਲੀਂ ਲੱਗ ਗਿਆ। ਕਹਿਣ ਲੱਗਾ, “ਸਰਦਾਰ ਜੀ, ਸਾਡੀ ਕੀ ਜ਼ਿੰਦਗੀ ਹੈ? ਸਾਰਾ ਦਿਨ ਲੋਕਾਂ ਦਾ ਜੂਠੇ ਭਾਂਡੇ ਧੋਂਦੇ ਹਾਂ।”
ਮੈਂ ਕਿਹਾ, “ਕੋਈ ਨਾ, ਰੁਜ਼ਗਾਰ ਤਾਂ ਮਿਲਿਆ ਹੋਇਆ ਹੈ, ਬਥੇਰੀ ਦੁਨੀਆਂ ਬੇਰੁਜ਼ਗਾਰ ਤੁਰੀ ਫਿਰਦੀ ਹੈ ਅੱਜਕਲ੍ਹ।”
ਉਹ ਕਹਿੰਦਾ, “ਇਸ ਕੰਮ ਨਾਲੋਂ ਤਾਂ ਚੰਗਾ ਬੰਦਾ ‘ਬਾਬਿਆਂ ਦੇ ਡੇਰੇ’ ਉੱਪਰ ਰੋਟੀ ਖਾ ਲਵੇ। ਸੇਵਾ ਕਰਕੇ ‘ਅਗਲਾ ਜਨਮ’ ਵੀ ਸਵਾਰੇ ਅਤੇ ਇਸ ਕੁੱਤਖ਼ਾਨੇ ਤੋਂ ਵੀ ਖਹਿੜਾ ਵੀ ਛੁੱਟ ਜਾਵੇ।”
ਮੈਨੂੰ ਉਹ ਰੇਹੜੀ ਵਾਲਾ ਸੱਚਮੁੱਚ ਦੁਖੀ ਲੱਗਿਆ।
ਇਹ ਮਨੁੱਖੀ ਫ਼ਿਤਰਤ ਹੈ ਕਿ ਬਹੁਤੇ ਬੰਦੇ ਆਪਣੇ ਕੰਮ ਨੂੰ ਸ਼ੌਕ ਨਾਲ ਨਹੀਂ ਕਰਦੇ ਬਲਕਿ ਮਜਬੂਰੀ ਵੱਸ ਕਰਦੇ ਹਨ। ਬਹੁਤੇ ਬੰਦਿਆਂ ਨੂੰ ਆਪਣਾ ਕੰਮ ਪਸੰਦ ਨਹੀਂ ਹੁੰਦਾ। ਖ਼ਬਰੇ ਇਸੇ ਕਰਕੇ ਬੰਦਾ ਆਪਣੇ ਕੰਮ ਤੋਂ ਨਿਜਾਤ ਚਾਹੁੰਦਾ ਹੈ। ਅਸਲ ਵਿੱਚ ਉਹ ਆਪਣੇ ਨਿੱਤ ਦੇ ਕੰਮ ਤੋਂ ਬੋਰੀਅਤ ਮਹਿਸੂਸ ਕਰਦਾ ਹੈ। ਹਰ ਰੋਜ਼ ਇੱਕੋ ਹੀ ਕੰਮ। ਇਸੇ ਕਰਕੇ ਬੰਦਾ ਤਬਦੀਲੀ ਚਾਹੁੰਦਾ ਹੈ। ਖ਼ਬਰੇ ਇਸੇ ਕਰਕੇ ਲਿਖਣ-ਲਿਖਾਉਣ ਦਾ ਕੰਮ ‘ਅਧਿਆਪਕ’ ਘੱਟ ਹੀ ਕਰਦੇ ਹਨ। ਉਹ ਦਿਨ-ਰਾਤ ਪੜ੍ਹ-ਪੜ੍ਹਾ ਕੇ ਤੰਗ ਹੋਏ ਹੁੰਦੇ ਹਨ। ਵੱਡੇ ਲੇਖਕ ਅਮੂਮਨ ‘ਅਧਿਆਪਕ’ ਕਿੱਤੇ ਨਾਲ ਸੰਬੰਧਤ ਨਹੀਂ ਹੁੰਦੇ, ਉਹ ਹੋਰ ‘ਕਿੱਤਿਆਂ’ ਨਾਲ ਸੰਬੰਧ ਰੱਖਦੇ ਹਨ। ਅਧਿਆਪਕ ਆਪਣੇ ਸਿਲੇਬਸ ਨੂੰ ਹੀ ਪੜ੍ਹ-ਪੜ੍ਹਾ ਲੈਣ, ਇੰਨਾ ਹੀ ਕਾਫ਼ੀ ਹੈ, ਲਿਖਣਾ-ਲਿਖਾਉਣਾ ਤਾਂ ‘ਸ਼ੌਕ’ ਦਾ ਕੰਮ ਹੈ।
ਕਹਿੰਦੇ ਹਨ, ਟੇਲਰ ਮਾਸਟਰ ਦੀ ਆਪਣੀ ਕਮੀਜ਼ ਪਾਟੀ ਹੋਈ ਹੁੰਦੀ ਹੈ। ਮਾਸਟਰਾਂ ਦੇ ਬੱਚੇ ਘੱਟ ਹੀ ਪੜ੍ਹਦੇ ਹਨ ਅਤੇ ਡਾਕਟਰਾਂ ਦੇ ਬੱਚੇ ਬਿਮਾਰ ਹੀ ਹੁੰਦੇ ਹਨ। ਇਹ ਗੱਲ ਭਾਵੇਂ 100 ਫ਼ੀਸਦੀ ਦਰੁਸਤ ਨਹੀਂ ਪਰ ਪੰਜਾਹ ਫ਼ੀਸਦੀ ਤਾਂ ਦਰੁਸਤ ਹੋਵੇਗੀ ਹੀ। ਅਸਲ ਵਿੱਚ ਇਹ ਲੋਕ ਆਪਣੇ ‘ਕਿੱਤਿਆਂ’ ਤੋਂ ਅੱਕੇ ਹੁੰਦੇ ਹਨ ਅਤੇ ਅਕੇਵਾਂ ਅਜਿਹੀ ‘ਸਥਿਤੀ’ ਪੈਦਾ ਕਰ ਦਿੰਦਾ ਹੈ। ਰੱਬ ਤੋਂ ਜਿੰਨਾ ਆਮ ਬੰਦਾ ਡਰਦਾ ਹੈ, ਉੰਨਾ ‘ਧਾਰਮਿਕ’ ਬੰਦਾ ਨਹੀਂ ਡਰਦਾ। ਅਸਲ ਵਿੱਚ ਚੌਵੀ ਘੰਟੇ ਧਾਰਮਿਕ ਜਗ੍ਹਾ ’ਤੇ ਰਹਿਣ ਕਰਕੇ ਉਹਦਾ ਡਰ ਚੁੱਕਿਆ ਜਾ ਚੁੱਕਾ ਹੁੰਦਾ ਹੈ। ਧਾਰਮਿਕ ਜਗ੍ਹਾ ’ਤੇ ਚੋਰੀ ਧਾਰਮਿਕ ਬੰਦਾ ਹੀ ਕਰ ਸਕਦਾ ਹੈ, ਅਧਰਮੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਰੇਪ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਵੱਡੇ ਵੱਡੇ ‘ਧਾਰਮਿਕ ਆਗੂਆਂ’ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਮਨਾਂ ਵਿੱਚ ਕਿੰਨੀ ਕੁ ਧਾਰਮਿਕਤਾ ਹੁਲਾਰੇ ਮਾਰਦੀ ਹੋਵੇਗੀ।
ਬੰਦਾ ਜਦੋਂ ਆਪਣੇ ਕੰਮ ਤੋਂ ਖੁਸ਼ ਨਹੀਂ ਹੁੰਦਾ, ਉਦੋਂ ਉਹ ਸਭ ਕੁਝ ਤੋਂ ਟੁੱਟਿਆ ਅਨੁਭਵ ਕਰਦਾ ਹੈ। ਉਹ ਭੂਤਕਾਲ ਦੀਆਂ ਯਾਦਾਂ ਵਿੱਚ ਗੁਆਚ ਕੇ ਖੁਸ਼ ਹੁੰਦਾ ਹੈ। ਭਵਿੱਖ ਦੀਆਂ ਮੁਸ਼ਕਿਲਾਂ ਨੂੰ ਸੋਚ-ਸੋਚ ਕੇ ਉਹ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ। ਇਹ ਜ਼ਿੰਦਗੀ ਜਿਊਣ ਦਾ ਸੁਚੱਜਾ ਢੰਗ ਨਹੀਂ ਹੈ। ਜ਼ਰਾ ਸੋਚ ਕੇ ਦੇਖੋ, ਜਿਸ ਸਥਿਤੀ ਵਿੱਚ ਤੁਸੀਂ ਹੁਣ ਹੋ, ਇਸ ਸਥਿਤੀ ਕਕ ਪਹੁੰਚਣ ਲਈ ਲੱਖਾਂ ਲੋਕ ਯਤਨ ਕਰ ਰਹੇ ਹਨ। ਜੋ ਕੁਝ ਤੁਹਾਡੇ ਕੋਲ ਹੈ, ਉਹ ਕੁਝ ਪ੍ਰਾਪਤ ਕਰਨ ਲਈ ਲੱਖਾਂ ਲੋਕ ਦਿਨ-ਰਾਤ ਤਰਲੋਮੱਛੀ ਹੋ ਰਹੇ ਹਨ। ਜੋ ਰੁਜ਼ਗਾਰ ਤੁਸੀਂ ਕਰ ਰਹੇ ਹੋ, ਉਹ ਰੁਜ਼ਗਾਰ ਪ੍ਰਾਪਤ ਕਰਨਾ ਲੱਖਾਂ ਲੋਕਾਂ ਦਾ ਸੁਪਨਾ ਹੈ। ਆਪਣੇ ਕਿੱਤੇ ਨੂੰ ਮਨੋਂ ਅਪਣਾਓ। ਤੁਸੀਂ ਜੋ ਕੁਝ ਵੀ ਹੋ, ਇਸ ਕਿੱਤੇ ਦੀ ਬਦੌਲਤ ਹੋ। ਤੁਸੀਂ ਕਿਸੇ ਬੇਰੁਜ਼ਗਾਰ ਦੀ ਹਾਲਤ ਵੇਖੋ, ਤੁਹਾਨੂੰ ਜ਼ਿੰਦਗੀ ਦੀ ਹਕੀਕਤ ਸਮਝ ਆ ਜਾਵੇਗੀ।
ਇੱਕ ਗੱਲ ਹੋਰ, ਭਵਿੱਖ ਵਿੱਚ ਸਾਹਮਣੇ ਆਉਣ ਵਾਲੀਆਂ ਸੰਭਾਵਤ ਸਮੱਸਿਆਵਾਂ ਬਾਰੇ ਅੱਜ ਹੀ ਫਿਕਰਮੰਦ ਹੋ ਕੇ ਆਪਣੇ ਅੱਜ ਨੂੰ ਨਰਕ ਨਾ ਬਣਾਈਏ, ਭਵਿੱਖ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨਾਲ ਭਵਿੱਖ ਵਿੱਚ ਸਿੱਝ ਲਵਾਂਗੇ। ਖੁੱਲ੍ਹਦਿਲੀ ਨਾਲ ਜ਼ਿੰਦਗੀ ਜਿਊਣਾ ਸਿਆਣਪ ਹੈ ਅਤੇ ਝੂਰ ਝੂਰ ਕੇ ਸਮਾਂ ਬਰਬਾਦ ਕਰਨਾ ਮੂਰਖ਼ਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5005)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)