“ਗਿਆਨ ਦਾ ਬੋਝ ਸਿਰ ਉੱਪਰ ਚੁੱਕ ਕੇ ਹਜ਼ਾਰਾਂ ਵਿਦਵਾਨ ਵਿਦਵਤਾ ਤੋਂ ਕੋਹਾਂ ਦੂਰ ਅਗਿਆਨਤਾ ਦੇ ਹਨੇਰੇ ਵਿੱਚ ਗੁਆਚੇ ...”
(11 ਜੂਨ 2024)
ਇਸ ਸਮੇਂ ਪਾਠਕ: 410.
ਮੈਨੂੰ ਪੜ੍ਹਨ ਦੀ ਚੇਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿੱਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ। ਅਸੀਂ ਜੁਆਕ ਕੋਲ ਬੈਠ ਕੇ ਸੁਣਿਆ ਕਰਦੇ। ਫਿਰ ਸਹਿਜੇ-ਸਹਿਜੇ ਆਪ ਪੜ੍ਹਨ ਦਾ ਯਤਨ ਕਰਨ ਲੱਗੇ। ਇਹ ਆਦਤ ਅੱਗੇ ਚੱਲ ਕੇ ਹੋਰ ਪੁਸਤਕਾਂ ਪੜ੍ਹਨ ਦੀ ਪੈ ਗਈ।
ਇਸ ਪੜ੍ਹਨ-ਪੜ੍ਹਾਉਣ ਦੀ ਆਦਤ ਕਰਕੇ ਕਿਤੇ ਕਹਾਣੀ ਪੜ੍ਹੀ ਸੀ। ਕਿਤਾਬ ਦਾ ਨਾਂਅ ਅਤੇ ਸੰਨ ਜ਼ਿਹਨ ਵਿੱਚ ਨਹੀਂ। ਖ਼ੈਰ, ਕਹਾਣੀ ਇੰਝ ਆਉਂਦੀ ਹੈ; ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਾਹਰ ਘੱਲਿਆ। ਕਈ ਵਰ੍ਹਿਆਂ ਮਗਰੋਂ ਪੁੱਤਰ ਸਿੱਖਿਆ ਲੈ ਕੇ ਆਪਣੇ ਘਰ ਵੱਲ ਨੂੰ ਮੁੜਿਆ ਆ ਰਿਹਾ ਸੀ। ਸਵੇਰ ਦਾ ਵੇਲੇ ਸੀ। ਸੂਰਜ ਚੜ੍ਹ ਰਿਹਾ ਸੀ। ਸੂਰਜ ਦੀ ਰੋਸ਼ਨੀ ਵਿੱਚ ਪਿਤਾ ਨੇ ਦੇਖਿਆ; ਦੂਰ ਖੇਤਾਂ ਵਿੱਚੋਂ ਲੰਘਦਾ ਉਸਦਾ ਪੁੱਤਰ ਘਰ ਵੱਲ ਨੂੰ ਆ ਰਿਹਾ ਹੈ। ਪੁੱਤਰ ਦੀ ਚਾਲ ਦੇਖ ਕੇ ਪਿਤਾ ਉਦਾਸ ਹੋ ਗਿਆ। ਪਿਤਾ ਨੇ ਆਪਣੇ ਪੁੱਤਰ ਦੀ ਚਾਲ ਵਿੱਚੋਂ ਹੰਕਾਰ ਨੂੰ ਤੁਰਿਆ ਆਉਂਦਾ ਦੇਖ ਲਿਆ। ਹੰਕਾਰ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਆਉਣ ਤੋਂ ਪਹਿਲਾਂ ਆਪਣਾ ਪ੍ਰਗਟਾਵਾ ਕਰ ਦਿੰਦਾ ਹੈ/ ਆਪਣਾ ਅਹਿਸਾਸ ਕਰਵਾ ਦਿੰਦਾ ਹੈ। ਪੁੱਤਰ ਦੀ ਚਾਲ ਤੋਂ ਆਕੜ ਦਾ ਸਹਿਜੇ ਹੀ ਅੰਦਾਜ਼ਾ ਲਗਾ ਕੇ ਪਿਤਾ ਉਦਾਸੀ ਦੇ ਆਲਮ ਵਿੱਚ ਘਿਰ ਗਿਆ।
ਬੂਹੇ ’ਤੇ ਆ ਕੇ ਪੁੱਤਰ ਨੇ ਪਿਤਾ ਨੂੰ ਮੱਥਾ ਟੇਕਿਆ ਪਰ ਅੰਦਰੋਂ ਨਹੀਂ ਝੁਕਿਆ। ਇਹੋ ਤਾਂ ਹੰਕਾਰ ਦਾ ਪ੍ਰਗਟਾਵਾ ਹੈ। ਬੰਦਾ ਆਪਣੇ-ਆਪ ਨੂੰ ਗਿਆਨੀ ਸਮਝਣ ਲੱਗ ਪੈਂਦਾ ਹੈ। ਜਿਵੇਂ ਸਭ ਕੁਝ ‘ਜਾਣ’ ਲਿਆ ਹੋਵੇ। ਅੰਦਰੋਂ ਖਾਲੀ ਬੰਦੇ ਅਕਸਰ ਹੀ ਭਰੇ ਹੋਣ ਦਾ ਦਿਖਾਵਾ ਵੱਧ ਕਰਦੇ ਹਨ। ਕੁਝ ਨਹੀਂ ਜਾਣਦੇ ਬੰਦੇ ਵੀ ਬਹੁਤ ਕੁਝ ਜਾਣਨ ਦਾ ਪ੍ਰਗਟਾਵਾ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।
ਪਿਤਾ ਨੇ ਪੁੱਛਿਆ, “ਕੁਝ ‘ਜਾਣ’ ਕੇ ਆਇਐਂ?”
“ਸਭ ਕੁਝ ਜਾਣ ਲਿਆ ਹੈ ਪਿਤਾ ਜੀ।” ਪੁੱਤਰ ਨੇ ਹੰਕਾਰ ਵੱਸ ਕਿਹਾ।
“ਸਭ ਕੁਝ?”
“ਜੀ, ... ਸਾਰੇ ਗ੍ਰੰਥ, ਸਾਰੀਆਂ ਕਿਤਾਬਾਂ, ਸਾਰੇ ਮੰਤਰ। ਮੈਂ ਸਭ ਕੁਝ ਜਾਣ ਗਿਆ ਹਾਂ।” ਪੁੱਤਰ ਨੇ ਉਸੇ ਲਹਿਜ਼ੇ ਵਿੱਚ ਕਿਹਾ।
“ਉਸ ‘ਇੱਕ’ ਨੂੰ ਜਾਣਿਆ?” ਪਿਤਾ ਨੇ ਸਵਾਲ ਪੁੱਛਿਆ।
“ਕਿਹੜੇ ਇੱਕ ਨੂੰ?” ਪੁੱਤਰ ਹੈਰਾਨੀ ਨਾਲ ਬੋਲਿਆ।
“ਆਪਣੇ-ਆਪ ਨੂੰ?”
