“ਜਿਸ ਤਰ੍ਹਾਂ ਅੱਜਕਲ੍ਹ ਠੰਢ ਦਾ ਮੌਸਮ ਹੈ, ਕਈ ਦਿਨਾਂ ਤੋਂ ਸੂਰਜ ਨਹੀਂ ਚੜ੍ਹ ਰਿਹਾ, ਲੋਕ ਇਸ ਠੰਢ ਤੋਂ ਨਿਜਾਤ ਪਾਉਣਾ ...”
(2 ਫਰਵਰੀ 2024)
ਇਸ ਸਮੇਂ ਪਾਠਕ: 380.
ਇਹ ਮਨੁੱਖ ਦਾ ਸੁਭਾਅ ਹੈ ਕਿ ਉਹ ਹਰ ਵਸਤੂ ਨੂੰ ਆਪਣੇ ਵੱਲੋਂ ਬਣਾਏ ਗਏ ਪੈਮਾਨੇ ਨਾਲ ਹੀ ਮਿਣਨਾ ਚਾਹੁੰਦਾ ਹੈ। ਮਸਲਨ; ਘਰ, ਸਮਾਜ ਅਤੇ ਮੁਲਕ ਵਿੱਚ ਜੋ ਕੁਝ ਵਾਪਰਦਾ ਹੈ; ਉਹ ਇਹਨਾਂ ਘਟਨਾਵਾਂ ਨੂੰ ਆਪਣੇ ਮਨ ਦੇ ਮੁਤਾਬਕ ਵਾਪਰਦਾ ਦੇਖਣਾ ਚਾਹੁੰਦਾ ਹੈ। ਆਪਣੇ ਘਰ ਦੇ ਜੀਆਂ ਦੇ ਸੁਭਾਅ ਅਤੇ ਰਹਿਣ-ਸਹਿਣ ਨੂੰ ਆਪਣੇ ਅਨੁਕੂਲ ਕਰਨਾ ਚਾਹੁੰਦਾ ਹੈ। ਦੂਜਿਆਂ ਕੋਲੋਂ ਆਪਣੀ ਪਸੰਦ ਦੀ ਗੱਲ ਨੂੰ ਸੁਣਨਾ ਚਾਹੁੰਦਾ ਹੈ।
ਬਿਲਕੁਲ ਇੰਝ ਹੀ ਆਪਣੇ ਸਰੀਰ ਅਤੇ ਮਨ ਦੇ ਮੁਤਾਬਕ ਮੌਸਮ ਨੂੰ ਵੀ ਬਦਲਣਾ ਚਾਹੁੰਦਾ ਹੈ। ਕੁਦਰਤ ਵੱਲੋਂ ਕੀਤੇ ਹੋਏ ਬਦਲਾਅ ਅਕਸਰ ਮਨੁੱਖ ਨੂੰ ਚੁਭਦੇ ਹਨ। ਮਨੁੱਖ ਜਿੱਥੇ ਬਹੁਤੀ ਠੰਢ ਵਿੱਚ ਪ੍ਰੇਸ਼ਾਨ ਹੋ ਜਾਂਦਾ ਹੈ, ਉੱਥੇ ਹੀ ਬਹੁਤੀ ਗਰਮੀ ਨੂੰ ਵੀ ਬਰਦਾਸ਼ਤ ਨਹੀਂ ਕਰ ਪਾਉਂਦਾ। ਜਿਸ ਤਰ੍ਹਾਂ ਅੱਜਕਲ੍ਹ ਠੰਢ ਦਾ ਮੌਸਮ ਹੈ, ਕਈ ਦਿਨਾਂ ਤੋਂ ਸੂਰਜ ਨਹੀਂ ਚੜ੍ਹ ਰਿਹਾ, ਲੋਕ ਇਸ ਠੰਢ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ। ਸੋਸ਼ਲ-ਮੀਡੀਆ ਉੱਪਰ ਸੂਰਜ ਨਾ ਚੜ੍ਹਨ ਕਰਕੇ ਕਈ ਤਰ੍ਹਾਂ ਦੇ ਸੰਦੇਸ਼ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਹਨ।
