“ਮਨੁੱਖ ਨੂੰ ਜਿੰਨੀ ਖੁਸ਼ੀ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ...”
(28 ਫਰਵਰੀ 2026)
ਅੱਜ ਦਾ ਦੌਰ ਤਕਨੀਕ ਦਾ ਦੌਰ ਹੈ। ਵਿਗਿਆਨਕ ਕਾਢਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਬਹੁਤ ਆਰਾਮਦਾਇਕ ਅਤੇ ਸਹੂਲਤ ਭਰਿਆ ਬਣਾ ਦਿੱਤਾ ਹੈ। ਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਮਿੰਟਾਂ ਦੇ ਕੰਮ ਸਕਿੰਡਾਂ ਵਿੱਚ ਹੋਣ ਲੱਗੇ ਹਨ। ਦੁਨੀਆਂ ਭਰ ਦੀ ਹਰ ਖਬਰ ਆਮ ਲੋਕਾਂ ਕੋਲ ਮੋਬਾਇਲ ਸਕਰੀਨ ਦੇ ਜ਼ਰੀਏ ਝਟਪਟ ਅੱਪੜ ਜਾਂਦੀ ਹੈ। ਮਨੁੱਖ ਕੋਲ ਸੂਚਨਾ ਪ੍ਰਾਪਤੀ ਦੇ ਸਾਧਨ ਤੇਜ਼ ਹੋ ਗਏ ਹਨ। ਹੁਣ ਲੋਕ ਚਿੱਠੀ-ਪੱਤਰ ਜਾਂ ਕਿਸੇ ਸੁਨੇਹੇ ਦੀ ਉਡੀਕ ਨਹੀਂ ਕਰਦੇ ਬਲਕਿ ਸੋਸ਼ਲ-ਮੀਡੀਏ ਰਾਹੀਂ ਖਬਰ ਦੀ ਤਹਿ ਤਕ ਝੱਟ ਅੱਪੜ ਜਾਂਦੇ ਹਨ। ਇੱਕ ਗੱਲ ਹੋਰ, ਅੱਜ ਸੂਚਨਾ (ਖਬਰ) ਨੂੰ ਪਰਖਣ ਦੇ ਵਿਭਿੰਨ ਸਾਧਨ ਵੀ ਇੰਟਰਨੈੱਟ ਰਾਹੀਂ ਹੀ ਮੌਜੂਦ ਹਨ। ਕਿਹੜੀ ਖਬਰ ਸੱਚੀ ਹੈ ਅਅ ਤੇ ਕਿਹੜੀ ਅਫਵਾਹ, ਇਸ ਬਾਰੇ ਇੰਟਰਨੈੱਟ ਤੋਂ ਹੀ ਪਤਾ ਲਾਇਆ ਜਾ ਸਕਦਾ ਹੈ। ਕੁੱਲ ਮਿਲਾ ਕੇ ਮਨੁੱਖ ਕੋਲ ਸੂਚਨਾ ਕ੍ਰਾਂਤੀ ਦੇ ਬਹੁ-ਵਿਕਲਪ ਮੌਜੂਦ ਹਨ।
ਇੰਟਰਨੈੱਟ ਨੇ ਜਿੱਥੇ ਮਨੁੱਖ ਕੋਲ ਸੂਚਨਾਵਾਂ ਦੇ ਸਾਧਨ ਪੈਦਾ ਕੀਤੇ ਹਨ, ਉੱਥੇ ਹੀ ਆਮ ਸਮਾਜਿਕ ਜੀਵਨ ਨਾਲੋਂ ਤੋੜ ਕੇ ਵੀ ਰੱਖ ਦਿੱਤਾ ਹੈ। ਅੱਜ ਦੇ ਬਹੁਤੇ ਲੋਕਾਂ ਦਾ ਸੰਸਾਰ ਕੇਵਲ ਉਹਨਾਂ ਦੇ ਮੋਬਾਇਲ ਦੀ ਸਕਰੀਨ ਹੀ ਰਹਿ ਗਈ ਹੈ। ਇਹ ਗੱਲ ਕੇਵਲ ਬੱਚਿਆਂ ਉੱਤੇ ਹੀ ਲਾਗੂ ਨਹੀਂ ਹੁੰਦੀ ਬਲਕਿ ਹੁਣ ਤਾਂ ਬਜ਼ੁਰਗ ਵੀ ਦਿਨ ਭਰ ਮੋਬਾਇਲ ਦੀ ਸਕਰੀਨ ’ਤੇ ਆਪਣਾ ਵਕਤ ਗੁਜ਼ਾਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇਸ ਆਦਤ ਨਾਲ ਮਨੁੱਖ ਬਾਹਰੀ ਮਾਹੌਲ ਨਾਲੋਂ ਉੱਕਾ ਹੀ ਟੁੱਟ ਜਾਂਦਾ ਹੈ ਅਤੇ ਅਕਸਰ ਹੀ ਕਲਪਨਾ ਦੀ ਦੁਨੀਆਂ ਵਿੱਚ ਗੁਆਚ ਜਾਂਦਾ ਹੈ। ਇਸ ਕਲਪਨਾ ਦੀ ਦੁਨੀਆਂ ਵਿੱਚ ਬੰਦਾ ਜਿੱਥੇ ਖੁਸ਼ੀ ਮਹਿਸੂਸ ਕਰਦਾ ਹੈ, ਉੱਥੇ ਹੀ ਆਪਣੇ ਦੁੱਖਾਂ-ਦਰਦਾਂ ਨੂੰ ਕੁਝ ਵਕਤ ਲਈ ਭੁੱਲ ਜਾਂਦਾ ਹੈ। ਜਿਸ ਪ੍ਰਕਾਰ ਨਸ਼ੇ ਦਾ ਸੇਵਨ ਕਰਦੇ ਲੋਕ ਕੁਝ ਵਕਤ ਲਈ ਆਪਣੇ ਦੁੱਖਾਂ ਨੂੰ ਭੁੱਲ ਜਾਂਦੇ ਹਨ, ਇੰਝ ਹੀ ਸੋਸ਼ਲ-ਮੀਡੀਆ ਵਿੱਚ ਵਿਅਸਤ ਲੋਕ ਵੀ ਬਾਹਰੀ ਦੁਨੀਆਂ ਨੂੰ ਭੁੱਲ ਜਾਂਦੇ ਹਨ।
ਪਰ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਲਪਨਾ ਦੀ ਦੁਨੀਆਂ ਵਿੱਚ ਕੁਝ ਸਮੇਂ ਦੀ ਖੁਸ਼ੀ ਤਾਂ ਮਿਲ ਸਕਦੀ ਹੈ, ਲੰਮੇ ਸਮੇਂ ਦੀ ਖੁਸ਼ੀ ਕਦੇ ਨਹੀਂ ਮਿਲਦੀ। ਦੂਜੀ ਗੱਲ, ਕਿਸੇ ਦੁੱਖ ਜਾਂ ਮੁਸੀਬਤ ਵਿੱਚ ਇੰਟਰਨੈੱਟ ’ਤੇ ਬਣੀਆਂ ਦੋਸਤੀਆਂ ਕੰਮ ਨਹੀਂ ਆਉਂਦੀਆਂ। ਅਜਿਹੀ ਸਥਿਤੀ ਵਿੱਚ ਮਨੁੱਖ ਇਕੱਲਾ ਰਹਿ ਜਾਂਦਾ ਹੈ। ਇਸ ਇਕਲਾਪੇ ਦੀ ਅਵਸਥਾ ਵਿੱਚ ਮਨੁੱਖ ਮਾਨਸਿਕ ਰੋਗਾਂ ਦੀ ਲਪੇਟ ਵਿੱਚ ਆ ਜਾਂਦਾ ਹੈ। ਪਰ ਬਦਕਿਸਮਤੀ, ਮਨੁੱਖ ਆਪਣੇ ਆਲੇ-ਦੁਆਲੇ ਨੂੰ ਛੱਡ ਕੇ ਇੰਟਰਨੇੱਟ ਜਾਂ ਸੋਸ਼ਲ—ੀਡੀਆ ’ਤੇ ਖੁਸ਼ੀਆਂ ਭਾਲਦਾ ਫਿਰਦਾ ਹੈ। ਇਨ੍ਹਾਂ ਖੁਸ਼ੀਆਂ ਦੀ ਇਵਜ਼ ਵਿੱਚ ਉਹ ਆਪਣੇ ਪਰਿਵਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਉੱਕਾ ਹੀ ਵਿਸਾਰ ਦਿੰਦਾ ਹੈ ਅਤੇ ਆਪਣੇ ਕਮਰੇ ਵਿੱਚ ਇਕੱਲਾ ਹੀ ਬੈਠ ਕੇ ਇੰਟਰਨੈੱਟ ਦੇ ਸੰਸਾਰ ਵਿੱਚ ਗੁਆਚਿਆ ਰਹਿੰਦਾ ਹੈ।