“ਨਹੀਂ। ਇਸ ਵਿਸ਼ੇ ਬਾਰੇ ਸਾਨੂੰ ਕੁਝ ਨਹੀਂ ਪੜ੍ਹਾਇਆ ਗਿਆ।”
“ਫੇਰ ਤੂੰ ਕੁਝ ਵੀ ਪੜ੍ਹ ਕੇ ਨਹੀਂ ਆਇਆ। ਸਿਰਫ਼ ਕਿਤਾਬਾਂ, ਗ੍ਰੰਥਾਂ, ਮੰਤਰਾਂ ਨੂੰ ਰੱਟਾ ਮਾਰ ਕੇ ਆਇਆ ਹੈਂ। ਤੈਨੂੰ ਸਿੱਖਿਆ ਨਹੀਂ ਮਿਲੀ। ਤੈਨੂੰ ਸਹੀ ਅਰਥਾਂ ਵਿੱਚ ਗਿਆਨ ਨਹੀਂ ਹੋਇਆ ਬਲਕਿ ਗਿਆਨ ਦੇ ਇਵਜ਼ ਵਿੱਚ ਅਗਿਆਨਤਾ ਦਾ ਨਸ਼ਾ ਹੋ ਗਿਆ ਹੈ।”
ਪੁੱਤਰ ਚੁੱਪਚਾਪ ਖ਼ੜਾ ਸੁਣਦਾ ਰਿਹਾ।
“ਤੈਨੂੰ ਦੁਬਾਰਾ ਜਾਣਾ ਪੈਣਾ ਹੈ। ਤੇਰੀ ਸਿੱਖਿਆ ਅਧੂਰੀ ਹੈ। ਤੈਨੂੰ ਗਿਆਨ ਨਹੀਂ ਹੋਇਆ ਬਲਕਿ ਗਿਆਨ ਦਾ ਹੰਕਾਰ ਹੋ ਗਿਆ ਹੈ।”
ਪੁੱਤਰ ਵਾਪਸ ਚਲਾ ਗਿਆ।
ਵਕਤ ਲੰਘਦਾ ਰਿਹਾ। ਕਈ ਵਰ੍ਹਿਆਂ ਮਗਰੋਂ ਪੁੱਤਰ ਫਿਰ ਮੁੜ ਆਇਆ। ਹੁਣ ਚਾਲ ਵਿੱਚ ਨਿਮਰਤਾ ਸੀ। ਅੱਖਾਂ ਵਿੱਚ ਗਿਆਨ ਦੀ ਚਮਕ ਸੀ। ਮਨ ਦੇ ਅੰਦਰੋਂ ਹਉਮੈਂ ਦੂਰ ਹੋ ਚੁੱਕੀ ਸੀ। ਅੱਖਾਂ ਵਿੱਚ ਜਿੱਥੇ ਚਮਕ ਸੀ, ਉੱਥੇ ਹੀ ਪਹਿਲਾਂ ਕੀਤੇ ਗੁਨਾਹ ਲਈ ਪਛਤਾਵੇ ਦੇ ਹੰਝੂ ਸਨ। ਆਉਂਦਿਆਂ ਪਿਤਾ ਦੇ ਪੈਰਾਂ ’ਤੇ ਸਿਰ ਰੱਖ ਦਿੱਤਾ। ਹੁਣ ਗਿਆਨ ਦਾ ਅਹੰਕਾਰ ਨਹੀਂ ਸੀ ਬਲਕਿ ਸਹੀ ਅਰਥਾਂ ਵਿੱਚ ਗਿਆਨ ਦਾ ਪ੍ਰਗਟਾਵਾ ਸੀ। ਪੁੱਤਰ ਦਾ ਜਿੱਥੇ ਸਿਰ ਨੀਵਾਂ ਹੋਇਆ ਸੀ ਉੱਥੇ ਹੀ ਅੰਦਰਲਾ ਸ਼ਖਸ ਵੀ ਨੀਵਾਂ ਹੋਇਆ ਸੀ। ਪਿਤਾ ਨੇ ਪੁੱਤਰ ਨੂੰ ਉੱਪਰ ਚੁੱਕ ਕੇ ਸੀਨੇ ਨਾਲ ਲਗਾ ਲਿਆ ਅਤੇ ਕਿਹਾ, “ਹੁਣ ਮੈਨੂੰ ਕੁਝ ਪੁੱਛਣ ਦੀ ਜ਼ਰੂਰਤ ਨਹੀਂ ਅਤੇ ਤੈਨੂੰ ਕੁਝ ਦੱਸਣ ਦੀ।”
ਹੰਕਾਰ ਜਿੱਥੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ, ਉੱਥੇ ਹੀ ਗਿਆਨ ਵੀ ਆਪਣੇ ਮੌਜੂਦਗੀ ਦਾ ‘ਪ੍ਰਗਟਾਵਾ’ ਕਰ ਦਿੰਦਾ ਹੈ। ਆਪਣੀ ਹੋਂਦ ਨੂੰ ਪ੍ਰਤੱਖ ਕਰ ਦਿੰਦਾ ਹੈ। ਗਿਆਨ ਵਿੱਚ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ ਅਤੇ ਹੰਕਾਰ ਵਿੱਚ ਆਕੜ ਅਤੇ ਹਉਮੈਂ।