ਇਸ ਮਹੀਨੇ ਦੇ ਅੱਧ ਵਿੱਚ ਜਦੋਂ ਸੂਰਜ ਤੇਜ਼ ਚੜ੍ਹਨ ਲੱਗਾ ਤਾਂ ਲੋਕਾਂ ਨੇ ਫਿਰ ਆਖਣਾ ਸ਼ੁਰੂ ਕਰ ਦੇਣਾ ਹੈ ਕਿ ਜੇਕਰ ਫਰਵਰੀ ਮਹੀਨੇ ਵਿੱਚ ਇੰਨੀ ਗਰਮੀ ਹੈ ਤਾਂ ਜੂਨ-ਜੁਲਾਈ ਵਿੱਚ ਕੀ ਹੋਵੇਗਾ? ਕਹਿਣ ਤੋਂ ਭਾਵ ਹੈ ਕਿ ਮਨੁੱਖ ਆਪਣੇ-ਆਪ ਨੂੰ ਕੁਦਰਤ ਦੇ ਅਨੁਕੂਲ ਨਹੀਂ ਢਾਲਣਾ ਚਾਹੁੰਦਾ ਬਲਕਿ ਕੁਦਰਤ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦਾ ਹੈ। ਪਰ ਅਜਿਹਾ ਸੰਭਵ ਨਹੀਂ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ ਹਰ ਮੌਸਮ ਦਾ ਆਪਣਾ ਵੱਖਰਾ ਆਨੰਦ ਹੁੰਦਾ ਹੈ, ਇਸ ਲਈ ਹਰ ਮੌਸਮ ਦਾ ਆਨੰਦ ਲੈਣਾ ਚਾਹੀਦਾ ਹੈ। ਠੰਢ ਵਿੱਚ ਠੰਢ ਅਤੇ ਗਰਮੀ ਵਿੱਚ ਗਰਮੀ। ਇੰਝ ਹੀ ਬਰਸਾਤ ਦੇ ਮੌਸਮ ਵਿੱਚ ਬਰਸਾਤ ਦਾ ਅਤੇ ਪਤਝੜ ਦੇ ਮੌਸਮ ਵਿੱਚ ਪਤਝੜ ਦਾ ਲੁਤਫ਼ ਲੈਣਾ ਚਾਹੀਦਾ ਹੈ।
ਦੂਜੀ ਗੱਲ, ਕੁਦਰਤ ਨੇ ਲੱਖਾਂ ਤਰ੍ਹਾਂ ਦੀ ਬਨਸਪਤੀ ਪੈਦਾ ਕਰਨੀ ਹੁੰਦੀ ਹੈ, ਲੱਖਾਂ ਜੀਵਾਂ ਨੂੰ ਭੋਜਨ ਪ੍ਰਦਾਨ ਕਰਨਾ ਹੁੰਦਾ ਹੈ। ਮੌਸਮ ਕਰਕੇ ਕਈ ਤਰ੍ਹਾਂ ਦੇ ਫਲ-ਫੁੱਲ ਪੈਦਾ ਹੁੰਦੇ ਹਨ। ਜੇਕਰ ਇੱਕੋ ਤਰ੍ਹਾਂ ਦਾ ਮੌਸਮ ਹੋ ਗਿਆ ਤਾਂ ਧਰਤੀ ਤੋਂ ਹਜ਼ਾਰਾਂ ਤਰ੍ਹਾਂ ਦੇ ਜੀਵ-ਜੰਤੂ ਖ਼ਤਮ ਹੋ ਜਾਣਗੇ। ਕੁਦਰਤ ਨਾਲ ਇੱਕ-ਮਿੱਕ ਹੋਇਆ ਮਨੁੱਖ ਕਦੇ ਨਿਰਾਸ਼ ਨਹੀਂ ਹੁੰਦਾ ਬਲਕਿ ਉਹ ਖਿੜੇ ਮੱਥੇ ਹਰ ਮੌਸਮ ਦਾ ਆਨੰਦ ਮਾਣਦਾ ਹੈ, ਖ਼ੁਸ਼ ਹੁੰਦਾ ਹੈ। ਇਸ ਲਈ ਸਾਨੂੰ ਹਰ ਮੌਸਮ ਦਾ ਲੁਤਫ਼ ਲੈਣਾ ਚਾਹੀਦਾ ਹੈ। ਕੁਦਰਤ ਅਤੇ ਮੌਸਮ ਨੇ ਸਾਡੇ ਮਨ ਅਤੇ ਸਾਡੀ ਮਰਜ਼ੀ ਮੁਤਾਬਿਕ ਬਦਲ ਨਹੀਂ ਜਾਣਾ, ਇਸ ਲਈ ਜਿੱਥੇ ਕੋਈ ਹੀਲਾ ਨਹੀਂ ਚੱਲਦਾ, ਉੱਥੇ ਸਬਰ ਅਤੇ ਭਾਣੇ ਵਿੱਚ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
***
(2) ਕਦਰਦਾਨ
ਕਹਿੰਦੇ ਹਨ ਕਿ ਇੱਕ ਦਿਨ ਗ਼ਾਲਿਬ ਨੂੰ ਵਕਤ ਦੇ ਬਾਦਸ਼ਾਹ ਨੇ ਆਪਣੇ ਮਹਿਲੀਂ ਸੱਦਿਆ, ਉਹ ਲਿਖਦਾ ਜੁ ਕਮਾਲ ਸੀ। ਸ਼ਬਦਾਂ ਵਿੱਚ ਜਾਨ ਪਾ ਦਿੰਦਾ ਸੀ। ਗ਼ਾਲਿਬ ਮਹਿਲ ਦੇ ਬਾਹਰ ਅੱਪੜ ਗਿਆ। ਦਰਬਾਨ ਨੇ ਪੁੱਛਿਆ, “ਬਈ ਕਿਵੇਂ ਖੜ੍ਹਾ ਏਂ? ਚੱਲ ਤੁਰਦਾ ਬਣ।”
ਗ਼ਾਲਿਬ ਆਖਣ ਲੱਗਾ, “ਬਈ, ਮੈਨੂੰ ਤਾਂ ਬਾਦਸ਼ਾਹ ਨੇ ਸੱਦਿਐ।”
“ਕੌਣ ਏਂ ਤੂੰ?”
“ਹਜ਼ੂਰ, ਮੈਂ ਗ਼ਾਲਿਬ ਆਂ।”
ਸੁਣ ਕੇ ਦਰਬਾਨ ਹੱਸ ਪਿਆ। ਕਹਿੰਦਾ, “ਪਾਟੇ ਲੀੜੇ, ਗੰਦਾ ਜਿਸਮ ਤੇ ਬਣਿਆ ਫਿਰਦੈਂ ਗ਼ਾਲਿਬ?”
ਦਰਬਾਨ ਨੇ ਗ਼ਾਲਿਬ ਨੂੰ ਬਾਹਰੋਂ ਹੀ ਮੋੜ ਦਿੱਤਾ।
ਹਫ਼ਤੇ ਕੁ ਮਗਰੋਂ ਗ਼ਾਲਿਬ ਕੋਲ ਇੱਕ ਧੋਬੀ ਆਇਆ। ਸ਼ਾਇਰੀ ਨਾਲ ਗੜੁੱਚ ਹੋਇਆ ਉਹ ਕਹਿੰਦਾ, “ਗ਼ਾਲਿਬ, ਮੈਂ ਤੈਨੂੰ ਕੁਝ ਦੇਣਾ ਚਾਹੁੰਨਾ, ਪਰ ਮੇਰੇ ਕੋਲ ਦੇਣ ਲਈ ਕੁਝ ਨਹੀਂ।”
ਗ਼ਾਲਿਬ ਆਹੰਦਾ, “ਇੱਕ ਦਿਨ ਲਈ ਵਧੀਆ ਲੀੜੇ ਦੇ ਛੱਡ, ਭਲਕੇ ਮੋੜ ਦਿਆਂਗਾ।”
ਧੋਬੀ ਮੰਨ ਗਿਆ। ਗ਼ਾਲਿਬ ਸੂਟ-ਬੂਟ ਪਾ ਕੇ ਫਿਰ ਮਹਿਲੀਂ ਅੱਪੜ ਗਿਆ। ਹੁਣ ਦਰਬਾਨ ਨੇ ਸਲੂਟ ਮਾਰਿਆ। ਕਹਿੰਦਾ, “ਕੌਣ ਹੋ ਤੁਸੀਂ?”