ਫੇਰ ਜੀਵਨ ਵਿੱਚ ਜਦੋਂ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇਕੱਲਾ ਹੀ ਰਹਿ ਜਾਂਦਾ ਹੈ ਅਤੇ ਆਪਣੇ ਆਪ ਨੂੰ ਮੁਸੀਬਤਾਂ ਵਿੱਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ। ਉਦੋਂ ਨਾ ਤਾਂ ਸੋਸ਼ਲ-ਮੀਡੀਆ ਕੰਮ ਆਉਂਦਾ ਹੈ ਅਤੇ ਨਾ ਹੀ ਇੰਟਰਨੈੱਟ ਦੇ ਬਣੇ ਸੱਜਣ-ਮਿੱਤਰ। ਉਦੋਂ ਆਪਣੇ ਪਰਿਵਾਰਕ ਮੈਂਬਰ ਜਾਂ ਨੇੜਲੇ ਯਾਰ-ਦੋਸਤ ਹੀ ਦੋਸਤੀ ਨਿਭਾਉਂਦੇ ਹਨ, ਕੰਮ ਆਉਂਦੇ ਹਨ।
ਅੱਜ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਬਹੁਤੇ ਲੋਕ ਖਾਣ-ਪੀਣ ਲਈ ਵੀ ਸਭ ਤੋਂ ਪਹਿਲਾਂ ਮੋਬਾਇਲ ਫੋਨ ਚਲਾ ਕੇ ਅੱਗੇ ਰੱਖਦੇ ਹਨ ਅਤੇ ਫਿਰ ਨਾਲ-ਨਾਲ ਖਾਣਾ ਖਾਂਦੇ ਹਨ। ਰੇਲ ਜਾਂ ਕਿਸੇ ਯਾਤਰਾ ਦੇ ਮੌਕੇ ’ਤੇ ਬਹੁਤੇ ਯਾਤਰੀ ਇੱਕ-ਦੂਜੇ ਵੱਲ ਝਾਕਦੇ ਤਕ ਨਹੀਂ, ਗੱਲਬਾਤ ਤਾਂ ਬਹੁਤ ਦੂਰ ਦੀ ਗੱਲ ਹੈ। ਮੁਸਾਫਰ ਆਪਣੇ ਮੋਬਾਇਲਾਂ ’ਤੇ ਮਸਰੂਫ ਦੇਖੇ ਜਾ ਸਕਦੇ ਹਨ। ਸੈਰ ਕਰਦਿਆਂ, ਦੌੜਦਿਆਂ, ਰੋਟੀ ਖਾਂਦਿਆਂ, ਸਫਰ ਕਰਦਿਆਂ, ਮੰਦਰ-ਗੁਰਦੁਆਰੇ ਵਿੱਚ ਬੈਠੇ ਸ਼ਰਧਾਲੂਆਂ ਨੂੰ ਮੋਬਾਇਲ ਫੋਨਾਂ ਵਿੱਚ ਗਲਤਾਨ ਦੇਖਿਆ ਜਾ ਸਕਦਾ ਹੈ। ਅੱਜ ਅਸਲ ਦੋਸਤ (ਉਹ ਭਾਵੇਂ ਆਂਢ-ਗੁਆਂਡ ਦੇ ਹੋਣ ਜਾਂ ਫਿਰ ਸਕੂਲ-ਕਾਲਜ) ਦੇ ਸਮੇਂ ਦੇ ਹੋਣ, ਉਹਨਾਂ ਨਾਲ ਜ਼ਿਆਦਾ ਵਾਹ-ਵਾਸਤਾ ਨਹੀਂ ਰੱਖਿਆ ਜਾਂਦਾ ਬਲਕਿ ਇੰਟਰਨੈੱਟ ’ਤੇ ਚੰਦ ਦਿਨਾਂ ਦੀ ਦੋਸਤੀ ਵਧੇਰੇ ਖਿੱਚ ਦਾ ਕੇਂਦਰ ਹੁੰਦੀ ਹੈ।
