NishanSRathaur7ਇੱਕ ਬੰਦੇ ਨੂੰ ਚਾਰ ਬੰਦਿਆਂ ਨੇ ਪੁੱਠਾ ਕਰਕੇ ਚੁੱਕਿਆ ਅਤੇ ਪੰਜਵੇਂ ‘ਮਨੁੱਖ’ ਨੇ ...
(29 ਅਪਰੈਲ 2019)

 

ਮਨੁੱਖ ਨੂੰ ਸਮਾਜਿਕ ਪ੍ਰਾਣੀ ਮੰਨਿਆ ਜਾਂਦਾ ਹੈ ਇਸ ਲਈ ਮਨੁੱਖ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਲਾਜ਼ਮੀ ਸਮਝਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਸਮਾਜ ਨੂੰ ਚੰਗੇ ਜਾਂ ਮਾੜੇ ਦੀ ਕਸਵੱਟੀ ’ਤੇ ਤੋਲਿਆ ਜਾਂਦਾ ਹੈ ਤਾਂ ਉਹਨਾਂ ਦਾ ਮੂਲ ਆਧਾਰ ਸਮਾਜਿਕਤਾ ਨੂੰ ਹੀ ਮੰਨਿਆ ਜਾਂਦਾ ਹੈ। ਜਿਸ ਵੀ ਸਮਾਜ ਵਿੱਚ ਸਮਾਜਿਕ ਕਦਰਾਂ- ਕੀਮਤਾਂ ਦਾ ਘਾਣ ਹੁੰਦਾ ਹੈ, ਉਸ ਸਮਾਜ ਵਿੱਚ ਮਨੁੱਖਤਾ ਆਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ ਅਤੇ ਘਾਤਕ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਅਜੋਕੇ ਸਮੇਂ ਮਨੁੱਖ ਵਿੱਚੋਂ ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈਇਸ ਪ੍ਰਸੰਗ ਵਿੱਚ ਬਹੁਤ ਸਾਰੇ ਉਦਾਹਰਣ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੁਆਰਾ ਸਹਿਜਤਾ ਨਾਲ ਆਖਿਆ ਜਾ ਸਕਦਾ ਹੈ ਕਿ ਅਜੋਕੇ ਦੌਰ ਵਿੱਚ ਮਨੁੱਖਤਾ ਬਹੁਤ hI ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ।

ਅੱਜਕਲ੍ਹ ਸੋਸ਼ਲ ਮੀਡੀਆ ਉੱਪਰ ਕਈ ਅਜਿਹੀਆਂ ਵੀਡੀਓਜ਼ ਆਉਂਦੀਆਂ ਹਨ ਜਿਨ੍ਹਾਂ ਵਿੱਚ ਮਨੁੱਖ, ਸ਼ੈਤਾਨ ਨਾਲੋਂ ਵੀ ਵੱਧ ਭਿਆਨਕ ਰੂਪ ਵਿੱਚ ਦਿਖਾਈ ਦਿੰਦਾ ਹੈ। ਸੜਕਾਂ ਉੱਪਰ ਗੱਡੀਆਂ ਦੀ ਮਾਮੂਲੀ ਟੱਕਰ, ਬੱਚਿਆਂ ਦੀ ਛੋਟੀ-ਮੋਟੀ ਲੜਾਈ, ਜਾਨਵਰਾਂ ਉੱਪਰ ਅੱਤਿਆਚਾਰ, ਔਰਤਾਂ ਪ੍ਰਤੀ ਗ਼ਲਤ ਭਾਵਨਾ, ਸਕੂਲਾਂ/ਕਾਲਜਾਂ ਵਿੱਚ ਨਿੱਕੇ ਬੱਚਿਆਂ ਦੀ ਮਾਰ ਕੁਟਾਈ, ਨੌਕਰ/ਨੌਕਰਾਣੀਆਂ ਵੱਲੋਂ ਘਰਾਂ ਵਿੱਚ ਨਿੱਕੇ ਬੱਚਿਆਂ ਉੱਪਰ ਜ਼ੁਲਮ, ਅੱਤਵਾਦੀ ਹਮਲੇ ਅਤੇ ਘਰਾਂ ਵਿੱਚ ਬੁੱਢੇ ਮਾਂ ਪਿਓ ਨਾਲ ਦੁਰ ਵਿਵਹਾਰ ਆਦਿ ਪ੍ਰਮੁੱਖ ਉਦਾਹਰਣ ਵੱਜੋਂ ਦੇਖੇ ਜਾ ਸਕਦੇ ਹਨ।

ਮਨੁੱਖ ਨੂੰ ਦੂਜੇ ਪ੍ਰਾਣੀਆਂ ਤੋਂ ਉਸਦਾ ਮਨੁੱਖਤਾ ਵਾਲਾ ਗੁਣ ਹੀ ਵੱਖ ਕਰਦਾ ਹੈ। ਪਰ ਅਫ਼ਸੋਸ! ਅੱਜਕਲ੍ਹ ਮਨੁੱਖਤਾ ਵਿੱਚੋਂ ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਸਮਾਜਿਕ ਵਿਗਿਆਨੀਆਂ ਦਾ ਕਥਨ ਹੈ ਕਿ ਜਦੋਂ ਕੋਈ ਸ਼ੇਰ ਆਦਮਖ਼ੋਰ ਹੋ ਜਾਂਦਾ ਹੈ ਤਾਂ ਉਹ ਪੰਜ/ਸੱਤ ਮਨੁੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ, ਜਦੋਂ ਮਨੁੱਖ ਆਦਮਖ਼ੋਰ ਹੋ ਜਾਂਦਾ ਹੈ ਤਾਂ ਸ਼ਹਿਰ ਦੇ ਸ਼ਹਿਰ/ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ ਹੈ/ਬਰਬਾਦ ਕਰ ਦਿੰਦਾ ਹੈ। ਇਤਿਹਾਸਕ ਜੰਗਾਂ/ਯੁੱਧਾਂ ਦੇ ਵਰਕੇ ਫ਼ਰੋਲ ਕੇ ਇਸ ਗੱਲ ਨੂੰ ਦਰੁਸਤੀ ਨਾਲ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਮਨੁੱਖ ਨੇ ਆਦਮਖ਼ੋਰ ਹੋ ਕੇ ਮਨੁੱਖਤਾ ਦਾ ਘਾਣ ਕੀਤਾ ਹੈ।

ਸੋਸ਼ਲ ਮੀਡੀਆ ’ਤੇ ਪਿਛਲੀ ਦਿਨੀਂ ਇੱਕ ਵੀਡੀਓ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਇੱਕ ਨੌਜਵਾਨ ਨੇ ਇਕ ਕਤੂਰੇ ਨੂੰ ਬਹੁਤ ਉਚਾਈ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਸ ਕਤੂਰੇ ਦੀਆਂ ਕਈ ਹੱਡੀਆਂ ਟੁੱਟ ਗਈ ਪਰ ਉਸ ‘ਮਨੁੱਖ’ ਨੇ ਬਹੁਤ ਮਜ਼ਾਕ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਇੱਕ ਸਕੂਲ ਵਿੱਚ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਦਾ ਹੋਇਆ ਦੇਖਿਆ ਗਿਆ। ਇੱਕ ਨੂੰਹ ਨੇ ਆਪਣੇ ਬਜ਼ੁਰਗ ਸਹੁਰੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਦੇ ਗੁਆਂਡੀ ਨੇ ਇਸ ‘ਕਾਰੇ’ ਨੂੰ ਲੋਕਾਂ ਸਾਹਮਣੇ ਸੋਸ਼ਲ ਮੀਡੀਆ ਰਾਹੀਂ ਪੇਸ਼ ਤਾਂ ਕਰ ਦਿੱਤਾ ਪਰ, ਉਸ ਬਜ਼ੁਰਗ ਨੂੰ ਛੁਡਵਾਇਆ ਨਹੀਂ।

ਸੜਕ ਉੱਤੇ ਮਾਮੂਲੀ ਜਿਹਾ ਟਕਰਾਉਣ ਨਾਲ ਇੱਕ ਕਾਰ ਸਵਾਰ ਬੰਦੇ ਨੇ ਸਾਈਕਲ ਸਵਾਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਕੁਝ ‘ਸਮਾਜ ਸੁਧਾਰਕਾਂ’ ਨੇ ਇੱਕ ਗ਼ਰੀਬ ਮੰਗਤੇ ਨੂੰ (ਜਿਸਦੀਆਂ ਦੋਵੇਂ ਬਾਹਾਂ ਨਹੀਂ ਸਨ) ਨੂੰ ਬੁਰੀ ਤਰ੍ਹਾਂ ਕੁੱਟ ਕੇ ‘ਸਮਾਜ ਸੁਧਾਰ’ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਪਰ, ਮਨੁੱਖਤਾ ਨੂੰ ਸ਼ਰਮਸਾਰ ਕਰਕੇ। ਇੱਕ ਬੰਦੇ ਨੂੰ ਚਾਰ ਬੰਦਿਆਂ ਨੇ ਪੁੱਠਾ ਕਰਕੇ ਚੁੱਕਿਆ ਅਤੇ ਪੰਜਵੇਂ ‘ਮਨੁੱਖ’ ਨੇ ਡਾਗਾਂ ਮਾਰਨ ਦੀ ਹਨੇਰੀ ਲਿਆ ਦਿੱਤੀ, ਜਿਸ ਨਾਲ ਉਹ ਬੰਦਾ ਬੇਹੋਸ਼ ਹੋ ਗਿਆ। ਇਸ ਕਾਰਨਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਰਾਹੀਂ ਸੱਭਿਅਕ ਸਮਾਜ ਨੇ ਦੇਖੀ ਅਤੇ ਬਿਨਾਂ ਕਿਸੇ ਪ੍ਰਤਿਕ੍ਰਿਆ ਦੇ ਆਪਣੇ ਮੋਬਾਈਲ ਫ਼ੋਨ ਵਿੱਚੋਂ ਹਟਾ ਵੀ ਦਿੱਤੀ।

ਜਾਨਵਰਾਂ ਨੂੰ ਵੱਢਣ, ਬੱਚਿਆਂ/ਔਰਤਾਂ ਨੂੰ ਮਾਰਨ, ਮਾਂ-ਬਾਪ ਨਾਲ ਦੁਰ ਵਿਵਾਹਰ ਕਰਨ, ਸੜਕਾਂ ’ਤੇ ਔਰਤਾਂ ਨੂੰ ਲੁੱਟਣ/ਮਾਰਨ ਅਤੇ ਸਕੂਲਾਂ/ਕਾਲਜਾਂ ਵਿੱਚ ਆਪਸੀ ਲੜਾਈ ਦੀਆਂ ਕਈ ਦਰਦਨਾਕ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਅਸੀਂ ਦੇਖਦੇ ਰਹਿੰਦੇ ਹਾਂ। ਇਹਨਾਂ ਵੀਡੀਓਜ਼ ਨੂੰ ਦੇਖ ਕੇ ਕਈ ਵਾਰ ਅਜਿਹਾ ਜਾਪਦਾ ਹੈ ਜਿਵੇਂ ਇਹਨਾਂ ਮਨੁੱਖਾਂ ਵਿੱਚ, ਮਨੁੱਖਤਾ ਨਾਮ ਦੀ ਕੋਈ ਸ਼ੈਅ ਹੀ ਨਹੀਂ। ਇਹ ਲੋਕ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਹਨ? ਇਹ ਬਹੁਤ ਗੰਭੀਰ ਚਰਚਾ ਦਾ ਵਿਸ਼ਾ ਹੈ ਪਰ, ਇਸ ਗੰਭੀਰ ਵਿਸ਼ੇ ਵੱਲ ਨਾ ਤਾਂ ਸਰਕਾਰ ਦਾ ਕੋਈ ਧਿਆਨ ਹੈ ਅਤੇ ਨਾ ਹੀ ਸਮਾਜ ਸੁਧਾਰਕਾਂ ਦਾ। ਹਰ ਮਨੁੱਖ ਆਪਣੇ ਕੰਮਕਾਰ ਵਿੱਚ ਇੰਨਾ ਮਸਤ/ਰੁੱਝਿਆ ਹੋਇਆ ਹੈ ਕਿ ਉਸ ਕੋਲ ਆਪਣੇ ਆਲੇ-ਦੁਆਲੇ ਲਈ ਰਤਾ ਭਰ ਵੀ ਵਕਤ ਨਹੀਂ ਹੈ। ਅੱਜਕਲ੍ਹ ਹਰ ਬੰਦਾ ਆਪਣੇ ਲਾਭ ਲਈ ਭੱਜਿਆ ਫਿਰਦਾ ਹੈ। ਕਿਸੇ ਨੂੰ ਵੀ ਆਪਣੇ ਸਮਾਜ ਦਾ ਕੋਈ ਫਿਕਰ ਨਹੀਂ ਲੱਗਦਾ। ਇਸ ਲਈ ਮਨੁੱਖਤਾ ਖ਼ਾਤਮੇ ਵੱਲ ਵਧ ਰਹੀ ਹੈ।