“ਮੈਂ ਗ਼ਾਲਿਬ।”
ਦਰਬਾਨ ਨੇ ਕਿਵਾੜ ਖੋਲ੍ਹ ਦਿੱਤਾ।
ਗ਼ਾਲਿਬ ਸੂਟ-ਬੂਟ ਲਾਹ ਕੇ ਦਰਬਾਨ ਦੇ ਹੱਥ ਫੜਾਉਂਦਿਆ ਹੋਇਆ ਕਹਿਣਾ ਲੱਗਾ, “ਲਓ, ਇਹ ਬਸਤਰ ਅੰਦਰ ਲੈ ਜਾਓ। ਬਾਦਸ਼ਾਹ ਨੂੰ ਆਖਣਾ ਗ਼ਾਲਿਬ ਆਇਆ ਹੈ।”
ਦਰਬਾਨ ਬੋਲਿਆ, “ਹਜ਼ੂਰ, ਇਹ ਤਾਂ ਬਸਤਰ ਨੇ, ਗ਼ਾਲਿਬ ਤਾਂ ਤੁਸੀਂ ਹੋ।”
ਗ਼ਾਲਿਬ ਕਹਿੰਦਾ, “ਭਲਿਆ, ਗ਼ਾਲਿਬ ਨੂੰ ਤਾਂ ਤੁਸੀਂ ਪਿਛਲੇ ਹਫਤੇ ਇੱਥੋਂ ਮੋੜ ਦਿੱਤਾ ਸੀ, ਅੱਜ ਤਾਂ ਤੁਸੀਂ ਇਸ ਸੂਟ-ਬੂਟ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਹੈ।”
**
ਇੱਕ ਵਾਰ ਮੈਂ ਆਪਣੀ ਨਵੀਂ ਛਪੀ ਕਿਤਾਬ ਲੈ ਕੇ ਇੱਕ ਵੱਡੇ ‘ਪ੍ਰੋਫੈਸਰ ਸਾਹਬ’ ਦੇ ਸਰਕਾਰੀ ਘਰ ਦੇ ਗੇਟ ਦੀ ਘੰਟੀ ਵਜਾਈ। ਅੰਦਰ ਬਹਿ ਕੇ ਕਿਤਾਬ ਦਿੱਤੀ। ਕਿਤਾਬ ਵੇਖ ਕੇ ਪ੍ਰੋਫੈਸਰ ਸਾਹਬ ਕਹਿੰਦੇ, “ਜਿਲਦ ਸਹੀ ਨਹੀਂ ਬੰਨ੍ਹੀ। ਸੈਟਿੰਗ ਵੀ ਸਹੀ ਨਹੀਂ। ਲਾਈਨਾਂ ਉੱਪਰ-ਹੇਠਾਂ ਹਨ ...।”
ਮੈਂ ਕਿਹਾ, “ਅਜੇ ਤਾਈਂ ਤੁਸੀਂ ਕਲਰਕੀ ਵਿੱਚੋਂ ਬਾਹਰ ਨਹੀਂ ਨਿਕਲੇ?”
ਗ਼ਾਲਿਬ ਵਾਂਗ ਮੁੜ ਮੇਰੇ ਲਈ ਕਦੇ ਕਿਵਾੜ ਨਹੀਂ ਖੁੱਲ੍ਹਿਆ।
ਇਹ ਸਾਡੀ ਬਦਕਿਸਮਤੀ ਹੈ 99 ਫ਼ੀਸਦੀ ਲੋਕ ਬਾਹਰੀ ਦਿੱਖ ਤੋਂ ਪ੍ਰਭਾਵਿਤ ਹੁੰਦੇ ਹਨ। ਚੰਗੇ ਕਿਰਦਾਰ ਦੀ ਪਰਖ਼ ਨਹੀਂ। ਅੰਦਰੋਂ ਨਹੀਂ ਪੜ੍ਹਦੇ। ਬਾਹਰੀ ਦਿੱਖ ਤੋਂ ਮੁਤਾਸਿਰ ਹੁੰਦੇ ਹਨ। ਸੋਹਣੇ ਵਸਤਰਾਂ ਤੋਂ ਸੋਹਣੇ ਕਿਰਦਾਰ ਜਾਂ ਗੁਣਾਂ ਦੀ ਪਰਖ਼ ਕਰਨਾ ਮੂਰਖ਼ਤਾ ਹੈ। ਪਰ ਅਫ਼ਸੋਸ ਬਹੁਤੇ ਲੋਕ ਮੂਰਖ਼ਾਂ ਦੀ ਜਮਾਤ ਦਾ ਹਿੱਸਾ ਹਨ। ਸਮਝਦੇ ਨਹੀਂ, ਸੁਧਰਦੇ ਨਹੀਂ। ਕਿਸੇ ਪੁਸਤਕ ਦੀ ਬਾਹਰੀ ਚਮਕ ਉਸਦੀ ਗੁਣਵੱਤਾ ਦੀ ਗਾਰੰਟੀ ਨਹੀਂ। ਕਈ ਵਾਰ ਫਿੱਕੀ ਰੰਗਤ ਵਾਲੀ ਪੁਸਤਕ ਮਨੁੱਖ ਦਾ ਜੀਵਨ ਬਦਲ ਕੇ ਰੱਖ ਦਿੰਦੀ ਹੈ; ਬਸ਼ਰਤੇ ਸ਼ਬਦਾਂ ਵਿੱਚ ਜਾਨ ਹੋਵੇ। ਸ਼ਬਦ ਮਹੱਤਵਪੂਰਨ ਹੋਣ, ਜਿਲਦ ਨਹੀਂ।
ਇਸੇ ਕਰਕੇ ਜਿਸਮਾਨੀ ਰਿਸ਼ਤੇ ਵਕਤ ਦੇ ਨਾਲ ਟੁੱਟ ਜਾਂਦੇ ਹਨ, ਰੂਹ ਦੇ ਰਿਸ਼ਤੇ ਮਰਦੇ ਦਮ ਤਕ ਨਿਭਦੇ ਹਨ, ਕਿਉਂਕਿ ਇਨ੍ਹਾਂ ਰਿਸ਼ਤਿਆਂ ਨੂੰ ਜਿਸਮ ਦਾ ਲੋਭ ਨਹੀਂ ਹੁੰਦਾ। ਇਹ ਜਿਸਮ ਦੀ ਭੁੱਖ ਕਰਕੇ ਨਹੀਂ ਸਗੋਂ ਆਤਮਾ ਦੀ ਭੁੱਖ ਕਰਕੇ ਜੁੜਦੇ ਹਨ।
ਬਾਹਰੀ ਦਿੱਖ ਤੋਂ ਪ੍ਰਭਾਵਿਤ ਲੋਕ ਸਿਆਣੇ ਨਹੀਂ ਹੁੰਦੇ। ਅਜਿਹੇ ਲੋਕ ਜਿਲਦਾਂ ਸੰਭਾਲਣ ਉੱਪਰ ਵਕਤ ਅਤੇ ਤਾਕਤ ਜਾਇਆ ਕਰ ਦਿੰਦੇ ਹਨ। ਪੰਨੇ ਪਾੜ ਸੁੱਟਦੇ ਹਨ, ਬਰਬਾਦ ਕਰ ਦਿੰਦੇ ਹਨ, ਫਿਰ ਸਿਆਣਪ ਕਿੱਥੋਂ ਆਉਣੀ ਹੋਈ? ਮਸ਼ਹੂਰ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਆਖਦੇ ਹਨ:
“ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ,
ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।”
*****
ਕਿਸੇ ਸ਼ਾਇਰ ਨੇ ਲਿਖਿਆ ਹੈ:
ਏਕ ਹੀ ਗਲਤੀ ਸਾਰੀ ਉਮਰ ਦੁਹਰਾਤੇ ਰਹੇ,
ਧੂਲ ਚਿਹਰੇ ਪੇ ਥੀ, ਪੋਂਛਾ ਸ਼ੀਸ਼ੇ ਪੇ ਲਗਾਤੇ ਰਹੇ। ... (ਸੰਪਾਦਕ)
**
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4693)
(ਸਰੋਕਾਰ ਨਾਲ ਸੰਪਰਕ ਲਈ: (