ਫੇਸਬੁੱਕ ਜਾਂ ਇੰਸਟਾਗ੍ਰਾਮ ਉੱਤੇ ਲੱਖਾਂ ਲੋਕਾਂ ਨਾਲ ਦੋਸਤੀ ਵਾਲੇ ਬੰਦੇ ਕਿਸੇ ਮੁਸੀਬਤ ਵਿੱਚ ਇਕੱਲੇ ਦੇਖੇ ਜਾ ਸਕਦੇ ਹਨ। ਇੱਥੇ ਗੱਲ ਸਿਰਫ ਮੁਸੀਬਤ ਦੀ ਨਹੀਂ ਬਲਕਿ ਕਈ ਵਾਰ ਇੰਟਰਨੈੱਟ ’ਤੇ ਹੋਈ ਦੋਸਤੀ ਵਿਆਹ-ਸ਼ਾਦੀ ਤਕ ਅੱਪੜ ਜਾਂਦੀ ਹੈ ਪਰ ਜਦੋਂ ਫੈਸਲਾ ਗਲਤ ਹੋ ਜਾਂਦਾ ਹੈ ਤਾਂ ਮਨੁੱਖ ਕੋਲ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਲਈ ਕੋਈ ਵੀ ਫੈਸਲਾ ਕਰਨਾ ਹੈ ਤਾਂ ਸੋਚ-ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਉਲਾਂਭੇ ਦੀ ਸੰਭਾਵਨਾ ਨਾ ਰਹੇ।
ਇੰਟਰਨੈੱਟ ਦੀ ਦੁਨੀਆਂ ਅਸਲ ਹਕੀਕਤ ਨਹੀਂ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਇੰਟਰਨੈੱਟ ’ਤੇ ਹੋਈਆਂ ਸਾਰੀਆਂ ਦੋਸਤੀਆਂ ਹੀ ਗਲਤ ਜਾਂ ਗ਼ੈਰ ਜ਼ਰੂਰੀ ਨਹੀਂ ਹੁੰਦੀਆਂ ਪਰ ਅਸਲ ਜੀਵਨ ਦੇ ਦੋਸਤ-ਮਿੱਤਰ ਅਤੇ ਪਰਿਵਾਰਕ ਮੈਂਬਰ ਹੀ ਵਧੇਰੇ ਕੰਮ ਆਉਂਦੇ ਹਨ। ਮਨੁੱਖ ਨੂੰ ਜਿੰਨੀ ਖੁਸ਼ੀ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਮਿਲ ਸਕਦੀ ਹੈ ਉੰਨੀ ਇੰਟਰਨੈੱਟ ’ਤੇ ਨਹੀਂ ਮਿਲ ਸਕਦੀ। ਜਿਸ ਪਰਿਵਾਰਕ ਮੈਂਬਰ ਨੇ ਤੁਹਾਨੂੰ ਨਿੱਕੇ ਹੁੰਦਿਆਂ ਤੋਂ ਦੇਖਿਆ, ਜਾਣਿਆ ਅਤੇ ਸਮਝਿਆ ਹੈ, ਉਹ ਤੁਹਾਡੇ ਲਈ ਵਧੇਰੇ ਸਾਰਥਕ ਅਤੇ ਮਦਦਗਾਰ ਸਾਬਤ ਹੋ ਸਕਦਾ ਹੈ। ਪਰ ਦਿਨ ਭਰ ਇੰਟਰਨੈੱਟ ’ਤੇ ਖੁਸ਼ੀਆਂ ਭਾਲਦੇ ਲੋਕ ਇਹ ਗੱਲ ਨੂੰ ਕਿੰਨਾ ਕੁ ਸਮਝਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਜਿਊਂਦੇ-ਵਸਦੇ ਰਹੋ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (