“ਇੱਕ ਦਿਨ ਸਵੇਰੇ ਸੈਰ ਕਰਦਿਆਂ ਅਖ਼ਬਾਰ ਵੰਡਣ ਵਾਲਾ ਮੁੰਡਾ ਟੱਕਰ ਗਿਆ। “ਫ਼ੌਜੀ ਸਾਬ੍ਹ, ਜੈ ਹਿੰਦ।” ਕਹਿੰਦਿਆਂ ...”
(16 ਜੂਨ 2024)
ਇਸ ਸਮੇਂ ਪਾਠਕ: 335.
ਫ਼ੌਜ ਵਿੱਚੋਂ ਮੇਰਾ ਕਦੇ ਛੇ ਮਹੀਨੇ ਮਗਰੋਂ ਘਰ ਜਾਣ ਦਾ ਸਬੱਬ ਬਣਦਾ ਹੈ ਅਤੇ ਕਦੇ ਪੰਜ ਮਹੀਨੇ ਮਗਰੋਂ। ਪਰ ਹਰ ਵਾਰ ਪਿੰਡ ਵਿੱਚ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਖ਼ਾਲੀ ਪਲਾਟਾਂ ਵਿੱਚ ਹਰ ਵਾਰ ਕੋਈ ਨਾ ਕੋਈ ਨਵਾਂ ਮਕਾਨ ਬਣਿਆ ਹੁੰਦਾ ਹੈ। ਪਿੰਡ ਸਹਿਜੇ-ਸਹਿਜੇ ਸ਼ਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਗਲੀਆਂ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ, ਦੁਕਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਆਵਾ-ਜਾਈ ਵਧਦੀ ਜਾਂਦੀ ਹੈ। ਇਹ ਵਰਤਾਰਾ ਹਰ ਵਾਰ ਇੱਕੋ ਜਿਹਾ ਹੀ ਹੁੰਦਾ ਹੈ। ਮੇਰਾ ਪਿੰਡ ਬਦਲਦਾ ਜਾ ਰਿਹਾ ਹੈ।
ਫ਼ੌਜੀਆਂ ਨੂੰ ਸਵੇਰੇ (ਸਾਝਰੇ) ਉੱਠਣ ਦੀ ਆਦਤ ਹੁੰਦੀ ਹੈ। ਮੈਂ ਵੀ ਛੇਤੀ ਉੱਠ ਕੇ ਬਾਹਰ ਨਿਕਲ ਤੁਰਦਾ ਹਾਂ। ਬਾਹਰ ਗਲੀ ਵਿੱਚ ਸਿਰਫ਼ ਬਜ਼ੁਰਗ ਹੀ ਘੁੰਮਦੇ ਨਜ਼ਰ ਆਉਂਦੇ ਹਨ, ਨੌਜਵਾਨ ਬਹੁਤ ਘੱਟ ਦਿਸਦੇ ਹਨ। ਸ਼ਾਇਦ ਸਾਡਾ ਰਹਿਣ-ਸਹਿਣ, ਖਾਣ-ਪੀਣ ਵੀ ਬਦਲਦਾ ਜਾ ਰਿਹਾ ਹੈ। ਰਾਤੀਂ ਦੇਰ ਤਕ ਜਾਗਣਾ ਅਤੇ ਸਵੇਰੇ ਦੇਰ ਤਕ ਸੌਣਾ ਸਾਡੀ ਆਦਤ ਵਿੱਚ ਸ਼ਾਮਿਲ ਹੋ ਗਿਆ ਹੈ।
ਇੱਕ ਦਿਨ ਸਵੇਰੇ ਸੈਰ ਕਰਦਿਆਂ ਅਖ਼ਬਾਰ ਵੰਡਣ ਵਾਲਾ ਮੁੰਡਾ ਟੱਕਰ ਗਿਆ।
“ਫ਼ੌਜੀ ਸਾਬ੍ਹ, ਜੈ ਹਿੰਦ।” ਕਹਿੰਦਿਆਂ ਉਹਨੇ ਮੇਰੇ ਨੇੜੇ ਆ ਕੇ ਆਪਣਾ ਸਾਇਕਲ ਰੋਕ ਲਿਆ।
“ਜੈ ਹਿੰਦ ਬਾਈ। ਕੰਮ ਕਿੱਦਾਂ ਚੱਲ ਰਿਹਾ?” ਮੈਂ ਪੁੱਛਿਆ।
“ਥੋੜ੍ਹਾ ਮੱਠਾ ਪੈ ਗਿਆ ਹੁਣ।”
“ਅੱਛਾ! ’
“ਹਾਂ ਜੀ। ‘ ਆਖ ਉਹ ਪੁੱਛਦਾ ਹੈ, ‘ਕਿੰਨੀ ਛੁੱਟੀ ਆਏ?”
“ਇੱਕ ਮਹੀਨਾ।”
“ਠੀਕ ਹੈ ਜੀ।” ਆਖ ਉਹ ਜਾਣ ਲੱਗਾ ਤਾਂ ਮੈਂ ਪੁੱਛਿਆ, “ਇੱਕ ਮਹੀਨੇ ਲਈ ਅਖ਼ਬਾਰ ਦੇ ਸਕਣੈ?”
“ਹਾਂ ਜੀ, ਕਿਉਂ ਨਹੀਂ?”
“ਇੱਕ ਪੰਜਾਬੀ ਅਖ਼ਬਾਰ ਦੇ ਜਾਇਆ ਕਰ।”
“ਪੰਜਾਬੀ ਅਖਬਾਰ?” ਉਹ ਹੈਰਾਨ ਹੋ ਕੇ ਬੋਲਿਆ।
“ਕਿਉਂ. ਪੰਜਾਬੀ ਅਖ਼ਬਾਰ ਨਹੀਂ ਆਉਂਦੀ?”
“ਆਉਂਦੀ ਹੈ ਜੀ … ਪਰ ਸਿਰਫ਼ ਇੱਕ।”
“ਸਿਰਫ਼ ਇੱਕ?” ਮੈਨੂੰ ਹੈਰਾਨੀ ਹੋਈ ਕਿ ਇੰਨੇ ਵੱਡੇ ਪਿੰਡ ਵਿੱਚ ਸਿਰਫ਼ ਇੱਕ ਹੀ ਪੰਜਾਬੀ ਅਖ਼ਬਾਰ ਆਉਂਦੀ ਹੈ।
ਉਹ ਕਹਿੰਦਾ, “ਫ਼ੌਜੀ ਸਾਬ੍ਹ, ਪੰਜਾਬੀ ਹੀ ਪੰਜਾਬੀ ਨਹੀਂ ਪੜ੍ਹਦੇ, ਫਿਰ ਗ਼ੈਰ ਪੰਜਾਬੀਆਂ ਨੇ ਕਿੱਥੇ ਪੜ੍ਹਨੀ ਹੈ?”
ਮੈਂ ਕਿਹਾ, ‘ਕਿੰਨੀ ਵੋਟ ਹੋਊ ਆਪਣੇ ਇਸ ਪਿੰਡ ਵਿੱਚ?”
“ਗਿਆਰਾਂ ਹਜ਼ਾਰ ਦੇ ਨੇੜੇ ਹੈ।”
ਅਫ਼ਸੋਸ! ਗਿਆਰਾਂ ਹਜ਼ਾਰ ਵਿੱਚੋਂ ਇੱਕ ਬੰਦਾ ਹੀ ਪੰਜਾਬੀ ਅਖਬਾਰ ਪੜ੍ਹਦਾ ਹੈ ਹਾਲਾਂਕਿ ਇਸ ਪਿੰਡ ਵਿੱਚ ਅੱਧੇ ਤੋਂ ਵੱਧ ਪੰਜਾਬੀ ਵਸਦੇ ਹਨ।
“ਚੱਲ ਮੈਨੂੰ ਤਾਂ ਦੇ ਜਾਇਆ ਕਰ, ਬਾਕੀ ਰੱਬ ਭਲੀ ਕਰੂ।” ਮੈਂ ਉਦਾਸ ਮਨ ਨਾਲ ਕਿਹਾ।
“ਚੰਗਾ ਜੀ” ਆਖ ਉਹ ਅੱਗੇ ਲੰਘ ਗਿਆ। ਪਰ! ਮੈਨੂੰ ਮਹਿਸੂਸ ਹੋਇਆ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਹੜੀ ਦਲਦਲ ਵਿੱਚ ਧੱਕ ਰਹੇ ਹਾਂ? ਨਾ ਸਾਡਾ ਖ਼ਾਣਾ ਠੀਕ ਰਿਹਾ; ਨਾ ਸੌਣਾ, ਬਹਿਣਾ-ਉੱਠਣਾ ਅਤੇ ਨਾ ਹੀ ਪੜ੍ਹਨਾ। ਪੰਜਾਬੀ ਅਖ਼ਬਾਰਾਂ, ਰਸਾਲਿਆਂ ਨੂੰ ਪੰਜਾਬੀ ਲੋਕ ਹੀ ਪੜ੍ਹਨਾ ਭੁੱਲਦੇ ਜਾ ਰਹੇ ਹਨ। ਪਤਾ ਨਹੀਂ ਕਿਉਂ? ਇਹ ਸੋਚਦਿਆਂ ਮੈਂ ਆਪਣੇ ਘਰ ਵੱਲ ਨੂੰ ਮੁੜ ਪਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5056)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)