ਯਕੀਕਨ, ਮਨੁੱਖਤਾ ਦਾ ਚਿਹਰਾ ਮਨੁੱਖਤਾ ਭਰਪੂਰ ਹੋਣ ਚਾਹੀਦਾ ਹੈ ਪਰ, ਅੱਜ ਦੇ ਦੌਰ ਵਿੱਚ ਮਨੁੱਖ ਨੂੰ ਮਨੁੱਖਤਾ ਦਾ ਪਾਠ ਪੜ੍ਹਾਉਣਾ ਬੇਹੱਦ ਕਠਿਨ ਕਾਰਜ ਹੈ। ਸਿਆਣਿਆਂ ਦਾ ਕਥਨ ਹੈ ਕਿ ਇਸ ਸੰਸਾਰ ਵਿੱਚ ਸਭ ਕੁਝ ਲੱਭ ਜਾਂਦਾ ਹੈ ਪਰ ਕਿਸੇ ਵੀ ਬੰਦੇ ਨੂੰ ਆਪਣੀ ਗ਼ਲਤੀ ਨਹੀਂ ਲੱਭਦੀ। ਹਰ ਬੰਦਾ ਦੂਜੇ ਬੰਦੇ ਨੂੰ ਦੋਸ਼ ਦਿੰਦਾ ਹੈ, ਦੂਜੇ ਵਿੱਚ ਕਮੀ ਕੱਢਦਾ ਹੈ ਪਰ ਆਪਣੇ ਅਵਗੁਣਾਂ ਵੱਲ ਕਦੇ ਝਾਤੀ ਨਹੀਂ ਮਾਰਦਾ। ਬੱਸ, ਇਹੀ ਕਾਰਨ ਹੈ ਕਿ ਮਨੁੱਖ ਵਿੱਚੋਂ ਮਨੁੱਖਤਾ ਅਲੋਪ ਹੁੰਦੀ ਜਾ ਰਹੀ ਹੈ। ਜਿਸ ਸਮੇਂ ਮਨੁੱਖ ਆਪਣੇ ਅਵਗੁਣਾਂ ਨੂੰ ਜਾਣ ਗਿਆ/ਸਮਝ ਗਿਆ, ਉਸ ਤੋਂ ਬਾਅਦ ਉਹ ਆਪਣੇ ਅਵਗੁਣਾਂ ਨੂੰ ਸੁਧਾਰਨ ਵੱਲ ਕਦਮ ਪੁੱਟੇਗਾ ਪਰ ਕਦੇ ਮਨੁੱਖਤਾ ਨੂੰ ਸ਼ਰਮਸਾਰ ਨਹੀਂ ਕਰੇਗਾ। ਪਰ, ਉਹ ਸਮਾਂ ਕਦੋਂ ਆਵੇਗਾ, ਇਹ ਤਾਂ ਸਮਾਂ ਹੀ ਦੱਸੇਗਾ।

*****

(1132)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author