ਇਹ ਕਹਾਣੀ ਪੜ੍ਹ ਕੇ ਮੈਨੂੰ ਲੱਗਿਆ, ਜਿਵੇਂ ਇਹ ਅੱਜ ਦੇ ਸਮਾਜ ਵਿੱਚ ਵਿਚਰ ਰਹੇ ਹਰ ਸ਼ਖਸ ਦੀ ਆਪਣੀ ਕਹਾਣੀ ਹੈ। ਅੱਜ ਹਰ ਖ਼ੇਤਰ ਵਿੱਚ 99 ਫ਼ੀਸਦੀ ਲੋਕ ਗਿਆਨੀ ਨਹੀਂ ਹੁੰਦੇ, ਬਲਕਿ ਗਿਆਨ ਦੇ ‘ਹੰਕਾਰ’ ਵਿੱਚ ਅਗਿਆਨੀ ਬਣੇ ਤੁਰੇ ਫਿਰਦੇ ਹਨ। ਅਜਿਹੇ ਲੋਕ ਗਿਆਨ ਦੇ ਇਵਜ਼ ਵਿੱਚ ਅਗਿਆਨਤਾ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ।
ਪਰ ਗਿਆਨੀ ਵਿਅਕਤੀ ਦੀ ਪਛਾਣ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ। ਗਿਆਨ ਦਾ ਬੋਝ ਸਿਰ ਉੱਪਰ ਚੁੱਕ ਕੇ ਹਜ਼ਾਰਾਂ ਵਿਦਵਾਨ ਵਿਦਵਤਾ ਤੋਂ ਕੋਹਾਂ ਦੂਰ ਅਗਿਆਨਤਾ ਦੇ ਹਨੇਰੇ ਵਿੱਚ ਗੁਆਚੇ ਫਿਰਦੇ ਹਨ, ਭਟਕਦੇ ਫਿਰਦੇ ਹਨ। ਗਿਆਨ ਦਾ ਮੁਢਲਾ ਸਬਕ ਖ਼ੁਦ ਨੂੰ ਜਾਣ ਲੈਣਾ ਹੈ। ਜਿਹੜਾ ਮਨੁੱਖ ਖ਼ੁਦ ਨੂੰ ਜਾਣ ਗਿਆ, ਉਸ ਨੂੰ ਫਿਰ ਕੁਝ ਹੋਰ ਜਾਣਨ ਦੀ ਜ਼ਰੂਰਤ ਨਹੀਂ ਹੁੰਦੀ, ਕੁਝ ਹੋਰ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਅੱਜ ਦੇ ਮਨੁੱਖ ਨੂੰ ਸਹੀ ਅਰਥਾਂ ਵਿੱਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ ਨਾ ਕਿ ਹੰਕਾਰ ਨਾਲ ਲਬਰੇਜ਼ ਸ਼ਖਸੀਅਤ, ਜਿਹੜੀ ਮਣਾ-ਮੂੰਹੀਂ ‘ਗਿਆਨਤਾ’ ਦਾ ਭਾਰ ਆਪਣੇ ਮੋਢਿਆਂ ਉੱਪਰ ਚੁੱਕੀ ਫਿਰਦੀ ਆਮ ਲੋਕਾਂ ਲਈ ਦੁੱਖ ਅਤੇ ਤਕਲੀਫ਼ ਦਾ ਕਾਰਨ ਬਣਦੀ ਹੈ। ਗਿਆਨ ਜਿੱਥੇ ਸਹਿਜ ਹੁੰਦਾ ਹੈ, ਅਗਿਆਨ ਉੱਥੇ ਅਸਹਿਜ। ਗਿਆਨ ਦਿਖਾਵੇ ਤੋਂ ਪਰੇ ਹੁੰਦਾ ਹੈ ਅਤੇ ਗਿਆਨਤਾ ਦੀ ਪਛਾਣ ਹੀ ਦਿਖਾਵੇ ਅਤੇ ਭੇਖ ਵਿੱਚ ਹੁੰਦੀ ਹੈ। ਇਸ ਲਈ ਮਨੁੱਖ ਨੂੰ ਸਹੀ ਅਰਥਾਂ ਵਿੱਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5045)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)